ਮੇਰੀ ਮਾਂ ਦਾ ਪਾਕਿਸਤਾਨ











ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

     WWW  5abi।com  ਸ਼ਬਦ ਭਾਲ

ਮਾਂ ਨੂੰ ਸਮਰਪਿਤ
ਮੇਰੀ ਮਾਂ ਦਾ ਪਾਕਿਸਤਾਨ
ਅਜੀਤ ਸਤਨਾਮ ਕੌਰ, ਲੰਡਨ   
   (18/05/2021)

ajit satnam


104‘ਮਾਂ’ ਸਨੇਹ ਅਤੇ ਮੋਹ ਦੀਆਂ ਤੰਦਾਂ ਨਾਲ ਗੁੰਨ੍ਹਿਆਂ ਇੱਕ ਸੰਸਾਰ ਹੈ। ਇਸ ਦੀ ਬੁਣਤੀ ਨੂੰ ਮਾਂ ਬਣ ਕੇ ਹੀ ਸਮਝਿਆ ਜਾ ਸਕਦਾ ਹੈ। ਜਦੋਂ ਪਤਾ ਚੱਲੇ ਕਿ ਆਪਣੀ ਜਨਮ ਜਨਨੀ ਮਾਂ ਜੀਵਨ-ਮੌਤ ਦੇ ਮੌੜ ‘ਤੇ ਖੜ੍ਹੀ ਹੈ, ਤਾਂ ਇਹ ਖ਼ਬਰ ਕਿਸੇ ਵੀ ਪ੍ਰਵਾਸੀ ਔਲਾਦ ਨੂੰ ਝੰਜੋੜ ਦੇਣ ਲਈ ਕਾਫ਼ੀ ਹੈ। ਇਹ ਖ਼ਬਰ ਹੌਲ ਪਾ ਦੇਂਦੀ ਹੈ ਕਿ ਕਿਸ ਘੜ੍ਹੀ ਉਡ ਕੇ ਮਾਂ-ਪਿਓ ਕੋਲ ਅੱਪੜ ਜਾਈਏ। ਵਿਦੇਸ਼ਾਂ ਵਿੱਚ ਵਸਦੇ ਪੁੱਤ ਅਤੇ ਧੀਆਂ ਭਾਵੇਂ ਤੇਜ਼ ਰਫ਼ਤਾਰ ਦੌੜ ਰਹੀ ਜਿ਼ੰਦਗੀ ਨਾਲ ‘ਮਸ਼ੀਨ’ ਬਣ ਦੌੜ ਰਹੇ ਹੋਣ, ਪਰ ਜਿ਼ੰਦਗੀ ਦੇ ਬਚਪਨ ਵਾਲੇ ਹਿੱਸੇ ਦੀਆਂ ਯਾਦਾਂ ਪ੍ਰਵਾਸੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਅਕਸਰ ‘ਮਮਤਾ’ ਨਾਲ ਪਲੋਸਦੀਆਂ ਹਨ। ਵੈਸੇ ਤਾਂ ਵਿਦੇਸ਼ ਤੋਂ ਦੇਸ਼ ਵਿੱਚ ਆਉਣਾ ਅੱਜ-ਕੱਲ੍ਹ ਕੋਈ ਵੱਡਾ ਮਸਲਾ ਨਹੀਂ ਹੈ, ਪ੍ਰੰਤੂ ਇਸ 'ਕੋਰੋਨਾ' ਅਤੇ ਲੌਕਡਾਊਨ ਦੇ ਭਿਆਨਕ ਸਮੇਂ ਵਿੱਚ ਇਹ ਮਜਬੂਰੀ ਨੂੰ ਹਊਆ ਬਣਾ ਕੇ ਡਰਾਉਂਦਾ ਹੈ।

“ਬੀਬੀ ਜੀ...!” ਆਪਣੀ ਮਾਂ ਨੂੰ ਮੈਂ ਜੱਫੇ ਵਿੱਚ ਲੈ ਲਿਆ। ਕਾਫ਼ੀ ਮੁਸ਼ੱਕਤਾਂ ਤੋਂ ਬਾਅਦ ਮੈਂ ਭਾਰਤ ਆਣ ਵਿੱਚ ਸਫ਼ਲ ਹੋ ਸਕੀ। ਆਪਣੀ ਮਾਂ ਨੂੰ ਅਸੀਂ ਚਾਰੇ ਬੱਚੇ ਸ਼ੁਰੂ ਤੋਂ ‘ਬੀਬੀ ਜੀ’ ਹੀ ਪੁਕਾਰਦੇ ਹਾਂ।

“ਆ ਗਈ ਧੀਏ...!” ਮਾਂ ਨੇ ਮੇਰੀ ਅਵਾਜ਼ ਪਹਿਚਾਣ ਕੇ ਕਿਹਾ। ਮਾਂ ਨੇ ਆਪਣੇ ਨਿਰਬਲ ਸਰੀਰ ਨਾਲ ਪੂਰਾ ਤਾਣ ਲਾ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ। ਮੇਰੇ ਅੰਦਰ ਵੀ ‘ਮਾਂ ਵਾਲੀ ਮਮਤਾ’ ਉਮੜ ਪਈ, ਕਿਉਂਕਿ ਬਿਮਾਰ ਬੁੱਢੀ ਮਾਂ ਮੈਨੂੰ ਇੱਕ ਓਦਰੇ ਬੱਚੇ ਵਾਂਗ ਹੀ ਜਾਪ ਰਹੀ ਸੀ।

ਮੈਂ ਮਾਂ ਨੂੰ ਚੁੰਮਿਆ। ਮਾਂ ਬੜੀ ਦੇਰ ਤੱਕ ਕਮਜ਼ੋਰ ਹੱਥਾਂ ਨਾਲ ਮੈਨੂੰ ਪਲੋਸਦੀ ਰਹੀ। ਜਿਸ ਮਾਂ ਨੂੰ ਮੈਂ ਸਾਰੀ ਉਮਰ ਬੁਲੰਦ ਹੌਂਸਲੇ ਵਾਲੀ ਅਤੇ ਚੜ੍ਹਦੀ ਕਲਾ ਵਿੱਚ ਵੇਖਿਆ ਸੀ, ਉਸ ਨੂੰ ‘ਕੈਂਸਰ ਦੀ ਕੁਲਹਿਣੀ ਬਿਮਾਰੀ’ ਨਾਲ ਜੂਝਦੇ ਵੇਖ, ਮਨ ਨੂੰ ਬਹੁਤ ਹੌਲ ਪੈ ਰਿਹਾ ਸੀ। ਮੈਂ ਤਿੱਨ ਸਾਲ ਪਹਿਲਾਂ ਜਦ ਭਾਰਤ ਦੇਸ਼ ਆਈ ਸੀ, ਓਦੋਂ ਮਾਂ ਨਾਲ ਆਪਣੇ ਭਤੀਜੇ ਗੁਰਦੀਪ ਦੀ ਪਾਰਟੀ ‘ਤੇ ਗਿੱਧਾ ਭੰਗੜਾ ਵੀ ਪਾਇਆ ਸੀ। ਮੇਰੇ ਪ੍ਰਦੇਸੀ ਹੌਣ ਕਾਰਣ ਪੇਕਾ ਪ੍ਰੀਵਾਰ ਮੈਨੂੰ ਜਿ਼ਆਦ਼ਾ ਕੁਝ ਮਾਂ ਦੀ ਤਬੀਅਤ ਬਾਰੇ ਦੱਸਦਾ ਵੀ ਨਹੀਂ ਸੀ। ‘ਕਰੋਨਾ’ ਦਾ ਮਾਹੌਲ ਹੋਣ ਕਾਰਨ ਵੀ ਮਾਂ ਆਪਣਾ ਦੁੱਖ ਨਹੀਂ ਸੀ ਫ਼ਰੋਲਦੀ ਕਿ ਮੈਂ ਆਪਣੇ ਬੱਚਿਆਂ ਨਾਲ ਆਪਣੇ ਘਰ ਹੀ ਢਕੀ ਰਹਿ ਕੇ ਸੁਰੱਖਿਅਤ ਰਹਾਂ।

“ਸਤਨਾਮ, ਮਾਂ ਕੋਲ ਜਿ਼ਆਦਾ ਸਮਾਂ ਨਹੀਂ ਹੈ, ਮੈਂ ਆਗਰੇ ਗਈ ਸੀ ਮਾਂ ਨੂੰ ਮਿਲਣ, ਤੂੰ ਵੇਖ, ਕਦੋਂ ਤੱਕ ਆ ਸਕਦੀ ਹੈਂ?” ਮੇਰੀ ਵੱਡੀ ਭੈਣ ਜੀ ਨੇ ਮੈਨੂੰ ਭਰੇ ਗਲੇ ਦੀ ਉਦਾਸ ਅਵਾਜ਼ ਨਾਲ ਦੱਸ ਮੇਰੇ ‘ਦਰਦ’ ਦਾ ਪ੍ਰਨਾਲਾ ਖੌਲ੍ਹ ਦਿੱਤਾ।

“..............ਮਾਂ...!” ਮੇਰੇ ਤੋਂ ਵੀ ਕੁਝ ਬੋਲਿਆ ਨਾ ਗਿਆ। ਜਿਵੇਂ ਸਾਰੇ ਸਰੀਰ ਦਾ ਪਾਣੀ ਗਲੇ ਅਤੇ ਅੱਖਾਂ ਵਿੱਚ ਉਤਰ ਆਇਆ ਹੋਵੇ। ਮੈਨੂੰ ਬੇਚੈਨੀ ਲੱਗ ਗਈ। ਮਨ ਦੇ ਕਿਸੇ ਕੋਨੇ ਵਿੱਚ ਦੱਬਿਆ, 4 ਅਪ੍ਰੈਲ 2008 ਦੀਆਂ ‘ਅਣਫ਼ਰੋਲੀਆਂ ਯਾਦਾਂ’ ਕਿਸੇ ਗਰਮ ਲਾਵੇ ਵਾਂਗ ਅੰਦਰੋ ਫੁੱਟ ਕੇ, ਮੇਰੇ ਸਿਰ ਤੋਂ ਪੈਰਾਂ ਤੱਕ ਮੈਨੂੰ ਝੁਲਸ ਗਈਆਂ। ਕਿਸੇ ਵੀ ਪ੍ਰਵਾਸੀ ਲਈ ਸਭ ਤੋਂ ਵੱਡਾ ਦੁੱਖ ਓਦੋਂ ਹੁੰਦਾ ਹੈ, ਜਦ ਉਹ ਆਪਣੇ ਮਾਪਿਆਂ ਦੇ ਅੰਤਿਮ ਸਮੇਂ ਆਪਣੀ ਹਾਜ਼ਰੀ ਕਿਸੇ ਮਜ਼ਬੂਰੀ-ਵੱਸ ਨਾ ਲਾ ਸਕੇ। ਮੇਰੇ ਮਨ ਉਤੇ ਵੀ ਆਪਣੇ ‘ਪਾਪਾ ਜੀ’ ਦੇ ਅੰਤਿਮ ਸਮੇਂ ਦਰਸ਼ਣ ਨਾ ਕਰ ਪਾਉਣ ਦਾ ਬੋਝ ਮੇਰੇ ਅਖੀਰਲੇ ਸਾਹ ਤੱਕ ਰਹੇਗਾ। ਭਾਰਤ ਦੇਸ਼ ਛੱਡਣ ਵੇਲੇ ਮੈਂ ਪਾਪਾ ਜੀ ਨੂੰ ਮਿਲੀ ਤਾਂ ਉਨ੍ਹਾਂ ਨੂੰ ਜਲਦੀ ਮੁੜ ਮਿਲਣ ਦਾ ਕਹਿ ਕੇ ਜਹਾਜ਼ ਚੜ੍ਹ ਆਈ ਸੀ। ਜਦੋਂ ਮੈਂ ਵਿਦੇਸ਼ ਵਿੱਚ ‘ਪੱਕੇ’ ਹੋਣ ਦੀ ਚੱਕੀ ਪੀਹ ਰਹੀ ਸੀ, ਉਸ ਦਰਮਿਆਨ ਪਾਪਾ ਜੀ ਆਪਣੇ ਸਾਹਾਂ ਦੇ ਸਫ਼ਰ ਨੂੰ ਪੂਰਾ ਕਰ, ਉਸ ਜਹਾਜ਼ ‘ਤੇ ਜਾ ਚੜ੍ਹੇ, ਜਿਥੋਂ ‘ਮੁੜ ਮਿਲਣ’ ਦੀ ਬਾਤ ਨਹੀਂ ਪਾਈ ਜਾਂਦੀ।

ਪਾਪਾ ਜੀ ਨਾਲ ਹਰ ਐਤਵਾਰ ਨੂੰ ਗੱਲ ਹੋਣਾਂ ਇੱਕ ਨਿਯਮ ਹੀ ਬਣ ਗਿਆ ਸੀ। 4 ਅਪ੍ਰੈ਼ਲ ਵੀਰਵਾਰ ਦੀ ਸਵੇਰ ਪਾਪਾ ਜੀ ਕਰੀਬ ਚਾਰ ਵਜੇ ਉਠੇ ਸੀ, ਜੋ ਕਿ ਮਾਂ ਨੇ ਦੱਸਿਆ ਸੀ। ਪਾਪਾ ਜੀ ਕਮਰੇ ਤੋਂ ਬਾਹਰ ਆਏ। ਸ਼ਾਇਦ ਆਪਣੀ ਮਿਹਨਤ ਦੀ ਕਮਾਈ ਨਾਲ ਉਸਾਰੇ ਕਾਰੋਬਾਰ ਅਤੇ ਹਵੇਲੀ ਦੇ ਦੂਰ ਤੱਕ ਹੋਏ ਵਿਸਥਾਰ ਨੂੰ ਵੇਖਿਆ ਹੋਣਾਂ, “ਚਲੋ! ਆਪਣੀ ਔਲਾਦ ਲਈ ਬੜਾ ਕੁਝ ਬਣਾ ਦਿੱਤਾ!” ਫੇ਼ਰ ਮੁੜ ਕਮਰੇ ਵਿੱਚ ਆ ਗਏ, ਸ਼ਾਇਦ ਆਪਣੀ ਜੀਵਨ-ਸਾਥਣ ਸਵਰਨ ਕੌਰ ਨੂੰ ਦੇਖਿਆ ਹੋਣਾ ਕਿ ‘ਆਹ ‘ਜਿ਼ੰਦਗੀ ਦਾ ਸਫ਼ਰ’ ਤੇਰੇ ਨਾਲ ਸੋਹਣਾ ਨਿਭ ਗਿਆ, ਅੱਜ ਤੋਂ ਬਾਅਦ ਤੇਰਾ ਸਫ਼ਰ ਬੱਚਿਆਂ ਨਾਲ ਇਕੱਲੇ ਕੱਟਣਾਂ ਹੈ। ਤੁਹਾਡੇ ਸਭਨਾ ਲਈ ਬਥੇਰਾ ਕੁਝ ਛੱਡ ਚਲਿਆ ਹਾਂ!’ ਜਿਵੇਂ ਦਾ ਪਾਪਾ ਜੀ ਦਾ ਸ਼ਾਂਤ ਸੁਭਾਅ ਸੀ, ਓਵੇਂ ਹੀ ਸ਼ਾਂਤੀ ਨਾਲ ‘ਸਦੀਵੀ ਨੀਂਦ’ ਸੌਂ ਗਏ ਅਤੇ ਫੇ਼ਰ ਮੁੜ ਨਹੀਂ ਉਠੇ। ਇਹ ਬ੍ਰਿਤਾਂਤ ਮੈਨੂੰ ਫ਼ੋਨ ‘ਤੇ ਦੱਸਿਆ ਗਿਆ। ਪਰ ਮੇਰੇ ਵਿਦੇਸ਼ ਵਿੱਚ ਰਹਿਣ ਦੇ ‘ਪੱਕੇ ਕਾਗਜ਼’ ਨਹੀਂ ਸਨ ਬਣੇ। ਮੈਨੂੰ ਅੱਜ ਵੀ ਇਸ ਮਜਬੂਰੀ ਦਾ ਮਲਾਲ ਹੈ।

ਮਾਂ ਦੇ ਬਿਮਾਰ ਹੋਣ ‘ਤੇ ਮੈਂ ਹੁਣ ਕਿਸੇ ‘ਮਜਬੂਰੀ’ ਦੇ ਪਹਾੜ ਥੱਲੇ ਨਹੀਂ ਦੱਬਣਾ ਚਾਹੁੰਦੀ ਸੀ, ਇਸ ਲਈ ਮਾਰਚ 2020 ਨੂੰ ਮੈਂ ਭਾਰਤ ਜਾਣ ਦੀ ਪੂਰੀ ਤਿਆਰੀ ਕਰ ਲਈ। ਮੇਰਾ ਸੂਟ ਕੇਸ ਪੈਕ ਸੀ। ਸਵੇਰੇ ਸਾਢੇ ਪੰਜ ਵਜੇ ਫ਼ਲਾਈਟ ਵਾਸਤੇ ਘਰੋਂ ਤੁਰਨਾ ਸੀ। ਰਾਤ ਅਚਾਨਕ ‘ਵਾਟਸਐਪ’ ਉਤੇ ਟਣਾ-ਟਣ ਕਈ ਸਾਰੇ ਸੁਨੇਹੇਂ ਆ ਗਏ। ਮੈਂ ਵੀ ਸੌਂ ਨਹੀਂ ਸੀ ਰਹੀ, ਇਸ ਲਈ ਫ਼ੋਨ ਚੈੱਕ ਕਰ ਲਿਆ।

‘ਕਰੋਨਾ’ ਦੇ ਤੇਜ਼ੀ ਨਾਲ ਫੈ਼ਲਣ ਕਾਰਨ, ਰਾਤ ਬਾਰ੍ਹਾਂ ਵਜੇ ਤੋਂ ‘ਲੌਕਡਾਉਨ’ ਲੱਗ ਗਿਆ!!!.....ਜੋ ਜਿੱਥੇ ਹੈ, ਉਥੇ ਹੀ ਰੁਕ ਜਾਏ! ਸੜਕਾਂ ਉਤੇ ਗੱਡੀਆਂ ਅਤੇ ਅਕਾਸ਼ ਵਾਲੇ ਜਹਾਜ਼!! ਇਸ ਖ਼ਬਰ ਨਾਲ ਹੀ ਚੜ੍ਹਦੀ ਸਵੇਰ ਦੀ ਸਾਰੀ ਦੁਨੀਆਂ ਥੰਮ੍ਹ ਗਈ। ਨਾਲ-ਨਾਲ ਹੀ ਸਾਰੇ ਸੰਸਾਰ ਦੇ ਲੋਕਾਂ ਦੇ ਸਾਹ ਵੀ ਜਿਵੇਂ ਥੰਮ੍ਹ ਜਿਹੇ ਗਏ। ਕੀ ਹੈ ਆਹ ‘ਕਰੋਨਾ’? ਲੌਕਡਾਊਨ ਕੀ ਹੁੰਦਾ ਹੈ? ਖ਼ਬਰਾਂ ਨੇ ਦਿਮਾਗ ਨੂੰ ‘ਬਲੌਕ’ ਕਰ ਦਿੱਤਾ। ਮੈਂ ਘਬਰਾ ਕੇ ਆਪਣੀ ਮਾਂ ਨੂੰ ਫ਼ੋਨ ਮਿਲਾ ਕੇ ਉਸ ਦੀ ਅਵਾਜ਼ ਸੁਣੀ, ਫ਼ੇਰ ਦੱਸਿਆ ਕਿ ਮੇਰੀ ਫ਼ਲਾਈਟ ਰੱਦ ਹੋ ਗਈ ਹੈ, ਕੁਝ ਦਿਨ ਤੱਕ ਸਭ ਠੀਕ ਹੋ ਜਾਏਗਾ, ਜਲਦੀ ਆਵਾਂਗੀ। ਮਾਂ ਨੇ ਕਿਹਾ, ‘ਬੇਟਾ ਕੋਈ ਨੀ ਅਗਲੇ ਮਹੀਨੇ ਆ ਜਾਵੀਂ!’ ਸਾਰੀ ਦੁਨੀਆਂ ਆਪਣੇ ਘਰਾਂ ਵਿੱਚ ਕੈਦ ਹੋ ਗਈ! ਅਜ਼ੀਬ ਮਾਹੌਲ ਵਿੱਚ ਮੌਤ ਦਾ ਤਾਂਡਵ ਕਰਦੀਆਂ ਖ਼ਬਰਾਂ!! ਕਿਸ ਨੂੰ ਪਤਾ ਸੀ ਕਿ ਮਨਹੂਸ ‘ਕਰੋਨਾ’ ਸਾਰੀ ਦੁਨੀਆਂ ‘ਤੇ ਕਹਿਰ ਬਣ ਕੇ ਟੁੱਟੇਗਾ??

.....ਮਾਂ ਮੈਨੂੰ ਦੁਲਾਰਦੀ ਹੋਈ ਸਾਰੇ ਪ੍ਰੀਵਾਰ ਦਾ ਹਾਲ ਚਾਲ ਪੁੱਛ ਰਹੀ ਸੀ। ਚਾਹ-ਪਾਣੀ ਪੀ ਕੇ ਮੈਂ ਮਾਂ ਦੇ ਕੋਲ ਮੰਜੇ ‘ਤੇ ਬੈਠ ਗਈ। ਪਰ ਮਾਂ ਜਿ਼ਆਦਾ ਨਹੀਂ ਬੋਲ ਰਹੀ ਸੀ, ਉਸ ਦੀ ਮਨੋ-ਸਥਿਤੀ ਸਥਿਰ ਨਹੀਂ ਸੀ ਲੱਗਦੀ। ਰੋਜ਼ ਨਾਸ਼ਤੇ ਤੋਂ ਰਾਤ ਦੇ ਖਾਣੇ ਤੱਕ ਭਾਬੀਆਂ ਵੰਨ-ਸੁੰਵਨੇ ਪਕਵਾਨ ਬਣਾ ਕੇ, ਮੈਨੂੰ ਆਪਣੇ-ਆਪਣੇ ਚਾਅ-ਮਲਾਰ ਦਾ ਸਬੂਤ ਦੇ ਰਹੀਆਂ ਸਨ। ਦੁਪਹਿਰ ਨੂੰ ਮੈਂ ਮਾਂ ਦੇ ਬੈੱਡ ਨਾਲ ਵਿਛੇ ਵੱਡੇ ਨੰਵਾਰ ਦੇ ਮੰਜੇ ਉਤੇ ਪੈ ਜਾਣਾ। ਰਾਤ ਵੀ ਮਾਂ ਦੇ ਕਮਰੇ ਵਿੱਚ ਹੀ ਪੈਣਾ। ਮੈਂ ਹੌਲੀ-ਹੌਲੀ ਕੁਝ ਨਾ ਕੁਝ ਮਾਂ ਨਾਲ ਗੱਲ ਛੇੜ ਲੈਣੀ, “....ਮਾਂ...ਆਪਣੇ ਬਚਪਨ ਬਾਰੇ ਕੁਝ ਦੱਸੋ?” ਹਾਲਾਂਕਿ ਮੈਂ ਥੋੜਾ ਬਹੁਤ ਸੁਣਿਆ ਸੀ। ਪਰ ਅੱਜ ਸੁਨਣ ਪਿੱਛੇ ਹੋਰ ਮਕਸਦ ਸੀ।

“ਮੈਂ ਹੋਣੀਂ ਕੋਈ ਨੌਂ ਕੁ ਸਾਲਾਂ ਦੀ, ਜਦੋਂ ਦੇਸ਼ ਦੀ ਵੰਡ ਹੋਈ ਸੀ। ਆਪਣੇ ਮਾਂ-ਪਿਓ ਨਾਲ ‘ਪਾਕਿਸਤਾਨ’ ਤੋਂ ਭਾਰਤ ਆਈ ਸੀ!” ਮਾਂ ਨੇ ਆਪਣੀ ਸਾਰੀ ਉਮਰ ਵਿੱਚੋਂ ਪਾਕਿਸਤਾਨ ਵਾਲੀ ਯਾਦਾਂ ਦੀ ਪਟਾਰੀ ਹੀ ਫ਼ਰੋਲੀ। ਇਸ ਗੱਲ ਨਾਲ ਮੈਨੂੰ ਥੋੜਾ ਝਟਕਾ ਜਿਹਾ ਲੱਗਿਆ।

“ਮਾਂ, ਤੁਹਾਨੂੰ ਪਾਕਿਸਤਾਨ ਦੀਆਂ ਕਿਹੜੀਆਂ ਯਾਦਾਂ ਅਜੇ ਵੀ ਯਾਦ ਹਨ?” ਮੈਂ ਵੀ ਮਾਂ ਦੇ ਪਾਕਿਸਤਾਨ ਦੀਆਂ ਯਾਦਾਂ ਦੀ ਰਾਹੀ ਬਣ ਨਾਲ ਤੁਰ ਪਈ।

“ਸ਼ਾਇਦ ਛੋਟੀ ਉਮਰ ਦੀਆਂ ਯਾਦਾਂ ਜਿ਼ਹਨ ‘ਚ ਵਸ ਜਾਂਦੀਆਂ ਨੇ! ....ਜਾਂ ਫ਼ੇਰ ਸ਼ਾਇਦ ਪਾਕਿਸਤਾਨ ਬਣਨ ਕਾਰਨ ਓਹ ਸਾਰਾ ‘ਕਾਂਡ’ ਦਿਮਾਗ ਵਿੱਚ ਛਪ ਗਿਆ ਸੀ ਅਤੇ ਆਪਣੀ ਜਿ਼ੰਦਗੀ ਦੇ ਸਫ਼ਰ ਵਿੱਚ ਹਜ਼ਾਰਾਂ ਵਾਰ ਸੁਣਾਇਆ ਵੀ ਸੀ ....ਮੇਰੇ ਨਿੱਕੇ-ਨਿੱਕੇ ਜਿਹੇ ਪੈਰਾਂ ਦੀ ਛਾਪ ‘ਪਾਕਿਸਤਾਨ’ ਦੀ ਮਿੱਟੀ ਵਿੱਚ ਅਜੇ ਵੀ ਜਰੂਰ ਕਿਤੇ ਹੋਣੀ ਹੈ, ਤਾਂ ਹੀ ਮੇਰੇ ਜਿ਼ਹਨ ਵਿੱਚ ‘ਆਪਣੀ ਜਨਮ ਭੂਮੀ’ ਦੀ ਭਾਵਨਾ ਜਾਗ ਉਠਦੀ ਹੈ!” ਮਾਂ ਦੀ ਇਸ ਗੱਲ ਨੂੰ ਮੈਂ ਵੀ ਸਵੀਕਾਰਦੀ ਹਾਂ ਕਿਉਂਕਿ ਮੈਂ ਭਾਵੇਂ ਇੰਗਲੈਂਡ ਵਿੱਚ ਵਸਦੀ ਹਾਂ, ਪਰ ਆਪਣੇ ਕਈ ‘ਡਾਕੂਮੈਂਟਸ’ ਵਿੱਚ ਮੈਂ ‘ਬਰਥ-ਪਲੇਸ’ ਦੀ ਥਾਂ ‘ਤੇ ‘ਇੰਡੀਆ’ ਭਰਦੀ ਹਾਂ, ਉਦੋਂ ਆਪਣੀ ਧਰਤੀ ਤੋਂ ਵਿਛੋੜੇ ਦਾ ਅਹਿਸਾਸ ਜ਼ਰੂਰ ਆ ਜਾਂਦਾ ਹੈ। ਮਾਂ ਸਹਿਜੇ-ਸਹਿਜੇ ਯਾਦਾਂ ਦੀਆਂ ਗੰਢਾਂ ਨੂੰ ਖੋਲ੍ਹਣ ਲੱਗ ਪਈ....

“ਸਵਰਨੋ, ਨੀ ਕੁੜ੍ਹੇ ਚੱਲ ਅੰਦਰ ਆ, ਤੇਰਾ ਪਿਓ ਆਣ ਆਲਾ ਏ!” ਮੇਰੀ ਮਾਂ ਦਾ ਨਾਮ ਸਵਰਨ ਕੌਰ ਹੈ। ਮੇਰੀ ਮਾਂ ਨੂੰ ਉਸ ਦੀ ਮਾਂ (ਮੇਰੀ ਨਾਨੀ) ਨੇ ਅਵਾਜ਼ ਮਾਰੀ। ਆਂਡ-ਗੁਆਂਢ ਮਾਰੇ ਮੁਸਲਮਾਨ, ਹਿੰਦੂ ਅਤੇ ਸਿੱਖ ਪ੍ਰੀਵਾਰ ਬੜੇ ਭਾਈਚਾਰੇ ਨਾਲ ਰਹਿੰਦੇ ਸਨ। ਚਾਰ ਕੁ ਸਾਲ ਦਾ ਸਵਰਨੋ ਦਾ ਛੋਟਾ ਭਰਾ ਉਸ ਦੀ ਮਾਂ ਦੀ ਗੋਦ ਵਿੱਚ ਸੀ ਅਤੇ ਸਵਰਨੋ ਨੌਂ ਕੁ ਸਾਲ ਦੀ ਸੀ। ਸਵਰਨੋ ਬਹੁਤ ਹੀ ਅਰਦਾਸਾਂ ਨਾਲ ਹੋਈ ਸੀ। ਉਸ ਦੀ ਮਾਂ ਦੱਸਦੀ ਸੀ ਕਿ ਜਦੋਂ ਸਵਰਨੋ ‘ਕੁੱਖੇ’ ਪਈ ਤਾਂ ਉਸ ਦੀ ਮਾਂ ਬੇਅੰਤ ਕੌਰ ਦੁੱਧ ਰਿੜਕਣ ਵੇਲੇ ਚਾਟੀ ਵਿੱਚ ਜੰਮੇਂ ਦਹੀਂ ਵਿੱਚ ‘ਮਧਾਣੀ’ ਪਾ ਸੁਖਮਣੀ ਸਾਹਿਬ ਦਾ ਪਾਠ ਜੁਬਾਨੀ ਕਰਦੀ ਰਹਿੰਦੀ। ਜੀਵਨ ਆਨੰਦ ਨਾਲ ਗੁਜ਼ਰ ਰਿਹਾ ਸੀ ਕਿ ਅਚਾਨਕ ਪਾਕਿਸਤਾਨ ਛੱਡ ਕੇ ਭਾਰਤ ਜਾਣ ਦਾ ਰੌਲਾ ਪੈ ਗਿਆ। ਅਬੋਧ ਉਮਰ ਵਿੱਚ ਸਵਰਨ ਕੌਰ ਨੂੰ ਸਮਝ ਨਹੀਂ ਆਇਆ ਕਿ ਸਾਰੇ ਗੁੱਡੀਆਂ ਪਟੋਲ੍ਹੇ ਅਤੇ ਸਹੇਲੀਆਂ ਨੂੰ ਛੱਡ ਕੇ ਮਾਂ-ਪਿਓ ਉਸ ਨੂੰ ਕਿੱਧਰ ਲੈ ਜਾ ਰਹੇ ਸਨ। ਜਿਸ ਟਰੱਕ ਵਿੱਚ ਮਾਂ ਚਾਰ ਸਾਲ ਦੇ ਭਰਾ ਅਤੇ ਸਵਰਨ ਨੂੰ ਬੁੱਕਲ ਵਿੱਚ ਲੈ ਕੇ ਬੈਠੀ ਸੀ, ਓਹ ਟਰੱਕ ਖਚਾ-ਖਚ ਲੋਕਾਂ ਨਾਲ ਭਰਿਆ ਹੋਇਆ ਸੀ। ਸਵਰਨ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਉਸ ਦੇ ਭਾਪਾ ਜੀ ਸਰਬੰਸ ਸਿੰਘ ਦੇ ਸਿਰ ਦਾ ਜੂੜਾ ਖੋਲ੍ਹ ਕੇ ਗੁੱਤ ਬਣਾ ਕੇ, ਜਨਾਨਾ ਸੂਟ ਪੁਆ ਕੇ, ਉਸ ਦੇ ਮੂੰਹ ਨੂੰ ਅਜੀਬ ਤਰੀਕੇ ਨਾਲ ਢਕ ਜਨਾਨੀਆਂ ਮਗਰ ਬਿਠਾਇਆ ਹੋਇਆ ਸੀ। ਲੋਕ ਘਬਰਾਏ ਹੋਏ ਸੀ। ਔਰਤਾਂ ਅਤੇ ਬੱਚੇ ਰੋ ਰਹੇ ਸਨ। ਸਵਰਨ ਦੀ ਮਾਂ ਵੀ ਲਗਾਤਾਰ ਰੋ ਰਹੀ ਸੀ। ਸ਼ਾਇਦ ਵਸੇ-ਵਸਾਏ ਘਰ ਦੇ ਉਜੜ ਜਾਣ ਦਾ ਅਥਾਹ ਦੁੱਖ ਸੀ। ਨਾਲ ਹੀ ਅਨਾਥ ਹੋਣ ਦਾ, ਕਿਉਂਕਿ ਪ੍ਰੀਵਾਰ ਨੂੰ ਬਚਾ ਕੇ ਪੰਜਾਬ ਭੇਜਣ ਵੇਲੇ ਸਵਰਨ ਦੇ ਦਾਦਾ ਜੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਸੀ....

....ਖੂਨ-ਖਰਾਬੇ ਦੇ ਕਈ ਭਿਆਨਕ ਦ੍ਰਿਸ਼ ਅੱਜ ਵੀ ਮੇਰੀ ਮਾਂ ਦੇ ਮਨ ਵਿੱਚ ਕਿੱਲ ਵਾਂਗ ਗੱਡੇ ਹੋਏ ਸਨ। ਇੱਕ ਚੰਗੇ ਸੁਲਝੇ ਹੋਏ ਪਤੀ ਅਤੇ ਚਾਰ ਔਲਾਦਾਂ ਦੀਆਂ ਕਿਲਕਾਰੀਆਂ ਦੇ ਨਾਲ-ਨਾਲ ਐਸ਼ੋ-ਅਰਾਮ ਵਾਲੀ ਜਿ਼ੰਦਗੀ ਨੇ ਇਸ ‘ਕਿੱਲ’ ਨੂੰ ਕੱਢਣ ਦੀ ਪੁਰਜ਼ੋਰ ਕੋਸਿ਼ਸ਼ ਕਰ ਕੱਢ ਤਾਂ ਦਿੱਤਾ ਸੀ ਪਰ ਉਸ ਥਾਂ ‘ਤੇ ਖੁੱਲ੍ਹਿਆ ਫੱਟ ਅੱਜ ਤੱਕ ਵੀ ਨਹੀਂ ਭਰ ਸਕਿਆ।

“ਬੇਟਾ!! ਬੜਾ ਹੀ ਭਿਆਨਕ ਸਮਾਂ ਸੀ, ਅੱਜ ਵੀ ਲੱਗਦਾ ਹੈ ਕਿ ਅਸੀਂ ਕਿਉਂ ਵੰਡੇ ਗਏ? ਪਾਕਿਸਤਾਨ ਤੋਂ ਆ ਕੇ ਕਾਫ਼ੀ ਸਮੇਂ ਤੱਕ ‘ਸ਼ਰਨਾਰਥੀ ਕੈਂਪਾਂ’ ਵਿੱਚ ਰਹੇ। ਨਾਨਾ ਜੀ ਕਹਿੰਦੇ ਸੀ ਕਿ ਜਲਦੀ ਕੋਈ ਘਰ ਸਾਨੂੰ ਮਿਲ ਜਾਏਗਾ। ਮੈਂ ਬਹੁਤ ਵਾਰ ਪੁੱਛਦੀ ਕਿ ਅਸੀਂ ਆਪਣੇ ਘਰ ਨੂੰ ਛੱਡ ਕੇ ਇੱਥੇ ਕਿਉਂ ਆ ਗਏ ਹਾਂ? ਮੈਨੂੰ ਤਾਂ ਆਹ ਸਮਝਣ ਵਿੱਚ ਬੜਾ ਚਿਰ ਲੱਗ ਗਿਆ ਕਿ ਮੈਂ ਕਿਸੇ ਦੂਸਰੇ ‘ਮੁਲਕ’ ਵਿੱਚ ਆ ਗਈ ਹਾਂ। ਮੇਰੇ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਸੀ?” ਮਾਂ ਦੇ ਉੱਜੜ ਗਏ ਬਚਪਨ ਦਾ ਦਰਦ ਧੁੰਦਲੀਆਂ ਯਾਦਾਂ ਵਿੱਚ ਦੀ ਸਾਫ਼ ਦਿਖਾਈ ਦਿੰਦਾ ਸੀ।

ਮੈਂ ਹੌਲੀ ਜਿਹੀ ਮਾਂ ਦੇ ਹੱਥ ‘ਤੇ ਆਪਣਾ ਹੱਥ ਰੱਖ ਦਿੱਤਾ। ਇਹੀ ਇੱਕ ਤਰੀਕਾ ਸੀ ਮਾਂ ਦੀਆਂ ਤਪਦੀਆਂ ਯਾਦਾਂ ਨੂੰ ਠੰਡ ਪਾਉਣ ਦਾ! ਮਾਂ ਨੂੰ ਅੱਜ ਵੀ ਯਾਦ ਸੀ ਕਿ ਉਨ੍ਹਾਂ ਦਾ ਘਰ ਛੋਟੀਆਂ ਇੱਟਾਂ ਦਾ ਸੀ, ਵਿਹੜਾ ਕਾਫ਼ੀ ਵੱਡਾ ਅਤੇ ਕੱਚਾ ਸੀ। ਵਿਹੜੇ ਵਿੱਚ ‘ਟੋਕਾ’ ਲੱਗਿਆ ਹੋਇਆ ਸੀ। ਖੇਤ ਅਤੇ ਪਸ਼ੂ ਵੀ ਰੱਖੇ ਸੀ। ਘਰ ਦੇ ਦਰਵਾਜੇ ਦੀ ਕੰਧ ਪੀਲੀ ਮਿੱਟੀ ਨਾਲ ਲਿੱਪੀ ਹੋਈ ਸੀ। ਗਲੀ ਸਿੱਧੀ ਜਾ ਕੇ ਖੱਬੇ ਪਾਸੇ ਮੁੜਦੀ ਸੀ। ਮਾਂ ਦੀਆਂ ਗੱਲਾਂ ਤੋਂ ਸਾਫ਼ ਲੱਗਦਾ ਸੀ ਕਿ ਮਾਂ ਦੀ ਕਮਜ਼ੋਰ ਹੋਈ ਯਾਦਾਸ਼ਤ ਵਿੱਚ ਆਪਣੀ ਜਨਮ-ਭੂਮੀ ਦੀਆਂ ਯਾਦਾਂ ਮਿਟੀਆਂ ਨਹੀਂ ਸੀ। ...ਯਾਦਾਂ ਦੇ ਵਲ ਖੋਲ੍ਹਦੇ ਹੋਏ, ਮਾਂ ਨੇ ਆਪਣੇ ਭਾਰਤ ਦੀ ਯਾਦ ਨੂੰ ਲਿਆ ਜੋੜਿਆ।

...ਇੱਕ ਦਿਨ....

“ਅੰਮ੍ਰਿਤਸਰ ਵਿੱਚ ਘਰ ਮਿਲ ਰਿਹਾ ਹੈ...ਪਰ ਖੇਤਾਂ ਦੀ ਜ਼ਮੀਨ ਨਹੀਂ ਦੇ ਰਹੇ.. ਚਲੋ ਇੰਨ੍ਹਾਂ ‘ਸ਼ਰਨਾਰਥੀ ਕੈਂਪਾਂ’ ਤੋਂ ਤਾਂ ਚੰਗਾ ਹੈ। ਤੂੰ ਬੱਚਿਆਂ ਨੂੰ ਲੈ ਕੇ ਓਥੇ ਚੱਲ, ਮੈਂ ਖੇਤਾਂ ਬਾਰੇ ਪੜਤਾਲ ਕਰਦਾ ਹਾਂ, ਕਿਸ ਪਾਸੇ ਮਿਲਣਗੇ?” ਸਵਰਨ ਦੇ ਭਾਪਾ ਜੀ ਨੇ ਉਸ ਦੀ ਮਾਂ ਬੇਅੰਤ ਕੌਰ ਨੂੰ ਹੌਂਸਲਾ ਦਿੱਤਾ।

ਕੁਝ ਦਿਨਾਂ ਬਾਅਦ ਪ੍ਰੀਵਾਰ ਕੈਪਾਂ ਨੂੰ ਛੱਡ ਅੰਮ੍ਰਿਤਸਰ ਆ ਵਸਿਆ। ਸਮਾਂ ਗੁਜ਼ਰਦਾ ਗਿਆ, ਕਾਗਜ਼ੀ ਕਾਰਵਾਈਆਂ ਚੱਲਦੀਆਂ ਰਹੀਆਂ। ਮਾਂ ਇੱਕ ਘਟਨਾ ਨੂੰ ਪਹਿਲਾਂ ਵੀ ਕਈ ਵਾਰ ਸੁਣਾ ਚੁੱਕੀ ਸੀ ਜਿਸ ਦਾ ਜਿ਼ਕਰ ਇੱਥੇ ਵੀ ਕਰਨਾ ਜ਼ਰੂਰੀ ਸੀ। ....ਵੈਸਾਖੀ ਦਾ ਮੇਲਾ ਆਇਆ, ਸਾਰਾ ਪ੍ਰੀਵਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਿਆ। ਮਾਂ ਨੇ ਗੋਦੀ ਵਿੱਚ ਛੋਟੇ ਭਰਾ (ਮੇਰਾ ਮਾਮਾ) ਨੂੰ ਚੁੱਕਿਆ ਸੀ ਅਤੇ ਸਵਰਨ ਨੂੰ ਉਂਗਲ ਲਾਇਆ ਹੋਇਆ ਸੀ। ਪਤਾ ਨਹੀਂ ਕਿਵੇਂ ਭੀੜ ਦੇ ਵੇਗ ਕਾਰਨ ਸਵਰਨ ਦੀ ਉਂਗਲ ਛੁੱਟ ਗਈ। ਬਹੁਤ ਦੇਰ ਤੱਕ ਸਵਰਨ ਰੋਂਦੀ ਰਹੀ, ਪਰ ਮਾਂ ਨੂੰ ਲੱਭ ਨਾ ਸਕੀ। ਫ਼ੇਰ ਸੋਚਿਆ ਕਿ ਘਰ ਚਲੀ ਜਾਵਾਂ। ਧੀਰੇ-ਧੀਰੇ ਗੁਰਦੁਆਰੇ ਤੋਂ ਬਾਹਰ ਆ ਗਈ। ਲੋਕ ਲਗਾਤਾਰ ਗੁਰਦੁਆਰੇ ਦੇ ਅੰਦਰ ਅਤੇ ਬਾਹਰ ਜਾ-ਆ ਰਹੇ ਸੀ। ਪਰ ਕਿਸੇ ਦਾ ਵੀ ਧਿਆਨ ਰੋਂਦੀ ਛੋਟੀ ਬੱਚੀ ਸਵਰਨ ‘ਤੇ ਨਹੀਂ ਪਿਆ। ਆਪਣੇ ਨਿੱਕੇ-ਨਿੱਕੇ ਜਿਹੇ ਕਦਮਾਂ ਨਾਲ ਸਵਰਨ ਓਸੇ ਰਾਹ ਵੱਲ ਤੁਰਨ ਲੱਗ ਪਈ, ਜਿਸ ‘ਤੇ ਕੁਝ ਘੰਟੇ ਪਹਿਲਾਂ ਮਾਂ ਦੀ ਉਂਗਲ ਫੜ ਵੈਸਾਖੀ ਦਾ ਮੇਲਾ ਵੇਖਣ ਸ੍ਰੀ ਦਰਬਾਰ ਸਾਹਿਬ ਆਈ ਸੀ। ਪੂਰਾ ਟੱਬਰ ਸਵਰਨ ਨੂੰ ਲੱਭ-ਲੱਭ ਪਾਗਲ ਹੋ ਰਿਹਾ ਸੀ। ਸ਼ਾਮ ਵੇਲੇ ਸਵਰਨ ਨੇ ਘਰ ਆ ਆਪਣੀ ਮਾਂ ਨੂੰ ਜੱਫੇ ਵਿੱਚ ਲੈ ਲਿਆ ਤਾਂ ਸਾਰੇ ਟੱਬਰ ਨੂੰ ਸੁਖ ਦਾ ਸਾਹ ਆਇਆ। ਕੁਝ ਸਾਲਾਂ ਬਾਅਦ ਅੰਬਾਲੇ ਜਿਲ੍ਹੇ ਦੇ ‘ਬਪਰੋਲ’ ਪਿੰਡ ਵਿੱਚ ਖੇਤੀ ਦੀ ਜ਼ਮੀਨ ਵੀ ਮਿਲ ਗਈ ਅਤੇ ਸਾਰਾ ਪ੍ਰੀਵਾਰ ਬਪਰੋਲ ਆ ਵਸਿਆ।

...ਮਾਂ ਦੀ ਹੱਡਬੀਤੀ ਸੁਣ ਕੇ ਮੈਨੂੰ ਇੱਕ ਦਮ ਘਬਰਾਹਟ ਜਿਹੀ ਹੋ ਗਈ। ਇੰਜ ਲੱਗਿਆ ਕਿ ਜੇ ਮਾਂ ਨਿਆਣੀ ਜਿਹੀ ਉਮਰੇ ਇੰਨੀ ਸਮਝਦਾਰ ਨਾ ਹੁੰਦੀ, ਤਾਂ ਅੱਜ ਜਿ਼ੰਦਗੀ ਦੀ ਕਹਾਣੀ ਕੁਝ ਹੋਰ ਹੁੰਦੀ। ਪ੍ਰੰਤੂ ਜਿਵੇਂ ਸੁਣਿਆ ਹੀ ਹੈ ਕਿ ਸੰਜੋਗ ਧੁਰ ਤੋਂ ਹੀ ਲਿਖੇ ਹੁੰਦੇ ਹਨ। ਸਾਡੇ ਚਾਰੋਂ ਬੱਚਿਆ ਦੇ ਵੱਡੇ ਭਾਗ ਹੀ ਸੀ ਕਿ ਇੱਕ ਉਚੇਰੇ ਵਿਚਾਰਾਂ ਵਾਲੀ ਸਮਝਦਾਰ ਮਾਂ ਅਤੇ ਸਾਧੂ ਸੁਭਾਅ ਵਾਲੇ ਪਿਤਾ ਦੀ ਅਸੀਂ ਸੰਤਾਨ ਬਣੇ ਜਿੰਨ੍ਹਾਂ ਦੀ ਸਰਪ੍ਰਸਤੀ ਹੇਠ ਜੀਵਨ ਬਹੁਤ ਆਨੰਦ ਨਾਲ ਬੀਤਿਆ। ਮਾਂ-ਪਾਪਾ ਜੀ ਨੇ ਆਪਣੀ ਜੀਵਨ ਯਾਤਰਾ ਨੂੰ ਸਾਨੂੰ ਬੜੇ ਚਾਅ ਨਾਲ ਸੁਣਾਇਆ ਕਰਨਾ।

ਉਸ ਜ਼ਮਾਨੇ ਦੇ ਹਿਸਾਬ ਨਾਲ ਮਾਂ ਕਾਫ਼ੀ ਖੁੱਲੇ੍ਹ ਵਿਚਾਰਾਂ ਨਾਲ ਪਾਲੀ ਸੀ। ਮਾਂ ਇੱਕ ਸਿਲਾਈ ਅਧਿਆਪਕਾ ਰਹੀ ਸੀ ਅਤੇ ਆਪਣੀ ‘ਮੈਡਮ’ ਨਾਲ ਦੂਸਰੇ ਪਿੰਡਾਂ ਵਿੱਚ ਸਿਲਾਈ ਸਿਖਾਣ ਜਾਂਦੀ ਸੀ। ਜਦੋਂ ਮਾਂ ਦੇ ਵਿਆਹ ਦੀ ਗੱਲ ਸ਼ੁਰੂ ਹੋਈ ਤਾਂ ਉਸ ਜ਼ਮਾਨੇ ਵਿੱਚ ਵੀ ਮਾਂ ਅਤੇ ਪਾਪਾ ਜੀ ਨੇ ਇੱਕ-ਦੂਜੇ ਨੂੰ ਪਸੰਦ ਕਰ ਕੇ ਵਿਆਹ ਦੀ ‘ਹਾਂ’ ਕੀਤੀ ਸੀ। ਪਾਪਾ ਜੀ ਯੂ. ਪੀ. ਆ ਗਏ, ਉਥੇ ਨੌਕਰੀ ਕਰਦੇ ਹੋਏ ਇੰਜਨੀਅਰਿੰਗ ਦਾ ਇਮਤਿਹਾਨ ਪਾਸ ਕਰ, ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਮਾਂ ਵਿਆਹ ਕੇ ਆਗਰਾ ਸ਼ਹਿਰ ਆ ਗਈ ਅਤੇ ਦੋਹਾਂ ਨੇ ਆਪਣੀ ਗ੍ਰਹਿਸਥੀ ਦਾ ਆਲ੍ਹਣਾ ਬਨਾਣਾ ਸ਼ੁਰੂ ਕੀਤਾ। ਬੱਚੇ ਹੋਏ, ਕਿਸਮਤ ਵੀ ਸਾਥ ਤੁਰ ਪਈ। ਪਾਪਾ ਜੀ ਨੇ ਆਪਣੇ ਕਾਰੋਬਾਰ ਦਾ ਬਹੁਤ ਵਿਸਥਾਰ ਕਰ ਲਿਆ। ਚਾਰ ਫ਼ੈਕਟਰੀਆਂ, ਕਾਰ, ਨੌਕਰ-ਚਾਕਰ, ਵੱਡੀ ਹਵੇਲੀ, ਜਿ਼ੰਦਗੀ ਖੰਭ ਲਾ ਕੇ ਉਡ ਰਹੀ ਸੀ। ਮੇਰੇ ਪਾਪਾ ਜੀ, ਸਰਦਾਰ ਅਜੀਤ ਸਿੰਘ ਦਾ ਨਾਮ ਬਿਰਾਦਰੀ ਵਿੱਚ ਆਪਣੀ ਬਹੁਤ ਪੈਂਠ ਰੱਖਦਾ ਸੀ। ਮਾਂ ਅਤੇ ਪਾਪਾ ਜੀ ਅਕਸਰ ਹੀ ਆਪਣੇ ਬਚਪਨ ਦੀਆਂ ਯਾਦਾਂ ਸਾਨੂੰ ਬੱਚਿਆਂ ਨੂੰ ਸੁਣਾਦੇ ਸੀ, ਜਿਸ ਵਿੱਚ ਪਾਕਿਸਤਾਨ ਦਾ ਜਿ਼ਕਰ ਜ਼ਰੂਰ ਹੁੰਦਾ। ਕਿਹਾ ਜਾ ਸਕਦਾ ਹੈ ਕਿ ਮੂੰਹ ਵਿੱਚ ਭਾਂਵੇਂ ਕਿੰਨ੍ਹੇ ਦੰਦ ਹੋਣ, ਪਰ ਜੀਭ ਵਾਰ-ਵਾਰ ਉਥੇ ਹੀ ਜਾਏਗੀ, ਜੋ ਦੰਦ ਟੁੱਟ ਗਿਆ ਹੋਵੇ। ਆਪਣੀ ਇਸੀ ‘ਥੁੜ’ ਨੂੰ ਪੂਰਾ ਕਰਨ ਲਈ ਮਾਂ, ਪਾਪਾ ਜੀ ਅਤੇ ਮਾਮਾ ਜੀ 1983 ਦੀ ਵੈਸਾਖੀ ਮਨਾਣ ਬਾਬੇ ਨਾਨਕ ਜੀ ਦੀ ਜਨਮ ਭੂਮੀ ਪਾਕਿਸਤਾਨ ਗਏ। ਉਨ੍ਹਾਂ ਨੂੰ ਕਹਿੰਦੇ ਸੁਣਿਆਂ ਸੀ ਕਿ ‘ਆਪਣੀ ਉਸ ਧਰਤੀ ‘ਤੇ ਚੱਲੇ ਹਾਂ, ਜਿਸ ਨੂੰ ਬਚਪਨ ਵਿੱਚ ਛੱਡਣ ਵੇਲੇ ਪਤਾ ਹੀ ਨਹੀਂ ਸੀ ਕਿ ਮੁੜ ਇੱਥੇ ਆਣ ਲਈ ‘ਵੀਜਾ’ ਲੈਣਾ ਪੈਣਾ....!!’

.....ਸਮੇਂ ਨਾਲ ਚਾਰੋਂ ਬੱਚੇ ਵਿਆਹੇ ਗਏ। ਮੈਂ ਲੰਡਨ ਦੀ ਵਸਨੀਕ ਹੋ ਗਈ।

.....ਮੈਨੂੰ ਇੰਡੀਆ ਆਇਆਂ ਤਿੰਨ ਮਹੀਨੇ ਤੋਂ ਜਿ਼ਆਦਾ ਹੋ ਗਏ ਸੀ। ਮਾਂ ਦੀ ਘਾਤਕ ਬਿਮਾਰੀ ਨੇ ਸਰੀਰ ਵਿੱਚ ਆਪਣਾ ਪਸਾਰਾ ਕਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣਾ ਮੰਜਾ ਮਾਂ ਦੇ ਕਮਰੇ ਵਿੱਚ ਪੱਕਾ ਹੀ ਡਾਹ ਲਿਆ। ਮਾਂ ਕੋਲ ਹਰ ਵੇਲੇ ਹੋਣ ਕਾਰਣ ਮਾਂ ਮੇਰਾ ਆਸਰਾ ਜਿਹਾ ਮੰਨਣ ਲੱਗ ਪਈ। ਜਿਵੇਂ ਇੱਕ ਮਾਂ ਆਪਣੇ ਬੱਚੇ ਵਾਸਤੇ ਹਰ ਪਲ ਚੇਤੰਨ ਰਹਿੰਦੀ ਹੈ, ਇੰਜ ਹੀ ਮੈਨੂੰ ਮਾਂ ਆਪਣਾ ‘ਬੱਚਾ’ ਜਿਹਾ ਜਾਪਦੀ ਸੀ। ਮਾਂ ਨੇ ਪਿਸ਼ਾਬ ਜਾਣਾ ਹੁੰਦਾ ਤਾਂ ਹੌਲੀ ਜਿਹੀ ਮੈਨੂੰ ਅਵਾਜ਼ ਮਾਰਦੀ। ਮੈਂ ਸਹਾਰਾ ਦੇ ਉਠਾਉਣਾ ਫ਼ੇਰ ਦੋਵੇ ਬਾਹਾਂ ਫੜ ਹੌਲੀ-ਹੌਲੀ ਕਮਰੇ ਵਿੱਚ ਬਣੇ ਵਾਸ਼-ਰੂਮ ਵਿੱਚ ਲੈ ਜਾਣਾ। ਮਾਂ ਨੂੰ ਤੋਰਦੇ ਹੋਏ ਮੈਨੂੰ ਆਪਣੇ ਬਾਲਪੁਣੇ ਦੇ ਪਹਿਲੇ ਕਦਮਾਂ ਦਾ ਅਹਿਸਾਸ ਹੁੰਦਾ, ਜਦੋਂ ਇੰਜ ਹੀ ਮੇਰੀਆਂ ਨਿੱਕੀਆਂ-ਨਿੱਕੀਆਂ ਬਾਹਾਂ ਫੜ ਮਾਂ ਨੇ ਮੈਨੂੰ ਠੁੰਮਕ-ਠੁੰਮਕ ਤੁਰਨਾ ਸਿਖਾਇਆ ਹੋਣਾ। ਖਾਣਾ ਖੁਆ ਕੇ ਜਾਂ ਕੁਝ ਪਿਆ ਕੇ ਮਾਂ ਦਾ ਮੂੰਹ ਸਾਫ਼ ਕਰਨਾ, ਹੱਥੀਂ ਗਿਲਾਸ ਫੜ ਦੁੱਧ ਪਿਆਣਾ, ਸਿਰ ਵਾਹੁੰਣਾ, ਸਾਰੇ ਕੰਮ ਹੱਥੀਂ ਕਰਨੇ। ਸੱਚ ਹੀ ਕਹਿੰਦੇ ਹਨ ਕਿ ਬਜ਼ੁਰਗ ਹੋ ਕੇ ਇਨਸਾਨ ਬੱਚੇ ਵਾਂਗ ਹੋ ਜਾਂਦਾ ਹੈ। ਅੱਜ ਮਾਂ ਵੀ ਮੈਨੂੰ ਬੱਚੇ ਵਾਂਗ ਹੀ ਜਾਪਦੀ ਹੈ। ਸੇਵਾ ਕਰਦਿਆਂ, ‘ਮਮਤਾ’ ਦਾ ਪੂਰਾ ਹੜ੍ਹ ਵਗਦਾ ਹੈ ਮੇਰੇ ਅੰਦਰ। ਭਾਬੀਆਂ ਨੇ ਵੀ ਮਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ।

ਮਾਂ ਵੀ ਰੱਬ ਨੇ ਪਤਾ ਨਹੀਂ ਕਿਸ ਮਿੱਟੀ ਦੀ ਬਣਾਈ ਹੁੰਦੀ ਹੈ, ਭਾਵੇਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਮਾਂ ਦਾ ਖਿਆਲ਼ ਰੱਖ ਰਹੀ ਹਾਂ, ਪਰ ਮਾਂ ਤਾਂ ਮਾਂ ਹੁੰਦੀ ਹੈ, ਇਸ ਦਾ ਅਹਿਸਾਸ ਮੈਨੂੰ ਨਾਲ ਦੇ ਮੰਜੇ ‘ਤੇ ਪਈ ਨੂੰ ਮਾਂ ਆਪਣੇ ਚੰਦ ਸਵਾਲਾਂ ਰਾਹੀਂ ਕਰਵਾਉਂਦੀ ਰਹਿੰਦੀ ਸੀ। ਮਾਂ ਨੇ ਕੰਬਦੀ ਅਵਾਜ਼ ਵਿੱਚ ਪੁੱਛਣਾ, “ਧੀਏ, ਰੋਟੀ ਖਾ ਲਈ ਕਿ ਨਹੀਂ?” ਮੈਨੂੰ ਲੱਗਦਾ ਕਿ ਮਾਂ ਸੌਂ ਗਈ ਹੈ। ਪਰ ਮੈਂ ਦੱਬੇ ਕਦਮਾਂ ਨਾਲ ਮਾਂ ਦੇ ਕਮਰੇ ਵਿੱਚ ਸੌਣ ਜਾਣਾਂ ਤਾਂ ਮਾਂ ਨੇ ਜ਼ਰੂਰ ਪੁੱਛਣਾ, “ਧੀਏ, ਦੁੱਧ ਪੀ ਲਿਆ?” ਰੌਸ਼ਨੀ ਤੋਂ ਹੀਣ ਹੋਈਆਂ ਮਾਂ ਦੀਆਂ ਬੁਝੀਆਂ ਅੱਖਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਸ਼ਾਮ ਦੇ ਪੰਜ ਵੱਜ ਗਏ ਹੋਣੇ, ਨੂੰਹਾਂ ਨੂੰ ਆਖਣਾ, “ਸਤਨਾਮ ਨੂੰ ਚਾਹ ਬਣਾ ਦਿਓ!” ਮੈਂ ਜਦੋਂ ਦੀ ਆਈ ਹਾਂ, ਮਾਂ ਨੂੰ ਨੋਟ ਕਰ ਰਹੀ ਸੀ ਕਿ ਮਾਂ ਆਪਣੇ ਵਾਸਤੇ ਕੁਝ ਵੀ ਨਹੀਂ ਸੀ ਮੰਗਦੀ, ਖ਼ਾਮੋਸ਼ੀ ਨਾਲ ਲੰਮੀ ਪਈ ਰਹਿੰਦੀ ਅਤੇ ਮੰਜੇ ‘ਤੇ ਪਈ ਮਾਂ ਨੂੰ ਕਿਤੇ ਜ਼ਰੂਰ ‘ਧੀ’ ਦੇ ਪੇਕੇ ਆਈ ਦਾ ਦਿਲੀ ਅਹਿਸਾਸ ਸੀ। ਨਾਲ ਹੀ ਆਪਣੇ ਅਸਹਾਏ ਹੋਣ ਦਾ ਵੀ, ਇਸ ਲਈ ਸਮੇਂ-ਸਮੇਂ ਮੇਰੇ ਖਾਣ-ਪੀਣ ਦਾ ਹੀ ਫਿ਼ਕਰ ਕਰ ਆਪਣੀ ‘ਮਮਤਾ’ ਦਾ ਸਬੂਤ ਦਿੰਦੀ।

ਮਾਂ ਦੀਆਂ ਆਂਦਰਾਂ ਵਾਕਈ ਬਹੁਤ ਗੁੰਝਲਦਾਰ ਪਹੇਲੀ ਹਨ, ਜਿਸ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਮੇਰਾ ਮਨ ਭਰ ਆਣਾ ਕਿ ਮਾਂ ਦੀ ਸੇਵਾ ਕੋਈ ਕੀ ਕਰ ਸਕਦਾ ਹੈ? ਮਾਂ ਤਾਂ ਅਖ਼ੀਰ ਗਿਣਵੇਂ ਸਾਹਾਂ ਵਿੱਚ ਵੀ ਆਪਣੇ ਔਲਾਦ ‘ਤੇ ਮਮਤਾ ਦਾ ਮੀਂਹ ਵਰਸਾ ਰਹੀ ਹੈ। ਮੇਰੇ ਮਨ ਵਿੱਚ ਲੋੜਵੰਦਾਂ ਅਤੇ ਬਜੁਰਗਾਂ ਦੀ ਸੇਵਾ ਕਰਨ ਦੀ ਖ਼ਾਹਿਸ਼ ਅਕਸਰ ਹੀ ਉਸਲਵੱਟੇ ਲੈਂਦੀ ਰਹਿੰਦੀ ਸੀ। ਮੈਂ ਆਪਣੀ ਪਹਿਲੀ ਨੌਕਰੀ ਛੱਡ ਕੇ ‘ਕੇਅਰ-ਹੋਮ’ ਵਿੱਚ ਨੌਕਰੀ ਲੱਭ ਲਈ। ਮੇਰੀ ਸਾਰੀ ਗੱਲ-ਬਾਤ ਸੁਣ ਕੇ ਉਥੇ ਦੀ ਮੈਨੇਜਰ ਵਰਿੰਦਰ ਕੌਰ, ਜੋ ਕਿ ਬਹੁਤ ਮਿੱਠੇ ਅਤੇ ਨਿੱਘੇ ਸੁਭਾਅ ਦੀ ਮਾਲਕ ਹੈ, ਨੇ ਖੁਸ਼ ਹੋ ਕੇ ਕਿਹਾ, “ਇਸ ਨੌਕਰੀ ਵਿੱਚ ਸੇਵਾ ਭਾਵਨਾ ਹੋਣਾਂ ਹੀ ਪਹਿਲੀ ਸ਼ਰਤ ਹੈ!”

ਉਨ੍ਹਾਂ ਮਰੀਜ਼ ਬਜੁਰਗਾਂ ਨੂੰ ਖਾਣਾ ਖੁਆਣਾ, ਦਵਾ-ਦਾਰੂ ਕਰਨਾ, ਨਹਾਉਣਾ, ਸੁਆਉਣਾ ਅਤੇ ਲੋੜੀਂਦੇ ਸਾਰੇ ਕੰਮ ਕਰਨੇ। ਰੋਜ਼ ਜਾ ਕੇ ਬਜੁਰਗਾਂ ਦਾ ਹਾਲ-ਚਾਲ ਪੁੱਛਣਾ, ਉਨ੍ਹਾਂ ਨੇ ਵੀ ਕੁਝ ਗੱਲਾਂ ਸਾਂਝੀਆਂ ਕਰਨੀਆਂ। ਰੋਜ਼ ਇਹੀ ਸਿਲਸਿਲਾ ਹੋਣਾ, ਪਤਾ ਨਹੀਂ ਕਦੋਂ ਉਨ੍ਹਾਂ ਦੀ ‘ਏਕਾਂਕੀ’ ਜਿ਼ੰਦਗੀ ਦੀ ਜ਼ਮੀਨ ਉਤੇ ਮੋਹ ਦੇ ਨਵੇਂ ਰਿਸ਼ਤੇ ਦਾ ਬੂਟਾ ਉਗ ਆਇਆ। ਉਨ੍ਹਾਂ ਉਪਰ ਤੇਹ-ਪਿਆਰ ਆਣ ਲੱਗ ਪਿਆ। ਵੱਡੀ ਭੈਣ ਵਾਂਗ ਵਰਿੰਦਰ ਕੌਰ ਨੇ ਮੈਨੂੰ ਬਹੁਤ ਪਿਆਰ ਦਿੱਤਾ ਅਤੇ ਬਹੁਤ ਕੁਝ ਇਸ ਨੌਕਰੀ ਬਾਰੇ ਸਿਖਾਇਆ। ਮੇਰੀ ਮਾਂ ਦੇ ਬਿਮਾਰ ਹੌਣ ‘ਤੇ ਵਰਿੰਦਰ ਕੌਰ ਨੇ ਚਿੰਤਾ ਜਤਾਈ ਅਤੇ ਕਿਹਾ, “ਸਤਨਾਮ, ਸੰਸਾਰ ਦੇ ਕੰਮ ਨਹੀਂ ਮੁੱਕਣੇ, ਤੁਸੀਂ ਮਾਂ ਕੋਲ ਜਾਓ, ਮਾਪੇ ਨਹੀਂ ਮਿਲਦੇ..!” ‘ਕੇਅਰ-ਹੋਮ’ ਦੇ ਮਰੀਜ਼ ਹਰ ਰੋਜ਼ ਹੀ ਆਪਣੇ ਪ੍ਰੀਵਾਰ ਦੇ ਜੀਆਂ ਨੂੰ ਯਾਦ ਕਰਦੇ, ਅਤੇ ਜਿਸ ਦਿਨ ਪ੍ਰੀਵਾਰ ਦੇ ਕਿਸੇ ਜੀਅ ਨੇ ਉਨ੍ਹਾਂ ਨੂੰ ਮਿਲਣ ਆਉਣਾ ਹੁੰਦਾ, ਉਸ ਦਿਨ ਦਰਵਾਜ਼ੇ ‘ਤੇ ਵੱਜਣ ਵਾਲੀ ਘੰਟੀ ‘ਤੇ ਆਪਣੇ ਕੰਨ ਖੜ੍ਹੇ ਕਰੀ ਰੱਖਦੇ। ਮੇਰੀ ਬਿਮਾਰ ਮਾਂ ਨੂੰ ਵੀ ਮੈਨੂੰ ਮਿਲਣ ਦੀ ਤਾਂਘ ਹੋਣਾ ਲਾਜ਼ਮੀ ਸੀ।

ਇੱਕ ਸਵੇਰ ਮੈਂ ਮਾਂ ਦਾ ਹੱਥ ਫ਼ੜੀ ਬੈਠੀ ਸੀ ਤਾਂ ਅਚਨਚੇਤ ਮੇਰੀ ਨਿਗਾਹ ਮਾਂ ਦੇ ਗੁੱਟ ‘ਤੇ ਛਪੀ ਘੜ੍ਹੀ (ਟੈਟੂ) ਉਪਰ ਪਈ। ਮੈਂ ਇਸ ਘੜ੍ਹੀ ਨੂੰ ਬਚਪਨ ਤੋਂ ਹੀ ਵੇਖਦੀ ਆ ਰਹੀ ਸੀ। ਇਸ ਘੜ੍ਹੀ ਨੂੰ ਮਾਂ ਨੇ ਪਾਕਿਸਤਾਨ ਵਿੱਚ ਖੁਣਵਾਇਆ ਸੀ।

“ਮਾਂ, ਤੁਸੀ ਆਹ ਘੜ੍ਹੀ ਕਿਉਂ ਬਣਵਾਈ ਸੀ?” ਮੈਂ ਮਾਂ ਨੂੰ ਫ਼ੇਰ ਜਿ਼ੰਦਗੀ ਦੀਆਂ ਪਿਛਲੀਆਂ ਪੈੜਾਂ ਪਾਕਿਸਤਾਨ ਵੱਲ ਮੋੜ ਲਿਆ।
“ਮੈਨੂੰ ਘੜ੍ਹੀ ਬੰਨ੍ਹਣ ਦਾ ਬੜਾ ਸ਼ੌਕ ਸੀ! ਬਾਪੂ ਜਦੋਂ ਆਪਣੀ ਘੜ੍ਹੀ ਲਾਹ ਕੇ ‘ਕਾਣਸ’ ‘ਤੇ ਰੱਖਦਾ, ਮੈਂ ਉਸ ਨੂੰ ਚੱਕ ਆਪਣੀ ਪਤਲੀ ਜਿਹੀ ਬਾਂਹ ‘ਤੇ ਲਟਕਾ ਲੈਂਦੀ! ਨਿਆਣੀ ਹੋਣ ਕਾਰਨ ਕੋਈ ਮੈਨੂੰ ਘੜ੍ਹੀ ਲੈ ਕੇ ਨਹੀਂ ਸੀ ਦਿੰਦਾ! ਓਸ ਵੇਲੇ ਇੰਜ ਦੀ ਛਪਾਈ ਦਾ ਰਿਵਾਜ਼ ਸੀ! ਸਸਤਾ ਜ਼ਮਾਨਾ ਸੀ!” ਮਾਂ ਦੀਆਂ ਕਮਜੋ਼ਰ ਅੱਖਾਂ ਵਿੱਚ ਬਚਪਨ ਵਾਲੀ ਸਵਰਨ ਕੌਰ ਦੀ ਛ੍ਹਵੀ ਉੱਕਰ ਆਈ।

“ਤੁਸੀਂ ਕਿਸੇ ਮੇਲੇ ਵਿੱਚ ਬਣਵਾਈ ਸੀ ਆਹ ਘੜ੍ਹੀ?” ਮੈਨੂੰ ਇੰਨਾ ਪਤਾ ਸੀ ਕਿ ਪੁਰਾਣੇ ਜ਼ਮਾਨੇ ਵਿੱਚ ਮੇਲਿਆਂ ‘ਤੇ ਔਰਤਾਂ ਦੇ ਸਿ਼ੰਗਾਰ ਦੀਆਂ ਹੱਟੀਆਂ ਲੱਗਦੀਆਂ ਸੀ।
“ਨਹੀਂ, ਸਾਡੇ ਮੁਹੱਲੇ ਇੱਕ ਹੱਟੀ ਵਾਲਾ ਸੀ, ਉਸ ਨੂੰ ਸਭ ‘ਮਾਮਾ’ ਆਖਦੇ ਸੀ! ਉਹ ਇੱਕ ‘ਸ਼ਾਹੀ ਵਾਲੀ ਸੂਈ’ ਨਾਲ ਵਿੰਨ੍ਹ-ਵਿੰਨ੍ਹ ਕੇ ਖੁਣਦਾ ਸੀ!”
“ਨਾਨੀ ਜੀ ਤੁਹਾਡੇ ਨਾਲ ਗਏ ਸੀ?” ਵਿੰਨਣ੍ਹ ਵੇਲੇ ਦਰਦ ਦੇ ਅਹਿਸਾਸ ਕਾਰਣ ਮੈਂ ਪੁੱਛ ਲਿਆ।
“ਮੇਰੀ ਮਾਂ ਤਾਂ ਗੁੱਸੇ ਹੁੰਦੀ ਸੀ, ਕਿ ਫ਼ੈਸ਼ਨ ਕਰਨਾ ਚੰਗਾ ਨਹੀਂ ਹੁੰਦਾ!”
“ਇੱਕ ਦਿਨ ਆਪਣੀ ਮਾਂ ਤੋਂ ਚੋਰੀ, ਮੈਂ ਆਪਣੀ ਸਹੇਲੀ ਨੂੰ ਨਾਲ ਲਿਆ ਅਤੇ ‘ਝੋਲੀ’ ਭਰ ਕੇ ਦਾਣੇ ਲੈ ਗਈ ਮਾਮੇ ਦੀ ਹੱਟੀ! ਦਾਣੇ ਦੇ ਕੇ ਮੈਂ ਘੜ੍ਹੀ ਬਾਂਹ ‘ਤੇ ਖੁਣਵਾ ਲਿਆਈ!” ਮਾਂ ਖ਼ਾਮੋਸ਼ ਹੋ ਗਈ। ਸ਼ਾਇਦ ਉਸ ਵੇਲੇ ਵਿੰਨ੍ਹਣ ਦੇ ਦਰਦ ਨੂੰ ਮਾਂ ਨੇ ਅਸਾਨੀ ਨਾਲ ਸ਼ੌਕ ਦੇ ਕਬਜੇ ਕਰ ਦਿੱਤਾ ਹੋਣਾ?

“ਮੈਂ ਪਾਪਾ ਜੀ ਦੇ ਵੀ ਪੱਟ ‘ਤੇ ‘ਮੋਰ’ ਛਪਿਆ ਵੇਖਿਆ ਸੀ...!” ਮਾਂ ਨੂੰ ਯਾਦਾਂ ਦੇ ਖੂਹ ਵਿੱਚੋਂ ਕੱਢਣ ਲਈ ਮੈਂ ਕਿਹਾ।

“.......ਹੂੰ.....ਧੀਏ!! ਪਾਕਿਸਤਾਨ ਦੀ ‘ਸ਼ਾਹੀ’ ਇੰਨ੍ਹਾਂ ‘ਚਿੱਤਰਾਂ’ ਰਾਹੀਂ ਸਾਡੇ ਸ਼ਰੀਰ ‘ਤੇ ਉਲੀਕੀ ਹੋਈ ਹੈ। ਸਾਰੀ ਉਮਰ ਜਦੋਂ ਵੀ ਬਾਂਹ ‘ਤੇ ਨਿਗ੍ਹਾ ਪਈ, ਜਨਮ-ਭੂਮੀ ਯਾਦ ਆ ਗਈ!...ਮੇਰੇ ਬਾਬੇ ਨਾਨਕ ਦੇਵ ਜੀ ਦੀ ਧਰਤੀ....!” ਮਾਂ ਕਹਿਣਾ ਤਾਂ ਸ਼ਾਇਦ ਬਹੁਤ ਕੁਝ ਚਾਹੁੰਦੀ ਸੀ, ਪਰ ਹੁਣ ਸਰੀਰ ਪੱਖੋਂ ਨਿਰਬਲ ਹੋ ਗਈ ਸੀ। ਮੈਂ ਮਾਂ ਦੀ ਬਾਂਹ ਆਪਣੇ ਹੱਥ ‘ਤੇ ਰੱਖ ‘ਪਾਕਿਸਤਾਨ ਦੀ ਘੜ੍ਹੀ’ ਨੂੰ ਬੜੀ ਨੀਝ ਨਾਲ ਵੇਖਦੇ ਹੋਏ ਮਾਂ ਦੇ ਜਜ਼ਬਾਤਾਂ ਨੂੰ ਪੜ੍ਹਨ ਦੀ ਕੋਸਿ਼ਸ਼ ਕੀਤੀ। ਪਰ ਉਸ ਡੰਘਾਈ ਤੱਕ ਪਹੁੰਚ ਪਾਉਣਾ ਮੇਰੇ ਵੱਸ ਦੀ ਗੱਲ ਨਹੀਂ ਸੀ। ਬਦੋਬਦੀ ਮੇਰੀਆਂ ਅੱਖਾਂ ਨਮ ਹੋ ਗਈਆਂ। ਮਾਂ ਦੀ ਘੜ੍ਹੀ ਦਾ ਸਮਾਂ ਅੱਜ ਤੱਕ ਰੁਕਿਆ ਹੋਇਆ ਸੀ, ਤਾਂ ਹੀ ਉਸ ਦੇ ਮਨ ਦੀ ਕਿਸੇ ਤਹਿ ਵਿੱਚ ਪਾਕਿਸਤਾਨ ਵੀ ਵਸਦਾ ਰਿਹਾ। ਪਾਕਿਸਤਾਨ ਦੀਆਂ ਯਾਦਾਂ ਇਸ ਘੜ੍ਹੀ ਵਾਂਗ ਮਾਂ ਦੇ ਮਨ ‘ਤੇ ਬਹੁਤ ਡੂੰਘੀਆਂ ਉਲੀਕੀਆਂ ਹੋਈਆਂ ਜਾਪ ਰਹੀਆਂ ਸਨ।

ਮਈ ਦੇ ਮਹੀਨੇ ਭਾਰਤ ਦੇਸ਼ ਵਿੱਚ ਵੀ “ਮਦਰਸ ਡੇਅ” ਮਨਾਇਆ ਜਾਂਦਾ ਹੈ। ਹਾਲਾਂਕਿ ਮਾਂ ਦੀ ਮਹੱਤਤਾ ਕਿਸੇ ਇੱਕ ਦਿਨ ਤਾਂ ਨਹੀਂ ਹੁੰਦੀ? ਪ੍ਰੰਤੂ ਮੈਂ ਇਸ “ਮਦਰਸ ਡੇਅ” ਨੂੰ ਜ਼ਰੂਰ ਮਨਾਉਣਾ ਚਾਹੁੰਦੀ ਸੀ। ਮਾਂ ਨੂੰ ਮੈਂ ਘੁੱਟ ਕੇ ਜੱਫੇ ਵਿੱਚ ਲੈ ਕੇ ਮੂੰਹ ਚੁੰਮ ਲਿਆ।

“.....ਹੈਪੀ “ਮਦਰਸ ਡੇਅ” ਮਾਂ!” ਮੈਂ ਮਾਂ ਨੂੰ ਪਿਆਰ ਵਿੱਚ ਲਿਬਰੇਜ਼ ਹੋ ਕੇ ਕਿਹਾ।

“.....ਹਾਂ ਬੇਟਾ! ਜਿਉਂਦੇ ਵਸਦੇ ਰਹੋ, ਪ੍ਰਮਾਤਮਾ ਤੁਹਾਨੂੰ ਬੜਾ ਰੰਗ ਲਾਵੇ..... ਬੱਚਿਆਂ ਦਾ ਸੁਖ ਮਾਣੋ...... ਕਦੇ ਤੱਤੀ ‘ਵਾਅ ਨਾ ਲੱਗੇ, ਲੰਮੀਆਂ ਉਮਰਾਂ ਦੇਵੇ ਦਾਤਾ.......!” ਮਾਂ ਮੇਰੇ ਸਿਰ ਨੂੰ ਪਲੋਸਦੀ ਦੁਆਵਾਂ ਦੇ ਰਹੀ ਸੀ, ਜਿਵੇਂ ਉਸ ਦੇ ਅੰਦਰ ਆਪਣੇ ਸਾਹਾਂ ਦੀ ਪੂੰਜੀ ਘੱਟ ਹੋਣ ਦਾ ਅਹਿਸਾਸ ਹੋਵੇ ਕਿ ਕਿਉਂ ਨਾ ਅੱਜ ਸਾਰੀਆਂ ਅਸੀਸਾਂ ਹੀ ਇਸ ਦੀ ਝੋਲੀ ਵਿੱਚ ਪਾ ਦੇਵਾਂ? ...ਮੁੜ ਇਸ ਪ੍ਰਦੇਸਣ ਧੀ ਨਾਲ ਮੇਲ ਨਹੀਂ ਹੋਣੇ। ਮਾਂ ਦੀ ਦਿਨ-ਬ-ਦਿਨ ਡਿਗਦੀ ਸਿਹਤ ਮੈਨੂੰ ਸੁਨੇਹਾਂ ਦੇ ਰਹੀ ਸੀ ਕਿ ਮਾਂ ਦੀ ਇਸ ਅਵਾਜ਼ ਦਾ ਦੁਨੀਆਂ ਤੋਂ ਅਲੋਪ ਹੋਣ ਦਾ ਸਮਾਂ ਨੇੜੇ ਹੈ। ਮੈਂ ਆਪਣੇ ਫ਼ੋਨ ਦੀ ਰਿਕਾਰਡਿੰਗ ਨੂੰ ‘ਆਨ’ ਕਰਕੇ ਮਾਂ ਦੇ ਨੇੜੇ ਪਹਿਲਾਂ ਹੀ ਰੱਖ ਲਿਆ ਸੀ। ਮਾਂ ਦੀਆਂ ਦੁਆਵਾਂ, ਮਾਂ ਦੀ ਅਵਾਜ਼, ਮਾਂ ਦੀ ਹੋਂਦ ਨੂੰ ਸਦਾ ਆਪਣੇ ਕੋਲ ‘ਜੀਵਤ’ ਰੱਖਣ ਲਈ। ਅਗਲੀ ਵਾਰ ਪੇਕੇ ਆਈ ਤਾਂ ਮਾਂ ਨਹੀਂ ਦਿਸਣੀ। ਮੈਂ ਮਾਂ ਨੂੰ ਬਾਹਾਂ ਵਿੱਚ ਭਰ ਕੇ ਆਪਣੇ ਸੀਨੇ ਨਾਲ ਲਾ ਲਿਆ, ਜਿਵੇਂ ਮਾਂ ਨੂੰ ਆਪਣੇ ਅੰਦਰ ਸਾਂਭ ਲੈਣਾ ਚਾਹੁੰਦੀ ਸੀ। ਧੀ ਦਾ ਪੇਕਾ ਮਾਂ ਨਾਲ ਹੀ ਹੁੰਦਾ ਹੈ। ਮਾਂ ਦੀਆਂ ਆਂਦਰਾਂ ਦੀ ਹੀ ਖਿੱਚ ਹੁੰਦੀ ਹੈ ਕਿ ਔਰਤ ਖ਼ੁਦ ਮਾਂ ਬਣ ਕੇ ਵੀ ਆਪਣੀ ਮਾਂ ਦਾ ਮੋਹ ਛੱਡ ਨਹੀਂ ਪਾਉਂਦੀ।

ਇੰਗਲੈਂਡ ਵਿੱਚ ਵਸਦੇ ਮੇਰੇ ਬੱਚੇ ਲਗਾਤਾਰ ਫ਼ੋਨ ਕਰਕੇ ਮੇਰੇ ਆਉਣ ਬਾਰੇ ਪੁੱਛਦੇ ਰਹਿੰਦੇ ਅਤੇ ਮੇਰਾ ਭਾਰਤ ਦਾ ਛੇ ਮਹੀਨੇ ਦਾ ਵੀਜ਼ਾ ਆਪਣੀ ਸਮਾਪਤੀ ਵੱਲ ਵਧ ਰਿਹਾ ਸੀ। ਅਸਮਾਨ ਵੱਲ ਨਿਗਾਹ ਮਾਰੀ ਤਾਂ ਆਪਣੀ ਉਡਾਰੀ (ਜਹਾਜ਼) ਯਾਦ ਆ ਗਈ ਕਿ ਚੰਦ ਦਿਨ ਹੋਰ ....ਬੱਸ!! ਮੈਂ ਮਾਂ ਦੀ ਇੱਕ ਪਸੰਦੀਦਾ ‘ਸ਼ਾਲ’ ਉਸ ਕੋਲੋਂ ਮੰਗ ਕੇ ਲਈ। ਆਪਣੀ ਰਹਿੰਦੀ ਜਿ਼ੰਦਗੀ ਇਸ ‘ਸ਼ਾਲ’ ਰਾਹੀਂ ਮੈਂ ਮਾਂ ਦੀ ਬੁੱਕਲ ਦਾ ਨਿੱਘ ਮਾਣ ਸਕਾਂਗੀ। ਸ਼ਾਲ ਆਪਣੀ ਅਟੈਚੀ ਵਿੱਚ ਰੱਖ, ਮੈਂ ਆਪਣੀ ਵਤਨ ਉਡਾਰੀ ਦੀ ਤਿਆਰੀ ਕਰਨ ਲੱਗ ਪਈ......ਮਾਂ ਵੀ ਅੰਦਰੋ-ਅੰਦਰ ਆਪਣੀ ‘ਆਖਰੀ ਉੜਾਨ’ ਦੀ ਤਿਆਰੀ ਕਰੀ ਬੈਠੀ ਸੀ। ਜਿੱਥੇ ਮਾਂ ਦੀ ਮਮਤਾ, ਕੁੱਖ ਅਤੇ ਦੁੱਧ ਦਾ ਕਰਜ਼ ਲਾਹਿਆ ਨਹੀਂ ਜਾ ਸਕਦਾ, ਉਥੇ ਪਿਉ ਦੇ ਮੋਹ-ਪਿਆਰ ਦਾ ਵੀ ਦੇਣ ਨਹੀਂ ਦਿੱਤਾ ਜਾ ਸਕਦਾ।

ਬੰਦਾ ਇੱਕ ਵਾਰ ਅੱਖਾਂ ਮੀਟ, ਜਹਾਨੋਂ ਕੂਚ ਕਰ ਕੇ ਕਿੱਥੇ ਜਾ ਬਿਰਾਜਦਾ ਹੈ? ਕੀ ਮੋਹ ਦੇ ਰਿਸ਼ਤੇ ਸਿਰਫ਼ ਇਸ ਦੁਨੀਆਂ ਤੱਕ ਹੀ ਸੀਮਤ ਨੇ?? ਇਹ ਸੋਚਦੀ ਦੀਆਂ ਮੇਰੀਆਂ ਅੱਖਾਂ ਭਰ ਆਈਆਂ ਅਤੇ ਕਲਪਨਾ ਵਿੱਚ ਮਾਂ ਅਤੇ ਬਾਪ ਦੀ ਬੁੱਕਲ ਦਾ ਨਿੱਘ ਮਾਣਦੀ ਦਾ ਮੇਰੇ ਅੰਦਰੋਂ ਆਪ ਮੁਹਾਰਾ ਇੱਕ ਹਾਉਕਾ ਨਿਕਲ ਗਿਆ....!







"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ        
 (23/09/2020)



ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਚੜ੍ਹਦੀ ਉਮਰ ਵਿੱਚ ਪੈਰ ਰੱਖ ਰਹੀ ਸੀ। ਸਾਰੇ ਤਿਉਹਾਰਾਂ ਵਿੱਚੋਂ 'ਕਰਵਾ-ਚੌਥ' ਦਾ ਵਰਤ ਮੇਰਾ ਸਭ ਤੋਂ ਜ਼ਿਆਦਾ ਮਨਭਾਉਂਦਾ ਤਿਉਹਾਰ ਸੀ। ਸਾਡੇ ਮੁਹੱਲੇ ਦੀਆਂ ਔਰਤਾਂ ਚਾਰ ਦਿਨ ਪਹਿਲ਼ਾਂ ਹੀ ਤਿਆਰੀ ਕਰਨ ਲੱਗ ਜਾਂਦੀਆਂ ਸਨ। ਬਜ਼ਾਰਾਂ ਵਿੱਚ ਵਰਤ ਦਾ ਸਮਾਨ ਹਰ ਦੁਕਾਨ 'ਚ ਬੜੇ ਮੁਕਾਬਲੇ ਨਾਲ ਸਜਾਇਆ ਜਾਂਦਾ ਸੀ, ਕੁਝ ਤਾਂ ਸਮਾਨ ਨੂੰ ਸਜਾਵਟ ਵਜੋਂ ਥਾਂ-ਥਾਂ 'ਤੇ ਲਟਕਾ ਕੇ ਤੀਵੀਆਂ ਨੂੰ ਲੁਭਾਣ ਵਿੱਚ ਕਾਮਯਾਬ ਹੁੰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਔਰਤਾਂ ਸ਼ਿੰਗਾਰ-ਪੱਟੀ ਨੂੰ ਖਰੀਦਣ ਵਿੱਚ ਪੂਰਾ ਜੋਰ ਲਾ ਦਿੰਦੀਆਂ ਸਨ। ਇਵੇਂ ਪ੍ਰਤੀਤ ਹੁੰਦਾ ਸੀ ਕਿ ਆਦਮੀਆਂ ਦੀ ਉਮਰ ਔਰਤਾਂ ਦੇ ਸ਼ਿੰਗਾਰ 'ਤੇ ਹੀ ਤਾਂ ਟਿਕੀ ਹੁੰਦੀ ਸੀ। ਸਾਰਾ ਸਾਲ ਜੇਕਰ ਕਦੇ ਪਤਨੀ ਸ਼ਿੰਗਾਰ ਖਰੀਦਣ ਦੀ ਗੱਲ ਕਰੇ ਤਾਂ ਪਤੀ ਨੂੰ ਆਹ ਸਭ ਫ਼ਾਲਤੂ ਦਾ ਖ਼ਰਚਾ ਲੱਗਦਾ ਹੈ। ਪਤੀ ਨੇ ਖਰਚੇ ਦਾ ਰੌਲਾ ਪਾ ਕੇ ਚੰਘਿਆੜ੍ਹਾਂ ਮਾਰਨੀਆਂ, "ਜਾ ਕੇ ਵੇਖ ਤੇਰਾ ਮੇਕ-ਅੱਪ ਦਾ ਡੱਬਾ ਭਰਿਆ ਪਿਆ ਹੈ, ਹਰ ਵੇਲੇ ਤੇਰੀ 'ਸੁਰਖੀ-ਬਿੰਦੀ' ਹੀ ਮੁੱਕੀ ਰਹਿੰਦੀ ਹੈ! ਜ਼ਰਾ ਆਪਣੇ ਖਰਚੇ 'ਤੇ ਕੰਟਰੋਲ ਕਰ.... ਘਰ ਕਈ ਬਿੱਲ ਆਏ ਹੋਏ ਨੇ ਭੁਗਤਾਨ ਕਰਣ ਵਾਲੇ...!"

ਇਸ ਲਈ ਭਲਾ ਹੋਵੇ ਇਸ 'ਵਰਤ' ਦੀ ਕਾਢ ਕੱਢਣ ਵਾਲੇ ਦਾ ਕਿ ਇਸ ਦਿਨ ਖੁੱਲ੍ਹੀ ਛੁੱਟੀ ਹੁੰਦੀ ਹੈ, ਭਾਵੇਂ ਸਾਰੇ ਸਾਲ ਦੀ ਕਰੀਮ-ਪਾਊਡਰ ਕਰਵਾ-ਚੌਥ ਦੇ ਵਰਤ ਦੇ ਬਹਾਨੇ ਖ਼ਰੀਦ ਲਿਆ ਜਾਵੇ। ਕਿਸੇ ਵੀ ਪਤੀ ਨੂੰ ਆਹ ਕਿਉਂ ਸਮਝ ਨਹੀਂ ਆਂਦਾ ਕਿ ਔਰਤ ਅਤੇ ਸਿੰਗਾਰ ਦਾ ਤਾਂ ਧੁਰ ਤੋਂ ਹੀ ਰਿਸ਼ਤਾ ਹੈ। ਹਰ ਖਰਚੇ ਦੀ ਭਰਪਾਈ ਸਿਰਫ਼ ਔਰਤ ਦੇ 'ਨਿੱਜੀ-ਖਰਚੇ' ਤੋਂ ਹੀ ਹੋਣੀ ਹੁੰਦੀ ਹੈ ਕੀ? ....ਖੈਰ! ਜੇ ਕਰ ਤੀਵੀਆਂ ਨੇ ਕੱਪੜਿਆਂ ਦੇ "ਮੈਚ" ਦੀ ਨਹੁੰ-ਪਾਲਿਸ਼, ਸੁਰਖੀ-ਬਿੰਦੀ, ਚੂੜੀਆਂ ਅਤੇ ਕੰਨਾਂ-ਗਲੇ ਦਾ ਸਾਰਾ ਹਾਰ-ਸ਼ਿੰਗਾਰ "ਮੈਚਿੰਗ" ਦਾ ਪਾਇਆ ਤਾਂ ਵਰਤ ਵਿੱਚ ਕੁਝ ਕਮੀ ਰਹਿ ਜਾਏਗੀ। ਸਭ ਵਰਤ ਵਾਲੀ ਔਰਤਾਂ ਹੱਥਾਂ-ਪੈਰਾਂ 'ਤੇ ਮਹਿੰਦੀ ਜ਼ਰੂਰ ਲੁਆਂਦੀਆਂ ਸਨ। ਬਜ਼ਾਰਾਂ ਵਿੱਚ ਮਹਿੰਦੀ ਲਾਣ ਵਾਲੇ ਮੁੰਡਿਆਂ ਨੂੰ ਸਾਹ ਹੀ ਨਹੀਂ ਆ ਰਿਹਾ ਹੁੰਦਾ ਸੀ ਅਤੇ ਉਨ੍ਹਾਂ ਦੀ ਰਫ਼ਤਾਰ ਵੀ ਵੇਖਣ ਵਾਲੀ ਹੁੰਦੀ ਸੀ।

"ਨੂਰੀ...! ਕੁੜ੍ਹੇ ਨੂਰੀ...!! ਆ ਜਾ ਬਜ਼ਾਰ ਚੱਲੀਆਂ ਹਾਂ... ਬੜੀ ਰੌਣਕ ਹੈ ਬਜ਼ਾਰਾਂ ਵਿੱਚ...!" ਕਿਸੇ ਨਾ ਕਿਸੇ 'ਵਰਤ' ਵਾਲੀ ਤੀਵੀਂ ਨੇ ਬਜ਼ਾਰ ਜਾਣ ਲੱਗੇ ਅਵਾਜ਼ ਮਾਰ ਹੀ ਲੈਣੀ। ਜਿਸ ਨੂੰ ਤੀਵੀਂਆਂ ਰੌਣਕ ਦੱਸਦੀਆਂ ਸੀ, ਉਹ ਭੀੜ-ਭੜੱਕੇ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਹੁੰਦਾ।

"ਜੋ ਕੁਝ ਲਿਆਣਾ ਹੈ ਜਾਂ ਤੇ ਅੱਜ ਲੈ ਆਊਂਗਾ, ਜਾਂ ਫ਼ੇਰ ਪਰਸੋਂ ਬਜ਼ਾਰ ਜਾਊਂਗਾ। ਕੱਲ੍ਹ ਕਰਵਾ-ਚੌਥ ਹੈ, ਇਸ ਲਈ ਮੈਨੂੰ ਬਜ਼ਾਰ ਜਾਣ ਨੂੰ ਨਾ ਕਹੀਂ....ਬਜ਼ਾਰਾਂ ਵਿੱਚ ਭੂਸਰੀਆਂ ਤੀਮੀਆਂ ਲਾਂਘਾ ਹੀ ਨਹੀਂ ਦਿੰਦੀਆਂ!" ਆਹ ਗੱਲ ਤਾਂ ਮੈਂ ਆਪਣੇ ਬਾਪੂ ਨੂੰ ਵੀ ਕਹਿੰਦੇ ਸੁਣਿਆਂ ਹੋਇਆ ਸੀ।

ਮੈਂ ਵੀ ਗੁਆਂਢ ਦੀਆਂ ਭਾਬੀਆਂ ਅਤੇ ਆਂਟੀਆਂ ਨਾਲ ਬਜ਼ਾਰ ਜ਼ਰੂਰ ਜਾਂਦੀ ਸੀ। ਨਾਲ ਜਾਣ ਕਰ ਕੇ ਉਹ ਮੇਰੇ ਵੀ ਵੰਗਾਂ ਪੁਆ ਦਿੰਦੀਆਂ ਸੀ। ਮੈਂ ਲਲਚਾਈਆਂ ਜਹੀਆਂ ਨਜ਼ਰਾਂ ਨਾਲ ਉਨ੍ਹਾਂ ਨੂੰ ਵੰਨ-ਸੁਵੰਨਾ ਸਮਾਨ ਖਰੀਦਦਿਆਂ ਵੇਖਦੀ ਤਾਂ ਸੋਚਦੀ... ਕਦੇ ਮੈਂ ਵੀ ਵਿਆਹੀ ਜਾਊਂਗੀ? ਕਦੇ ਮੈਂ ਵੀ ਇਉਂ ਖੁੱਲ੍ਹੀ-ਡੁੱਲ੍ਹੀ ਖਰੀਦਦਾਰੀ ਕਰੂੰਗੀ? ਕਦੇ ਮੈਂ ਕਰਵਾ ਚੌਥ ਦਾ ਵਰਤ ਰੱਖੂੰਗੀ? ਇੱਕ ਹੋਰ ਵੀ ਵਜ੍ਹਾ ਸੀ ਇਸ ਵਰਤ ਦੀ ਦਿਵਾਨਗੀ ਲਈ ਮੇਰੇ ਮਨ ਵਿੱਚ। ਆਮ ਤੌਰ 'ਤੇ ਹਰ ਤਿਉਹਾਰ ਵਿੱਚ ਸਾਰਾ ਪਰਿਵਾਰ ਸ਼ਾਮਿਲ ਹੁੰਦਾ ਹੈ, ਮੁਹੱਲਾ, ਆਂਢ-ਗੁਆਂਢ ਅਤੇ ਰਿਸ਼ਤੇਦਾਰ। ਸਭ ਨੂੰ ਦੇਖਣ-ਪੁੱਛਣ ਕਾਰਨ ਆਪਣਾ 'ਨਿੱਜੀ' ਸ਼ੌਂਕ ਕੁਝ ਵੀ ਪੂਰਾ ਨਹੀਂ ਹੁੰਦਾ। ਆਮ ਤੌਰ 'ਤੇ ਪਤੀ ਆਪਣੀ ਪਤਨੀਆਂ ਨੂੰ ਜ਼ਿਆਦਾ ਖ਼ਰਚ ਹੋਣ ਦੀ ਹਾਲ ਦੁਹਾਈ ਪਾ ਕੇ ਚੁੱਪ ਕਰਵਾ ਦਿੰਦੇ ਨੇ। ਪਰ ਵਾਹ! ਇਸ ਮਨ-ਭਾਉਂਦੇ ਤਿਉਹਾਰ ਵਿੱਚ ਸਿਰਫ਼ 'ਤੇ ਸਿਰਫ਼ ਪਤਨੀ ਨੂੰ ਇੱਕ ਤਰ੍ਹਾਂ ਨਾਲ ਵਿੱਤ ਮੰਤਰੀ ਦਾ ਅਹੁਦਾ ਮਿਲ ਜਾਂਦਾ ਹੈ। ਸਿਰਫ਼ ਸ਼ਿੰਗਾਰ ਹੀ ਨਹੀਂ, ਵਰਤ ਦੇ ਖਾਣ ਵਾਲਾ 'ਸਰਘੀ' ਦਾ ਸਮਾਨ, ਜੋ ਸਵੇਰੇ ਤਾਰਿਆਂ ਦੀ ਛਾਂਵੇਂ ਵਰਤ ਵਾਲੀ ਔਰਤ ਹੀ ਖਾਂਦੀ ਹੈ, ਹੋਰ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਰਾਤ ਤਿੰਨ ਵਜੇ ਉਠ ਕੇ ਖਾਣੇ ਵਿੱਚ ਹਿੱਸਾ ਲਵੇ। ਇੱਕ ਵਾਰ ਮੈਂ ਬੜੇ ਧਿਆਨ ਨਾਲ ਕਰਵਾ ਚੌਥ ਦੀ ਕਥਾ ਸੁਣੀ। ਮੇਰੇ ਮਨ ਵਿੱਚ ਇੰਨਾਂ ਜਰੂਰ ਆਇਆ ਕਿ ਜਿਸ ਨੇ ਵੀ ਇਸ ਵਰਤ ਕਾਢ ਕੱਢੀ ਸੀ, ਉਸ ਨੇ ਇਸ ਦੀ ਕਥਾ ਲਿਖਣ ਵੇਲੇ ਜ਼ਿਆਦਾ ਨਹੀਂ ਵਿਚਾਰਿਆ ਹੋਣਾ, ਤਾਂ ਹੀ ਕਥਾ ਜ਼ਰਾ ਕਾਲਪਨਿਕ ਜਹੀ ਰਹਿ ਗਈ ਹੈ। ਮਤਲਬ ਤਰਕ ਤੋਂ ਪਰ੍ਹੇ ਲੱਗੀ ਸੀ। ਚਲੋ ਛੱਡੋ!! ਕੁਝ ਮਸਲਿਆਂ ਵਿੱਚ ਡੂੰਘੇ ਨਾ ਜਾਣ ਵਿੱਚ ਹੀ ਆਨੰਦ ਅਤੇ ਭਲਾ ਸੀ।

"ਮਾਂ, ਤੁਸੀਂ ਆਹ ਕਰਵਾ-ਚੌਥ ਦਾ ਵਰਤ ਕਿਉਂ ਨਹੀਂ ਰੱਖਦੇ?" ਮੈਂ ਇੱਕ ਦਿਨ ਮਾਂ ਨੂੰ ਪੁੱਛਿਆ।
"ਗੁਰੂ ਗ੍ਰੰਥ ਸਾਹਿਬ ਮੰਨਣ ਵਾਲੇ ਨੂੰ ਆਹ ਵਰਤ ਰੱਖਣ ਦੀ ਲੋੜ ਨਹੀਂ...!" ਮਾਂ ਨੇ ਬੜਾ ਕੁਝ ਸਮਝਾਇਆ ਅਤੇ ਬੜੀਆਂ ਦਲੀਲਾਂ ਵੀ ਦਿੱਤੀਆ। ਮੇਰਾ ਇਸ ਵਰਤ ਨੂੰ ਵੇਖਣ ਦਾ ਨਜ਼ਰੀਆ ਸਾਲ ਵਿੱਚ ਇੱਕ ਦਿਨ ਲਈ ਔਰਤ ਨੂੰ ਪ੍ਰਧਾਨ-ਮੰਤਰੀ ਵਾਲੀ ਪੋਸਟ ਮਿਲਣ ਵਰਗਾ ਸੀ, ਜਿਸ ਦੇ ਸਾਰੇ 'ਬਿੱਲ' ਪਾਸ ਹੋਣਾ ਲਾਜ਼ਮੀ ਹੁੰਦਾ ਹੈ। ਚਲੋ ਜਦੋਂ ਵਕਤ ਆਏਗਾ, ਦੇਖੀ ਜਾਏਗੀ...!

......ਵਕਤ ਨੇ ਵੀ ਆ ਹੀ ਜਾਣਾਂ ਸੀ! ਧੀਆਂ ਨੂੰ ਕੌਣ ਸਾਰੀ ਉਮਰ ਆਪਣੇ ਘਰ ਰੱਖ ਸਕਿਆ ਸੀ? ਪਤੀਦੇਵ ਦਾ ਘਰ, ਨਵਾਂ ਮਾਹੌਲ। ਸਭ ਨਾਲ ਹੱਸਦੇ-ਖੇਡਦੇ ਸਾਲ ਦੇ ਕਈ ਤਿਉਹਾਰ ਆਏ। ਪਹਿਲਾ ਤਿਉਹਾਰ ਸਹੁਰੇ ਘਰ ਅਇਆ ਅਤੇ ਪਹਿਲਾ ਸਾਵਣ ਪੇਕੇ ਘਰ ਮਨਾਇਆ। ਦੇਖਿਆ ਜਾਏ ਤਾਂ ਵਿਆਹ ਦਾ ਪਹਿਲਾ ਸਾਲ ਤਿਉਹਾਰਾਂ ਨੂੰ ਮਾਣਦੇ ਹੀ ਲੰਘ ਰਿਹਾ ਸੀ। ਫ਼ੇਰ ਵੀ ਮੇਰਾ ਧਿਆਨ ਆਉਣ ਵਾਲੇ ਕਰਵਾ-ਚੌਥ ਦੇ ਵਰਤ ਵੱਲ ਲੱਗਾ ਹੋਇਆ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਸਹੁਰੇ ਘਰ ਕੋਈ ਇਸ ਵਰਤ ਨੂੰ ਨਹੀਂ ਰੱਖਦਾ ਸੀ। ਕਿਵੇਂ ਅਤੇ ਕਦੋਂ ਆਪਣੇ ਲਪੇਟੇ ਵਿੱਚ ਪਤੀ ਨੂੰ ਲਿਆ ਜਾਏ, ਹੁਣ ਮੈਂ ਇਸੇ ਉਧੇੜ-ਬੁਣ ਵਿੱਚ ਰੁੱਝੀ ਰਹਿੰਦੀ ਸੀ।

"ਚੱਲ ਦੱਸ, ਕੀ ਔਡਰ ਕਰੀਏ?" ਇੱਕ ਦਿਨ ਪਤੀਦੇਵ ਇੱਕ ਰੈਸਟੋਰੈਂਟ ਵਿੱਚ ਖਾਣਾਂ ਖੁਆਣ ਲੈ ਗਏ।
"ਚੰਗਾ ਦੱਸੋ ਕਿ ਤੁਹਾਨੂੰ ਸਾਲ ਦਾ ਕਿਹੜਾ ਤਿਉਹਾਰ ਸਭ ਤੋਂ ਜ਼ਿਆਦਾ ਭਾਂਦਾ ਹੈ...?" ਖਾਣਾਂ ਔਡਰ ਕਰ, ਮੈਂ ਆਪਣੇ ਮੁੱਦੇ ਨੂੰ ਹੱਲ ਕਰਨ ਲਈ ਅਟਪਟਾ ਜਿਹਾ ਸਵਾਲ ਪਤੀ ਜੀ ਨੂੰ ਪੁੱਛ ਲਿਆ।
"ਮੈਂ ਤਾਂ ਹਰ ਤਿਉਹਾਰ ਨੂੰ ਬੋਰ ਹੁੰਦੀ ਜ਼ਿੰਦਗੀ ਵਿੱਚ ਬਦਲਾਵ ਲਈ ਆਏ ਆਨੰਦ ਦੇ ਪਲ ਮੰਨਦਾ ਹਾਂ...!"
"ਜਾਓ ਪਰ੍ਹਾਂ... ਇੱਕ ਸਰਲ ਜਹੇ ਸਵਾਲ 'ਤੇ 'ਫ਼ਿਲਾਸਫ਼ੀ' ਕਰਣ ਦੀ ਕੀ ਲੋੜ ਸੀ...?" ਮੇਰੇ ਆਪਣੇ ਮਨ ਦੀ ਅਸਲ ਇੱਛਾ ਬਾਹਰ ਨਿਕਲਣ ਲਈ ਤਰਲੇ ਲੈ ਰਹੀ ਸੀ।
"ਚੱਲ ਤੂੰ ਦੱਸ, ਤੈਨੂੰ ਸਾਲ ਦਾ ਕਿਹੜਾ ਤਿਉਹਾਰ ਪਸੰਦ ਹੈ?" ਪੱਲਿਓਂ ਖਰੀਦੇ ਖਾਣੇ ਦਾ ਮਜ਼ਾ ਕਿਤੇ ਖ਼ਰਾਬ ਨਾ ਹੋ ਜਾਏ, ਇਸ ਲਈ ਪਤੀਦੇਵ ਜਲਦੀ ਹੀ ਬੋਲ ਪਏ।
"ਮੈਨੂੰ ਕਰਵਾ-ਚੌਥ ਦਾ ਵਰਤ ਸਭ ਤੋਂ ਜ਼ਿਆਦਾ ਪਸੰਦ ਹੈ!" ਮੈਂ ਛੇਤੀ ਨਾਲ ਬੋਲ ਪਈ।
"ਪਰ ਆਹ ਕਰਵਾ-ਚੌਥ ਦਾ ਵਰਤ ਕੋਈ ਤਿਉਹਾਰ ਥੋੜ੍ਹੋ ਹੁੰਦਾ ਹੈ?" ਪਤੀਦੇਵ ਨੇ ਆਪਣੀ ਜਾਣਕਾਰੀ ਦੀ ਸਾਂਝ ਪਾਈ।
"ਜੋ ਮਨਾਇਆ ਜਾਏ, ਓਹ ਤਿਉਹਾਰ ਹੀ ਹੁੰਦਾ ਹੈ। ਬੱਸ ਇੰਨਾ ਕੁ ਫ਼ਰਕ ਹੈ ਆਹ ਔਰਤਾਂ ਦੀਆਂ ਰੀਝਾਂ ਨੂੰ ਵੇਖਦੇ ਹੋਏ ਵਿਸ਼ੇਸ਼ ਬਣਾਇਆ ਗਿਆ ਹੈ...!"
"ਪਰ ਆਪਣੇ ਘਰ ਤਾਂ ਕੋਈ ਰੱਖਦਾ ਨਹੀਂ ਵਰਤ...!" ਪਤੀਦੇਵ ਉਲਝ ਗਿਆ ਲੱਗਦਾ ਸੀ।

"ਮੈਨੂੰ ਪਸੰਦ ਹੈ, ਇਸ ਵਿੱਚ ਪਤੀਦੇਵ ਦੀ ਲੰਮੀ ਉਮਰ ਦੀ ਕਾਮਨਾ ਹੁੰਦੀ ਹੈ, ਜ਼ਿੰਦਗੀ ਦੇ ਅਖ਼ੀਰਲੇ ਸਾਹ ਤੱਕ ਪਤੀ ਦੇ ਸਾਥ ਦੀ ਇੱਛਾ ਹੁੰਦੀ ਹੈ, ਜੋ ਹਰ ਔਰਤ ਚਾਹੰਦੀ ਹੈ। ਜੇ ਤੁਸੀ ਮੈਨੂੰ ਸੱਚੀਂ-ਮੁੱਚੀਂ ਪਿਆਰ ਕਰਦੇ ਹੋ, ਤਾਂ ਮੈਨੂੰ ਇਸ ਵਰਤ ਨੂੰ ਰੱਖਣ ਦੀ ਇਜਾਜ਼ਤ ਦੇ ਦਵੋ...!" ਆਪਣੀ ਲੰਮੀ ਉਮਰ ਲਈ, ਦੂਜਾ ਸਾਥੀ ਭੁੱਖਾ ਰਹੇ ਇਸ ਤੋਂ ਵਧੀਆ 'ਡੀਲ' ਹੋਰ ਕੀ ਹੋ ਸਕਦੀ ਸੀ? ਪਤੀਦੇਵ ਨੇ ਸਿਰਫ਼ ਖਾਮੋਸ਼ੀ ਨਾਲ ਸਿਰ ਹਿਲਾ ਦਿੱਤਾ। ਫ਼ੇਰ ਪਤਾ ਨਹੀਂ ਘਰ ਵਿੱਚ ਕਿੰਨੇ ਦਿਨ ਮੱਥਾ-ਪੱਚੀ ਕਰ ਕੇ ਪ੍ਰੀਵਾਰ ਨੂੰ ਸਮਝਾਇਆ-ਬੁਝਾਇਆ, "ਨਵੀਂ ਆਈ ਹੈ, ਅਜੇ ਘਰ ਦੇ ਮਾਹੌਲ ਨੂੰ ਸਮਝਣ ਵਿੱਚ ਇਹਨੂੰ ਸਮਾਂ ਲੱਗੂਗਾ। ਆਪੇ ਭੁੱਖੀ ਰਹੇਗੀ ਤਾਂ ਚਾਅ ਉੱਤਰ ਜਾਏਗਾ...!" ਪਤੀਦੇਵ ਨੇ ਮੇਰਾ ਸਾਥ ਦਿੱਤਾ। ਨਵੇਂ ਵਿਆਹ ਦਾ ਇੱਕ ਆਹ ਵੀ 'ਪਲੱਸ-ਪੁਆਇੰਟ' ਹੁੰਦਾ ਹੈ। ਇਜਾਜ਼ਤ ਮਿਲਦਿਆਂ ਹੀ, ਮੈਂ ਕੀ ਕੁਝ ਖ਼ਰੀਦਣਾ ਹੈ? ਮੇਰੇ ਦਿਮਾਗ ਦੀ ਘੰਟੀ ਵੱਜਣ ਲੱਗ ਪਈ।

"ਸ਼ੁੱਕਰਵਾਰ ਵਰਤ ਆ ਰਿਹਾ, ਕੀ ਤਿਆਰੀ ਕੀਤੀ ਹੈ?" ਮੇਰੀ ਸਹੇਲੀ ਨੇ ਫ਼ੋਨ 'ਤੇ ਪੁੱਛਿਆ। ਮੈਂ ਸਭ ਕੁਝ ਦੱਸ ਦਿੱਤਾ ਅਤੇ ਹੋਰ ਕੀ ਕਰਨਾ ਹੈ, ਇਹ ਵੀ ਪੁੱਛ ਲਿਆ। ਜਿਵੇਂ ਕੀ ਮੈਂ ਦੇਖਦੀ ਆਈ ਸੀ, ਠੀਕ ਓਵੇਂ ਹੀ ਮੈਂ ਕਰਵਾ-ਚੌਥ ਦੇ ਵਰਤ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਗੁਆਂਢ ਵਾਲੀ ਲੱਖੋ ਭਾਬੀ ਨੂੰ ਅੱਗੇ ਲਾ ਬਜ਼ਾਰ ਦੇ ਗੇੜੇ ਸ਼ੁਰੂ ਕਰ ਦਿੱਤੇ।

ਮਤਲਬ, ਬੇਮਤਲਬ ਦੀ ਖ਼ਰੀਦਦਾਰੀ ਸ਼ੁਰੂ ਹੋ ਗਈ। ਵਰਤ ਵਾਲੇ ਦਿਨ ਭੋਜਨ ਭਾਵੇਂ ਇੱਕ ਸਮੇਂ ਦਾ ਹੀ ਛੱਡਣਾ ਸੀ, ਪਰ ਮੈਂ ਹਫ਼ਤੇ ਭਰ ਦਾ ਖ਼ਰੀਦ ਲਿਆ। ਮੇਰਾ ਪਹਿਲਾ ਵਰਤ ਸੀ ਅਤੇ ਮੇਰਾ ਉਤਸ਼ਾਹ ਵੀ ਸਿਰ ਚੜ੍ਹ ਕੇ ਬੋਲ ਰਿਹਾ ਸੀ, ਇਸ ਲਈ ਪਤੀਦੇਵ ਨੇ ਵੀ ਚੁੱਪ ਵੱਟੀ ਰਹੀ।

"ਆਹ ਵੇਖੋ ਮੇਰੀ ਮਹਿੰਦੀ ਕਿੰਨੀ ਗੂੜ੍ਹੀ ਚੜ੍ਹੀ ਹੈ...ਕਹਿੰਦੇ ਨੇ ਗੂੜ੍ਹੀ ਮਹਿੰਦੀ ਦਾ ਮਤਲਬ ਪਤੀਦੇਵ ਨਾਲ ਬਹੁਤ ਪ੍ਰੇਮ ਹੁੰਦਾ ਹੈ!" ਮੈਂ ਮਹਿੰਦੀ ਵਾਲੇ ਹੱਥ ਪਤੀਦੇਵ ਦੇ ਅੱਗੇ ਕਰ ਦਿੱਤੇ।

"ਹੂੰਅ...!" ਲੱਗਦਾ ਸੀ ਮੇਰੇ ਪਤੀਦੇਵ ਨੇ ਆਪਣੇ ਕਾਰਡ ਵਿੱਚੋਂ ਉਡੀ ਰਕਮ ਚੈੱਕ ਕਰ ਲਈ ਸੀ, ਇਸ ਲਈ ਉਨ੍ਹਾਂ ਨੂੰ ਗੂੜ੍ਹੀ ਮਹਿੰਦੀ ਵਿੱਚ ਪ੍ਰੇਮ ਦਾ 'ਤਰਕ' ਸਮਝ ਨਹੀਂ ਸੀ ਆਇਆ। ਸਵੇਰੇ ਤਿੰਨ ਵਜੇ ਉਠ ਕੇ ਵਰਤ ਵਾਲਾ 'ਸਰਘੀ' ਦਾ ਸਮਾਨ ਖਾਣਾ ਸੀ, ਇਸ ਲਈ ਮੈਂ ਕੋਈ ਵਾਦ-ਵਿਵਾਦ ਨਹੀਂ ਕੀਤਾ।

....ਟਿੰਗ਼...ਟਿੰਗ਼....ਟਿੰਗ਼...ਸਹੀ ਸਮੇਂ 'ਤੇ ਅਲਾਰਮ ਵੱਜ ਪਿਆ। ਮੈਂ ਤਾਂ ਜਿਵੇਂ ਸਾਰੀ ਰਾਤ ਜਾਗ ਕੇ, ਅਲਾਰਮ ਨੂੰ ਹੀ ਆਖਦੀ ਰਹੀ, "ਬਈ ਬੋਲ ਪੇ ਹੁਣ।" ਛਾਲ ਮਾਰ ਮੈਂ ਕੁਰਲੀ ਕਰ ਰਸੋਈ 'ਚ ਜਾ ਕੇ ਵਰਤ ਵਾਲੇ ਖਾਣੇ ਦੇ ਦੁਆਲੇ ਹੋ ਗਈ। ਹਰ ਚੀਜ਼ ਨੂੰ ਖੋਲ੍ਹਦੀ ਖਾਂਦੀ, ਫ਼ੇਰ ਛੱਡ ਦੂਜੀ ਕਿਸੇ ਚੀਜ਼ ਦੇ ਦੁਆਲੇ ਹੋ ਜਾਂਦੀ... ਤਿੰਨ ਵਜੇ ਬਿਸਤਰੇ ਤੋਂ ਉੱਠ ਕੇ ਸੀਧਾ ਖਾਣਾ ਇੰਨਾ ਵੀ ਆਸਾਨ ਨਹੀਂ ਹੁੰਦਾ! ਅਜੇ ਰਾਤ, ਵੀ ਨੌਂ ਵਜੇ ਪਤੀਦੇਵ ਨੇ ਕੁਝ ਜ਼ਿਆਦਾ ਖੁਆ ਦਿੱਤਾ ਕਿ ਕੱਲ੍ਹ ਤੇਰਾ ਵਰਤ ਹੈ, ਇਸ ਲਈ ਭੁੱਖ ਤੋਂ ਜ਼ਿਆਦਾ ਖਾ ਲੈ।

ਤਿੰਨ ਵਜੇ ਦਾ ਖਾਣਾ ਜ਼ਰੂਰੀ ਸੀ, ਕਿਉਂਕਿ ਭੈਅ ਆਉਂਦਾ ਸੀ ਕਿ ਸਾਰਾ ਦਿਨ ਭੁੱਖਾ ਰਹਿਣਾ ਪੈਣਾ ਅਤੇ ਤਾਰਿਆਂ ਦੀ ਛਾਂਵੇਂ ਖਾਣ ਦੀ ਪ੍ਰੰਪਰਾ ਵੀ ਵਰਤ ਦਾ ਹੀ ਇੱਕ ਹਿੱਸਾ ਸੀ।। ਲਾਲਚ ਨਾਲ ਜ਼ਿਆਦਾ ਖਾਧਾ ਗਿਆ ਅਤੇ ਫ਼ੇਰ ਮੇਰਾ ਪੇਟ ਫੁੱਲ ਕੇ ਲੱਕੜ ਵਾਂਗ ਠੋਸ ਹੋ ਗਿਆ।

"....ਪਤੀਦੇਵ ਨੂੰ ਤਾਂ ਮੇਰੀ ਸਾਰੀ ਉਮਰ ਅੱਜ ਹੀ ਲੱਗ ਜਾਣੀ ਹੈ... ਮੈਂ ਤਾਂ ਅੱਜ ਦਾ ਸੂਰਜ ਨਹੀਂ ਦੇਖਣਾ... ਸਾਹ ਚੱਲੂਗਾ ਤਾਂ ਹੀ ਜਿਉਣਾ ਹੈ!" ਮੈਂ ਆਪਣੀ ਮੌਤ ਦੇ ਵਿਚਾਰ ਨਾਲ ਡਰ ਗਈ ਅਤੇ ਵਿਹੜੇ ਵਿੱਚ ਦੇਣ ਲੱਗੀ ਗੇੜੇ 'ਤੇ ਗੇੜਾ। ਸਿਹਤਮੰਦ ਲੋਕ ਅਕਸਰ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਸੈਰ ਕਰਨੀ ਚਾਹੀਦੀ ਹੈ। ਮੇਰੀ ਹੀ ਗਲਤੀ ਕਾਰਨ ਇੱਕ ਆਹ ਚੰਗਾ ਅਨੁਭਵ ਵੀ ਕਰ ਲਿਆ ਸਾਝਰੇ ਸੈਰ ਕਰਨ ਦਾ।

"....ਤੂੰ ਅਰਾਮ ਕਰ ਅੱਜ ਮੈਂ ਆਪਣੇ ਖਾਣੇ ਦਾ ਇੰਤਜ਼ਾਮ ਆਪ ਕਰਲੂੰਗਾ, ਤੂੰ ਸਵੇਰੇ ਸਾਝਰੇ ਦੀ ਉਠੀ ਹੋਈ ਹੈਂ!" ਪਤੀਦੇਵ ਨੇ ਖਿਆਲ ਵਜੋਂ ਕਿਹਾ। ਹਦਾਇਤ ਦਿੱਤੀ।
"ਜੀ...!" ਚਲੋ ਆਹ ਵੀ ਇੱਕ ਹੋਰ ਫ਼ਾਇਦਾ ਹੋ ਗਿਆ, ਮੇਰੇ ਵਿੱਚ ਲੋੜ ਤੋਂ ਜ਼ਿਆਦਾ ਖਾ ਲੈਣ ਕਾਰਨ, ਉਠਣ ਦੀ ਹਿੰਮਤ ਵੈਸੇ ਵੀ ਨਹੀਂ ਸੀ।

ਉਠ ਕੇ ਨਹਾ ਧੋ ਕੇ ਤਿਆਰ ਹੋਣ ਲੱਗ ਪਈ ਪਰੰਤੂ ਖੱਟੇ ਡਕਾਰਾਂ ਨੇ ਸਾਰਾ ਦਿਨ ਚੈਨ ਨਾ ਲੈਣ ਦਿੱਤਾ। ਤਿੰਨ ਕੁ ਵਜੇ ਕਥਾ ਦਾ ਸਮਾਂ ਸੀ। ਸਭ ਕੁਝ ਨਿੱਬੜ ਗਿਆ। ਕਥਾ ਤੋਂ ਬਾਅਦ ਚਾਹ ਪੀਣੀ ਸੀ, ਕਿਉਂਕਿ ਬੁੱਲ੍ਹ ਸੁੱਕ ਰਹੇ ਸਨ ਅਤੇ ਨਾਲ ਆਹ ਵੀ ਵਿਚਾਰ ਆ ਰਿਹਾ ਸੀ ਕਿ ਪਤਾ ਨਹੀਂ ਚੰਨ ਕਿੰਨੀ ਕੁ ਦੇਰ ਨੂੰ ਚੜ੍ਹੇ? ਓਦੋਂ ਤੱਕ ਸਮਾਂ ਵੀ ਤਾਂ ਟਪਾਉਣਾ ਸੀ। ਇਸ ਡਰ ਦੀ ਵਜ੍ਹਾ ਕਾਰਨ ਮੈਂ ਵੱਡਾ ਸਾਰਾ ਕੱਪ ਭਰ ਕੇ ਚਾਹ ਵੀ ਧੱਕੇ ਨਾਲ ਡੱਫ਼ ਲਈ। ਫ਼ੇਰ ਫ਼ੋਨ ਘੁੰਮਾ ਦੂਜੀ ਵਰਤ ਵਾਲੀ ਸਹੇਲੀਆਂ ਨੂੰ ਨਾਲ ਗੱਪਾਂ ਮਾਰੀਆਂ...।

"ਅੱਜ ਤਾਂ ਮੇਰੀ ਬਿੱਲੋ ਦਾ ਵਰਤ ਹੈ, ਬੜੀ ਭੁੱਖ ਲੱਗੀ ਹੋਣੀ ਹੈ ਤੈਨੂੰ? ਸੱਚੀਂ ਔਰਤਾਂ ਕਿੰਨੀਆਂ ਮਹਾਨ ਹੁੰਦੀਆਂ ਹਨ...ਪਤੀ ਦੀ ਲੰਮੀ ਉਮਰ ਲਈ ਆਪ ਕਿੰਨਾਂ ਕਸ਼ਟ ਸਹਿ ਜਾਂਦੀਆ ਨੇ...!" ਪਤੀਦੇਵ ਦੇ ਕੋਮਲ ਸ਼ਬਦਾਂ ਨੇ ਮੈਨੂੰ ਬੜਾ ਸਕੂਨ ਦਿੱਤਾ। ਮੈਂ ਵੀ ਪਤੀਦੇਵ 'ਤੇ ਨਿਸ਼ਾਵਰ ਹੋ ਰਹੀ ਸੀ। ਰਸੋਈ ਵੱਲੋਂ ਵੰਨ-ਸੁਵੰਨੇ ਖਾਣਿਆਂ ਦੀ ਖੁਸ਼ਬੂ ਪੂਰੇ ਘਰ ਵਿੱਚ ਕਹਿਰ ਢਾਅ ਰਹੀ ਸੀ। ਮੈਂ ਵੀ ਬੜਾ ਕੁਝ ਪਕਾ ਲਿਆ ਸੀ ਕਿ ਪਤੀਦੇਵ ਨੂੰ ਵੀ ਲੱਗੇ ਕਿ ਮੈਂ ਕਿੰਨੀ ਰੀਝ ਕੀਤੀ ਸੀ।

....ਟੀ. ਵੀ. 'ਤੇ ਹਰ ਚੈਨਲ ਸਜੀਆਂ-ਧਜੀਆਂ ਤੀਵੀਆਂ ਦੇ ਪ੍ਰੋਗਰਾਮ ਅਤੇ ਕਿਤੇ ਕਰਵਾ-ਚੌਥ ਦੇ ਗਾਣੇ-ਸ਼ਾਣੇ...ਆਹ ਸਭ ਮੈਨੂੰ ਅੱਜ ਕੁਝ ਮੇਰੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਰਹੇ ਸਨ। ਪਤੀਦੇਵ ਘੜੀ-ਮੁੜੀ ਬਾਹਰ ਜਾ ਕੇ ਚੰਨ ਨੂੰ ਵੇਖਦੇ ਕਿ ਚੜ੍ਹਿਆ ਹੈ ਕਿ ਨਹੀਂ? ਕਿਉਂਕਿ ਰਾਤ ਦਾ ਖਾਣਾ ਪਤੀ ਜੀ ਨੂੰ ਵੀ ਵਰਤ ਤੋੜਣ ਤੋਂ ਬਾਅਦ ਹੀ ਮਿਲਣਾ ਸੀ।

"ਸ਼ੁਕਰ ਹੈ ਰੱਬ ਦਾ, ਚੰਨ ਚੜ੍ਹ ਰਿਹਾ ਹੈ, ਛੇਤੀ ਕਰ...ਆ ਜਾ...ਬਾਹਰ ਆ...!" ਪਤੀਦੇਵ ਨੂੰ ਤਾਂ ਜਿਵੇਂ ਵਿਆਹ ਜਿੰਨੀ ਖੁਸ਼ੀ ਚੜ੍ਹ ਗਈ ਸੀ, ਉਨ੍ਹਾਂ ਦਾ ਮੂੰਹ ਲਾਲ ਭਖ਼ ਗਿਆ। ਮੈਂ ਵੀ ਭੱਜ ਕੇ ਪੂਜਾ ਵਾਲ਼ੀ ਥਾਲੀ ਅਤੇ ਪਾਣੀ ਦਾ ਗੜਵਾ ਲੈ ਬਾਹਰ ਨੂੰ ਨੱਠੀ। ਅਜੇ ਵਿਚਾਰੇ ਚੰਦ ਮਾਮੇ ਨੇ ਆਪਣੀ ਹਲਕੀ ਜਹੀ ਲੀਕ ਹੀ ਦਿਖਾਈ ਸੀ। ਘਰਾਂ ਦੀਆਂ ਛੱਤਾਂ 'ਤੇ ਚੜ੍ਹੀਆਂ ਔਰਤਾਂ ਦਬੋ-ਦੱਬ ਲੱਗ ਪਈਆਂ ਆਪਣੇ-ਆਪਣੇ ਗੜਵੇ ਦਾ ਪਾਣੀ ਚੰਦ ਨੂੰ ਚੜ੍ਹਾਨ। ਜੋ ਨਵੇਂ ਕੱਪੜਿਆਂ 'ਤੇ ਛਿੱਟੇ ਬਣ ਆਪਣੇ ਉਪਰ ਹੀ ਆ ਪਿਆ। ਛਾਣਨੀ ਵਿੱਚੋਂ ਪਤੀ ਜੀ ਨੂੰ ਤੱਕਿਆ। ਪਤੀਦੇਵ ਨੇ ਪਾਣੀ ਮੇਰੇ ਮੂੰਹ ਨੂੰ ਲਾ ਕੇ ਮੇਰਾ ਵਰਤ ਤੁੜਵਾਇਆ। ਮੇਰੇ ਪੇਟ ਨੂੰ ਤਾਂ ਭੁੱਖ ਦਾ ਅਹਿਸਾਸ ਨਹੀਂ ਸੀ, ਫ਼ੇਰ ਵੀ ਰਿਵਾਜ਼ ਕਰਨੇ ਹੀ ਪੈਣੇ ਸਨ। ਆਖਰ ਪਤੀ ਦੀ ਉਮਰ ਮੇਰੇ ਕਾਰਨ ਹੀ ਤਾਂ ਲੰਮੀ ਹੋਣੀ ਸੀ। ਪਤੀਦੇਵ ਦੇ ਪੈਰ ਛੂਹ ਕੇ ਮੈਂ ਆਖਰੀ ਪ੍ਰੰਪਰਾ ਪੂਰੀ ਕੀਤੀ। ਕਿੰਨੇ ਹੀ ਤਰ੍ਹਾਂ ਦੇ ਪਕਵਾਨਾਂ ਨਾਲ ਮੈਂ ਮੇਜ਼ ਸਜਾ ਦਿੱਤਾ। ਦੋਹਾਂ ਨੇ ਬੜੇ ਆਨੰਦ ਨਾਲ ਭੋਜਨ ਕੀਤਾ। ਰਾਤ ਭਾਵੇਂ ਚਾਨਣੀ ਸੀ ਪਰ ਵਰਤ ਨਿਬੇੜਦਿਆਂ ਸਮਾਂ ਕਾਫ਼ੀ ਹੋ ਗਿਆ ਸੀ। ਸਵੇਰ ਤੋਂ ਲਟਕਾਏ, ਗਲੇ, ਕੰਨਾਂ ਅਤੇ ਸਿਰ 'ਤੇ ਸ਼ਿਗਾਰ ਦਾ ਭਾਰ ਲਾਹ ਕੇ ਮੈਂ ਬੜਾ ਹਲਕਾ ਜਿਹਾ ਮਹਿਸੂਸ ਕਰ ਰਹੀ ਸੀ। ਪੂਰੇ ਦਿਨ ਦੇ ਬ੍ਰਿਤਾਂਤ ਬਾਰੇ ਦੋਹਾਂ ਨੇ ਇੱਕ-ਦੂਜੇ ਨੂੰ ਦੱਸਿਆ।

"ਇੱਕ ਗਲ ਪੁੱਛਾਂ?"
"ਪੁੱਛ!" ਪਤੀ ਜੀ ਅੱਜ ਦੇਵਤਾ ਦੇ ਅਵਤਾਰ ਵਿੱਚ ਸੀ। ਗੋਡੇ ਉਤੇ ਦੂਜਾ ਪੈਰ ਰੱਖੀ 'ਵਿਸ਼ਨੂ ਭਗਵਾਨ' ਹੀ ਲੱਗ ਰਹੇ ਸੀ।
"ਜੇ ਕਰ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਮੰਗਦੀ ਹੈ, ਫ਼ੇਰ ਪਤੀ ਨੂੰ ਕਿਉਂ ਨਹੀਂ ਲੱਗਦਾ ਕਿ ਮੇਰੀ ਪਤਨੀ ਵੀ ਸਾਰੀ ਉਮਰ ਮੇਰੇ ਨਾਲ ਹੀ ਜੀਵੇ...? ਮਤਲਬ ਕੀ ਪਤੀ ਨੂੰ ਪਤਨੀ ਦੇ ਮਰਨ ਨਾਲ ਕੁਝ ਫ਼ਰਕ ਨਹੀਂ ਪੈਂਦਾ?" ਮੇਰੇ ਅੰਦਰ ਵੀ ਲੰਮੀ ਉਮਰ ਪਾਉਣ ਦਾ ਵਲਵਲਾ ਠਾਠਾਂ ਮਾਰਨ ਲੱਗ ਪਿਆ।

"...ਆਹ ਕੀ ਗੱਲਾਂ ਲੈ ਕੇ ਬੈਠ ਗਈ ਹੈਂ?" ਉਮੀਦ ਤੋਂ ਖ਼ਿਲਾਫ਼ ਮੇਰੀ ਤਕਰੀਰ ਸੁਣ ਕੇ ਪਤੀ ਜੀ ਦੀ ਵੀ ਅਵਾਜ਼ ਖਿਝ ਨਾਲ ਭਾਰੀ ਹੋ ਗਈ।
"ਮਤਲਬ ਪਤਨੀ ਮਰੇ ਅਤੇ ਤੁਸੀਂ ਦੂਜੀ ਲੈ ਆਓ...? ਬੰਦਿਆਂ ਨੂੰ ਵੀ ਜੋੜੀ ਨੂੰ ਸਲਾਮਤ ਰੱਖਣ ਲਈ ਵਰਤ ਰੱਖਣਾ ਚਾਹੀਦਾ ਹੈ...!" ਮੈਂ ਤਾਂ ਅੱਜ ਮੁੱਕਦਮਾ ਜਿੱਤਣ ਦੀ ਠਾਣ ਹੀ ਲਈ ਸੀ।

"ਆਹੋ...! ਹੁਣ ਤੂੰ ਨਵਾਂ ਕਾਨੂੰਨ ਬਣਾ! ਪਤਾ ਵੀ ਹੈ, ਤੂੰ ਵਰਤ ਦੇ ਬਹਾਨੇ ਕਿੰਨੇ ਪੈਸੇ ਉੜਾ ਦਿੱਤੇ ਨੇ? ਉਨ੍ਹਾਂ ਦੀ ਪੂਰਤੀ ਲਈ ਸਾਰਾ ਮਹੀਨਾ ਮੈਨੂੰ 'ਓਵਰ ਟਾਈਮ' ਲਾਉਣਾ ਪੈਣਾ!" ਆਖਰ ਪਤੀ ਜੀ ਦੀ ਖਿਝ ਦਾ ਇੱਕ ਹੋਰ ਕਾਰਨ ਬਾਹਰ ਆ ਗਿਆ। ਗੁੱਸੇ ਨਾਲ ਪਤੀਦੇਵ ਮੂੰਹ ਘੁੰਮਾ ਕੇ ਕੰਨਾਂ ਵਿੱਚ 'ਈਅਰ ਪਲੱਗ' ਲਾ ਕੇ ਪੈ ਗਏ। ਬੜੀ ਦੇਰ ਤੱਕ ਮੈਂ ਬੁੜ-ਬੁੜ ਕਰਦੀ ਰਹੀ, ਫ਼ੇਰ ਪਤਾ ਨਹੀਂ ਕਦੋਂ ਸੌਂ ਗਈ।

...ਸਵੇਰੇ ਪਤੀ ਦੇਵ ਉਠ ਕੇ ਖੜਕਾ ਕਰਨ ਲੱਗ ਪਿਆ। ਮੈਂ ਘੇਸਲ ਵੱਟ ਕੇ ਪਈ ਰਹੀ। ਸੋਚਿਆ ਬਥੇਰਾ ਖਾਣਾਂ ਪਿਆ ਸੀ, ਕੱਲ੍ਹ ਵਾਧੂ ਪਕਾਇਆ ਸੀ, ਪਤੀਦੇਵ ਆਪੇ ਕੁਝ ਖਾਣ ਦਾ ਆਹਰ ਕਰ ਲਵੇਗਾ। ਵੈਸੇ ਵੀ ਕੱਲ੍ਹ ਕਰਵਾ-ਚੌਥ ਸੀ, ਇਸ ਲਈ ਪਤੀਦੇਵ ਕੱਲ੍ਹ ਹੀ 'ਦੇਵਤਾ' ਸੀ, ਪ੍ਰੰਤੂ ਅੱਜ 'ਤੇ ਸਧਾਰਨ ਪਤੀ ਹੀ ਹੈ। ਇੱਕ ਪਤੀ ਨੂੰ ਵੀ ਪਤਨੀ ਦੀ ਲੰਮੀ ਉਮਰ ਮੰਗਣੀ ਹੀ ਚਾਹੀਦੀ ਹੈ...।

...ਮਨ ਨੂੰ ਸ਼ਾਤ ਕਰ ਕੇ ਮੈਂ ਉੱਠੀ ਅਤੇ ਨਹਾ-ਧੋ ਕੇ ਗੁਰਦੁਆਰੇ ਗਈ, "ਹੇ ਪਰਮਾਤਮਾ!! ਇਸ ਦੁਨੀਆਂ ਵਿੱਚ ਹਰ ਚੀਜ਼ ਤੇਰੀ ਰਜ਼ਾ ਵਿੱਚ ਚੱਲਦੀ ਹੈ! ਕੋਈ ਕੁਝ ਨਹੀਂ ਕਰ ਰਿਹਾ, ਸਭ ਕਰਣ-ਕਰਾਵਣਹਾਰ ਸੁਆਮੀ, ਤੂੰ ਹੀ ਹੈਂ!.... 'ਮਰਣੁ ਲਿਖਾਇ ਮੰਡਲ ਮਹਿ ਆਏ...!' ਦੇ ਸਿਧਾਂਤ ਦੇ ਅਨੁਸਾਰ ਜਨਮ ਤੋਂ ਪਹਿਲਾਂ ਹੀ ਸਭ ਕੁਝ ਲਿਖਿਆ ਅਤੇ ਤੈਅ ਹੁੰਦਾ ਹੈ! ਮੈਂ ਆਪਣੇ ਪ੍ਰੀਵਾਰ ਦੀ ਖੁਸ਼ੀ ਲਈ ਅਰਦਾਸ ਕਰਦੀ ਹਾਂ ਕਿ ਮੇਰੇ ਪਤੀ ਜੀ ਨੂੰ ਲੰਮੀ ਉਮਰ ਅਤੇ ਚੰਗੀ ਸਿਹਤ ਬਖਸ਼ਣਾ!" ਮੈਂ ਜਿਵੇਂ ਹੀ ਝੋਲੀ ਅੱਡ ਕੇ ਸੱਚੇ ਪਾਤਿਸ਼ਾਹ ਅੱਗੇ ਮੱਥਾ ਟੇਕਿਆ ਤਾਂ ਇੱਕ ਸਕੂਨ ਅਤੇ ਇੱਕ ਆਨੰਦ ਨਾਲ ਸਰਸ਼ਾਰ ਹੋ ਗਈ।  

 




https://www.punjabiakhbaar.ca/?p=11022



https://punjdarya.com/punj-darya/19903




http://www.5abi.com/kahani/kahani2013/091-varta-ajit-satnam-071120.htm



**************************

ਲੇਡੀ ਪੋਸਟ
ਅਜੀਤ ਸਤਨਾਮ ਕੌਰ, ਲੰਡਨ        
 (01/05/2020)
ajit satnam   


ਕੁਲਵਿੰਦਰ ਦਾ ਨੰਬਰ ਵੇਖ ਮੈਂ ਕਾਹਲੀ ਨਾਲ ਫ਼ੋਨ ਚੁੱਕਿਆ, ਕਿਉਂਕੀ ਉਸ ਦੀ ਕਰਫ਼ਿਊ 'ਤੇ ਡਿਊਟੀ ਲੱਗੀ ਸੀ। "ਕੋਰੋਨਾ ਵਾਇਰਸ" ਨੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਸਨ, ਪਰ ਕੁਝ ਇੰਜ ਦੀਆਂ ਵੀ ਮੁਸ਼ਕਿਲਾਂ ਹੋ ਸਕਦੀਆਂ ਹਨ, ਜੋ ਆਮ ਕਿਸੇ ਦੇ ਨੋਟਿਸ ਵਿੱਚ ਵੀ ਨਹੀਂ ਆਉਂਦੀਆਂ। ਮੈਨੂੰ ਵੀ ਪਹਿਲੀ ਵਾਰ ਓਦੋਂ ਹੀ ਅਹਿਸਾਸ ਹੋਇਆ, ਜਦੋਂ ਮੇਰੇ ਮਾਮੇ ਦੀ ਬੇਟੀ, ਯਾਨੀ ਮੇਰੀ ਮਮੇਰੀ ਭੈਣ ਨੂੰ ਇਸ ਮੁਸ਼ਕਿਲ ਵਿੱਚੋਂ ਗੁਜ਼ਰਨਾ ਪਿਆ। ਕੁਲਵਿੰਦਰ ਕਈ ਸਾਲਾਂ ਤੋਂ ਪੁਲੀਸ ਵਿੱਚ ਨੌਕਰੀ ਕਰ ਰਹੀ ਸੀ।
086
".....ਹੈਲੋ! .....ਹੈਲੋ.....ਹਾਂ ਬੋਲ, ਸੁਣ ਰਹੀ ਹਾਂ।" ਮੈਂ ਫੋਨ ਚੁੱਕ ਉਚੀ ਸਾਰੀ ਕਿਹਾ।
"ਕਿੱਥੇ ਹੈ?" ਕੁਲਵਿੰਦਰ ਨੇ ਆਮ ਜਿਹਾ ਸਵਾਲ ਦਾਗਿਆ।

"ਤੁਸੀਂ ਪੁਲਸੀਆਂ ਨੇ ਸਾਨੂੰ ਮੁਰਗਿਆਂ ਵਾਂਗ ਡੱਕ ਰੱਖਿਐ, ਉਤੋਂ 'ਕਰੋਨਾ' ਨੇ ਲਹੂ ਪੀਅ ਰੱਖਿਐ।" ਮੈਂ ਵੀ ਲੋਕਾਂ ਵਾਂਗ ਚੱਲਦੇ ਸਮੇਂ ਦੀ ਤੰਗੀ ਤੋਂ ਕਾਫ਼ੀ ਪ੍ਰੇਸ਼ਾਨ ਸੀ।
"ਆਹੋ, ਤੇਰੇ ਵਾਂਗ ਸਾਰੇ ਸਮਝਦਾਰ ਹੋਣ ਤਾਂ ਸਾਨੂੰ ਡੰਡੇ ਲੈ ਕੇ ਸੜਕਾਂ 'ਤੇ ਪਹਿਰਾ ਨਾ ਦੇਣਾਂ ਪਵੇ।" ਗੱਲ ਤਾਂ ਸਹੀ ਸੀ ਕੁਲਵਿੰਦਰ ਦੀ।

"ਮੇਰੇ ਲਈ ਹੁਕਮ ਕਰ, ਖਾਣਾ ਬਣਾ ਕੇ ਭੇਜਾਂ?" ਮੈਂ ਕੁਝ ਲੋੜੀਂਦਾ ਫ਼ਰਜ਼ ਅਦਾ ਕੀਤਾ। ਜਦ ਵੀ ਮੇਰੇ ਆਸੇ-ਪਾਸੇ ਕੁਲਵਿੰਦਰ ਦੀ ਡਿਊਟੀ ਲੱਗਦੀ ਸੀ, ਮੈਂ ਕਈ ਵਾਰ ਡਿਊਟੀ ਦੇ ਸਟਾਫ਼ ਦਾ ਖਾਣਾ ਪੈਕ ਕਰ ਕੇ ਭੇਜ ਦਿੰਦੀ ਸੀ।
".......ਨਹੀਂ, ਮੇਰੀ ਡਿਊਟੀ ਤੇਰੇ ਘਰ ਤੋਂ ਦੂਰ ਹੈ, ਪਰ ਦੁਪਹਿਰ ਤੋਂ ਬਾਅਦ ਮੈਂ ਤੇਰੇ ਘਰ ਦੇ ਲਾਗੇ ਆਉਣਾਂ ਹੈ। ਫੇਰ ਦੇਖਦੀ ਹਾਂ.... ਓਦੋਂ ਤੱਕ ਕੀ ਬਣੂੰ?" ਕੁਲਵਿੰਦਰ ਨੇ ਕੁਝ ਉਲਝਿਆ ਜਿਹਾ ਜਵਾਬ ਦਿੱਤਾ।

ਹੁਣ ਮੈਨੂੰ ਇੰਤਜ਼ਾਰ ਹੋ ਰਿਹਾ ਸੀ ਕਿ ਪਤਾ ਨਹੀਂ ਕਦੋਂ ਕੁਲਵਿੰਦਰ ਆ ਧਮਕੇ। ਭਾਵੇਂ ਅੱਜ-ਕੱਲ੍ਹ ਕਰਫ਼ਿਊ ਲੱਗਿਆ ਹੋਇਆ ਸੀ, ਇਸ ਲਈ ਹੋਣਾ ਤਾਂ ਇਹੀ ਚਾਹੀਦਾ ਸੀ ਕਿ ਸਾਰੇ ਸ਼ਾਂਤੀ ਨਾਲ ਘਰਾਂ ਵਿੱਚ ਬੈਠਣ, ਪਰੰਤੂ ਹੋ ਪੁੱਠਾ ਰਿਹਾ ਸੀ... ਕਿਸੇ ਨਾ ਕਿਸੇ ਜ਼ਰੀਏ ਲੋਕ ਆਪਣੀ ਬੇਰੁਜ਼ਗਾਰੀ ਦਾ, ਜਾਂ ਜ਼ਾਤ-ਕੌਮ ਦਾ ਰੋਸ ਵਿਖਾਉਣ ਤੋਂ ਬਾਜ ਨਹੀਂ ਆ ਰਹੇ ਸੀ। ਖੈਰ... ਆਹ ਸਭ ਨੂੰ ਸੁਣਨ ਲਈ ਤੁਹਾਡੇ ਕੋਲ ਬਥ੍ਹੇਰੇ ਨਿਊਜ਼ ਚੈਨਲ ਹਨ। ਮੇਰੀ ਕਲਮ ਅੱਜ ਕੁਝ ਅਣਗੌਲਿਆ ਲਿਖ ਰਹੀ ਹੈ। ਤਕਰੀਬਨ ਦੁਪਹਿਰ ਦੋ ਕੁ ਵਜੇ ਕੁਲਵਿੰਦਰ ਨੇ ਫ਼ੇਰ ਫ਼ੋਨ ਕੀਤਾ।

"ਮੈਂ ਚਾਰ ਕੁ ਮਿੰਟਾਂ ਵਿੱਚ ਤੇਰੇ ਬੂਹੇ 'ਤੇ ਹੋਣਾ, ਤੂੰ ਬੂਹਾ ਖੋਲ੍ਹ ਬੱਸ!!!" ਕੁਲਵਿੰਦਰ ਨੇ ਇੱਕ ਟੂਕ ਵਿੱਚ ਕਿਹਾ।
"ਟਿਣਨ"... ਮੈਂ ਕੁਲਵਿੰਦਰ ਨੂੰ ਡੋਰ ਬੈੱਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ। .....ਦਰਵਾਜਾ ਖੋਲ੍ਹਿਆ।

"ਅਰੇ ਰੇ ਰੇ....ਵਾਹ....!!" ਮੇਰਾ ਵਾਕ ਪੂਰਾ ਸੁਣਨ ਦਾ ਉਸ ਕੋਲ ਸਮਾਂ ਨਹੀਂ ਸੀ। ਕੁਲਵਿੰਦਰ ਕਾਹਲੀ ਨਾਲ ਬਾਥਰੂਮ ਵੱਲ ਦੌੜੀ।
ਕੁਝ ਦੇਰ ਬਾਅਦ ਬਾਹਰ ਆਈ। ਮੈਨੂੰ ਜੱਫੀ ਪਾਈ ਅਤੇ ਟੇਬਲ 'ਤੇ ਰੱਖਿਆ ਪਾਣੀ ਦਾ ਗਿਲਾਸ ਪੀਤਾ।

"ਇੱਕ ਕੱਪ ਚਾਹ ਬਣਾ ਲੈ, ਮੈਂ ਆਪਣੇ ਸਹਿਯੋਗੀ ਨੂੰ ਦੋ ਵਜੇ ਤੱਕ ਕੰਮ ਕਰਨ ਲਈ ਅਰਜੀ ਦੇ ਦਿੱਤੀ ਹੈ। ਮੇਰੀ ਸਿਹਤ ਠੀਕ ਨਹੀਂ ਹੈ।" ਕੁਲਵਿੰਦਰ ਨੇ ਆਪਣਾ ਕਾਰਜ-ਕ੍ਰਮ ਦੱਸਿਆ।
"ਹਾਏ! ... ਕੀ ਹੋਇਆ? ਫ਼ੇਰ ਤੂੰ ਅੱਜ ਡਿਊਟੀ 'ਤੇ ਕਿਊਂ ਆਈ?" ਮੈਂ ਭੈਣ-ਪੁਣਾ ਜਿਹਾ ਜਤਾਇਆ।

......ਕੁਝ ਦੇਰ ਦੀ ਚੁੱਪੀ ਤੋਂ ਬਾਅਦ ਕੁਲਵਿੰਦਰ ਬੋਲੀ, "ਹੋਇਆ ਤਾਂ ਕੁਛ ਨਹੀਂ, .....ਓਹੀ "ਹਰ ਮਹੀਨੇ" ਦਾ ਰੁਟੀਨ,.... ਭਾਵੇਂ ਅੱਜ "ਪੀਰੀਅਡ" ਨੂੰ ਸਭ ਜਾਣਦੇ ਤੇ ਸਮਝਦੇ ਹਨ ਪਰ ਫੇਰ ਵੀ ਕੁਝ "ਮਿਸਿੰਗ" ਹੈ? ਕੁਝ ਪਲਾਂ ਦੀ ਚੁੱਪੀ ਤੋਂ ਬਾਅਦ ਕੁਲਵਿੰਦਰ ਨੇ ਆਪਬੀਤੀ ਨੂੰ ਸਾਂਝਾ ਕੀਤਾ, "ਰਾਤ ਮੈਨੂੰ "ਪੀਰੀਅਡ" ਆਏ ਤਾਂ ਸਭ ਤੋਂ ਪਹਿਲਾਂ ਮੈਨੂੰ ਸਵੇਰ ਦੀ ਡਿਊਟੀ ਦਾ ਖਿਆਲ ਆਇਆ....।"

ਇੱਕ ਕੁਦਰਤੀ ਪ੍ਰਕਿਰਿਆ ਦਾ ਕਿੰਨਾ ਤਣਾਓ ਹੋ ਸਕਦਾ ਹੈ? ਮੈਨੂੰ ਇੱਕ ਛਿਣ ਵਿੱਚ ਅਹਿਸਾਸ ਹੋ ਗਿਆ, "ਪਰ ਇਹ ਤਾਂ ਹਰ ਮਹੀਨੇ ਦੀ ਹੀ ਸਮੱਸਿਆ ਹੈ, ਇਤਨੀ ਟੈਨਸ਼ਨ ਰਾਤ ਨੂੰ ਹੀ ਕਿਉਂ ਲੈਣ ਲੱਗ ਪਈ ਸੀ?" ਇੱਕ ਔਰਤ ਹੋਣ ਦੇ ਬਾਵਜੂਦ ਵੀ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਇਹਨਾਂ ਦਿਨਾਂ ਵਿੱਚ ਸਰੀਰ ਕੁਦਰਤੀ ਨਿਢਾਲ ਹੋ ਜਾਂਦਾ ਹੈ ਅਤੇ ਮਾਨਸਿਕ ਤਣਾਓ ਵੀ ਹਾਵੀ ਹੁੰਦਾ ਹੈ। ਸ਼ਾਇਦ ਲੰਬੇ ਸਮੇਂ ਤੱਕ ਝੱਲਣ ਕਾਰਣ ਇਤਨਾ ਧਿਆਨ ਨਹੀਂ ਦਿੱਤਾ ਜਾਂਦਾ...।

"ਜਦੋਂ ਤੋਂ ਪੁਲੀਸ ਨੌਕਰੀ ਸ਼ੁਰੂ ਕੀਤੀ ਹੈ, ਆਹ ਸਭ ਤੋਂ ਭਿਆਨਕ ਸਮਾਂ ਹੈ। ਸਾਰਾ ਕੁਝ ਬੰਦ ਹੈ। ਪਹਿਲਾਂ ਮਾਰਕੀਟ, ਮੌਲ, ਸਿਨੇਮਾ ਅਤੇ ਹੋਰ ਵੀ ਬਥੇਰਾ ਕੁਝ ਖੁੱਲ੍ਹਾ ਹੁੰਦਾ ਸੀ। ਪਰ ਅੱਜ ਕੱਲ੍ਹ ਸਭ ਸੁੰਨਮ-ਸੁੰਨਾਂ ਹੋਇਆ ਪਿਆ ਹੈ। ਮਰਦਾਂ ਦਾ ਤਾਂ "ਸਰ ਜਾਂਦਾ" ਹੈ, ਪਰ ਸਾਨੂੰ ਸਾਰਾ ਆਲਾ-ਦੁਆਲਾ ਵਿਚਾਰਨਾ ਪੈਂਦਾ ਹੈ।" ਕੁਲਵਿੰਦਰ ਦੀ ਗੱਲਬਾਤ ਵਿੱਚ ਇੱਕ ਅਜੀਬ ਜਿਹਾ ਦਰਦ ਸੀ। ਇਹ ਮਾਨਸਿਕ ਅਵੱਸਥਾ ਸ਼ਾਇਦ ਕਿਸੇ ਨੇ ਅੱਜ ਦੇ ਮਾਹੌਲ ਵਿੱਚ ਨੋਟ ਵੀ ਨਾ ਕੀਤੀ ਹੋਵੇਗੀ? .... ਮੈਂ ਵੀ ਨਹੀਂ?

"ਲੰਬੀ ਡਿਊਟੀ 'ਤੇ ਥੋੜ੍ਹਾ ਬਹੁਤ ਖਾ ਲਿਆ ਤਾਂ ਠੀਕ ਹੈ, ਨਹੀਂ ਤਾਂ ਘਰ ਮੁੜਨ ਦੀ ਉਡੀਕ.... ਹਾਂ, ਬਹੁਤੀ ਵਾਰ ਲੋੜਵੰਦਾਂ ਨੂੰ ਵੰਡੇ ਜਾ ਰਹੇ ਲੰਗਰ ਦਾ ਹਿੱਸਾ ਵੀ ਸਾਡੇ ਹਿੱਸੇ ਆ ਜਾਂਦੈ, ਸ਼ੁਕਰ ਹੈ ਦਾਤਾ ਪੇਟ ਭਰਨ ਦਾ ਹੀਲਾ ਤਾਂ ਬਣਾ ਹੀ ਦਿੰਦਾ ਹੈ।" ਸ਼ਾਇਦ ਜਿਵੇਂ ਦੀ ਡਿਉਟੀ ਹੁੰਦੀ ਹੈ, ਅੱਜ ਦੀ ਸੋਚ ਵੀ ਬਣ ਜਾਂਦੀ ਹੈ। ਮੈਂ ਕੁਲਵਿੰਦਰ ਦੀ ਗੱਲ ਸੁਣਦਿਆਂ ਕਈ ਤਰ੍ਹਾਂ ਦੇ ਵਿਚਾਰਾਂ ਵਿੱਚ ਗੋਤੇ ਖਾ ਰਹੀ ਸੀ।

"....ਫੇਰ ਤੂੰ ਕਿਵੇਂ ਟਪਾ ਰਹੀ ਹੈਂ ਆਹ ਤਾਲਾਬੰਦੀ ਦਾ ਸਮਾਂ?" ਮੈਂ ਇਸ ਨੌਕਰੀ ਦੀਆਂ ਔਕੜਾਂ ਦਾ ਪਹਿਲੀ ਵਾਰ ਅਵਲੋਕਨ ਕੀਤਾ, ਕੁਲਵਿੰਦਰ ਦੀਆਂ ਗੱਲਾਂ ਤੋਂ।

"ਕਰਨਾ ਕੀ ਹੈ?... ਲੋੜ ਪੈਣ 'ਤੇ ਕਿਸੇ ਦਾ ਦਰਵਾਜਾ ਖੜਕਾ ਲਈਦਾ ਹੈ, ਮੁਸ਼ਕਿਲ਼ ਤਾਂ ਓਦੋਂ ਆਉਂਦੀ ਹੈ, ਜਦੋਂ ਸਾਡੀ "ਵਰਦੀ" ਵੇਖ ਕੋਈ ਦਰਵਾਜਾ ਖੋਲ੍ਹਣ ਲਈ ਸਾਨੂੰ ਡਾਕੂਆਂ ਵਾਂਗ ਵੇਖਦਾ ਹੈ?...."ਕੋਰੋਨਾ" ਬਾਰੇ ਕਈ ਸ਼ੱਕੀ ਸੁਆਲ ਸਾਨੂੰ ਇੰਜ ਪੁੱਛੇ ਜਾਂਦੇ ਹਨ ਜਿਵੇਂ ਲੇਡੀ ਪੁਲੀਸ ਸਿੱਧੀ ਮਰੀਜ਼ਾਂ ਕੋਲੋਂ ਹੀ ਆ ਰਹੀ ਹੈ? ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇੱਕ ਕੁਦਰਤੀ ਪ੍ਰਕਿਰਿਆ ਕਰਨ ਲਈ, ਕਈ ਸਿਰ ਫਿਰੇ ਜ਼ਾਤ ਕੌਮ ਵੀ ਵਿਚਾਰਨ ਲੱਗ ਪੈਂਦੇ ਹਨ ....ਧੰਨ ਹੈ ਤੇਰੀ ਮਾਨੁੱਖਤਾ!" ਕੁਲਵਿੰਦਰ ਨੇ ਬੜੇ ਅਜੀਬ ਜਿਹੇ ਹਾਲਾਤਾਂ 'ਤੇ ਚਾਨਣਾ ਪਾਇਆ।

"....ਤੇਰੇ ਤੋਂ ਅੱਜ, ਤੇਰੀ ਨੌਕਰੀ ਬਾਰੇ ਨਵਾਂ ਹੀ ਸੁਣਨ ਨੂੰ ਮਿਲਿਆ....।" ਮੈਂ ਸਮਝ ਸਕਦੀ ਸੀ ਕਿ ਸਭ ਕੁਝ ਬੰਦ ਹੈ, ਫ਼ੇਰ ਵੀ ਡਿਊਟੀ 'ਤੇ ਜਾਣਾ, ਬਹੁਤ ਹੈਰਾਨੀ ਵਾਲੀ ਸਥਿਤੀ ਸੀ।
"...ਮੁਸੀਬਤ ਤਾਂ ਆਹ ਹੈ ਕਿ "ਹੁਕਮ" ਇਤਨਾਂ "ਸਰਲ" ਹੈ ਕਿ ਘਰਾਂ ਵਿੱਚ ਰਹੋ... ਜਿਸ ਨੂੰ ਸਾਡੀ ਜਨਤਾ ਨੇ ਮੁਸ਼ਕਿਲ ਬਣਾ ਦਿੱਤਾ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਰੱਖਣ ਲਈ ਸਾਨੂੰ ਪਹਿਰਾ ਦੇਣਾ ਪੈ ਰਿਹਾ ਹੈ... ਹੱਦ ਹੈ।" ਕੁਲਵਿੰਦਰ ਦੀਆਂ ਬਹੁਤ ਸਧਾਰਨ ਜਿਹੀਆਂ ਗੱਲਾਂ ਸਨ, ਪਰ ਉਨ੍ਹਾਂ ਦੇ ਮਾਹਨੇ ਬਹੁਤ ਹੀ ਗੂੜ੍ਹੇ ਸੀ।

ਵਾਕਈ ਗੱਲ ਤਾਂ ਬਹੁਤ ਸੋਚਣ ਵਾਲੀ ਹੈ, ਜਦ ਬਾਹਰ ਸਭ ਕੁਝ ਬੰਦ ਹੈ, ਅਤੇ ਬੰਦੇ ਨੂੰ ਘਰ ਵਿੱਚ ਟਿਕਾਓ ਕਿਉਂ ਨਹੀਂ ਹੈ? ਭਾਵੇਂ ਅਸੀ ਕਿਸੇ ਵੀ ਨੌਕਰੀ ਵਾਸਤੇ, ਜਿਵੇਂ ਦਾ ਮਰਜ਼ੀ ਮੱਤ ਰੱਖੀਏ, ਪਰ ਔਰਤਾਂ ਬਾਰੇ ਅਣਗੌਲੀਆਂ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਮੇਰੀ ਭੈਣ ਨੇ ਅੱਜ ਜੋ ਦੱਸਿਆ, ਮੈਨੂੰ ਲੱਗਿਆ ਤੁਹਾਡੀ ਜਾਣਕਾਰੀ ਵਿੱਚ ਵੀ ਹੋਣਾ ਚਾਹੀਦਾ। ਕਿਉਂਕੀ ਜਦ ਨੌਕਰੀ ਦੇਸ਼ ਦੀ ਸ਼ਾਂਤੀ ਦੇ ਲਈ ਅਤੇ ਸਾਡੀ ਭਲਾਈ ਲਈ ਹੋਵੇ, ਤਾਂ ਸਾਡਾ ਕੀ ਲੋੜੀਂਦਾ ਫ਼ਰਜ਼ ਬਣਦਾ ਹੈ?

"ਚੰਗਾ...ਹੁਣ ਮੈਂ ਚੱਲਾਂਗੀ, ਘਰ ਵਿੱਚ ਰਹੋ, ਆਪਣੀ ਅਤੇ ਆਪਣਿਆ ਦੀ ਭਲਾਈ ਲਈ।" ਕੁਲਵਿੰਦਰ ਜਾਣ ਲਈ ਖੜ੍ਹੀ ਹੋ ਗਈ। ਉਸ ਨੇ ਆਪਣੀ ਟੋਪੀ ਅਤੇ ਰੂਲ ਚੁੱਕਿਆ ਤਾਂ ਮੈਂ ਉਸ ਦੇ ਅੱਗੇ ਖਲੋ ਕੇ ਪਹਿਲੀ ਵਾਰ ਸਲੂਟ ਮਾਰੀ ਅਤੇ ਉਸ ਦੇ ਕੰਮ 'ਤੇ ਮਾਣ ਮਹਿਸੂਸ ਕੀਤਾ...।




******************************************************************


ਬੁਰਕੇ ਹੇਠਲਾ ਸੱਚ
ਅਜੀਤ ਸਤ
ਨਾਮ ਕੌਰ, ਲੰਡਨ          (25/02/2020)                              

                      ajit satnam


ਦਿੱਲੀ ਤੋਂ ਆਗਰਾ ਜਾ ਰਹੀ ਇੱਕ ਰੇਲ ਗੱਡੀ ਵਿੱਚ ਮੇਰੇ ਸਾਹਮਣੇ ਵਾਲੀ ਸੀਟ 'ਤੇ ਜੋ ਅੋਰਤ ਬੈਠੀ ਸੀ, ਉਸ ਦਾ ਸੁਹਜ ਮੈਨੂੰ ਬਦੋਬਦੀ ਖਿੱਚ ਰਿਹਾ ਸੀ। ਬਹੁਤ ਹੀ ਸ਼ਾਂਤਮਈ ਅਤੇ ਖਿੱਚਦਾਰ ਸਖਸ਼ੀਅਤ, ਜੋ ਬਿਨਾ ਕੋਈ ਸ਼ਬਦ ਕਹੇ ਕਿਸੇ ਨੂੰ ਵੀ ਅਸਾਨੀ ਨਾਲ ਆਪਣੇ ਵੱਲ ਖਿੱਚ ਸਕਦੀ ਹੈ। ਮੈਂ ਉਸ ਵੱਲ ਕਈ ਵਾਰ ਦੇਖਿਆ, ਪਰ ਉਹ ਥੋੜ੍ਹਾ ਜਿਹਾ ਮੁਸਕਰਾਉਂਦੀ ਹੋਈ ਆਪਣੀ ਕਿਤਾਬ ਪੜ੍ਹਦੀ ਰਹੀ। ਰੇਲ ਗੱਡੀ ਆਪਣੀ ਰਫ਼ਤਾਰ ਨਾਲ ਸਫ਼ਰ ਤਹਿ ਕਰ ਰਹੀ ਸੀ। ਤਕਰੀਬਨ ਮਥੁਰਾ ਸਟੇਸ਼ਨ ਕੋਲ ਆ ਕੇ ਉਸ ਨੇ ਪਾਣੀ ਲਈ ਇੱਧਰ ਉਧਰ ਦੇਖਿਆ। ਸ਼ਾਇਦ ਉਸ ਦੀ ਪਾਣੀ ਦੀ ਬੋਤਲ ਕਿਧਰੇ ਗੁੰਮ ਗਈ ਸੀ? ਮੈਂ ਆਪਣੀ ਪਾਣੀ ਦੀ ਬੋਤਲ ਉਸ ਦੇ ਵੱਲ ਵਧਾਈ। "ਧੰਨਵਾਦ" ਕਹਿ ਕੇ ਉਸ ਨੇ ਉਹ ਬੋਤਲ ਫੜ ਲਈ।

ਮੈਂ ਥੋੜ੍ਹੀ ਜਿਹੀ ਮੁਸਕੁਰਾਹਟ ਨਾਲ ਕਿਹਾ, "ਦੋ ਅੋਰਤਾਂ ਵਿੱਚ ਦੋਸਤੀ ਹੋਣ ਲਈ ਬਹੁਤੀਆਂ ਸ਼ਰਤਾਂ ਦੀ ਲੋੜ ਨਹੀਂ ਹੁੰਦੀ, ਦੋਸਤੀ ਸਿਰਜਣ ਲਈ ਇੱਕ ਪਾਣੀ ਦੀ ਬੋਤਲ ਹੀ ਕਾਫ਼ੀ ਹੈ। ਮੇਰਾ ਨਾਮ ਅਜੂਨੀ ਕੌਰ, ਤੁਸੀਂ ਕਿੱਥੇ ਜਾ ਰਹੇ ਹੋ?" ਮੈਂ ਰੇਲ ਗੱਡੀ ਦੇ ਸਫ਼ਰ ਲਈ ਇਸ ਅਜਨਬੀ ਔਰਤ ਦੇ ਸਾਥ ਦੀ ਭਾਲ ਕਰ ਰਹੀ ਸੀ।

"ਆਗਰਾ ਜਾ ਰਹੀ ਹਾਂ।" ਉਸ ਨੇ ਛੋਟਾ ਜਿਹਾ ਜਵਾਬ ਦਿੱਤਾ।
"ਅਰੇ!... ਮੇਰੇ ਮਾਪੇ ਆਗਰਾ ਵਿੱਚ ਹਨ, ਅਤੇ ਮੈਂ ਵੀ ਆਗਰਾ ਹੀ ਜਾ ਰਹੀ ਹਾਂ।" ਮੈਂ ਗੱਲ-ਬਾਤ ਨੂੰ ਅੱਗੇ ਵਧਾਇਆ।

"ਮੇਰਾ ਨਾਮ ਵਰਸ਼ਾ ਗਰਗ, ਪਰ ਤੁਸੀਂ ਮੈਨੂੰ ਵਰਸ਼ਾ ਕਹਿ ਸਕਦੇ ਹੋ, ਮੇਰੇ ਮਾਪੇ ਕਰਨਾਲ ਵਿੱਚ ਰਹਿੰਦੇ ਹਨ, ਆਗਰੇ ਵਿੱਚ ਮੇਰਾ ਆਪਣਾ ਘਰ ਹੈ।" ਵਰਸ਼ਾ ਗਰਗ ਨੇ ਕਿਹਾ।
"ਵਰਸ਼ਾ ਜੀ, ਚਲੋ ਅਸੀਂ ਦੋਵਾਂ ਦਾ ਆਗਰਾ ਸ਼ਹਿਰ ਨਾਲ ਰਿਸ਼ਤਾ ਤੇ ਹੈਗਾ ਹੀ ਹੈ।" ਇਹ ਕੁਦਰਤੀ ਹੀ ਹੈ ਕਿ ਆਪਣੇ ਸ਼ਹਿਰ ਦਾ ਨਾਮ ਸੁਣ ਕੇ ਹੀ ਆਪਣੇ-ਪਨ ਦੀ ਭਾਵਨਾ ਜਹੀ ਆ ਜਾਂਦੀ ਹੈ। ਆਗਰਾ ਸ਼ਹਿਰ ਦਾ ਨਾਮ ਸੁਣਦਿਆਂ ਹੀ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਕਿੰਤੂ ਵਰਸ਼ਾ ਗਰਗ ਨੇ ਕੁਝ ਹਲਚਲ ਨਹੀਂ ਦਿਖਾਈ। ਇੱਕ ਔਰਤ ਦੀ ਗੰਭੀਰਤਾ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਸ ਲਈ ਮੈਂ ਆਪਣਾ ਦਿਮਾਗ ਜ਼ਿਆਦਾ ਨਹੀਂ ਚਲਾਇਆ। ਜਦੋਂ ਮਥੁਰਾ ਸਟੇਸ਼ਨ 'ਤੇ ਰੇਲ ਗੱਡੀ ਖੜ੍ਹੀ ਹੋਈ ਤਾਂ ਖਿੜਕੀ ਵਿੱਚੋਂ ਵਰਸ਼ਾ ਨੇ ਪਾਣੀ ਦੀ ਬੋਤਲ ਅਤੇ ਕੁਝ ਸੰਗਤਰੇ ਖਰੀਦੇ।

ਵਰਸ਼ਾ ਨੇ ਮੈਨੂੰ ਇਕ ਸੰਗਤਰਾ ਦਿੰਦਿਆ ਕਿਹਾ, "ਮੌਸਮ ਦੇ ਅਨੁਸਾਰ ਹਰ ਫ਼ਲ ਦਾ ਆਪਣਾ ਹੀ ਆਨੰਦ ਹੁੰਦਾ ਹੈ।"
"ਹਾਂਜੀ, ਕੁਦਰਤ ਨੇ ਮਨੁੱਖਾਂ ਲਈ ਕਿੰਨਾ ਕੁਝ ਬਣਾਇਆ ਹੈ।" ਮੈਂ ਸੰਗਤਰੇ ਦੀ ਫ਼ਾੜੀ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ।

"ਕੌਣ-ਕੌਣ ਹੈ ਪਰਿਵਾਰ ਵਿੱਚ?" ਮੇਰਾ ਆਮ ਜਿਹਾ ਪ੍ਰਸ਼ਨ ਸੀ। ਇੱਕ ਪਲ ਦੀ ਖਾਮੋਸ਼ੀ ਤੋਂ ਬਾਅਦ ਵਰਸ਼ਾ ਬੋਲੀ, "ਮੇਰੀ ਇੱਕ ਧੀ ਹੈ, ਜੋ ਹੋਸਟਲ ਵਿੱਚ ਪੜ੍ਹਦੀ ਹੈ, ਹੋਰ ਕੋਈ ਨਹੀਂ ਹੈ। ਮੇਰਾ ਘਰਵਾਲਾ ਨਹੀਂ ਰਿਹਾ, ਇਸ ਲਈ ਮੈਨੂੰ ਉਸ ਦੀ ਨੌਕਰੀ ਮਿਲ ਗਈ। ਧੀ ਨੂੰ ਪਾਲਣ ਪੋਸ਼ਣ ਲਈ ਇੰਨਾ ਸਹਾਰਾ ਹੀ ਬਹੁਤ ਸੀ।" ਵਰਸ਼ਾ ਗਰਗ ਜ਼ਿੰਦਗੀ ਨੇ ਸੰਖੇਪ ਸ਼ਬਦਾਂ ਵਿੱਚ ਪੂਰੀ ਕਹਾਣੀ ਸੁਣਾ ਦਿੱਤੀ।

"ਓਹਹਹਹ....! ਬਹੁਤ ਦੁੱਖ ਹੋਇਆ ਤੁਹਾਡੀ ਜ਼ਿੰਦਗੀ ਬਾਰੇ ਸੁਣ ਕੇ....।" ਮੇਰੇ ਕੋਲ ਜਿਵੇਂ ਸ਼ਬਦਾਂ ਦੀ ਘਾਟ ਹੋ ਗਈ ਸੀ।
"ਕੀ ਤੁਸੀਂ ਵੀ ਕੋਈ ਜੌਬ ਕਰਦੇ ਹੋ? ਤੁਹਾਡੀ ਸਖ਼ਸ਼ੀਅਤ ਨੂੰ ਵੇਖ ਕੇ ਲੱਗਦਾ ਹੈ...।" ਵਰਸ਼ਾ ਨੇ ਮੇਰੇ ਚਿਹਰੇ ਦੇ ਭਾਵ ਪੜ੍ਹ ਲਏ ਸੀ, ਇਸ ਲਈ ਗੱਲਬਾਤ ਦਾ ਰੁੱਖ ਬਦਲ ਦਿੱਤਾ।  
"....ਹਾਂਜੀ, ਮੈਂ ਇੱਕ ਨਰਸ ਹਾਂ, ਪਰਿਵਾਰ ਦੀ ਤਾਂ ਕੋਈ ਮੰਗ ਨਹੀਂ ਸੀ, ਪਰ ਮੈਂ ਕੰਮਕਾਜੀ ਹੋਣਾ ਪਸੰਦ ਕਰਦੀ ਹਾਂ।" ਮੈਂ ਜਵਾਬ ਵਿੱਚ ਆਪਣੀ ਸਥਿਤੀ ਦੱਸ ਦਿੱਤੀ। ਅੱਗੇ ਵਰਸ਼ਾ ਨੇ ਪਰਿਵਾਰਕ ਗਿਣਤੀ-ਮਿਣਤੀ ਨਹੀਂ ਪੁੱਛੀ।

ਕੁਝ ਮੌਸਮ ਦੀਆਂ, ਕੁਝ ਸ਼ਹਿਰ ਦੀਆਂ ਆਮ ਜਿਹੀਆਂ ਗੱਲਾਂ ਕਰਦੇ ਹੋਏ ਮਥੁਰਾ ਤੋਂ ਆਗਰਾ ਸ਼ਹਿਰ ਆ ਗਿਆ। ਸਟੇਸ਼ਨ ਦੇ ਬਾਹਰ ਮੇਰਾ ਭਰਾ ਮੇਰੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਵਰਸ਼ਾ ਟੈਕਸੀ ਸਟੈਂਡ ਵੱਲ ਮੁੜੀ, ਮੈਂ ਉਸ ਨੂੰ ਕਿਹਾ "ਵਰਸ਼ਾ ਜੀ, ਅਸੀਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਅਸੀਂ ਆਪਣੇ ਘਰ ਚਲੇ ਜਾਵਾਂਗੇ?" ਮੈਂ ਵਰਸ਼ਾ ਨੂੰ ਆਪਣੇਪਨ ਦਾ ਅਹਿਸਾਸ ਕਰਵਾਣਾਂ ਚਾਹੁੰਦੀ ਸੀ। 
"....ਨਹੀਂ ....ਨਹੀਂ ....ਤੁਸੀਂ ਵੀ ਥੱਕ ਗਏ ਹੋ, ਫੇਰ ਕਿਸੇ ਦਿਨ ਦੁਬਾਰਾ ਮਿਲਾਂਗੇ, ਨੰਬਰ ਤੁਹਾਡੇ ਕੋਲ ਹੈਗਾ, ਬੱਸ ਕਾਲ ਕਰਕੇ ਦੱਸ ਦੇਣਾ।" ਵਾਰਸ਼ਾ ਨੂੰ ਹਾਲਾਤ ਨੇ ਕਾਫੀ ਮਜ਼ਬੂਤ ਬਣਾ ਦਿਤਾ ਸੀ।
"ਮੈਂ ਜਾਣ ਤੋਂ ਪਹਿਲਾਂ ਜ਼ਰੂਰ ਮਿਲ ਕੇ ਜਾਉਂਗੀ।" ਵਰਸ਼ਾ ਦਾ ਹੱਥ ਫੜਦਿਆਂ ਮੈਂ ਇੱਕ ਵਾਅਦਾ ਕੀਤਾ।

ਕੁਝ ਦੂਰ ਸਫ਼ਰ ਵਿੱਚ ਚੱਲਣ ਕਾਰਣ, ਸਾਨੂੰ ਦੋਹਾਂ ਨੂੰ ਦੋਸਤੀ ਦੇ ਇੱਕ ਪਿਆਰੇ ਜਹੇ ਰਿਸ਼ਤੇ ਵਿੱਚ ਬੰਨ੍ਹ ਲਿਆ ਸੀ। ਆਪਣੇ ਘਰ ਪਹੁੰਚਣ ਬਾਅਦ ਫ਼ੋਨ ਕਰਕੇ ਵਰਸ਼ਾ ਨੇ ਠੀਕ-ਠਾਕ ਪਹੁੰਚਣ ਦਾ ਸੁਨੇਹਾ ਦਿੱਤਾ। ਕੁਝ ਦਿਨਾਂ ਦੀ ਵੇਹਲ ਤੋਂ ਬਾਦ ਮੈਂ ਵਰਸ਼ਾ ਨੂੰ ਫ਼ੋਨ ਕੀਤਾ।

"ਹੈਲੋ ਵਰਸ਼ਾ, ਕੀ ਹਾਲ ਹੈ...?" ਮੈਂ ਪੁੱਛਿਆ। ਕਿਉਂਕਿ ਮੈਂ ਉਸ ਨੂੰ ਮਿਲਣਾ ਚਾਹੁੰਦੀ ਸੀ।
"ਹੈਲੋ ਅਜੂਨੀ ਜੀ, ਮੈਂ ਠੀਕ ਹਾਂ। ਤੁਸੀਂ ਦੱਸੋ....?" ਨਾਲ ਹੀ ਵਰਸ਼ਾ ਦਾ ਸਵਾਲ ਸੀ।
"ਮੈਂ ਠੀਕ ਹਾਂ, ਪਰਸੋਂ ਵਾਪਿਸ ਜਾ ਰਹੀ ਹਾਂ। ਜੇ ਤੁਹਾਡੇ ਕੋਲ ਸਮਾਂ ਹੈ ਤਾਂ ਕੱਲ ਮਿਲ ਲੈਂਦੇ ਹਾਂ...।" ਮੇਰੇ ਕੋਲ ਆਗਰਾ ਹੋਰ ਰੁਕਣ ਦਾ ਕੋਈ ਕਾਰਣ ਨਹੀਂ ਸੀ।

ਵਰਸ਼ਾ ਨੇ ਚਹਿਕ ਕੇ ਜਵਾਬ ਦਿੱਤਾ, "ਅਰ੍ਹੇ, ਪੁੱਛ ਕਿਉਂ ਰਹੇ ਹੋ...? ਕ੍ਰਿਪਾ ਕਰਕੇ ਆਓ। ਮੇਰਾ ਵੀ ਮਿਲਣ ਦਾ ਬਹੁਤ ਮਨ ਹੈ...।"

ਅਗਲੇ ਦਿਨ ਮਿਥੇ ਹੋਏ ਸਮੇਂ 'ਤੇ ਮੈਂ ਵਰਸ਼ਾ ਦੇ ਘਰ ਸੀ। ਫ਼ੇਰ ਕੀ ਸੀ? ਬਹੁਤ ਦੇਰ ਤਿੱਕ ਦੁੱਖ-ਸੁੱਖ ਫ਼ਰੋਲੇ ਗਏ। ਦੋਵੇਂ ਸਹੇਲੀਆਂ ਇੱਕ ਦੂਜੇ ਦੀ ਜਿੰਦਗੀ ਤੋਂ ਜਾਣੂੰ ਹੋਈਆਂ। ਕਿਸੇ ਵੀ ਇਨਸਾਨ ਨੂੰ ਸਿਰਫ਼ ਬਾਹਰੋਂ ਵੇਖ ਕੇ ਉਸ ਦੇ ਅੰਦਰਲੇ ਸਮੁੰਦਰ ਨੂੰ ਮਾਪਿਆ ਨਹੀਂ ਜਾ ਸਕਦਾ। ਅਗਲੀ ਵਾਰ ਜਦ ਵੀ ਪੇਕੇ ਆਈ ਤਾਂ ਮਿਲਣ ਜਰੂਰ ਆਵਾਂਗੀਂ, ਵਰਸ਼ਾ ਨੇ ਮੇਰੇ ਤੋਂ ਵਾਅਦਾ ਲਿਆ। ਅੱਧੀ ਜ਼ਿੰਦਗੀ ਪੇਕੇ ਘਰ 'ਤੇ ਅੱਧੀ ਜ਼ਿੰਦਗੀ ਸਹੁਰੇ ਘਰ ਦੇ ਪੈਡਿਆਂ ਨੂੰ ਨਾਪਦਿਆਂ ਹੀ ਹਰ ਧੀ ਆਪਣੇਪਨ ਦਾ ਹੱਕ ਜਤਾਉਂਦੇ ਹੀ ਕੱਢ ਦਿੰਦੀ ਹੈ। ਇਸ ਲਈ ਆਪਣੇ ਪੇਕੇ ਆਣ ਦਾ ਮੇਰਾ ਪੱਕਾ ਹੀ ਸੀ।

ਮੇਰਾ ਆਗਰਾ ਆਉਣਾ ਹੁੰਦਾ ਤਾਂ ਮੈਂ ਕਈ-ਕਈ ਵਾਰ ਵਰਸ਼ਾ ਨੂੰ ਉਸ ਦੇ ਘਰ ਮਿਲ ਆਉਦੀਂ ਅਤੇ ਕਈ ਵਾਰ ਉਸ ਦੇ ਘਰ ਹੀ ਰੁਕ ਜਾਂਦੀ ਸੀ।
 
"ਸ਼ੁਕਰੀਆ ਆਂਟੀ, ਤੁਸੀ ਮੈਨੂੰ ਮਿਲਣ ਲਈ ਸਾਡੇ ਘਰ ਰੁਕੇ। ਮੰਮੀ ਤੋਂ ਤੁਹਾਡੇ ਬਾਰੇ ਬਹੁਤ ਕੁਝ ਸੁਣਿਆਂ ਸੀ, ਪਰ ਹੋਸਟਲ ਵਿੱਚ ਰਹਿਣ ਕਾਰਨ ਸਾਡਾ ਮਿਲਣਾ ਨਹੀਂ ਹੋ ਪਾਇਆ....।" ਇੰਜ ਪਿਆਰ ਨਾਲ ਬੋਲਦੇ ਹੋਏ ਵਰਸ਼ਾ ਦੀ ਬੇਟੀ ਰੌਸ਼ਨੀ ਨੇ ਮੇਰੇ ਗਲੇ ਦੁਆਲੇ ਆਪਣੀਆਂ ਮਾਲੂਕ ਬਾਹਾਂ ਪਾ ਦਿੱਤੀਆਂ।

"ਮੈਨੂੰ ਵੀ ਤੈਨੂੰ ਮਿਲਣ ਦੀ ਬੜੀ ਇੱਛਾ ਸੀ। ਤੇਰੀ ਮਾਂ ਕੋਲ ਤੇਰੇ ਤੋਂ ਸਿਵਾਏ ਹੋਰ ਕੋਈ ਵਿਸ਼ਾ ਹੀ ਨਹੀਂ ਹੁੰਦਾ ਗੱਲ ਬਾਤ ਲਈ।" ਰੌਸ਼ਨੀ ਦੀ ਮਹੱਤਤਾ ਜਤਾਉਂਦੇ ਹੋਏ ਮੈਂ ਉਸ ਨੂੰ ਮੋਹ ਨਾਲ ਗਲਵਕੜੀ ਵਿੱਚ ਲੈ ਲਿਆ।
 
......ਕੋਈ ਰਿਸ਼ਤਾ ਰਾਹ ਚੱਲਦੇ ਹੋਏ ਵੀ ਬਣ ਸਕਦਾ ਹੈ ਅਤੇ ਇੰਨਾ ਗੂੜ੍ਹਾ ਵੀ ਹੋ ਸਕਦਾ ਹੈ? ਆਹ ਮੇਰੇ ਲਈ ਵੀ ਇੱਕ ਨਵਾਂ ਜਿਹਾ ਤਜ਼ਰਬਾ ਸੀ। ਮੈਂ ਜਦੋਂ ਵੀ ਪੇਕੇ ਜਾਣਾਂ, ਮੈਨੂੰ ਵਰਸ਼ਾ ਨਾਲ ਮਿਲਣ ਦਾ ਚਾਅ ਚੜ੍ਹਿਆ ਰਹਿੰਦਾ। ਸ਼ਾਇਦ ਦੋਸਤੀ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਵੱਖਰੀ ਹੀ ਹੋਂਦ ਰੱਖਦਾ ਹੈ, ਜਿਸ ਵਿੱਚ ਕੋਈ ਮੰਗ ਜਾਂ ਸੁਆਰਥ ਨਹੀਂ ਹੁੰਦਾ। ਕਈ ਵਾਰ ਅਸੀਂ ਆਪਣੇ ਮਨ ਦੀ ਗੱਲ ਪਰਿਵਾਰ ਨੂੰ ਵੀ ਖੁੱਲ੍ਹ ਕੇ ਨਹੀਂ ਦੱਸ ਸਕਦੇ, ਕਿੰਤੂ ਦੋਸਤ ਹਰ ਰਾਜ਼ ਦੇ ਹੱਕਦਾਰ ਹੁੰਦੇ ਹਨ। ਜਦੋਂ ਰੌਸ਼ਨੀ ਦੀ ਯੂਨੀਵਰਸਿਟੀ ਦੀਆਂ ਛੁੱਟੀਆਂ ਹੁੰਦੀਆਂ, ਤਾਂ ਦੋਵੇ ਮਾਂ ਧੀ ਮੇਰੇ ਘਰ ਵੀ ਆ ਕੇ ਰਹਿ ਜਾਂਦੀਆ ਸਨ।
 
ਇੱਕ ਵਾਰ ਮੈਨੂੰ ਕਿਸੇ ਕਾਰਨ ਅਚਾਨਕ ਆਗਰਾ ਆਉਣਾ ਪਿਆ। ਮੈਂ ਸੋਚਿਆ ਚਲੋ ਦੱਸ ਕੇ ਵਰਸ਼ਾ ਨੂੰ ਹੈਰਾਨ ਕਰਦੀ ਹਾਂ। ਸ਼ਾਮ ਪੰਜ ਕੁ ਵਜੇ ਵਰਸ਼ਾ ਨੌਕਰੀ ਤੋਂ ਘਰ ਮੁੜ ਹੀ ਆਉਦੀਂ ਹੈ, ਇਹ ਸੋਚ ਕੇ ਮੈਂ ਠੀਕ ਸਮੇਂ 'ਤੇ ਵਰਸ਼ਾ ਦੇ ਘਰ ਪੁੱਜੀ।

"ਭੈਣ ਜੀ....ਵਰਸ਼ਾ ਹਾਲੇ ਕੰਮ ਤੋਂ ਨਹੀਂ ਪਰਤੀ...?" ਕੁਝ ਮਿੰਟਾਂ ਦੀ ਉਡੀਕ ਤੋਂ ਬਾਅਦ ਮੈਂ ਵਰਸ਼ਾ ਦੀ ਗੁਆਂਢਣ ਨੂੰ ਪੁੱਛਿਆ।
"ਅਜੇ ਤੇ ਨਹੀਂ ਆਈ, ਹੋ ਸਕਦਾ ਹੈ ਕਿ ਹਸਪਤਾਲ ਗਈ ਹੋਵੇ...?" ਗੁਆਂਢਣ ਨੇ ਆਪਣਾ ਅੰਦਾਜ਼ਾ ਜਿਹਾ ਲਾ ਕੇ ਕਿਹਾ।
"ਹਸਪਤਾਲ...? ਕੀ ਗੱਲ ਬਿਮਾਰ ਹੈ...?" ਮੇਰਾ ਵਰਸ਼ਾ ਨੂੰ 'ਸਰਪ੍ਰਾਈਜ਼' ਦੇਣ ਦਾ ਸਾਰਾ ਉਤਸ਼ਾਹ ਰਫੂ ਚੱਕਰ ਹੋ ਗਿਆ ਸੀ।
"ਤੁਸੀਂ ਕੁਝ ਦੇਰ ਮੇਰੇ ਘਰ ਬੈਠ ਕੇ ਇੰਤਜ਼ਾਰ ਕਰ ਲਵੋ, ਇੰਨੇ ਚਿਰ ਵਿੱਚ ਉਹ ਆ ਹੀ ਜਾਏਗੀ...।" ਸਾਡੇ ਦੇਸ਼ ਦੀ ਆਹ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੈ ਕਿ ਗੁਆਂਢੀ ਵੀ ਸਹਿਯੋਗੀ ਬਣ ਜਾਂਦੇ ਹਨ।  ਮੈਂ ਧੰਨਵਾਦ ਦੇ ਰੂਪ ਵਿੱਚ ਮੁਸਕੁਰਾ ਕੇ ਵਰਸ਼ਾ ਦੀ ਗੁਆਂਢਣ ਦੇ ਨਾਲ ਅੰਦਰ ਚਲੀ ਗਈ।

"ਮੈਂ ਤੁਹਾਨੂੰ ਕਈ ਵਾਰ ਵੇਖਿਆ ਹੈ ਵਰਸ਼ਾ ਦੇ ਘਰ ਆਂਦੇ ਜਾਂਦੇ ਹੋਏ। ਵਰਸ਼ਾ ਨੇ ਦੱਸਿਆ ਸੀ ਕਿ ਤੁਹਾਡੇ ਪੇਕੇ ਹਨ ਆਗਰਾ ਵਿੱਚ...।" ਵਰਸ਼ਾ ਦੀ ਗੁਆਂਢਣ ਨੇ ਕਿਹਾ। ਜਿਸ ਦੀ ਪੌਸ਼ਾਕ ਤੋਂ ਉਹ ਇੱਕ ਬਹੁਤ ਹੀ ਸਧਾਰਣ ਜਹੀ ਘਰੇਲੂ ਔਰਤ ਲੱਗ ਰਹੀ ਸੀ।
"ਵਰਸ਼ਾ ਹਸਪਤਾਲ ਕਿਉਂ ਗਈ ਹੈ, ਕੁਝ ਪਤਾ ਹੈ ਤੁਹਾਨੂੰ....?" ਹਸਪਤਾਲ ਦੇ ਨਾਮ ਤੋਂ ਮੇਰਾ ਮਨ ਹਜੇ ਵੀ ਬੇਚੈਨ ਸੀ।
"ਮੈਨੂੰ ਪੱਕਾ ਨਹੀਂ ਪਤਾ ਕਿ ਉਹ ਹਸਪਤਾਲ ਗਈ ਕਿ ਨਹੀਂ, ਜੇ ਕਦੇ ਦਰਵਾਜ਼ੇ 'ਤੇ ਦਿਖ ਜਾਏ ਤਾਂ ਗੱਲਬਾਤ ਹੋ ਜਾਂਦੀ ਹੈ, ਵਰਨਾ ਅਸੀਂ ਇੱਕ ਦੂਜੇ ਦੇ ਘਰ ਨਹੀਂ ਆਂਦੇ ਜਾਂਦੇ...।" ਵਰਸ਼ਾ ਦੀ ਗੁਆਂਢਣ ਨੇ ਰਿਸ਼ਤੇ ਦੀ ਸਫ਼ਾਈ ਕਰ, ਮੇਰੇ ਮਨ ਵਿੱਚ ਕਈ ਸਵਾਲ ਪੈਦਾ ਕਰ ਦਿੱਤੇ।
"ਹੂੰਹਹ...! ਪਰ ਵਰਸ਼ਾ ਤੇ ਬਹੁਤ ਚੰਗੀ ਔਰਤ ਹੈ ਜਿੰਨਾ ਕੁ ਮੈਂ ਜਾਣਦੀ ਹਾਂ...?" ਮੈਨੂੰ ਥੋੜ੍ਹੀ ਪ੍ਰੇਸ਼ਾਨੀ ਹੋਈ।
"ਤੁਸੀਂ ਬਾਹਰੋਂ ਆਏ ਹੋ, ਇਸੇ ਕਰਕੇ ਸਾਇਦ ਨਹੀਂ ਪਤਾ ਹੋਵੇਗਾ...?" ਵਰਸ਼ਾ ਦੀ ਗੁਆਂਢਣ ਨੇ ਬੁਝਾਰਤ ਜਹੀ ਪਾਈ, ਔਰਤਾਂ ਨੂੰ ਗੱਲਬਾਤ ਦੀ ਭੁਮਿਕਾ ਬੰਨ੍ਹਣ ਦਾ ਗੁਣ ਵਿਰਾਸਤ ਵਿੱਚ ਮਿਲਿਆ ਹੈ।

".............?" ਮੇਰੀਆਂ ਅੱਖਾਂ ਵਿੱਚ ਬਹੁਤ ਸਾਰੇ ਸਵਾਲ ਤਣੇ ਖੜ੍ਹੇ ਸਨ।
"ਵਰਸ਼ਾ ਨੂੰ 'ਏਡਸ' ਹੈ।" ਮੂੰਹ ਦੀ ਅਜ਼ੀਬ ਜਹੀ ਰੂਪ-ਰੇਖਾ ਬਣਾ ਕੇ ਗੁਆਂਢਣ ਨੇ ਦੱਸਿਆ।
"ਕੀ.......???" ਮੇਰੇ ਸਿਰ 'ਤੇ ਜਿਵੇਂ ਕਿਸੇ ਨੇ ਹਥੌੜੇ ਨਾਲ ਵਾਰ ਕੀਤਾ ਹੋਵੇ।
"ਹਾਂਜੀ....! ਇੱਕ ਔਰਤ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸ ਦਿੱਤਾ ਹੈ, ਅੱਗੇ ਤੁਸੀਂ ਆਪ ਦੇਖ ਲਵੋ?" ਵਰਸ਼ਾ ਦੀ ਗੁਆਂਢਣ ਮੈਨੂੰ ਕੁਝ ਜ਼ਿਆਦਾ ਹੀ ਆਪਣਾਪਨ ਜਿਹਾ ਦਿਖਾ ਰਹੀ ਸੀ।
".....ਕਦੋਂ ਹੋਈ ਵਰਸ਼ਾ ਨੂੰ ....ਏ...ਡ...ਸ... ?" ਆਪਣੇ ਮਨ ਦੇ ਖਿਲਾਫ਼ ਜਾ ਕੇ ਮੈਂ ਪੁੱਛ ਲਿਆ।

"ਅਰ੍ਹੇ!.... ਇਸ ਦੇ ਪਤੀ ਦੀ ਮੌਤ ਦੇ ਕੁਝ ਸਾਲ ਬਾਅਦ ਹੀ....! ਆਖਰਕਾਰ ਜਵਾਨ ਜਹਾਨ ਹੈ, ਕਿੰਨਾਂ ਕੁ ਚਿਰ...? ....ਕੁੜੀ ਹੋਸਟਲ ਵਿੱਚ ਪਾ ਦਿੱਤੀ, ਆਪ ਨੌਕਰੀ ਕਰਦੀ ਹੈ। ਭਾਂਤ-ਭਾਂਤ ਦੇ ਲੋਕ ਮਿਲਦੇ ਹੋਣੇ...।" ਕਈ ਕਿਸਮਾਂ ਦੇ ਮੂੰਹ ਬਣਾ ਕੇ ਵਰਸ਼ਾ ਦੀ ਜ਼ਿੰਦਗੀ ਦਾ ਚਿਤਰਣ ਗੁਆਂਢਣ ਨੇ ਆਪਣੇ ਮਨ ਦੇ ਵਲਵਲਿਆ ਅਨੁਸਾਰ ਕਰ ਦਿੱਤਾ।
 
ਸਾਰੀ ਕਹਾਣੀ ਸੁਣ ਮੇਰੇ ਅੰਦਰ ਕਈ ਸਵਾਲਾਂ ਦੀ ਹਨ੍ਹੇਰੀ ਝੁੱਲਣ ਲੱਗ ਪਈ, ਜੋ ਸਿਰਫ਼ ਸੱਚ ਜਾਣ ਕੇ ਹੀ ਸ਼ਾਂਤ ਹੋਣੀ ਸੀ। ਵਰਸ਼ਾ ਨੇ ਇੰਨੀ ਵੱਡੀ ਗੱਲ ਮੈਨੂੰ ਕਿਉਂ ਨਹੀਂ ਦੱਸੀ, ਜਦੋਂ ਕਿ ਅਸੀਂ ਇੱਕ ਦੂਜੇ ਨਾਲ ਦੋਸਤੀ ਨੂੰ ਜ਼ਿੰਦਗੀ ਭਰ ਨਿਭਾਣ ਦਾ ਵਾਅਦਾ ਕਰ ਚੁੱਕੇ ਸੀ? ਦੋਸਤੀ ਅਤੇ ਇੱਕ ਗੁਆਂਢੀ ਹੋਣ ਵਿੱਚ ਨਿਸ਼ਚਤ ਤੌਰ 'ਤੇ ਇੱਕ ਅੰਤਰ ਆਹ ਜਰੂਰ ਹੁੰਦਾ ਹੈ, ਕਿ ਨਫ਼ਰਤ ਹਮਦਰਦੀ ਦਾ ਰੂਪ ਧਾਰ ਲੈਂਦੀ ਹੈ। ਮੈਂ ਇੰਨੀ ਚੰਗੀ ਮਿੱਤਰ ਨੂੰ ਗੁਆ ਨਹੀਂ ਸੀ ਸਕਦੀ। ਇੱਕ ਰੋਗ ਹੀ ਹੈ ਅਤੇ ਹੋ ਸਕਦਾ ਹੈ ਇਸ ਵੇਲੇ ਉਸ ਨੂੰ ਮੇਰੀ ਵਧੇਰੇ ਲੋੜ ਹੋਵੇ? ਮੈਂ 'ਸਰਪ੍ਰਾਈਜ਼' ਦੇਣ ਦਾ ਮਨ ਛੱਡ ਕੇ ਵਰਸ਼ਾ ਨੂੰ ਫ਼ੋਨ ਕਰ ਕੇ, ਆਉਣ ਦਾ ਸਮਾਂ ਪੁੱਛਿਆ।
ਕੁਝ ਸਮੇਂ ਬਾਅਦ ਵਰਸ਼ਾ ਵੀ ਆ ਗਈ। ਵਰਸ਼ਾ ਨੂੰ ਮੈਂ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ, ਕਿਉਂਕਿ ਅੱਜ ਕੁਝ ਜ਼ਿਆਦਾ ਹੀ ਮੋਹ ਆਇਆ ਉਸ ਦਾ ਮੈਨੂੰ! ਇੱਕ ਸੋਚ ਵੀ ਆਈ ਕਿ ਇਸ ਬਿਮਾਰੀ ਦੇ ਚੁੰਗਲ ਵਿੱਚ ਫ਼ਸੇ ਲੋਕ ਜ਼ਿਆਦਾ ਚਿਰ ਨਹੀਂ ਜਿਉਂਦੇ....!

".....ਦੱਸ ਕੇ ਆਉਂਦੀ ਤੇ ਮੈਂ ਅੱਜ ਛੁੱਟੀ ਲੈ ਲਈ ਹੁੰਦੀ,....ਨੀ ਕੁੜ੍ਹੇ?" ਸਵਾਲ ਦੇ ਪਿਆਰ ਨਾਲ ਵਰਸ਼ਾ ਨੇ ਗਿਲਾ ਕੀਤਾ।
"....ਅਚਾਨਕ ਆ ਕੇ ਤੈਨੂੰ ਹੈਰਾਨ ਕਰਨਾ ਸੀ ....ਪਰ ਮੈਨੂੰ ਹੀ 'ਸਦਮਾਂ' ਮਿਲ ਗਿਆ...।" ਮੈਂ ਅਣਸੁਲਝਿਆ ਜਿਹਾ ਜਵਾਬ ਦਿੱਤਾ। ਜਿਸ ਦੀ ਵਰਸ਼ਾ ਨੂੰ ਸਮਝ ਨਹੀਂ ਸੀ ਆਈ। ਵਰਸ਼ਾ ਗਰਗ ਨੇ ਖਾਣ ਦੀਆਂ ਚੀਜ਼ਾਂ ਮੇਜ਼ 'ਤੇ ਰੱਖੀਆਂ ਅਤੇ ਕਿਹਾ, "ਮੈਨੂੰ ਬਹੁਤ ਭੁੱਖ ਲੱਗੀ ਹੈ, ਤੂੰ ਵੀ ਕਾਫ਼ੀ ਇੰਤਜ਼ਾਰ ਕੀਤਾ ਹੈ.... ਆ ਜਾ ਫ਼ਟਾਫ਼ਟ ਮੇਰੀ ਜਾਨ...।" ਵਰਸ਼ਾ ਦੀ ਹਰਕਤ ਅਤੇ ਉਸ ਦੇ ਉਤਸ਼ਾਹ ਨੂੰ ਵੇਖ ਕੇ ਮੈਨੂੰ ਕਿਤੇ ਨਹੀਂ ਲੱਗਿਆ ਕਿ ਇਸ ਨੂੰ ਕੋਈ ਗੰਭੀਰ ਬਿਮਾਰੀ ਹੈ। ਮੈਂ ਹੱਥ ਧੋ ਕੇ ਖਾਣੇ ਦੀ ਮੇਜ਼ 'ਤੇ ਆ ਗਈ। ਮੈਂ ਇਹ ਨੋਟ ਕੀਤਾ ਕਿ ਇੰਨੇ ਕਰਾਰੇ ਮਸਾਲੇਦਾਰ ਭੋਜਨ ਨੂੰ ਵਰਸ਼ਾ ਬਹੁਤ ਚਾਅ ਨਾਲ ਖਾ ਰਹੀ ਹੈ।

"....ਤੈਨੂੰ ਅਜਿਹਾ ਮਸਾਲੇ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ...।" ਮੈਂ ਵਰਸ਼ਾ ਦਾ ਫ਼ਿਕਰ ਕਰਦੇ ਹੋਏ ਇੰਨਾ ਕੁ ਕਹਿਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੀ। 
".....ਹੂੰਹਹਹ.... ਚੰਗਾ 'ਤੇ ਤੇਰੇ ਤਿੱਕ ਵੀ ਮੇਰੀ ਗੁਆਂਢਣ ਨੇ ਪਹੁੰਚ ਕਰ ਲਈ ਅਖ਼ੀਰ...?" ਆਪਣੇ ਖਾਣੇ ਦਾ ਆਨੰਦ ਲੈਂਦਿਆਂ ਵਰਸ਼ਾ ਨੇ ਕਿਹਾ, ਜਿਵੇਂ ਹਰ ਹਕੀਕਤ ਨੂੰ ਉਹ ਸਵੀਕਾਰ ਕਰ ਲਿਆ ਸੀ।

".....ਤੂੰ ਮੇਰੇ ਬਣਾਏ ਖਾਣੇ ਦਾ ਅਨੰਦ ਲੈ....ਬਾਅਦ ਵਿੱਚ  ਮੇਰੇ ਰੋਣੇ ਸੁਣ ਲਈਂ, ਸਾਰੀ ਰਾਤ ਪਈ ਹੈ।" ਸ਼ਾਇਦ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਵਰਸ਼ਾ ਜ਼ਿੰਦਾਦਿਲੀ ਨਾਲ ਜਿਉਣਾ ਚਾਹੁੰਦੀ ਹੈ, ਇਹ ਸੋਚ ਕੇ ਮੈਂ ਥੋੜ੍ਹਾ ਬਹੁਤ ਭੋਜਨ ਭੁੱਖ ਨਾ ਹੋਣ ਕਰਕੇ ਵੀ ਖਾ ਲਿਆ। ਵਰਸ਼ਾ ਆਪਣੇ ਰੋਜ਼ਾਨਾ ਦੇ ਕੰਮ ਨਿਬੇੜ ਰਹੀ ਸੀ, ਮੈਂ ਹਜ਼ਾਰਾਂ ਸਵਾਲਾਂ ਦੀ ਗੰਢੜੀ ਵਿੱਚ ਆਪਣੇ ਆਪ ਨੂੰ ਘੁੱਟਿਆ ਹੋਇਆ ਮਹਿਸੂਸ ਕਰ ਰਹੀ ਸੀ ਅਤੇ ਇਸ ਦੀ ਗੰਢ ਵਰਸ਼ਾ ਹੀ ਖੋਲ੍ਹ ਸਕਦੀ ਸੀ। ਇਸ ਲਈ ਉਸ ਦੇ ਵਿਹਲੇ ਹੋਣ ਦਾ ਮੈਂ ਇੰਤਜ਼ਾਰ ਕਰ ਰਹੀ ਸੀ।

"...ਜੇਕਰ ਤੂੰ ਕੱਲ੍ਹ ਰੁਕਣਾ ਹੈ, ਤੇ ਮੈਂ ਕੱਲ ਦੀ ਛੁੱਟੀ ਲੈ ਲਵਾਂ ਅਜੂਨੀ?" ਵਰਸ਼ਾ ਦਾ ਸਵਾਲ ਸੀ।
"ਨਹੀਂ, ਸਵੇਰੇ ਮੈਂ ਜਾਣਾਂ....! ਅਸੀਂ ਦੋਵੇਂ ਇਕੱਠੇ ਰਵਾਨਾ ਹੋ ਜਾਵਾਂਗੇ...।" ਮੈਂ ਆਪਣੀ ਯੋਜਨਾ ਦੇ ਵਿਰੁੱਧ ਜਾ ਕੇ ਜਵਾਬ ਦਿੱਤਾ। ਸ਼ਾਇਦ ਮੇਰੇ ਮਨ ਵਿੱਚ ਕਿਤੇ ਰੋਸ ਵੀ ਸੀ ਕਿ ਵਰਸ਼ਾ ਨੇ ਮੈਨੂੰ ਆਪਣਾ "ਏਡਜ਼" ਵਾਲਾ ਰਾਜ਼ ਕਿਉਂ ਨਹੀਂ ਦੱਸਿਆ...? ਦੁਨੀਆਂ ਵਿੱਚ ਵਿੱਚਰਨ ਵਾਲਿਆਂ ਨੂੰ ਦੂਜੇ ਲੋਕਾਂ ਦੇ ਚਿਹਰੇ ਪੜ੍ਹਨੇ ਬਹੁਤ ਖੂਬ ਆ ਜਾਂਦੇ ਹਨ। ਵਰਸ਼ਾ ਵੀ ਮੇਰੀਆਂ ਭਾਵਨਾਵਾਂ ਨੂੰ ਮੇਰੇ ਚਿਹਰੇ ਤੋਂ ਪੜ੍ਹ ਚੁੱਕੀ ਸੀ।
 
ਵਰਸ਼ਾ ਜਲਦੀ ਹੀ ਆਪਣਾ ਕੰਮ ਨਿਬੇੜ ਕੇ ਬੋਲੀ, "ਸੌਰੀ ਯਾਰ, ਤੈਨੂੰ ਮੇਰੀ ਸੱਚਾਈ ਜਾਨਣ ਲਈ ਇੰਨੀ ਉਡੀਕ ਕਰਨੀ ਪਈ.....ਆ ਜਾ...ਸਭ ਕੰਮ ਨਿੱਬੜ ਗਿਆ ਹੈ...ਲੰਮਾ ਪੈ ਕੇ ਅਰਾਮ ਨਾਲ ਗੱਲਬਾਤ ਕਰਦੇ ਹਾਂ…।"
 "ਇੰਨੀ ਭਿਆਨਕ ਬਿਮਾਰੀ ਦੇ ਕਾਰਨ ਵਰਸ਼ਾ ਦੀ ਜ਼ਿੰਦਗੀ ਦਾ ਤਾਂ ਹੁਣ ਕੋਈ ਭਰੋਸਾ ਨਹੀਂ ਹੈ, ਸ਼ਾਇਦ ਆਪਣੀ ਬੇਟੀ ਦੀ ਜ਼ਿੰਮੇਂਵਾਰੀ ਮੈਨੂੰ ਦਿਊਗੀ?" ਕੁਝ ਇੰਜ ਦੀ ਸੋਚ ਨੇ ਮੈਨੂੰ ਅਜੇ ਵੀ ਜਕੜਿਆ ਹੋਇਆ ਸੀ।

ਮੈਂ ਚੁੱਪ ਚਾਪ ਵਰਸ਼ਾ ਕੋਲ ਆ ਕੇ ਪੈ ਗਈ ਅਤੇ ਉਸ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਹਮਦਰਦੀ ਨਾਲ ਪਲੋਸਣ ਲੱਗ ਪਈ।

"....ਅਜੂਨੀ, .....ਜੀਵਨ ਸਾਥੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਕਿਸ ਤਰ੍ਹਾਂ ਦੇ ਚਿਹਰੇ ਦਿਖਾਉਂਦੀ ਹੈ? ਇਸ ਸਥਿਤੀ ਦਾ ਸਾਹਮਣਾ ਮੈਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਜਲਦੀ ਹੀ ਕਰਨਾ ਪੈ ਗਿਆ ਸੀ....ਗੁਆਂਢੀ ਵੀ ਇੱਕ ਇਕੱਲੀ ਔਰਤ ਨੂੰ ਵੇਖ ਕੇ ਆਪਣੇ ਤੱਕਣ ਦਾ ਅੰਦਾਜ਼ ਬਦਲ ਲੈਂਦੇ ਹਨ....।" 

".....ਹੂੰਹਹਹ....ਆਹ ਦੁਨੀਆ ਕਿਸੇ ਇਕੱਲੀ ਔਰਤ ਲਈ ਸੱਚਮੁੱਚ ਹੀ ਇੱਕ ਮੰਝਧਾਰ ਹੈ, ਜੇ ਕਰ ਉਹ ਜਵਾਨ ਵੀ ਹੋਵੇ ਅਤੇ ਇਕੱਲੀ ਵੀ.... ਕਿੰਤੂ ਰਸਤਾ ਤੇ ਅਸੀਂ ਫੇਰ ਵੀ ਆਪ ਹੀ ਚੁਣਦੇ ਹਾਂ....।" ਮੇਰੇ ਜਵਾਬ ਵਿੱਚ ਵੀ ਇੱਕ ਸਵਾਲ ਸੀ।

"ਬਿਲਕੁਲ ਸਹੀ, ਕਿਸੇ ਇੱਕ ਲਈ ਚੁੱਕਿਆ ਕਦਮ ਉਸ ਦੇ ਲਈ ਸਹੀ ਹੈ ਪਰ....ਉਹੀ ਕਦਮ ਦੂਜੇ ਲਈ ਗ਼ਲਤ ਹੋ ਸਕਦਾ ਹੈ....।" ਵਰਸ਼ਾ ਕਰਵਟ ਲੈ ਆਪਣਾ ਮੂੰਹ ਛੱਤ ਵੱਲ ਕਰ, ਅੱਖਾਂ ਕਮਰੇ ਦੇ ਵਿਚਕਾਰ ਲੱਗੇ ਪੱਖੇ ਦੀ ਧੁਰੀ ਉਪਰ ਟਿਕਾਅ ਲਈਆਂ, ਆਪਣਾ ਹੱਥ ਮੇਰੇ ਤੋਂ ਛੁਡਾ ਲਿਆ ਅਤੇ ਬਹੁਤ ਗੰਭੀਰ ਹੋ ਆਪਣੀ ਗਾਥਾ ਸੁਨਾਣ ਲੱਗੀ।
 
"....ਪਤੀ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਨੇ ਆਪਣਾ ਦੂਸਰਾ ਚਿਹਰਾ ਦਿਖਾਇਆ, ਅਤੇ ਲੋਕਾਂ ਨੇ ਆਪਣਾਂ ਅਸਲ ਮਨਹੂਸ ਚਿਹਰਾ....! ਜਿਸ ਗੁਆਂਢਣ ਨੇ ਤੈਨੂੰ ਮੇਰੇ ਬਾਰੇ ਜੋ ਕੁਝ ਵੀ ਦੱਸਿਆ ਹੈ... ਉਹ ਮੈਂ ਉਸ ਦੇ ਘਰ ਕਲੇਸ਼ ਹੋਣ ਤੋਂ ਬਚਾਉਣ ਲਈ ਹੀ ਆਪਣੇ 'ਤੇ "ਏਡਜ਼ ਦਾ ਸ਼ਸ਼ਤਰ" ਪਾਇਆ ਹੈ।....ਇੱਕ ਦਿਨ ਮੇਰੇ ਘਰ ਕੋਈ ਬਿਜਲੀ ਦੀ ਖਰਾਬੀ ਹੋ ਗਈ, ਅਤੇ ਮੈਂ ਗੁਆਂਢਣ ਦੇ ਘਰ ਵਾਲੇ ਨੂੰ ਕਿਹਾ ਕਿ ਆ ਕੇ ਚੈੱਕ ਕਰ ਲਵੇ.... ਸਾਰੀਆਂ ਲਿਹਾਜ਼ ਦੀਆਂ ਹੱਦਾ ਪਾਰ ਕਰ ਉਹ ਮਾੜੀ ਨਜ਼ਰ ਨਾਲ ਹੀ ਮੇਰੇ ਘਰ ਆਇਆ.... ਹੱਥ ਫ਼ੜ ਕੇ ਬਕਵਾਸ ਕਰਨ ਲੱਗਿਆ, "ਪੇਟ ਦੀ ਭੁੱਖ ਦੇ ਨਾਲ ਕੁਝ ਹੋਰ ਵੀ ਲੋੜਾਂ ਹੁੰਦੀਆਂ ਨੇ....ਇੱਕ ਗਵਾਂਢੀ ਹੋਣ ਦੇ ਨਾਤੇ, ਮੇਰਾ ਵੀ  ਕੋਈ ਫਰਜ਼ ਬਣਦਾ ਹੈ, ਆਹ ਤੇਰੇ ਅਤੇ ਮੇਰੇ ਵਿੱਚ ਹੀ ਰਹੇਗਾ"....ਆਹ ਸਿਰਫ਼ ਇੱਕ ਸ਼ੁਰੂਆਤ ਸੀ।" ਵਰਸ਼ਾ ਦੀਆਂ ਅੱਖਾਂ ਭਰ ਆਈਆਂ ਅਤੇ ਉਸ ਦੇ ਮਨ ਦਾ ਦਰਦ ਅੱਖਾਂ ਦੇ ਕਿਨਾਰਿਆਂ ਤੋਂ ਵਗਣ ਲੱਗ ਪਿਆ .....। ਵਰਸ਼ਾ ਗਰਗ ਦੇ ਅੰਦਰ ਦੱਬੇ ਰਹੱਸ ਨੂੰ ਮੈਂ ਉਸ ਦੇ ਚਿਹਰੇ ਤੋਂ ਨੂੰ ਸਾਫ਼ ਪੜ੍ਹ ਰਹੀ ਸੀ।

ਵਰਸ਼ਾ ਨੇ ਆਪਣੀ ਗੱਲ ਜਾਰੀ ਰੱਖੀ...."ਮੈਨੂੰ ਕੁਝ ਸੁਝਦਾ ਨਹੀਂ ਸੀ, ਹਰ ਇੱਕ ਦੀਆਂ ਨਜ਼ਰਾਂ ਜਿਵੇਂ ਮੈਨੂੰ ਖਾ ਹੀ ਜਾਣਾਂ ਚਾਹੁੰਦੀਆਂ ਸੀ। ਹਰ ਵੇਲੇ ਦੀ ਪ੍ਰੇਸ਼ਾਨੀ ਦਾ ਮੇਰੇ ਕੋਲ ਇੱਕ ਹੀ ਉਪਾਅ ਸੀ ਕਿ ਇੰਨ੍ਹਾਂ ਦਰਿੰਦਿਆਂ ਤੋਂ ਬਚਣ ਲਈ ਆਪਣੇ ਆਪ ਨੂੰ ਕਿਸੇ "ਸੁਰੱਖਿਆ ਕਵਚ" ਵਿੱਚ ਪਾ ਲਵਾਂ...।" ਵਰਸ਼ਾ ਨੇ ਆਪਣੇ ਹੰਝੂ ਸਾਫ਼ ਕੀਤੇ ਅਤੇ ਹਾਉਕੇ ਵਰਗਾ ਸਾਹ ਲਿਆ।

".......ਔਹ....!!" ਮੈਨੂੰ ਕੁਝ-ਕੁਝ ਸਮਝ ਆ ਗਿਆ ਸੀ ਅਤੇ ਮੈਂ ਇੱਕ ਔਰਤ ਹੋਣ ਕਰ ਕੇ ਵਰਸ਼ਾ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਵੀ ਰਹੀ ਸੀ।

".....ਮੈਂ ਇੱਕ-ਦੋ ਨੂੰ ਕਿਹਾ ਕਿ ਲੱਗਦਾ ਹੈ ਮੈਨੂੰ ....ਏ...ਡ...ਸ... ਹੋ ਗਈ ਹੈ। ਕੁਝ ਲੱਛਣ ਮੈਨੂੰ ਇਸ ਰੋਗ ਦੇ ਆਪਣੇ ਆਪ ਵਿੱਚ ਮਹਿਸੂਸ ਹੁੰਦੇ ਹਨ.... ਆਪਣੀ ਮਾਨਸਿਕ ਸ਼ਾਂਤੀ ਬਣਾਈ ਰੱਖਣ ਲਈ ਬੱਸ ਇਹੋ ਫ਼ਾਰਮੂਲਾ ਹੀ ਕਾਫ਼ੀ ਸੀ ..... ਬਾਕੀ ਦੀ ਕਹਾਣੀ ਬਣਾਉਣ ਲਈ ਮੈਂ ਲੋਕਾਂ ਨੂੰ ਇੱਕ "ਸਿਰਲੇਖ" ਦੇ ਦਿੱਤਾ ਸੀ.... ਮਰਦ ਸਮਾਜ ਵਿੱਚ ਇਸ ਨਾਮ ਦੀ ਦਹਿਸ਼ਤ ਹੀ ਕਾਫੀ ਸੀ..... ਅਤੇ ਔਰਤਾਂ ਨੂੰ ਮਸਾਲੇਦਾਰ ਵਿਸ਼ਾ ਮਿਲ ਗਿਆ ਸੀ, ਸਿਰ ਜੋੜ ਕੇ ਗੱਲਾਂ ਕਰਨ ਦਾ; ਪਤੀ ਰਿਹਾ ਨਹੀਂ, ਹੁਣ ਤਾਂ ਅਵਾਰਾ ਹੋਣਾਂ ਹੀ ਸੀ, ਕੋਈ ਸ਼ਰਮ ਨਹੀਂ ਕੀਤੀ, ਇੰਜ ਦੀਆਂ ਹੀ ਹੁੰਦੀਆਂ ....।"

ਸਮਾਜ ਵਿੱਚ ਚਿਤਰੀ ਗਈ ਆਪਣੀ ਤਸਵੀਰ ਬਾਰੇ ਦੱਸਦੀ ਵਰਸ਼ਾ ਦੀਆਂ ਅੱਖਾਂ ਆਪਣੇ ਨਾਮ ਨੂੰ ਸੱਚ ਕਰਦਿਆਂ ਹੋਇਆ ਸਾਵਣ ਦੀ ਭਿਆਨਕ "ਵਰਸ਼ਾ" ਵਾਂਗ ਵਰ੍ਹ ਰਹੀਆਂ ਸਨ। ਉਸ ਦੀ ਹੁਣ ਤਿੱਕ ਦੀ ਜਰੀ ਸਾਰੀ ਤਕਲੀਫ਼ ਉਸ ਦੀਆਂ ਬੇਵੱਸ ਅੱਖਾਂ ਵਿੱਚੋਂ ਫੁੱਟ ਰਹੀ ਸੀ। ਮੈਂ ਘੁੱਟ ਕੇ ਵਰਸ਼ਾ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਮੇਰੀਆਂ ਅੱਖਾਂ "ਤ੍ਰਿੱਪ-ਤ੍ਰਿੱਪ" ਹੰਝੂ ਕੇਰਦਿਆਂ ਉਸ ਦੇ ਦੁੱਖ ਦੀ ਹਾਮ੍ਹੀਂ ਭਰਨ ਲੱਗ ਪਈਆਂ। ਹੁਣ ਸੁਣਨ ਅਤੇ ਬੋਲਣ ਲਈ ਕੁਝ ਬਾਕੀ ਨਹੀਂ ਸੀ ਬਚਿਆ। ਮੈਂ ਹੌਲੀ-ਹੌਲੀ ਵਰਸ਼ਾ ਦੇ ਸਿਰ ਨੂੰ ਪਲੋਸਣ ਲੱਗ ਪਈ। ਝੂਠ ਦੀ ਚਾਦਰ ਓੜ੍ਹ ਕੇ ਜ਼ਿੰਦਗੀ ਨੂੰ ਜਿਉਣ ਲਈ ਮਜ਼ਬੂਰ ਹੋਈ ਇਸ ਬਹਾਦਰ ਸਹੇਲੀ ਨੂੰ ਧੁਰ ਹਿਰਦੇ ਤੋਂ "ਸਲਾਮ" ਕਰਦੀ ਰਹੀ। ਕਿੰਨਾ ਵੱਡਾ ਜਿਗਰਾ ਕੀਤਾ ਹੈ ਇਸ ਨੇ ਆਪਣੇ ਬੇਦਾਗ ਜਿਹੇ ਦਾਮਨ 'ਤੇ ਆਪ ਹੀ ਦਾਗ ਲਾ ਕੇ! ਬੁਰੀ ਨਜ਼ਰ ਤੋਂ ਬਚਣ ਲਈ ਕਾਲਸ ਦਾ ਟਿੱਕਾ ਲਾਉਣ ਵਾਂਗ ਇਸ ਨੇ ਆਪਣੀ ਇੱਜ਼ਤ ਦਾ ਲੱਠਾ ਇੱਕ ਮਨਹੂਸ ਬਿਮਾਰੀ ਦਾ ਬਹਾਨਾ ਲਾ ਕੇ ਬਚਾਈ ਰੱਖਿਆ। ਲੋਕਾਂ ਨੂੰ ਟਾਈਮ ਪਾਸ ਕਰਨ ਦਾ ਵਿਸ਼ਾ ਦੇ ਕੇ ਵਰਸ਼ਾ ਨੇ "ਇਕੱਲਤਾ" ਦੇ ਸਫ਼ਰ ਨੂੰ ਸੌਖਾ ਬਣਾ ਲਿਆ ਹੈ। ਬਾਹਰ ਭਾਵੇਂ ਰਾਤ ਦੀ ਗੂੜ੍ਹੀ ਕਾਲੀ ਚਾਦਰ ਛਾ ਰਹੀ ਸੀ, ਕਿੰਤੂ ਇਸ ਕਾਲੇ ਅੰਬਰ ਵਿੱਚ ਰੌਸ਼ਨੀ ਭਰੇ ਤਾਰੇ ਵੀ ਟਹਿਕ ਰਹੇ ਸਨ, ਬਿਲਕੁਲ ਵਰਸ਼ਾ ਦੀ ਬੇਟੀ ਰੌਸ਼ਨੀ ਵਾਂਗ!

...............ਘੜੀ ਦੀਆਂ ਸੂਈਆਂ "ਟਿੱਕ-ਟਿੱਕ" ਕਰ ਸਵੇਰ ਹੋਣ ਦਾ ਸੰਕੇਤ ਕਰ ਰਹੀਆਂ ਸਨ।

"ਉਠ ਜਾ ਮੇਰੀ ਜਾਨ, ਮੇਰੀ ਨੌਕਰੀ ਹੈ ਅੱਜ, ਜੇ ਕਹੇ ਤਾਂ ਛੁੱਟੀ ਲੈ ਲਵਾਂ?" ਵਰਸ਼ਾ ਦੇ ਬੋਲਾਂ ਵਿੱਚ ਮੇਰੇ ਲਈ ਪਿਆਰ ਅਤੇ ਕੰਮ ਪ੍ਰਤੀ ਜਿੰਮੇਵਾਰੀ ਝਲਕ ਰਹੀ ਸੀ।

"....ਦਿਨ ਕੁਝ ਜ਼ਿਆਦਾ ਜਲਦੀ ਨਹੀਂ ਚੜ੍ਹ ਗਿਆ ਅੱਜ?.....ਨਹੀਂ, ਤੂੰ ਕੰਮ 'ਤੇ ਚੱਲ ਅਤੇ ਮੈਂ ਘਰ ਵਾਪਿਸ ਜਾਣਾਂ ਹੈ…ਅੱਜ ਦੀ ਮੁਲਾਕਾਤ ਬੱਸ ਇਤਨੀ....।" ਮੈਂ ਛਾਲ ਮਾਰ ਬਿਸਤਰੇ ਤੋਂ ਬਾਹਰ ਹੋ ਗਈ ਅਤੇ ਦੋਵੇਂ ਸਹੇਲੀਆਂ ਨੇ ਆਪਣੇ-ਆਪਣੇ ਸਫ਼ਰ ਦਾ ਰੁੱਖ ਸ਼ੁਰੂ ਕਰ ਦਿੱਤਾ। ਇੱਕ ਹੋਰ ਦਿਨ ਦੀ ਚੁਣੌਤੀ ਦਾ ਸਾਹਮਣਾਂ ਕਰਨ ਲਈ। ਜਦ ਮੈਂ ਵਰਸ਼ਾ ਗਰਗ ਦੀ ਦਹਿਲੀਜ਼ ਤੋਂ ਕਦਮ ਬਾਹਰ ਰੱਖਿਆ ਤਾਂ ਚੰਦ ਲਾਈਨਾਂ ਮੇਰੇ ਮਨ ਵਿੱਚ ਉਭਰ ਆਈਆਂ, "ਮਰਦ ਕਹਿੰਦਾ ਹੈ ਕਿ ਇਕੱਲੀ ਔਰਤ ਮਹਿਫੂਜ਼ ਨਹੀਂ ਹੁੰਦੀ, ਪ੍ਰੰਤੂ ਇਹ ਨਹੀਂ ਦੱਸਦਾ ਕਿ ਕਿਸ ਦੀ ਵਜ੍ਹਾ ਤੋਂ....? ਇਹ "ਬੁਰਕੇ ਹੇਠਲਾ ਸੱਚ" ਕਿਸ ਤੋਂ ਛੁਪਿਆ ਹੋਇਆ ਸੀ......??"

 



****************************************************************


ਉਧਾਰੀ ਮਮਤਾ ਦਾ ਨਿੱਘ
ਅਜੀਤ ਸਤਨਾਮ ਕੌਰ, ਲੰਡਨ       
 (30/09/2019)


ajit satnam



ਵਾਰਿਸ ਵੀਰ ਦੇ ਫੋਨ ਨੇ ਮੈਨੂੰ ਖੁਸ਼ੀ ਨਾਲ ਭਰ ਦਿੱਤਾ।

ਵਾਰਿਸ ਵੀਰ ਨੇ ਦੱਸਿਆ ਕਿ ਉਸ ਦਾ ਦੋਸਤ ਸਰਬਜੋਤ ਸਿੰਘ ਆਪਣੀ ਮਾਂ ਨੂੰ ਲੰਡਨ ਘੁੰਮਾਣ ਲਿਆਣਾਂ ਚਾਹੁੰਦਾ ਹੈ ਅਤੇ ਉਹ ਸਾਰੇ, ਕੁਝ ਦਿਨ ਮੇਰੇ ਘਰ ਰਹਿਣਗੇ। ਵੀਰ ਜੀ ਬਹੁਤ ਲੰਮੇ ਸਮੇਂ ਬਾਅਦ ਮੇਰੇ ਘਰ ਲੰਡਨ ਆ ਰਹੇ ਸੀ। ਇਟਲੀ ਭਾਵੇਂ ਜ਼ਿਆਦਾ ਦੂਰ ਨਹੀਂ ਹੈ, ਪਰ ਇੱਥੇ ਦੀ ਜ਼ਿੰਦਗੀ ਦਾ ਰੁਝਾਨ ਇੰਜ ਦਾ ਹੈ ਕਿ ਯੋਜਨਾਵਾਂ ਬਣੀਆਂ ਹੀ ਰਹਿ ਜਾਂਦੀਆਂ ਹਨ। ਮੈਂ ਨੌਕਰੀ ਤੋਂ ਕੁਝ ਦਿਨਾਂ ਦੀ ਛੁੱਟੀਆਂ ਲੈ, ਘਰ ਦੀ ਤਿਆਰੀ ਵਿੱਚ ਜੁਟ ਗਈ। ਘਰ ਦੇ ਬਾਹਰ ਟੈਕਸੀ ਰੁਕੀ ਅਤੇ ਮੈਂ ਅੱਗੇ ਵਧ ਸਭ ਦਾ ਸਵਾਗਤ ਕੀਤਾ।

ਸਰਬਜੋਤ ਵੀਰ ਜੀ ਦੇ ਨਾਲ ਇੱਕ ਬਹੁਤ ਹੀ ਮਾਸੂਮ ਜਹੀ ਬੁਜੁਰਗ ਮਾਤਾ ਸੀ ਜਿਸ ਦੀਆਂ ਨਜ਼ਰ ਦੀਆਂ ਮੋਟੀਆਂ ਐਨਕਾਂ ਅਤੇ ਚਾਂਦੀ ਵਰਗੇ ਚਿੱਟੇ ਵਾਲ ਉਸ ਦੀ ਉਮਰ ਦੇ ਤਜ਼ਰਬੇ ਦਾ ਮਾਣ ਕਰਵਾ ਰਹੇ ਸੀ। ਮੈਂ ਅੱਗੇ ਵਧ ਮਾਤਾ ਨੂੰ "ਸਤਿ ਸ੍ਰੀ ਅਕਾਲ" ਕੀਤੀ ਤਾਂ ਬਜੁਰਗ ਮਾਤਾ ਮੇਰੇ ਮੱਥੇ ਨੂੰ ਚੁੰਮ ਕੇ ਮੈਨੂੰ ਅਸੀਸਾਂ ਦੇਣ ਲੱਗ ਪਈ। ਸਰਬਜੋਤ ਵੀਰ ਬੁਜਰਗ ਮਾਂ ਦਾ ਹੱਥ ਫੜ ਹੌਲੀ-ਹੌਲੀ ਤੋਰਦੇ ਹੋਏ ਘਰ ਦੇ ਅੰਦਰ ਆ ਗਏ।

"ਤੁਸੀਂ ਹੱਥ ਮੂੰਹ ਧੋ ਕੇ ਫਰੈਸ਼ ਹੋ ਜਾਓ ਬੀਜੀ।" ਥੋੜੀ ਦੇਰ ਬਾਅਦ ਸਰਬਜੋਤ ਵੀਰ ਨੇ ਮਾਂ ਨੂੰ ਤੌਲੀਆ ਫੜਾਉਂਦੇ ਹੋਏ ਕਿਹਾ ਅਤੇ ਨਾਲ ਹੀ ਸਲੀਪਰ ਮਾਂ ਦੇ ਪੈਰਾਂ ਕੋਲ ਰੱਖ ਦਿੱਤੇ। ਮੈਂ ਅੱਗੇ ਵਧ ਕੇ ਉਨ੍ਹਾਂ ਨੂੰ ਬਾਥਰੂਮ ਦਿਖਾਇਆ। ਚਾਹ ਪਾਣੀ ਤੋਂ ਵੇਹਲੇ ਹੋ ਕੇ ਅਸੀ ਸਾਰੇ ਇੱਥੇ-ਉਥੇ ਦੀਆਂ ਗੱਲਾਂ ਕਰਨ ਲੱਗ ਪਏ।

"ਕੱਲ੍ਹ ਅਸੀਂ ਸਾਰੇ ਸਾਊਥਹਾਲ ਗੁਰਦੁਆਰੇ ਮਾਂ ਨੂੰ ਦਰਸ਼ਨ ਕਰਵਾ ਲਿਆਨੇ ਹਾਂ।" ਵਾਰਿਸ ਵੀਰ ਨੇ ਅਗਲੇ ਦਿਨ ਦਾ ਪਲਾਨ ਉਲੀਕ ਦਿੱਤਾ। ਮਾਂ ਦੇ ਸੌਣ-ਬੈਠਣ ਅਤੇ ਹਰ ਗੱਲ ਦਾ ਸਰਬਜੋਤ ਵੀਰ ਪੂਰਾ ਖਿਆਲ ਰੱਖ ਰਹੇ ਸੀ। ਰਾਤ ਮੈਂ ਬੁਜੁਰਗ ਮਾਤਾ ਦੇ ਕਮਰੇ ਵਿੱਚ ਪਾਣੀ ਰੱਖਣ ਗਈ 'ਤੇ ਉਨ੍ਹਾਂ ਮੇਰੀ ਬਾਂਹ ਫੜ ਕੋਲ ਬਿਠਾ ਲਿਆ।

"ਧੀਏ, ਤੇਰੇ ਪੇਕੇ ਕਿੱਥੇ ਹਨ, ਇੱਧਰ ਹੀ ਹਨ ਜਾਂ ਫੇਰ ਇੰਡੀਆ?" ਉਸ ਬੁਜੁਰਗ ਮਾਤਾ ਨੇ ਬੜੇ ਸਹਿਜ ਜਿਹੇ ਨਾਲ ਪੁੱਛਿਆ।
"ਜੀ, ਇੰਡੀਆ ਹਨ।" ਮੇਰਾ ਉਤਰ ਸੀ।
"ਜਾਂਦੀ ਰਹਿੰਦੀ ਏਂ ਉਨ੍ਹਾਂ ਨੂੰ ਮਿਲਣ?" ਬੁਜੁਰਗ ਮਾਤਾ ਨੇ ਅੱਗੇ ਫਿਰ ਪੁੱਛਿਆ।
"ਨਹੀਂ, ਜ਼ਿਆਦਾ ਨਹੀਂ ਜਾ ਹੁੰਦਾ, ਇੱਥੇ ਵੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਹੈ, ਉਪਰੋਂ ਨੌਕਰੀ ਵੀ ਹੈ ਮੇਰੀ। ਫੋਨ ਕਰ ਕੁਰ ਦੇਨੀਂ ਹਾਂ, ਬੱਸ" ਮੈਂ ਆਮ ਜਹੀ ਗੱਲ ਕਰ ਦਿੱਤੀ।

"........ਚੱਲ! ਤੇਰੀ ਅਵਾਜ਼ ਨਾਲ ਹੀ ਉਨ੍ਹਾਂ ਨੂੰ ਠੰਡ ਪੈ ਜਾਂਦੀ ਹੋਣੀ ਹੈ। ਪਰ ਸਾਲ 'ਚ ਇੱਕ ਵਾਰ ਜਾ ਆਇਆ ਕਰ। ਔਲਾਦ ਦੇ ਦਰਸ਼ਨ ਕਰ ਕੇ ਮਾਪਿਆਂ ਦੀਆਂ ਅੱਖਾਂ ਦੀ ਰੋਸ਼ਨੀ ਵਧ ਜਾਂਦੀ ਹੈ, ਧੀਏ।" ਓਸ ਮਾਤਾ ਨੇ ਆਪਣੀ ਕਿਸੇ ਹੱਡਬੀਤੀ ਦਾ ਜਿਵੇਂ ਕੋਈ ਨਿਚੋੜ ਕੱਢ ਕੇ ਮੈਨੂੰ ਦਿੱਤਾ।

"ਹਾਂਜੀ, ਦਿਲ ਤੇ ਕਰਦਾ ਹੈ, ਪਰ ਮਜਬੂਰੀ ਹੈ.....।" ਮੈਂ ਬੁਜਰਗ ਮਾਤਾ 'ਤੇ ਕੰਬਲ ਪਾ ਸਵੇਰੇ ਘੁੰਮਣ ਦੇ ਪਲਾਨ ਨੂੰ ਮਨ ਵਿੱਚ ਦੁਹਰਾਉਂਦੇ ਹੋਏ, ਕਮਰੇ ਤੋਂ ਬਾਹਰ ਆ ਗਈ। ਮਾਤਾ ਨੇ ਇੱਕ ਲੰਮਾ ਜਿਹਾ ਸਾਹ ਭਰਿਆ, ਪਰ ਕੁਝ ਬੋਲੀ ਨਹੀਂ।

ਸਵੇਰੇ ਅਸੀਂ ਸਭ ਗੁਰੂ ਘਰ ਨੂੰ ਰਵਾਨਾ ਹੋ ਗਏ। ਗੁਰਦੁਆਰੇ ਮਾਂ ਦਾ ਹੱਥ ਫੜ ਕੇ ਸਰਬਜੋਤ ਵੀਰ ਨੇ ਮਾਂ ਨੂੰ ਮੱਥਾ ਟਿਕਾਇਆ। ਅਸੀਂ ਸਾਰਿਆਂ ਨੇ ਲੰਗਰ ਛਕਿਆ, ਉਸ ਵੇਲੇ ਵੀ ਸਰਬਜੋਤ ਵੀਰ ਮਾਂ ਨੂੰ ਬਹੁਤ ਖਿਆਲ ਨਾਲ ਲੰਗਰ ਛਕਵਾ ਰਹੇ ਸੀ। ਦੋ ਕੁ ਘੰਟੇ ਗੁਰਦੁਆਰੇ ਰੋਕ ਕੇ ਅਸੀਂ ਸਾਰੇ ਕੁਝ ਦੇਖਣ ਵਾਲੀਆਂ ਥਾਂਵਾਂ, ਘੁੰਮਣ ਲਈ ਬਾਹਰ ਨਿਕਲ ਆਏ। ਸਬਰਜੋਤ ਵੀਰ ਮਾਂ ਕੋਲ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਹੋਏ ਸੀ।

"ਬੀਜੀ, ਹੋਰ ਦੱਸੋ ਕਿੱਥੇ ਘੁੰਮਣਾ ਚਾਹੁੰਦੇ ਹੋ?" ਮੈਂ ਪੁੱਛਿਆ।
"ਧੀਏ ਮੈਂ ਤੇ ਗੁਰੂ ਘਰ ਦੇ ਦਰਸ਼ਣ ਹੀ ਕਰਨੇ ਸੀ।" ਬੀਜੀ ਨੇ ਬਹੁਤ ਸ਼ਰਧਾ ਨਾਲ ਜਵਾਬ ਦਿੱਤਾ।

"ਮਾਂ ਦੀ ਇੱਛਾ ਸੀ ਇਸ ਲਈ ਮੈਂ ਗੁਰਘਰ ਆਇਆ ਸੀ, ਨਹੀਂ ਤਾਂ ਆਪਾਂ ਤੇ ਸਵੇਰੇ ਰੱਬ ਦੇ ਦਰਸ਼ਣ ਮਾਂ ਵਿੱਚੋਂ ਹੀ ਕਰਕੇ ਕੰਮ ਨੂੰ ਚਲੇ ਜਾਈਦਾ ਹੈ।" ਸਰਬਜੋਤ ਵੀਰ ਦੀ ਗੱਲ ਵਿੱਚ ਮਾਂ ਵਾਸਤੇ ਕਿੰਨੀ ਸ਼ਰਧਾ ਭਰੀ ਹੋਈ ਸੀ। ਘੁੰਮਦੇ ਘੁੰਮਾਂਦੇ ਹੋਏ ਅਸੀਂ ਚਿਰਕੇ ਜਹੇ ਘਰ ਪਹੁੰਚੇ।

"ਲੱਗਦਾ ਹੈ ਬੀਜੀ ਥੱਕ ਗਏ ਹਨ।" ਵਾਰਿਸ ਵੀਰ ਨੇ ਮਾਤਾ ਦੇ ਮੁਰਝਾਏ ਚੇਹਰੇ ਨੂੰ ਦੇਖਦੇ ਹੋਏ ਕਿਹਾ।

"ਹਾਂ ਬੇਟਾ, ਹੁਣ ਢਲਦੀ ਉਮਰ ਹੈ, ਜ਼ਿਆਦਾ ਖੇਚਲ ਨਹੀਂ ਜਰਦੀ।" ਮਾਂ ਨੇ ਲੰਮਾਂ ਜਿਹਾ ਸਾਹ ਭਰ ਆਪਣੀ ਨਿੱਬੜਦੀ ਉਮਰ ਦਾ ਹੁੰਗਾਰਾ ਭਰਿਆ।

"ਤੁਸੀਂ ਅਰਾਮ ਕਰੋ, ਸਵੇਰੇ ਲੇਟ ਉਠਿਓ ਜੇ। ਫਿਰ ਅਗਲਾ ਪ੍ਰੋਗਰਾਮ ਕੀ ਬਣਾਉਣਾ ਹੈ, ਉਹਦੇ ਬਾਰੇ ਸੋਚਾਂਗੇ।" ਸਰਬਜੋਤ ਵੀਰ ਨੇ ਮਾਂ ਨੂੰ ਕਿਹਾ। ਖਾਣਾਂ ਖਾ-ਪੀ ਸਾਰੇ ਸੌਣ ਚਲੇ ਗਏ। ਮੈਂ ਰਸੋਈ ਦਾ ਕੰਮ ਸਮੇਟਦੇ ਹੋਏ ਵਾਰਿਸ ਵੀਰ ਨਾਲ ਗੱਲਾਂ ਕਰ ਰਹੀ ਸੀ।

"ਵੀਰ ਜੀ... ਆਹ ਬੀਜੀ ਸਰਬਜੋਤ ਵੀਰ ਦੀ ਮਾਂ ਤੇ ਨਹੀਂ ਹੋ ਸਕਦੀ, ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਤੁਸੀਂ ਸਰਬਜੋਤ ਵੀਰ ਦੀ ਮਾਂ ਦੇ ਪਰਲੋਕ ਸਿਧਾਰਣ ਦੀ ਗੱਲ ਕੀਤੀ ਸੀ....।" ਆਪਣੇ ਮਨ ਦੇ ਸਵਾਲ ਦੀ ਗੰਢ ਮੈਂ ਅੱਜ ਖੋਲ੍ਹ ਹੀ ਦਿੱਤੀ।
"ਹਾਂ, ਸਰਬਜੋਤ ਦੀ ਮਾਂ ਨਹੀਂ ਰਹੀ....।" ਵਾਰਿਸ ਵੀਰ ਨੇ ਪੁਸ਼ਟੀ ਕੀਤੀ।
"ਫਿਰ ਆਹ ਮਾਤਾ ਸੱਸ ਮਾਂ ਹੋਣੇ ਨੇ....?" ਮੈਂ ਗੱਲ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਕੱਟ ਦਿੱਤਾ।

"ਤੂੰ ਅਰਾਮ ਨਾਲ ਸੌਣ ਜਾ, ਬਧੇਰੀ ਰਾਤ ਹੋ ਗਈ ਹੈ। ਸਵੇਰੇ ਆਪ ਹੀ ਸਰਬਜੋਤ ਕੋਲੋਂ ਸਾਰੀ ਗਾਥਾ ਪੁੱਛ ਲੈਣਾ।" ਵਾਰਿਸ ਵੀਰ ਨੇ ਸੌਣ ਦਾ ਮੂਡ ਬਣਾ ਲਿਆ ਸੀ।

ਮੈਂ ਵੀ ਥੱਕੀ ਤੇ ਹੋਈ ਹੀ ਸੀ, ਇਸ ਲਈ ਸੌਣ ਲਈ ਤੁਰ ਗਈ। ਪਰ ਬਹੁਤ ਦੇਰ ਤੱਕ ਨੀਂਦ ਨੇ ਮੇਰਾ ਸਾਥ ਨਹੀਂ ਦਿੱਤਾ। ਬਜ਼ੁਰਗ ਮਾਤਾ ਦੀ ਮਾਂ ਨਾਲੋਂ ਵੀ ਕਿਤੇ ਵਧੇਰੇ ਸੇਵਾ-ਸੰਭਾਲ ਹੋ ਰਹੀ ਸੀ, ਪਰ ਓਹ ਸੱਸ ਮਾਂ ਵੀ ਨਹੀਂ ਸੀ, ਤੇ ਬੀਜੀ ਹੈ ਕੌਣ? ਸਵਾਲਾਂ ਦੀ ਉਧੇੜ-ਬੁਣ ਵਿੱਚ ਮੇਰੀ ਵੀ ਅਖੀਰ ਅੱਖ ਲੱਗ ਗਈ ।
ਸਵੇਰੇ ਉਠ ਮੈਂ ਸਭ ਲਈ ਨਾਸ਼ਤੇ ਦਾ ਪ੍ਰਬੰਧ ਕਰਦੀ ਹੋਈ ਬੜੀ ਬੇਤਾਬੀ ਨਾਲ ਸਰਬਜੋਤ ਵੀਰ ਦੇ ਜਾਗਣ ਦਾ ਇੰਤਜਾਰ ਕਰ ਰਹੀ ਸੀ।

"ਮੇਰੇ ਲਈ ਇੱਕ ਕੱਪ ਚਾਹ ਬਣਾ ਦੇਵੋ, ਬੀਜੀ ਲੇਟ ਉਠਣਗੇ।" ਸਰਬਜੋਤ ਵੀਰ ਨੇ ਸਵੇਰ ਦੀ ਹਾਜ਼ਰੀ ਦਿੱਤੀ।
ਮੈਂ ਦੋ-ਤਿੰਨ ਕੱਪ ਚਾਹ ਲੈ ਕੇ ਸੋਫ਼ੇ 'ਤੇ ਆ ਬਿਰਾਜੀ। ਕੁਝ ਦੇਰ ਦੀ ਗੱਲ ਬਾਤ ਤੋਂ ਬਾਦ ਮੈਂ ਬੀਜੀ ਦੇ ਰਹੱਸ ਦੀ ਗੁੱਥੀ ਸੁਲਝਾਣ ਲਈ ਆਪਣਾ ਸਵਾਲ ਦਾਗ ਹੀ ਦਿੱਤਾ।

"ਵੀਰ ਜੀ, ਮੈਨੂੰ ਉਲਝਣ ਵਿੱਚੋਂ ਕੱਢੋ... ਤੇ ਪਲੀਜ਼ ਦੱਸੋ ਕਿ ਇਹ ਬੀਜੀ ਕੌਣ ਹਨ? .... ਕਿਉਂਕੀ..... ਕਈ ਸਾਲ ਪਹਿਲਾਂ ਤੁਹਾਡੇ ਮਾਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ, ਆਹ ਖ਼ਬਰ ਸੁਣੀ ਸੀ...।" ਹਾਲਾਂਕਿ ਸਵਾਲ ਬਹੁਤ ਅਜੀਬ ਸੀ ਪਰ ਮੈਂ ਪੁੱਛਣੋਂ ਨਹੀਂ ਟਲੀ।

"ਹਾਅ ਹਾਅ ਹਾਅ....!! ਆਹ ਖ਼ਬਰ ਤੇ ਰੇਡੀਓ 'ਤੇ ਵੀ ਏਅਰ ਕਾਸਟ ਹੋਈ ਸੀ।" ਇੰਨੇ ਸਰਲ ਭਾਵ ਨਾਲ ਦੱਸ ਕੇ ਸਰਬਜੋਤ ਵੀਰ ਨੇ ਮੈਨੂੰ ਸੌਖਾ ਕਰ ਦਿੱਤਾ।
"................?" ਮੈਂ ਖਾਮੋਸ਼ ਜਹੀ ਪ੍ਰਸ਼ਨ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ।

"......ਲੈ ਸੁਣ, ਤੈਨੂੰ ਵੀ ਆਹ ਕਹਾਣੀ ਸੁਣਾ ਦੇਵਾਂ। ਮੈਂ ਕੰਮ 'ਤੇ ਅਕਸਰ ਹੀ ਰੇਡੀਓ ਸੁਣਨ ਦਾ ਸ਼ੌਕੀਨ ਹਾਂ। ਇੱਕ ਦਿਨ ਕੋਈ ਪ੍ਰੋਗਰਾਮ ਆ ਰਿਹਾ ਸੀ "ਪ੍ਰਦੇਸੀਆਂ ਦੇ ਮਸਲੇ ਤੇ ਸਰੋਤਿਆਂ ਦੀ ਰਾਏ" ..... ਇਸ ਵਿੱਚ ਇੱਕ ਮੁੱਦਾ ਚੱਲ ਰਿਹਾ ਸੀ ਕਿ ਇੱਕ ਮਾਂ ਇੰਡੀਆਂ ਤੋਂ ਆਪਣੇ ਬੇਟੇ ਦੇ ਘਰ ਇਟਲੀ ਰਹਿਣ ਆਈ ਸੀ, ਜਿਸ ਨੂੰ ਓਸ ਦਾ ਬੇਟਾ ਕੋਲ ਨਹੀਂ ਰੱਖਣਾ ਚਾਹੁੰਦਾ, ਅਤੇ ਵਾਪਿਸ ਭੇਜ ਰਿਹਾ ਹੈ। ਪਰ ਮਾਤਾ ਦਾ ਇੰਡੀਆ ਵਿੱਚ ਵੀ ਕੋਈ ਨਹੀਂ ਹੈ, ਜੇਕਰ ਪੁੱਤਰ ਨਹੀਂ ਰੱਖ ਰਿਹਾ, ਤਾਂ ਰਿਸਤੇਦਾਰ ਕੀ ਰੱਖਣਗੇ?" ਸਰਬਜੋਤ ਵੀਰ ਜੀ ਕੁਝ ਯਾਦ ਕਰਦੇ ਹੋਏ ਚੁੱਪ ਹੋ ਗਏ।

"....ਫੇਰ ?" ਮੇਰੇ ਤੋਂ ਬੱਸ ਆਹੀ ਬੋਲਿਆ ਗਿਆ।

".....ਰੇਡੀਓ 'ਤੇ ਬਹੁਤ ਸਾਰੇ ਲੋਕ ਕਾਲ  ਕਰ ਕੇ ਆਪਣੇ-ਆਪਣੇ ਸੁਝਾਅ ਦੇ ਰਹੇ ਸਨ.... ਪਰ ਹੱਲ ਨਹੀਂ ਨਿਕਲ ਰਿਹਾ ਸੀ। ਪਤਾ ਨਹੀਂ ਮੇਰਾ ਕਿਹੜਾ ਲੇਖਾ ਜੋਖਾ ਸੀ? ਕਿ ਮੈਂ ਵੀ ਫ਼ੋਨ ਮਿਲਾ ਦਿੱਤਾ ਰੇਡਿਓ ਸਟੇਸ਼ਨ ਨੂੰ .... ਬੱਸ ਇੰਨਾ ਹੀ ਬੋਲਿਆ ਕਿ ਅਗਰ ਕਿਸੇ ਨੂੰ ਇਤਰਾਜ਼ ਨਹੀਂ, ਤਾਂ ਮੈਂ ਇੰਨ੍ਹਾਂ ਬੀਜੀ ਨੂੰ ਅਪਨਾਉਣਾ ਚਾਹੁੰਦਾ ਹਾਂ ...। ਰੇਡੀਓ ਸਟੇਸ਼ਨ ਵਾਲਿਆ ਨੇ 'ਔਫ਼ ਲਾਈਨ' ਕਾਲ ਕਰਨ ਨੂੰ ਕਿਹਾ। ਮੈਂ ਔਫ਼ ਲਾਇਨ ਸਾਰੀ ਗੱਲ -ਬਾਤ ਕੀਤੀ ਅਤੇ ਆਪਣੀ ਇੱਛਾ ਨੂੰ ਦੁਹਰਾਇਆ। ਰੇਡੀਓ 'ਤੇ ਉਸੇ ਸਮੇਂ ਇਸ ਪ੍ਰੋਗਰਾਮ ਨੂੰ ਅਗਲੇ ਹਫ਼ਤੇ ਲਗਾਤਾਰ ਜਾਰੀ ਰੱਖਣ ਦਾ 'ਏਅਰ ਕਾਸਟ' ਕਰ ਦਿੱਤਾ ਅਤੇ ਨਾਲ ਹੀ ਸਰੋਤਿਆਂ ਨੂੰ ਦੱਸਿਆ ਕਿ ਇਸ ਬੁਜਰਗ ਮਾਤਾ ਜੀ ਨੂੰ ਕਿਸੇ ਪੁੱਤਰ ਨੇ 'ਗੋਦ ਲੈਣ' ਦੀ ਇੱਛਾ ਜ਼ਾਹਿਰ ਕੀਤੀ ਹੈ, ਅਗਲੇ ਹਫ਼ਤੇ ਇਸ ਦਾ ਨਤੀਜਾ ਸੁਣਨ ਲਈ ਸਾਡੇ ਨਾਲ ਜਰੂਰ ਜੁੜੋ.....।"

"ਕਾਰਵਾਈ ਆਰੰਭ ਕਰਨ ਲਈ ਮੈਨੂੰ ਬੀਜੀ ਨਾਲ ਮੁਲਾਕਾਤ ਦਾ ਮੌਕਾ ਮਿਲਿਆ, ਬੀਜੀ ਨੂੰ ਮੱਥਾ ਟੇਕਣ ਵੇਲੇ ਜਿਵੇਂ ਮੈਨੂੰ ਆਪਣੀ ਮਾਂ ਦੇ ਚਰਨ ਦਿਖਣ ਲੱਗ ਪਏ। ਬੀਜੀ ਨੇ ਵੀ ਮੇਰੇ ਸਿਰ 'ਤੇ ਹੱਥ ਫੇਰ ਕੇ ਆਸ਼ੀਰਵਾਦ ਦਿੱਤਾ। ਕੁਝ ਜ਼ਰੂਰੀ ਅਤੇ ਲੋੜੀਂਦੇ ਮੁੱਦਿਆਂ 'ਤੇ ਗੱਲ-ਬਾਤ ਕਰਣ ਲਈ ਬੀਜੀ ਦੇ ਬੇਟੇ ਕਰਣ ਚੋਪੜਾ ਨੂੰ ਵੀ ਮਿਲਿਆ। ਪਰ ਕਰਣ ਚੋਪੜਾ ਨੇ ਬੀਜੀ ਨੂੰ ਆਪਣੇ ਕੋਲ ਨਾ ਰੱਖਣ ਦੀ ਹੀ ਮਜਬੂਰੀ ਵਾਲੀ ਸੋਟੀ ਫੜੀ ਰੱਖੀ। ਬੀਜੀ ਨੇ ਇੱਕ ਹੀ ਇੱਛਾ ਰੱਖੀ, ਕਿ ਜਦੋਂ ਉਸ ਦਾ ਬੇਟਾ ਕਰਣ ਚੋਪੜਾ ਮਿਲਣਾ ਚਾਹੇ ਤਾਂ ਮੈਂ ਇਸ ਦੀ ਸਹਿਮੀ ਦੇ ਦੇਵਾਂ।"

"ਕੁਝ ਕਾਗਜ਼ੀ ਕਾਰਵਾਈ ਤੋਂ ਬਾਅਦ ਬੀਜੀ ਮੇਰੇ ਘਰ ਆ ਗਏ।" ਸਰਬਜੋਤ ਵੀਰ ਨੇ ਬਹੁਤ ਭਾਵੁਕ ਹੋ ਕੇ ਸਾਰੀ ਘਟਨਾ ਨੂੰ ਦੱਸਿਆ। ਮੇਰੀਆ ਅੱਖਾਂ ਵੀ ਭਰ ਆਈਆਂ। ਪਰ ਕੁਝ ਸਵਾਲ ਹਜੇ ਵੀ ਜੁਬਾਨ 'ਤੇ ਆ ਰਹੇ ਸੀ।

"ਫੇਰ ਕਦੇ ਬੀਜੀ ਦਾ ਬੇਟਾ ਆਇਆ ਉਨ੍ਹਾਂ ਨੂੰ ਦੇਖਣ ਲਈ?" ਮੈਨੂੰ ਬੀਜੀ ਦੇ ਮਨ ਦੀ ਦਸ਼ਾ ਦਾ ਖਿਆਲ ਆ ਗਿਆ, 'ਤੇ ਮੈਂ ਪੁੱਛ ਲਿਆ।

"ਨਹੀਂ, ਬਹੁਤ ਅਫ਼ਸੋਸ ਤੇ ਦਰਦਨਾਕ ਗੱਲ ਹੈ, ਕਰਣ ਚੋਪੜਾ ਕਦੇ ਨਹੀਂ ਆਇਆ, ਪਰ ਇਸ ਮਾਂ ਨੂੰ ਅੱਜ ਵੀ ਇੰਤਜ਼ਾਰ ਹੈ ਆਪਣੇ 'ਜਾਏ ਪੁੱਤ' ਦਾ। ਜਦ ਵੀ ਦਰਵਾਜੇ ਦੀ ਘੰਟੀ ਵੱਜਦੀ ਹੈ, ਬੀਜੀ ਦੀਆਂ ਅੱਖਾਂ ਦਰਵਾਜੇ ਵੱਲ ਲੱਗ ਜਾਦੀਆਂ ਹਨ। ਓਸ ਕਠੋਰ ਦਿਲ ਕਰਣ ਚੋਪੜਾ ਨੇ 'ਤੇ ਕਦੀ ਫ਼ੋਨ ਵੀ ਨਹੀਂ ਕੀਤਾ, ਪਤਾ ਨੀ ਕਿਸ ਮਿੱਟੀ ਦਾ ਬਣਿਆਂ? ਹਰ ਫ਼ੋਨ ਤੋਂ ਬਾਅਦ ਬੀਜੀ ਜਰੂਰ ਪੁੱਛਦੇ ਹਨ ਕਿ ਕਿਸ ਦਾ ਫ਼ੋਨ ਆਇਆ ਸੀ? ਕਈ ਵਾਰ ਮੈਂ ਵੀ ਫ਼ੋਨ ਕਰ ਕੇ ਕਰਣ ਚੋਪੜਾ ਨੂੰ ਬੀਜੀ ਨੂੰ ਮਿਲਣ ਦੀ ਮਿੰਨਤ ਕਰ ਚੁੱਕਿਆ ਹਾਂ। ਪਰ ਓਸ ਨੂੰ ਲੱਗਦਾ ਹੈ ਕਿ ਕਿਤੇ ਫ਼ੇਰ ਮਾਂ ਓਸ ਦੇ ਕੋਲ ਵਾਪਿਸ ਨਾ ਆ ਜਾਏ....। ਬੀਜੀ ਮੇਰੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹਨ, ਪਰ ਬੁੱਢੀਆਂ ਅੱਖਾਂ ਦੀ ਮੱਧਮ ਹੁੰਦੀ ਰੌਸ਼ਨੀ ਨੂੰ ਆਪਣੇ 'ਜਾਏ ਪੁੱਤ' ਨੂੰ ਵੇਖਣ ਦੀ ਅਤੇ ਕਮਜੋਰ ਹੁੰਦੇ ਕੰਨਾਂ ਨੂੰ ਉਸ ਦੀ ਅਵਾਜ਼ ਦੀ ਅੱਜ ਵੀ ਉਡੀਕ ਹੈ।" ਸਰਬਜੋਤ ਵੀਰ ਨੂੰ ਵੀ ਇਸ ਗੱਲ ਦਾ ਅਫ਼ਸੋਸ ਸੀ।

"ਬੀਜੀ ਦੀ ਕਿਸਮਤ ਵੀ ਅਜੀਬ ਹੈ ਕਿ ਆਪਣੀ ਔਲਾਦ ਨੇ ਹੀ ਬਿਗਾਨਾ ਕਰ ਦਿੱਤਾ...।" ਮੈਨੂੰ ਬੀਜੀ 'ਤੇ ਮੋਹ ਜਿਹਾ ਆ ਰਿਹਾ ਸੀ।

"ਮੇਰੇ ਘਰ ਵਿਚ ਖੁਸ਼ੀਆਂ ਵੱਧ ਗਈਆਂ ਹਨ। ਮੇਰੇ ਦੋਵੇਂ ਬੱਚਿਆਂ, ਮੇਰੀ ਘਰਵਾਲੀ ਅਤੇ ਬੀਜੀ ਦਾ ਆਪਸ ਵਿੱਚ ਬਹੁਤ ਡੂੰਘਾ ਪਿਆਰ ਬਣ ਗਿਆ ਹੈ। ਮੇਰੇ ਸਿਰ 'ਤੇ ਮਾਂ ਦਾ ਆਸ਼ੀਰਵਾਦ ਰਹਿੰਦਾ ਹੈ, ਹਰ ਰੋਜ਼ ਬੀਜੀ ਸਿਰ ਪਲੋਸ ਕੇ ਲੱਖਾਂ ਅਸੀਸਾ ਦਿੰਦੇ ਹਨ। ਮੈਂ ਆਪਣੀ ਮਾਂ ਦੇ ਪਰਲੋਕ ਸਿਧਾਰ ਜਾਣ ਤੋਂ ਬਾਅਦ ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਕਰਦਾ ਸੀ.... ਇੰਜ ਜਾਪਦਾ ਸੀ ਕਿ ਦੁਆਵਾਂ ਦੇਣ ਵਾਲਾ ਹੱਥ ਹੁਣ ਮੇਰੇ ਸਿਰ 'ਤੇ ਨਹੀਂ ਰਿਹਾ।..... ਕਦੇ ਨਹੀਂ ਸੀ ਸੋਚਿਆ ਕਿ ਮੈਨੂੰ ਜਿਉਂਦੇ ਜੀਅ ਮਾਂ ਦਾ ਪਿਆਰ ਦੂਜੀ ਵਾਰ ਕਦੇ ਮਿਲੇਗਾ?" ਸਰਬਜੋਤ ਵੀਰ ਨੇ ਆਪਣੀ ਖੁਸ਼ੀ ਨਾਲ ਪੂਰੀ ਕਹਾਣੀ ਨੂੰ ਵਿਰਾਮ ਦਿੱਤਾ। ਸਾਰੀ ਹਕੀਕਤ ਸੁਣ ਕੇ ਮੇਰਾ ਮਨ ਵੀਰ ਜੀ ਲਈ ਨਤਮਸਤਕ ਹੋ ਗਿਆ। ਵੀਰ ਜੀ ਆਪਣੇ ਨਾਮ ਨੂੰ ਯਥਾਰਥ ਕਰਦੇ ਹੋਏ 'ਸਰਬਜੋਤ' ਯਾਨੀ ਸਭ ਵਿੱਚ ਇੱਕ ਜੋਤ ਦਾ ਪ੍ਰਮਾਣ ਦੇ ਰਹੇ ਸੀ।

"......ਇਸ ਵਾਕੇ ਤੋਂ ਬਾਅਦ ਮੈਂ ਸਰਬਜੋਤ ਨੂੰ ਆਮ ਮਨੁੱਖ ਤੋਂ ਵੱਖ ਵੇਖਦਾ ਹਾਂ। ਬੀਜੀ ਤਾਂ ਹੈ ਹੀ ਮਮਤਾ ਦੀ ਮੂਰਤ।" ਸਾਰੀ ਕਹਾਣੀ ਜੋ ਕਿ ਵਾਰਿਸ ਵੀਰ ਕਿੰਨੀ ਹੀ ਵਾਰ ਸੁਣ ਚੁੱਕੇ ਹੋਣਗੇ, ਮੁੜ ਖਾਮੋਸ਼ ਹੋ ਕੇ ਸੁਣਦੇ ਰਹੇ ਅਤੇ ਅੰਤ ਵਿਚ ਬੋਲੇ ਸਨ।

"ਲਓ, ਬੀਜੀ ਵੀ ਆ ਗਏ, ਇੱਕ-ਇੱਕ ਕੱਪ ਹੋਰ ਚਾਹ ਹੋ ਜਾਏ।" ਕਹਿੰਦਿਆਂ ਹੋਏ ਸਰਬਜੋਤ ਵੀਰ ਜੀ ਬੀਜੀ ਵਾਲੇ ਸੋਫੇ 'ਤੇ ਉਨ੍ਹਾਂ ਦੇ ਕੋਲ ਬੈਠ ਗਏ ਅਤੇ ਪੁੱਛਣ ਲੱਗ ਪਏ ਕਿ ਅੱਜ ਇੰਗਲੈਂਡ ਵਿੱਚ ਕਿੱਥੇ ਘੁੰਮਣ ਦੀ ਇੱਛਾ ਹੈ? ਮੈਂ ਰਸੋਈ ਵੱਲ ਹੋ ਗਈ। ਬੀਜੀ ਦੀ ਇਸ ਹਕੀਕਤ ਨੂੰ ਸੁਨਣ ਤੋਂ ਬਾਅਦ ਮੇਰੇ ਮਨ ਨੇ ਇਕ ਅਨੋਖਾ ਜਿਹਾ ਰਿਸ਼ਤਾ ਬਣਾ ਲਿਆ ਸੀ ਉਨ੍ਹਾਂ ਨਾਲ। ਮੈਂ ਇੱਕ ਮਾਂ ਅਤੇ ਇੱਕ ਔਰਤ ਹੋਣ ਦੇ ਨਾਤੇ ਬੀਜੀ ਦੇ ਮਨ ਦੀ ਦਸ਼ਾ ਨੂੰ ਕਿਤੇ ਵਧੇਰੇ ਸਮਝ ਪਾ ਰਹੀ ਸੀ। ਬਚਪਨ ਵਿੱਚ ਪੜ੍ਹੀ ਇੱਕ ਕਵਿਤਾ ਮੇਰੇ ਮਨ 'ਤੇ ਉਕਰ ਆਈ।

"ਔਰਤ ਤੇਰੀ ਯਹੀ ਕਹਾਣੀ,
ਆਂਚਲ ਮੇਂ ਹੈ ਦੂਧ ਤੇਰੇ,
ਔਰ ਆਂਖੋਂ ਮੇਂ ਹੈ ਪਾਣੀ"

....ਸ਼ਾਇਦ ਆਹ ਕਵਿਤਾ ਜਿਵੇਂ ਬੀਜੀ ਵਾਸਤੇ ਹੀ ਲਿਖੀ ਗਈ ਸੀ।

ਕੁਝ ਦਿਨਾਂ ਦੇ ਰੁਝਾਨ ਤੋਂ ਬਾਅਦ ਮਹਿਮਾਨਾਂ ਦੇ ਇਟਲੀ ਵਾਪਸ ਜਾਣ ਦਾ ਸਮਾਂ ਵੀ ਆ ਗਿਆ। ਵਿਦਾਅ ਹੋਣਾ ਸਦਾ ਹੀ ਪੀੜਾਦਾਇਕ ਹੁੰਦਾ ਹੈ। ਵਾਰਿਸ ਵੀਰ ਅਤੇ ਸਰਬਜੋਤ ਵੀਰ ਸਮਾਨ ਟੈਕਸੀ ਵਿੱਚ ਰੱਖਣ Ḕਚ ਰੁੱਝ ਗਏ। ਮੈਂ ਬੀਜੀ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਸੋਫੇ 'ਤੇ ਬੈਠੀ ਸੀ। ਬੀਜੀ ਬਹੁਤ ਹੀ ਮੋਹ ਭਰੀਆਂ ਅੱਖਾਂ ਨਾਲ ਮੈਨੂੰ ਵੇਖਦੇ ਹੋਏ ਮੇਰੇ ਸਿਰ 'ਤੇ ਹੱਥ ਫੇਰ ਕੇ ਦੁਆਵਾਂ ਦੀ ਝੜ੍ਹੀ ਲਾ ਰਹੀ ਸੀ। ਮੇਰਾ ਰੋਮ-ਰੋਮ ਆਪਣੀ ਮਾਂ ਦੀ ਯਾਦ ਨਾਲ ਭਰ ਗਿਆ। ਸੱਚ ਹੀ ਤਾਂ ਹੈ, ਦੁਆਵਾਂ ਅਤੇ ਮਾਂ ਦਾ ਕੁਝ ਗਹਿਰਾ ਹੀ ਰਿਸ਼ਤਾ ਹੈ। ਮੈਂ ਬੀਜੀ ਨੂੰ ਜੱਫੇ ਵਿੱਚ ਲੈ ਕੇ ਮਾਂ ਦੇ ਪਿਆਰ ਦਾ ਨਿੱਘ ਮਾਨਣ ਲੱਗ ਪਈ।

"ਧੀਏ, ਆਪਣੀ ਮਾਂ ਨੂੰ ਫੋਨ ਕਰਦੀ ਰਿਹਾ ਕਰ, ਮਾਪੇ ਔਲਾਦ ਦੀ ਹੋਂਦ ਨਾਲ ਹੀ ਆਪਣੇ ਆਪ ਵਿੱਚ ਜਿਉਣ ਦਾ ਹੌਸਲਾ ਬਣਾ ਲੈਂਦੇ ਹਨ। ਸਰੀਰ ਤੋਂ ਭਾਵੇਂ ਦੂਰ ਹੋਵੇਂ, ਪਰ ਮਾਂ ਨੂੰ ਤੇਰੀ ਤਾਂਘ ਜ਼ਰੂਰ ਰਹਿੰਦੀ ਹੋਣੀ ਹੈ, ਜਦ ਕਦੇ ਮੌਕਾ ਮਿਲੇ ਇੰਡੀਆ ਜਾ ਕੇ ਮਾਂ ਦੀ ਹਿੱਕ ਨੂੰ ਨਿੱਘ ਦੇ ਆਇਆ ਕਰ। ਕਈ ਵਾਰ ਸਾਡੀਆਂ ਮਜਬੂਰੀਆਂ ਬਹੁਤ ਲੰਬੀਆਂ ਹੋਣ ਕਰਕੇ ਬਹੁਤ ਦੇਰ ਹੋ ਜਾਂਦੀ ਹੈ।" ਮੈਨੂੰ ਅਸੀਸਾਂ ਅਤੇ ਸਿੱਖਿਆਂ ਦਿੰਦੇ ਹੋਏ ਬੀਜੀ ਦਾ ਗਲ਼ਾ ਭਰ ਆਇਆ। ਸ਼ਾਇਦ ਜੋ ਗੱਲ ਬੀਜੀ ਦੇ ਪੁੱਤ ਕਰਣ ਚੋਪੜਾ ਨੂੰ ਨਹੀਂ ਸਮਝ ਲੱਗੀ, ਉਹ ਗੱਲ ਮੈਨੂੰ ਸਮਝਾ ਰਹੀ ਸੀ। ਮੇਰੀ ਕੀਤੀ ਸੇਵਾ ਦਾ ਬੀਜੀ ਨੇ ਧੰਨਵਾਦ ਕੀਤਾ, ਅਤੇ ਛੋਟੇ-ਛੋਟੇ ਕਦਮ ਚੁੱਕਦੇ ਹੋਏ ਟੈਕਸੀ ਵੱਲ ਤੁਰ ਪਈ। ਸਭ ਟੈਕਸੀ ਵਿੱਚ ਬੈਠ ਕੇ ਹੱਥ ਹਿਲਾਉਂਦੇ ਹੋਏ ਵਿਦਾਅ ਹੋ ਗਏ। ਵੇਖਦੇ ਹੀ ਵੇਖਦੇ ਟੈਕਸੀ ਅੱਖਾਂ ਤੋਂ ਓਝਲ ਹੋ ਗਈ, ਪਰ ਬੀਜੀ ਮੇਰੇ ਮਨ-ਮਸਤਕ 'ਤੇ ਸਦਾ ਲਈ ਅੰਕਿਤ ਹੋ ਗਈ।

ਰੱਬ ਨੇ ਵੀ ਮਾਂ ਨੂੰ ਹੀ ਚੁਣਿਆ ਹੈ ਸਰਿਸ਼ਟੀ ਦੇ ਪਾਸਾਰ ਦੇ ਲਈ। ਬੀਜੀ, ਕਰਣ ਚੋਪੜਾ ਦੀ ਜਨਮ ਦੇਣ ਵਾਲੀ ਮਾਂ ਸੀ, ਪਰ ਮਾਂ ਵਾਲਾ ਹੱਕ ਸਰਬਜੋਤ ਵੀਰ ਨੇ ਦਿੱਤਾ। ਇਹ ਦੋ ਇਨਸਾਨਾਂ ਦੀ ਫ਼ਿਤਰਤ ਸੀ? ਜਾਂ ਫਿਰ ਕੁਦਰਤ ਦਾ ਲੇਖਾ-ਜੋਖਾ?? ਸਰਬਜੋਤ ਵੀਰ ਜੀ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਗਏ, "ਭਾਵੇਂ ਮੈਂ ਬੀਜੀ ਦੀ ਕੁੱਖੋਂ ਜਨਮ ਨਹੀਂ ਲਿਆ, ਪਰ ਮਾਂ ਸਿਰਫ਼ ਮਾਂ ਹੁੰਦੀ ਹੈ। ਆਪਣੀ ਜਾਂ ਪਰਾਈ ਨਹੀਂ ਹੁੰਦੀ।" ਕਾਸ਼ ਜਿਉਂਦੇ ਜੀਅ ਅਸੀਂ ਸਭ ਮਾਂ ਦੀ ਕੁੱਖ ਦਾ ਧੰਨਵਾਦ ਕਰ ਸਕੀਏ, ਜਿਸ ਕਰਕੇ ਅਸੀਂ ਦੁਨੀਆਂ ਵਿੱਚ ਆਪਣੀ ਹੋਂਦ ਨੂੰ ਮਾਣਿਆ ਹੈ। ਬੱਸ!! ਕਦੇ ਕਿਸੇ ਮਾਂ ਦੀਆਂ ਆਂਦਰਾਂ ਜਿਉਂਦੇ ਜੀਅ ਤੜਪਦੀਆਂ ਨਾ ਰਹਿਣ, ਤਾਂ ਹੀ ਸਾਨੂੰ ਆਪ 'ਮਾਪੇ' ਬਣਨ ਦਾ ਅਧਿਕਾਰ ਹੈ। ਪਤਾ ਨਹੀਂ ਕਦੋ ਮੇਰੇ ਹੱਥ ਵਿੱਚ ਫੋਨ ਆ ਗਿਆ ਅਤੇ ਉਂਗਲਾਂ ਨੇ ਇੰਡੀਆ ਮਾਂ ਨੂੰ ਨੰਬਰ ਮਿਲਾ ਦਿੱਤਾ।

"....ਹੈਲੋ!!!!" ਮਾਂ ਦੀ ਮਮਤਾ ਭਰੀ ਮਿੱਠੀ ਜਿਹੀ ਅਵਾਜ਼ ਆਈ।
"ਮਾਂ ਦੇ ਚਰਨਾਂ ਵਿੱਚ ਕੋਟ-ਕੋਟ ਪ੍ਰਨਾਮ...।" ਮੇਰੇ ਮੁੱਖ ਤੋਂ ਅਚਾਨਕ ਆਹੀ ਨਿੱਕਲਿਆ ਅਤੇ ਅੱਖਾਂ ਅਤੇ ਗਲਾ ਭਰ ਆਇਆ।
ਮੈਂ ਸੰਸਾਰ ਦੀਆ ਸਾਰੀਆ ਮਾਂਵਾਂ ਦੀ ਹਸਤੀ ਅਤੇ ਹੋਂਦ ਨੂੰ "ਨਮਸਕਾਰ" ਕੀਤਾ।





**************************************************************************


ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ       
 (09/11/2019)
ajit satnam

ਲਗਾਤਾਰ ਦਰਵਾਜੇ ਦੀ "ਠੱਕ-ਠੱਕ" ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ। ਮੈਂ ਆਪਣੇ ਬੇਹੱਦ ਸੁਖਾਵੇਂ ਪਲਾਂ ਨੂੰ ਮਨੋਂ, ਤਨੋਂ, ਅਤੇ ਰੂਹ ਤੋਂ ਮਾਣ ਰਿਹਾ ਸਾਂ ਅਤੇ ਇਹ ਨਹੀਂ ਚਾਹੁੰਦਾ ਸਾਂ ਕਿ ਕੋਈ ਆ ਕੇ ਮੇਰੇ ਆਨੰਦਮਈ ਪਲਾਂ ਵਿਚ ਭੰਗਣਾ ਪਾਵੇ। ਪਰ ਦਰਵਾਜੇ ਦੀ "ਠੱਕ-ਠੱਕ" ਹੋਰ ਤੇਜ਼ ਹੋ ਰਹੀ ਸੀ। ਮੈਂ ਖਿਝ ਕੇ ਉਠਿਆ ਅਤੇ ਦਰਵਾਜਾ ਖੋਲ੍ਹਿਆ।
"ਕਿੱਥੇ ਸੀ ਪਿਆਰੇ? ਦਰਵਾਜਾ ਖੋਲ੍ਹਣ ਲਈ ਐਨੀ ਦੇਰ?" ਹਮੇਸ਼ਾ ਦੀ ਤਰ੍ਹਾਂ ਆਪਣਾਪਨ ਜਤਾਉਂਦਾ ਹੋਇਆ ਦਵਿੰਦਰ ਅੰਦਰ ਲੰਘ ਆਇਆ ਅਤੇ ਸੋਫ਼ੇ 'ਤੇ ਬੈਠ ਗਿਆ। ਮੈਂ ਅਣਮੰਨੇ ਮਨ ਨਾਲ ਕੁਝ ਇੱਧਰ-ਉਧਰ ਦੀਆਂ ਅਟਕਲ-ਪੱਚੂ ਗੱਲਾਂ ਕੀਤੀਆਂ। ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਕੌਫ਼ੀ ਬਣਾ ਲਿਆਇਆ। ਕੌਫ਼ੀ ਦਾ ਕੱਪ ਉਸ ਦੇ ਹੱਥ ਫ਼ੜਾ ਕੇ ਮੈਂ ਚੁੱਪ-ਚਾਪ ਸੋਫ਼ੇ 'ਤੇ ਬੈਠ ਗਿਆ। ਦਿਮਾਗ ਅਜੇ ਵੀ ਉਸ ਵਾਤਾਵਰਣ ਵੱਲ ਨੂੰ ਦੌੜਦਾ ਸੀ, ਜਿਹੜੇ ਪਲ ਮੈਂ ਹੁਣੇ ਮਾਣ ਰਿਹਾ ਸਾਂ। ਦਵਿੰਦਰ ਜਾਣਦਾ ਸੀ ਕਿ ਮੈਂ ਬਹੁਤਾ ਹੀ ਗਾਲੜੀ ਹਾਂ, ਪਰ ਮੇਰੀ ਪਥਰੀਲੀ ਚੁੱਪ ਨੂੰ ਉਸ ਨੇ ਸੁਆਲਾਂ ਰਾਹੀਂ ਕੁਰੇਦਣਾਂ ਸ਼ੁਰੂ ਕਰ ਦਿੱਤਾ।

"ਕਿੱਥੇ ਉਲਝਿਐਂ ਮਿੱਤਰਾ? ਕੁਝ ਸ਼ਬਦੀ ਸਾਂਝ ਪਾਅ!"

ਉਸ ਦੇ ਇਸ ਸੰਖੇਪ ਸੁਆਲ ਦਾ ਉੱਤਰ ਬਹੁਤ ਲੰਬਾ ਹੋ ਸਕਦਾ ਸੀ। ਸ਼ਾਇਦ ਸਾਰੇ ਹਾਲਾਤ ਦਾ ਵਰਨਣ, ਜਿਸ ਵਿਚ ਮੈਂ ਥੋੜ੍ਹੀ ਦੇਰ ਪਹਿਲਾਂ ਵਿਚਰ ਰਿਹਾ ਸੀ।
"ਬੱਸ ਯਾਰ ਤੈਨੂੰ ਤਾਂ ਪਤੈ, ਜਦੋਂ ਮੈਂ 'ਉਸ' ਨਾਲ ਹੁੰਨੈਂ, 'ਓਸ' ਵਿਚ ਹੀ ਮਸਤ ਹੋ ਜਾਂਨੈਂ। ਅੱਜ ਸਵੇਰੇ ਜਦ ਅੱਖ ਖੁੱਲ੍ਹੀ, ਤੇ 'ਓਸ' 'ਤੇ ਨਿਗਾਹ ਮਾਰੀ, ਤਾਂ ਮੇਰੇ ਚਿਹਰੇ 'ਤੇ ਮੁਸਕੁਰਾਹਟ ਆ ਗਈ। ਬਹੁਤ ਸਾਰੇ ਵਿਚਾਰਾਂ ਨੇ ਦਿਮਾਗ ਨੂੰ ਝੁਰਮਟ ਪਾ ਲਿਆ। ਮੌਸਮ ਵੀ ਅੱਜ ਬਹੁਤ ਸੁਹਾਵਣਾ ਸੀ। ਮੈਂ ਦਿਲ ਦਿਮਾਗ ਵਿਚ ਆਏ ਹਰ ਜਜ਼ਬਾਤ ਦੀ 'ਉਸ' ਨਾਲ ਸਾਂਝ ਪਾਉਣੀ ਚਾਹੁੰਦਾ ਸੀ।"

ਦਵਿੰਦਰ ਨੇ ਸੁਆਲੀਆ ਅਤੇ ਰਹੱਸਮਈ ਨਜ਼ਰਾਂ ਨਾਲ ਉਸ ਨੂੰ ਤੱਕਿਆ।
ਪਰ ਮੈਂ ਗੱਲ ਜਾਰੀ ਰੱਖੀ।

"ਮੈਂ ਖ਼ੁਸ਼ ਜਿਹੇ ਮਨ ਨਾਲ ਉਸ ਕੋਲ ਗਿਆ। ਹੱਥ ਵਿਚ ਫ਼ੜ ਕੇ ਉਸ ਨੂੰ ਚਿਹਰੇ ਦੇ ਸਾਹਮਣੇ ਲਿਆ ਕੇ ਇੱਕ ਟੱਕ ਦੇਖਦਾ ਸੋਚ ਰਿਹਾ ਸੀ ਕਿ ਅੱਜ ਤੱਕ ਕਿੰਨਾਂ ਮੇਰਾ ਸਾਥ ਨਿਭਾਇਆ ਹੈ। ਦੁੱਖ-ਸੁਖ, ਖ਼ੁਸ਼ੀ ਅਤੇ ਹਾਦਸੇ, ਹਰ ਪਲ ਬਿਨਾ ਕੋਈ ਸ਼ਿਕਵਾ ਕੀਤੇ ਬੱਸ ਚੱਲਦੀ ਰਹੀ। ਅਗਰ ਰਾਤ ਮੇਰਾ ਦੋ ਵਜੇ ਮਨ ਬਣਿਆਂ, ਜਾਂ ਤਿੱਖੜ ਦੁਪਿਹਰ ਵਿਚ, ਜਾਂ ਸ਼ਾਮ ਹੋਏ, ਜਾਂ ਸਵੇਰ, ਬੱਸ ਉਹੀ ਕੀਤਾ, ਜੋ ਮੈਂ ਚਾਹਿਆ। ਮੇਰੇ ਦਿਲ ਦੇ ਭਾਂਬੜਾਂ ਨੂੰ ਸ਼ਾਂਤ ਕੀਤਾ। ਮੈਂ ਬਹੁਤੀ ਵਾਰ ਆਪਣਾ ਗੁਬਾਰ ਵੀ ਕੱਢਿਆ, ਪਰ ਫ਼ੇਰ ਵੀ ਚੱਲਦੀ ਰਹੀ। ਬਹੁਤੀ ਵਾਰ ਸੋਚਦਾ ਹਾਂ ਅਗਰ ਇਹ ਨਾ ਹੁੰਦੀ, ਤਾਂ ਮੇਰੀ ਜ਼ਿੰਦਗੀ ਦੇ ਇੱਕਲਾਪੇ ਨੂੰ ਕੋਈ ਭਰ ਨਾ ਸਕਦਾ।"

ਦਵਿੰਦਰ ਇੱਕ ਚੰਗੇ ਸਰੋਤੇ ਵਾਂਗ ਉਸ ਨੂੰ ਧਿਆਨ ਦੇ ਕੇ ਸੁਣ ਰਿਹਾ ਸੀ।

"ਮੇਰੀ ਨਜ਼ਰ ਵਿਚ ਐਨਾਂ ਆਗਿਆਕਾਰੀ ਸਾਥੀ ਹੋਰ ਨਹੀਂ ਹੋ ਸਕਦਾ। ਮੇਰੇ ਘਰ ਦੀ ਚਾਰ ਦੀਵਾਰੀ ਵਿਚ ਮੇਰੇ ਸਿਵਾ ਕੁਝ ਵੀ ਨਹੀਂ ਸੀ। ਪਰ ਇਸ ਦੇ ਕਰ ਕੇ ਦੁਨੀਆਂ ਅਤੇ ਸਮਾਜ ਵਿਚ ਮੇਰੀ ਪਹਿਚਾਣ ਬਣੀ। ਕਿਉਂ ਨਾ ਕਰਾਂ ਇਸ ਨੂੰ ਪਿਆਰ? ਬੱਸ ਇਸ ਕਰ ਕੇ ਜਦ ਵੀ ਮੇਰਾ ਦਿਮਾਗ ਭਰਿਆ ਹੁੰਦਾ ਹੈ, ਤੇ ਮੈਨੂੰ ਇਸ ਦਾ ਹੀ ਸਹਾਰਾ ਹੁੰਦਾ ਹੈ। ਹੋਰ ਕੁਝ ਮੈਨੂੰ ਚਾਹੀਦਾ ਵੀ ਨਹੀਂ। ਤੇਰੇ ਆਉਣ ਤੋਂ ਪਹਿਲਾਂ ਵੀ ਮੈਂ ਉਸ ਦੇ ਨਾਲ ਹੀ ਪਰਚਿਆ ਹੋਇਆ ਸੀ।"

"ਜਿਸ ਦੀਆਂ ਐਨੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਿਹੈਂ, ਚੱਲ ਅੱਜ ਮੈਨੂੰ ਵੀ ਮਿਲਾ! ਬਿਨਾ ਮਿਲੇ ਮੈਂ ਵੀ ਜਾਣਾ ਨੀ ਚਾਹੁੰਦਾ!"
"ਮੈਨੂੰ ਵੀ ਖ਼ੁਸ਼ੀ ਹੋਵੇਗੀ, ਜੇ ਤੂੰ ਉਸ ਨੂੰ ਮਿਲੇਂਗਾ।"

ਦਵਿੰਦਰ ਨੂੰ ਲੈ ਕੇ ਆਪਣੇ ਵਰਾਂਡੇ ਦੇ ਦੋ ਕਮਰੇ ਟੱਪ ਪਿਛਲੇ ਸ਼ਾਂਤ ਜਿਹੇ ਕਮਰੇ ਵਿਚ ਚਲਿਆ ਗਿਆ, ਜਿੱਥੇ ਬਗੀਚੇ ਦਾ ਸਿੱਧਾ ਕੁਦਰਤੀ ਪ੍ਰਕਾਸ਼ ਆ ਰਿਹਾ ਸੀ। ਦਵਿੰਦਰ ਦੀਆਂ ਘੋਖ਼ਵੀਆਂ ਨਜ਼ਰਾਂ ਨੇ ਮੇਰੇ ਕਮਰੇ ਦਾ ਗਹੁ ਨਾਲ਼ ਅਧਿਐਨ ਕੀਤਾ। ਕਮਰੇ ਦੀ ਕੰਧ 'ਤੇ ਲੱਗੀ ਪੁਰਾਣੀ ਪੇਂਟਿੰਗ, ਦੂਜੇ ਪਾਸੇ ਮੇਰੀ ਕਿਤਾਬਾਂ ਦੀ ਅਲਮਾਰੀ, ਕੁਝ ਖਿੱਲਰੇ ਹੋਏ ਮੇਰੇ ਕੱਪੜੇ, ਖੁੱਲ੍ਹੀ ਹੋਈ ਖਿੜਕੀ, ਕੰਧ ਨਾਲ ਲੱਗਿਆ ਹੋਇਆ ਅੱਧੋਰਾਣਾ ਮੇਜ, ਹੱਥੇ ਵਾਲੀ ਕੁਰਸੀ, ਮੇਜ 'ਤੇ ਪਏ ਹੋਏ ਕੁਝ ਅੱਧ ਲਿਖੇ ਪੰਨੇ ਅਤੇ ਉਹਨਾਂ ਦੇ ਉਪਰ ਪਈ ਇੱਕ ਕਲਮ! ਦਵਿੰਦਰ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਮਾਪ-ਤੋਲ ਕੇ ਨਿਗਾਹ ਮੇਰੇ 'ਤੇ ਲਿਆ ਸੁੱਟੀ ਅਤੇ ਸ਼ਰਾਰਤ ਨਾਲ ਪੁੱਿਛਆ, "ਪਰ ਓਹ ਕਿੱਥੇ ਐ?"

ਮੈਂ ਕਲਮ ਚੁੱਕੀ ਅਤੇ ਉਸ ਨੂੰ ਅੱਖਾਂ ਨਾਲ ਲਾ ਕੇ ਚੁੰਮ ਲਿਆ।
"ਇਸ ਤੋਂ ਸੋਹਣਾ ਕਿਸੇ ਦਾ ਸਾਥ ਨਹੀਂ ਹੋ ਸਕਦਾ ਮਿੱਤਰਾ!"
"ਕੀ....? ਇਹ ਤਾਂ ਸਿਰਫ਼ ਕਲਮ ਐ ਯਾਰ!"
"ਹਾਂ, ਤੇਰੇ ਲਈ! ਪਰ ਮੈਨੂੰ ਜ਼ਿੰਦਗੀ 'ਚ ਹਰ ਪਲ ਸਾਥ ਨਿਭਾਉਣ ਵਾਲੀ....!"

ਦਵਿੰਦਰ ਨੇ ਇੱਕ ਚੁੱਪ ਸਾਧ ਲਈ। ਸ਼ਾਇਦ ਦਵਿੰਦਰ ਦੀ ਚੁੱਪ ਦਾ ਕਾਰਨ ਮੈਂ ਸਮਝ ਰਿਹਾ ਸੀ, ਕਿਉਂਕਿ ਉਸ ਦੀ ਪਤਨੀ ਤਲਾਕ ਲੈ ਕੇ ਵੱਖ ਰਹਿ ਰਹੀ ਸੀ। ਉਹ ਇਕੱਲਾ ਕਿਸੇ ਤੋੜ ਨਿਭਾਉਣ ਵਾਲੇ ਰਿਸ਼ਤੇ ਅਰਥਾਤ ਜੀਵਨ ਸਾਥੀ ਦੀ ਭਾਲ ਵਿਚ ਸੀ। ਜੋ ਉਸ ਨੂੰ "ਸਿਰਫ਼" ਕਲਮ ਦਿਸ ਰਹੀ ਸੀ, ਉਹ ਮੇਰੀ ਜ਼ਿੰਦਗੀ ਹੈ, ਬੱਸ ਦੇਖਣ ਦਾ ਨਜ਼ਰੀਆ ਵੱਖੋ-ਵੱਖ ਸੀ! ਜੀਵਨ ਸਾਥੀ ਅਤੇ ਕਲਮ ਦੇ ਅੰਤਰ ਨੂੰ ਕੋਈ "ਤੀਸਰਾ ਨੇਤਰ" ਹੀ ਤਾਂ ਦੇਖ ਸਕਦਾ ਸੀ, ਨਾ ਕਿ ਦਵਿੰਦਰ ਵਰਗਾ ਕੋਈ ਆਮ ਵਿਅਕਤੀ!

(ਇੱਕ ਕਲਮ ਨੂੰ ਲੇਖਿਕਾ ਵੱਲੋਂ ਪ੍ਰਣਾਮ!)










**************************************************************************



ਕੂੰਜਾਂ ਦਾ ਕਾਫ਼ਲਾ
ਅਜੀਤ ਸਤਨਾਮ ਕੌਰ   
 (08/04/2019)

ajit satnam
(ਯਾਦਾਂ ਦੀ ਪੀਂਘ)

ਰੇਡੀਓ 'ਤੇ ਚੱਲ ਰਹੇ ਇੱਕ ਗੀਤ ਦੇ ਬੋਲਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਦੇ ਖੰਭਾਂ ਨੂੰ ਬਲ ਦਿੱਤਾ ਅਤੇ ਮੈਂ ਦੂਰ ਅਸਮਾਨ ਦੇ ਖਲਾਅ ਵਿੱਚ ਪ੍ਰਵਾਜ਼ ਭਰਦੀ ਪਿੱਛੇ ਕਾਲਜ ਦੀਆਂ ਸਹੇਲੀਆਂ ਦੀਆਂ ਯਾਦਾਂ ਦੇ ਅਤੀਤ ਨਾਲ਼ ਜਾ ਜੁੜੀ। ਯਾਦਾਂ ਪੀਡੀਆਂ ਦਰ ਪੀਡੀਆਂ ਹੁੰਦੀਆਂ ਗਈਆਂ ਅਤੇ ਮੇਰੇ ਜ਼ਿਹਨ ਵਿੱਚ ਇੱਕ ਘੜ੍ਹੀ ਚੱਲ ਪਈ। "ਟਿੱਕ-ਟਿੱਕ" ਘੜ੍ਹੀ ਦੀ ਅਵਾਜ਼ "ਸਮੇਂ" ਦੇ ਅੱਗੇ ਵਧਣ ਦਾ ਅਤੇ ਪਿੱਛੇ ਛੁੱਟਣ ਦਾ ਪ੍ਰਮਾਣ ਦੇ ਰਹੀ ਸੀ। ਰਾਤ ਦੇ ਬਾਰ੍ਹਾਂ ਵੱਜ ਰਹੇ ਸੀ। ਲੱਗਭਗ ਅਗਲਾ ਦਿਨ ਲੱਗ ਹੀ ਰਿਹਾ ਸੀ, ਪਰ ਮੇਰੀ ਅਤੇ ਮੇਰੀ ਬਹੁਤ ਨਜ਼ਦੀਕੀ ਸਹੇਲੀ ਵੰਦਨਾ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੋਂ-ਨਿਸ਼ਾਨ ਨਹੀਂ ਸੀ। ਸਾਰਾ ਦਿਨ ਦੋਹਾਂ ਨੇ ਖੂਬ ਗੱਲਾਂ ਕੀਤੀਆਂ। ਸਕੂਲ, ਕਾਲਜ ਅਤੇ ਬਚਪਨ ਦੀਆਂ ਗੱਲਾਂ…। ਹਾਲਾਂ ਕਿ ਕਈ ਸਾਲ ਬਾਅਦ ਜਦ ਵੀ ਮੈਨੂੰ ਭਾਰਤ ਜਾਣ ਦਾ ਮੌਕਾ ਮਿਲਦਾ ਤਾਂ ਵੰਦਨਾ ਨਾਲ ਮੁਲਾਕਾਤ ਹੋ ਹੀ ਜਾਂਦੀ ਸੀ। ਬੱਸ ਫ਼ੇਰ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਪੁਰਾਣੀਆਂ ਯਾਦਾਂ ਅਤੇ ਨਵੇਂ ਸਵਾਲਾਂ ਦਾ…! ਮੇਰੇ ਭਾਰਤ ਛੱਡਣ ਤੋਂ ਲੈ ਕੇ ਲੰਡਨ ਵਿੱਚ ਵਸਣ ਤੱਕ ਦੇ ਸਫ਼ਰ ਦੀ ਇੱਕ-ਇੱਕ ਗੱਲ ਉਹ ਬਹੁਤ ਚਾਅ ਨਾਲ ਸੁਣ ਰਹੀ ਸੀ। ਮੇਰੀ ਜ਼ਿੰਦਗੀ ਦੇ ਉਤਰਾ-ਚੜ੍ਹਾਅ ਦੇ ਸਫ਼ਰ ਦੀ ਉਹ ਪੂਰੀ ਜਾਣਕਾਰ ਹੈ। ਗਿਆਰਵੀਂ ਕਲਾਸ ਵਿੱਚ ਮੇਰੇ ਨਾਲ ਦੋਸਤੀ ਹੋਈ ਅਤੇ ਅੱਜ ਤੱਕ ਨਿਭ ਰਹੀ ਹੈ। ਵੰਦਨਾ ਸੁਰੂ ਤੋਂ ਹੀ ਥੋੜ੍ਹੀ ਮੋਟੀ ਸੀ। ਇਸ ਕਰਕੇ ਦੂਜੀਆਂ ਕੁੜੀਆਂ ਇਸ ਦਾ ਮਜ਼ਾਕ ਬਣਾਉਂਦੀਆਂ ਸਨ। ਇਸ ਲਈ ਉਹ ਚੁੱਪ-ਚਾਪ ਕਲਾਸ ਵਿੱਚ ਪਿਛਲੀ ਸੀਟ 'ਤੇ ਬੈਠ ਜਾਂਦੀ ਸੀ। ਮੈਂ ਕਲਾਸ ਦੀ "ਮੌਨੀਟਰ" ਹੋਣ ਕਰਕੇ ਉਸ ਨੂੰ ਪੂਰੀ ਤਵੱਜੋਂ ਦਿੰਦੀ ਸੀ। ਇਸ ਲਈ ਉਸ ਦੇ ਮਨ ਵਿੱਚ ਮੇਰੇ ਲਈ ਇੱਕ ਖ਼ਾਸ ਜਗਾਹ ਬਣ ਗਈ ਸੀ।

"ਤੈਨੂੰ ਕੁਝ ਵੀ ਮੱਦਦ ਦੀ ਲੋੜ ਹੋਵੇ ਤਾਂ ਮੈਨੂੰ ਪੁੱਛ ਲਿਆ ਕਰ…!" ਮੈਂ ਆਪਣੇ ਮੌਨੀਟਰ ਹੋਣ ਦਾ ਫ਼ਰਜ਼ ਨਿਭਾਇਆ। ਉਸ ਨੂੰ ਥੋੜ੍ਹੇ-ਬਹੁਤੇ ਅੰਗਰੇਜ਼ੀ ਗਾਣੇ ਆਉਂਦੇ ਸੀ ਅਤੇ ਮੈਂ ਕਦੇ-ਕਦੇ ਆਪਣੀ ਪੱਕੀਆਂ ਛੇ ਸਹੇਲੀਆਂ ਨੂੰ ਬੁਲਾ ਕੇ ਵੰਦਨਾਂ ਤੋਂ ਗਾਣੇ ਸੁਣਦੀ ਸੀ। ਗੱਲਾਂ-ਗੱਲਾਂ 'ਚ ਪਤਾ ਲੱਗਿਆ ਕਿ ਵੰਦਨਾ ਮੇਰੇ ਮੁਹੱਲੇ ਵਿੱਚ ਹੀ ਰਹਿੰਦੀ ਹੈ। ਫੇਰ ਕੀ ਸੀ…? ਰੋਜ਼ ਦਾ ਸਾਥ ਬਣ ਗਿਆ। ਪੜ੍ਹਨਾ-ਲਿਖਣਾ, ਜਾਣਾ-ਆਉਣਾ, ਛੁੱਟੀ-ਸਕੂਲ, ਹਰ ਕੰਮ ਇਕੱਠੇ ਹੋਣ ਲੱਗ ਪਿਆ ਅਤੇ ਨਾਲ ਹੀ ਦੋਸਤੀ ਨੂੰ ਰੰਗ ਚੜ੍ਹਣ ਲੱਗ ਪਿਆ। ਵਿਆਹ ਤੋਂ ਬਾਅਦ ਮੈਂ ਵਿਦੇਸ਼ ਚਲੀ ਗਈ। ਪਰ ਦੂਰੀ ਸਾਡੇ ਪਿਆਰ ਨੂੰ ਘਟਾ ਨਹੀਂ ਸਕੀ। ਅੱਜ ਵੰਦਨਾ ਇੱਕ ਸਫ਼ਲ ਅੰਗਰੇਜ਼ੀ ਅਧਾਅਪਕਾ ਅਤੇ ਇੱਕ ਜਿੰਮੇਂਵਾਰ ਪਤਨੀ ਅਤੇ ਦੋ ਬੇਟਿਆਂ ਦੀ ਪਿਆਰੀ ਮਾਂ ਹੈ।

"ਵੰਦਨਾਂ, ਤੈਨੂੰ ਬਾਕੀ ਆਪਣੇ ਗਰੁਪ ਦੀਆਂ ਦੂਜੀਆਂ ਛੇ ਸਹੇਲਿਆਂ ਕਦੇ ਮਿਲ਼ੀਐਂ?" ਲੰਡਨ ਤੋਂ ਗਈ ਨੇ ਮੈਂ ਇੱਕ ਦਿਨ ਵੰਦਨਾਂ ਨੂੰ ਸੁਆਲ ਕੀਤਾ।
"ਨਹੀਂ…! ਵਿਆਹ ਤੋਂ ਬਾਅਦ ਕਿਸੇ ਨਾਲ ਮਿਲਣ ਦਾ ਮੌਕਾ ਹੀ ਨਹੀਂ ਬਣਿਆਂ!"
"ਕੋਈ ਅਤਾ-ਪਤਾ, ਜਾਂ ਖ਼ਬਰਸਾਰ ਹੈ ਕਿ ਓਹ ਸਭ ਕਿੱਥੇ ਨੇ?" ਮੇਰੇ ਅੰਦਰ ਜਿਵੇਂ ਪੁਰਾਣੀ ਬਚਪਨ ਦੀ ਸਕੂਲ ਵਾਲੀ ਕੁੜੀ, ਸਹੇਲੀਆਂ ਨੂੰ ਮਿਲਣ ਲਈ ਤੜਫ਼ ਗਈ ਸੀ।
"ਹਾਂ, ਐਨਾਂ ਤਾਂ ਪਤਾ ਹੈ ਕਿ ਤਿੰਨ ਤਾਂ ਆਗਰਾ ਸ਼ਹਿਰ ਵਿੱਚ ਹੀ ਵਿਆਹੀਆਂ ਨੇ!" ਕੁਝ ਕੱਚੀ-ਪੱਕੀ ਜਿਹੀ ਜਾਣਕਾਰੀ ਵੰਦਨਾ ਨੇ ਦਿੱਤੀ।
"ਸੱਚੀ…!" ਮੈਂ ਛਾਲ ਮਾਰ ਕੇ ਉਠ ਕੇ ਬੈਠ ਗਈ।
"ਤੂੰ ਕੋਈ ਕੋਸ਼ਿਸ਼ ਕੀਤੀ, ਕਦੀ ਰਾਬਤਾ ਕਰਨ ਦੀ…?"
"ਨਹੀਂ, ਮੈਂ ਆਪਣੇ ਸਹੁਰੇ ਪਰਿਵਾਰ ਵਿੱਚ, ਬੱਚਿਆਂ ਅਤੇ ਪਤੀ ਵਿੱਚ ਬਹੁਤ ਬਿਜ਼ੀ ਸੀ!" ਮੈਂ ਵੰਦਨਾ ਦੀ ਇਸ ਸਥਿਤੀ ਨੂੰ ਸਮਝ ਸਕਦੀ ਸੀ। ਮੇਰੇ ਤੋਂ ਅੱਠ ਸਾਲ ਬਾਦ ਉਸ ਦਾ ਵਿਆਹ ਹੋਇਆ ਸੀ। ਪਹਿਲੇ ਹੀ ਸਾਲ ਜੁੜਵਾਂ ਬੇਟਿਆਂ ਨੂੰ ਜਨਮ ਦਿੱਤਾ। ਜੌੜੇ ਬੱਚਿਆਂ ਨੂੰ ਪਾਲਣਾ ਵਾਕਈ ਮੁਸ਼ਕਿਲ ਰਿਹਾ ਹੋਵੇਗਾ।
"ਚੱਲ, ਕੋਸ਼ਿਸ਼ ਕਰਕੇ ਦੇਖੀਏ, ਸ਼ਾਇਦ ਕੋਈ ਮਿਲ ਹੀ ਜਾਵੇ?"
"ਦੱਸ, ਕੀ ਕਰੀਏ?"
"ਤੂੰ ਆਪਣਾ ਫ਼ੇਸਬੁੱਕ ਖੋਲ੍ਹ ਤੇ ਓਹਨਾਂ ਦੇ ਨਾਂਮ ਲਿਖ ਕੇ ਦੇਖਦੇ ਹਾਂ!"
"ਪਰ ਇਹਨਾਂ ਤੀਹ ਸਾਲਾਂ ਵਿੱਚ ਤੇ ਸ਼ਕਲਾਂ ਵੀ ਬਦਲ ਗਈਆਂ ਹੋਣਗੀਆਂ? ਸ਼ਕਲ 'ਤੇ ਤਾਂ ਦਸ ਸਾਲ ਬਾਅਦ ਬਾਰ੍ਹਾਂ ਵੱਜ ਜਾਂਦੇ ਐ…!" ਉਹ ਹੱਸਦੀ ਬੋਲੀ। ਗੱਲ ਤਾਂ ਵੰਦਨਾ ਦੀ ਸੌ ਪ੍ਰਤੀਸ਼ਤ ਸਹੀ ਸੀ। ਅਸੀ ਵੀ ਦੇਖਣ ਵਿੱਚ ਕਿੰਨੀਆਂ ਬਦਲ ਗਈਆਂ ਸੀ। ਪਰ ਅੱਜ ਪੁਰਾਣੀਆਂ ਸਹੇਲੀਆਂ ਨੂੰ ਮਿਲਾਉਣ ਵਿਚ ਜਿਵੇਂ ਕੁਦਰਤ ਵੀ ਰਾਜ਼ੀ ਸੀ।
"ਦੇਖਦੇ ਹਾਂ, ਕੋਸ਼ਿਸ਼ ਤੇ ਕਰੀਏ!"

ਵੰਦਨਾਂ ਦੀ ਫ਼ੇਸਬੁੱਕ 'ਤੇ ਮੈਂ ਹਰ ਸਹੇਲੀ ਦਾ ਨਾਮ ਲਿਖ-ਲਿਖ ਕੇ ਬੜੀ ਨੀਝ ਨਾਲ ਉਹਨਾਂ ਦੇ ਚਿਹਰਿਆਂ ਨੂੰ ਨਿਰਖਦੇ ਹੋਏ ਜਿਵੇਂ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਨਾਮ ਮੁਤਾਬਿਕ ਕੋਈ ਮਿਲੀ ਨਹੀਂ। ਫੇਰ ਅਚਾਨਕ ਇੱਕ ਚਿਹਰੇ ਨੂੰ ਵੇਖ ਕੇ ਮੈਂ ਖੁਸ਼ੀ ਨਾਲ ਉਛਲ਼ ਪਈ।
"ਅਰੇ, ਵੇਖ ਵੰਦਨਾ, ਆਹ ਅਪਰਨਾ ਦੇ ਨਾਮ 'ਤੇ ਲੇਡੀ ਕੁਝ-ਕੁਝ ਓਸ ਦੇ ਵਰਗੀ ਹੀ ਲੱਗ ਰਰੀ ਹੈ?"
"ਹਾਂ ਸ਼ਾਇਦ, ਓਹੀ ਹੈ!! ਕਿੰਨੀ ਮੋਟੀ ਹੋ ਗਈ ਹੈ? ਪੂਰੀ ਘਰੇਲੂ ਔਰਤ ਲੱਗ ਰਹੀ ਹੈ!"

ਹੌਂਸਲਾ ਕਰ ਕੇ 'ਹੈਲੋ" ਦਾ ਮੈਸਿਜ਼ ਲਿਖ ਦਿੱਤਾ ਅਤੇ ਨਾਲੋ ਨਾਲ ਹੀ ਸਾਡਾ ਸਾਰਾ ਵੇਰਵਾ ਲਿਖ ਦਿੱਤਾ। ਵਕਤ ਸਾਡੇ ਹੱਕ ਵਿੱਚ ਸੀ ਅਤੇ ਅਰਪਨਾ ਨੇ ਮੈਸਿਜ਼ ਵੇਖ ਕੇ ਦੇਰ ਰਾਤ ਹੀ ਸਹੀ, ਪਰ ਜਵਾਬ ਦੇ ਦਿੱਤਾ। ਉਸ ਨੇ ਨੰਬਰ ਭੇਜਿਆ ਅਤੇ ਮੈਂ ਨਾਲ ਹੀ ਵੀਡੀਓ ਕਾਲ ਕਰ  ਲਿਆ।

"ਵੇਖਿਆ ਤੈਨੂੰ ਲੱਭ ਹੀ ਲ਼ਿ…."  ਮੇਰੀ ਜ਼ੁਬਾਨ ਨੂੰ ਜਿਵੇਂ ਲਕਵਾ ਮਾਰ ਗਿਆ। ਕੁਝ ਬੋਲਿਆ ਹੀ ਨਹੀਂ ਗਿਆ, ਤੀਹ ਸਾਲ ਬਾਦ ਅਪਰਨਾ ਨੂੰ ਵੇਖ ਕੇ ਅੱਖਾਂ ਜਾਰੋ- ਜ਼ਾਰ ਰੋ ਰਹੀਆਂ ਸਨ । ਭਾਵਨਾ ਵਿੱਰ ਰੁੜ੍ਹੀਆਂ ਅਸੀਂ ਤਿੰਨੋਂ ਹੀ ਰੋ ਰਹੀਆਂ ਸੀ। ਸਦੀਆਂ ਬਾਅਦ ਵੀ ਜਿਵੇਂ ਸ਼ਬਦਾਂ ਦਾ ਕਾਲ਼ ਪੈ ਗਿਆ ਸੀ ਅਤੇ ਹੰਝੂਆਂ ਦਾ ਹੜ੍ਹ ਆ ਗਿਆ ਸੀ। ਮਨ ਹੌਲ਼ਾ ਹੋਣ ਤੋਂ ਬਾਅਦ ਪਰਿਵਾਰ ਦਾ ਹਾਲ ਪੁੱਛਿਆ। ਅਪਰਨਾ ਨੇ ਦੱਸਿਆ ਕਿ ਓਹ ਕਲੱਕਤੇ ਵਿੱਚ ਵਸ ਰਹੀ ਸੀ।

"ਹੋਰ ਸੁਣਾ…? ਲੱਗਦਾ ਹੈ ਜੀਜੂ ਨੇ ਬੜੇ ਪਿਆਰ ਨਾਲ ਰੱਖਿਆ ਲੱਗਦੈ, ਤਾਂ ਹੀ ਤੇ ਤੈਨੂੰ ਖੁਆ-ਖੁਆ ਕੇ ਦਸ ਗੁਣਾ ਬਣਾ ਦਿੱਤਾ ਹੈ!" ਮਾਹੌਲ ਬਦਲਣ ਦੇ ਲਈ ਮੈਂ ਕਿਹਾ। ਪਰ ਫੇਰ ਜੋ ਸੈਲਾਬ ਉਮੜਿਆ, ਅੱਖਾਂ ਵਿੱਚੋਂ ਸਾਨੂੰ ਸੰਭਾਲਣਾ ਹੀ ਔਖਾ ਹੋ ਗਿਆ।

"ਸਤਨਾਮ, ਤੈਨੂੰ ਅੱਜ ਮੇਰੀ ਯਾਦ ਆਈ, ਮੇਰੀ ਤਾਂ ਦੁਨੀਆਂ ਉਜੜੀ ਨੂੰ ਵੀ ਬਾਰਾਂ ਸਾਲ ਹੋ ਗਏ, ਦੋ ਧੀਆਂ ਮੇਰੀ ਝੋਲੀ ਪਾ ਕੇ ਆਪ ਅਗਲੇ ਜਹਾਨ ਟੁਰ ਗਿਆ, ਮੈਂ ਤਾਂ ਕਦੇ ਘਰੋਂ ਵੀ ਬਾਹਰ ਨਹੀਂ ਨਿਕਲੀ, ਕੋਹਾਂ ਦੂਰ ਪੇਕੇ…." ਅਪਰਨਾ ਫੁੱਟ-ਫੁੱਟ ਕੇ ਰੋਂਦੀ ਬਾਂਵਰਿਆਂ ਵਾਂਗ ਬੋਲੀ ਜਾ ਰਹੀ ਸੀ। ਉਸ ਦੇ ਦੁਖਾਂਤ ਨੇ ਜਿਵੇਂ ਮੈਨੂੰ ਪੱਥਰ ਕਰ ਦਿੱਤਾ ਸੀ। ਮੈਂ ਅਵਾਕ ਜਿਹੀ ਅਰਪਨਾ ਨੂੰ ਤੱਕੀ ਜਾ ਰਹੀ ਸੀ।

"ਮੁਆਫ਼ ਕਰਨਾ ਅਪਰਨਾ, ਅਸੀਂ ਤੇ ਸੋਚਿਆ ਵੀ ਨਹੀਂ ਸੀ ਕਿ ਤੂੰ ਸਾਨੂੰ ਇਸ ਰੂਪ ਵਿਚ ਮਿਲੇਂਗੀ…? ਬਹੁਤ ਦੁੱਖ ਹੋਇਆ ਹੈ, ਸੱਚੀ!" ਵੰਦਨਾ ਨੇ ਗੱਲ ਅੱਗੇ ਤੋਰੀ। "ਵਾਹ ਨੀ ਕੁਦਰਤੇ" ਮਿਲਣ ਦੀ ਖੁਸ਼ੀ ਇੱਕ ਝਟਕੇ ਨਾਲ਼ ਦੁੱਖ ਵਿੱਚ ਬਦਲ ਜਾਏਗੀ, ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ। ਬਹੁਤ ਸਾਰੇ ਹੌਂਸਲੇ, ਤਸੱਲੀਆਂ ਦੇ ਕੇ ਜਲਦੀ ਫ਼ੋਨ ਕਰਾਂਗੇ ਕਹਿ ਕੇ ਫ਼ੋਨ ਬੰਦ ਦਿੱਤਾ। …ਜਾਂ ਫੇਰ ਹੋਰ ਕੁਝ ਕਹਿਣ ਨੂੰ ਮਨ ਨੇ ਗਵਾਹੀ ਨਹੀਂ ਦਿੱਤੀ। ਕੁਝ ਮਿੰਟਾਂ ਦੀ ਮੁਲਾਕਾਤ ਨੇ ਮੁੜ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਅਰਪਨਾ ਦਾ ਅੱਲ੍ਹੜ ਉਮਰ ਦਾ ਚਿਹਰਾ ਦਿਮਾਗ ਤੇ ਹਾਵੀ ਹੋ ਗਿਆ। ਚਿੱਟੇ ਰੰਗ ਦਾ ਸਲਵਾਰ ਕਮੀਜ਼ ਉਤੇ ਪੱਟੀ ਬਣਾ ਕੇ ਚਿਪਕਾਈ ਹੋਈ ਚੁੰਨੀ, ਸਿਰ ਵਾਹ ਕੇ ਗੁੰਦੀਆਂ ਦੋ ਗੁੱਤਾਂ, ਮੁਸਕੁਰਾਉਂਦਾ ਚਿਹਰਾ, ਉਸ ਦਾ ਗਾਣਾ, ਗੱਲਾਂ ਸਭ ਕੁਝ ਜਿਵੇਂ ਕੱਲ੍ਹ ਦੀ ਹੀ ਗੱਲ ਲੱਗ ਰਹੀਆ ਸਨ।

"ਜੋ ਮੈਂ ਸੋਚ ਰਹੀ ਹਾਂ, ਕੀ ਤੂੰ ਵੀ ਓਹੀ ਸੋਚ ਰਹੀ ਹੈਂ?" ਮੇਰੀਆ ਅੱਖਾਂ ਦੀ ਸ਼ਿਸ਼ਤ ਛੱਤ ਵੱਲ ਲੱਗੀ ਵੇਖ ਕੇ ਵੰਦਨਾ ਨੇ ਕਿਹਾ।

"ਹੂੰ….!" ਮੈਂ ਭੁੱਬਾਂ ਮਾਰ ਰੋ ਪਈ, "ਨਹੀਂ ਸੀ ਪਤਾ ਕਿ ਉਸ ਨੂੰ ਸੁਹਾਗਣ ਨਹੀਂ ਵੇਖ ਸਕਾਂਗੀ, ਕੁਵਾਰੀ ਤੋਂ ਵਿਧਵਾ ਦਾ ਸਫ਼ਰ ਕਿੰਨਾ ਦਰਦਮਈ ਰਿਹਾ ਹੋਣੈਂ?" ਅਸੀਂ ਦੋਵੇਂ ਸਾਰੀ ਰਾਤ ਯਾਦਾਂ ਦੀ ਦੁਨੀਆਂ ਵਿੱਚੋਂ ਨਹੀਂ ਸੀ ਨਿਕਲ ਸਕੀਆਂ। ਰਾਤ ਆਪਣਾ ਸਫ਼ਰ ਤੈਅ ਕਰਦੀ ਰਹੀ। ਸੂਰਜ ਸਿਰ 'ਤੇ ਚੜ੍ਹ ਆਇਆ। ਅਜੇ ਸਵੇਰੇ ਦੀ ਚਾਹ ਪੀਤੀ ਹੀ ਸੀ ਕਿ ਇੱਕ ਅਣਜਾਣ ਜਿਹੇ ਨੰਬਰ ਤੋਂ ਵੰਦਨਾ ਨੂੰ ਫ਼ੋਨ ਆਇਆ। ਉਸ ਨੇ ਸੁਆਲੀਆ ਜਿਹੀਆਂ ਨਜ਼ਰਾਂ ਨਾਲ਼ "ਹੈਲੋ" ਆਖੀ।

"ਵੰਦਨਾ, ਮੈਂ ਬਬੀਤਾ ਬੋਲ ਰਹੀ ਹਾਂ, ਤੇਰੀ ਕੇ ਐੱਨ ਐੱਸ ਕਾਲਜ' ਵਾਲੀ ਸਹੇਲੀ, ਥੋੜ੍ਹੀ ਦੇਰ ਪਹਿਲਾਂ ਹੀ ਅਪਰਨਾ ਨੇ ਤੇਰਾ ਨੰਬਰ ਦੇ ਕੇ ਕਿਹਾ ਕਿ ਸਤਨਾਮ ਵੀ ਤੇਰੇ ਕੋਲ ਆਈ ਹੋਈ ਹੈ ਤੇ ਗੱਲ ਕਰ ਲੈ!" ਬਿਨਾ ਕਿਸੇ ਭੁਮਿਕਾ ਬੰਨ੍ਹੇ, ਦੂਜੇ ਪਾਸੇ ਤੋਂ ਬਬੀਤਾ ਨੇ ਮਸ਼ੀਨਗੰਨ ਵਾਂਗ ਸਾਰਾ ਕੁਝ ਇੱਕੋ ਸਾਹ ਬੋਲ ਦਿੱਤਾ। ਇੱਕ ਸਹੇਲੀ ਨਾਲ ਦੂਜੀ ਵੀ ਮਿਲ ਗਈ। ਵੰਦਨਾ ਦਾ ਮੂੰਹ ਉਤੇਜਨਾ ਨਾਲ ਖੁੱਲ੍ਹਾ ਹੀ ਰਹਿ ਗਿਆ। ਫ਼ੋਨ ਵੰਦਨਾ ਨੇ ਵੀਡੀਓ ਕਾਲ 'ਤੇ ਕਰ ਲਿਆ। ਮੇਰੀ ਹੈਰਾਨਗੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ। ਖੂਬ ਸਾਰੀਆਂ ਗੱਲਾਂ ਕੀਤੀਆਂ। ਬਬੀਤਾ ਪੰਜਾਬ ਵਿੱਚ ਵਸ ਰਹੀ ਹੈ।

"ਬਬੀਤਾ, ਤੂੰ ਵੀ ਬਹੁਤ ਫ਼ੈਲ ਗਈ ਹੈਂ, ਜੇਕਰ ਸੜਕ 'ਤੇ ਮਿਲੀ ਹੁੰਦੀ, ਤਾਂ ਅਸੀਂ ਨਹੀਂ ਪਛਾਣ ਸਕਦੀਆਂ ਸੀ।" ਓਹ ਸਾਨੂੰ ਅਤੇ ਅਸੀਂ ਉਸ ਨੂੰ ਤੱਕੀ ਜਾ ਰਹੀਆਂ ਸੀ। ਜਿਵੇਂ ਤੀਹ ਸਾਲ ਬਾਅਦ ਆਪਣੇ ਆਪ ਨੂੰ ਯਕੀਨ ਦਿਵਾ ਰਹੀਆਂ ਸੀ ਕਿ ਅਸਲ ਵਿੱਚ ਅਸੀਂ ਸੱਚਮੁੱਚ ਹੀ ਇੱਕ ਦੂਜੇ ਨੂੰ ਦੇਖ ਰਹੇ ਸਾਂ। ਸ਼ਾਇਦ ਬਬੀਤਾ ਆਪਣੇ ਆਪ ਨੂੰ ਬਹੁਤ ਦੇਰ ਤੱਕ ਸਹਿਜ ਵਿੱਚ ਨਹੀਂ ਰੱਖ ਸਕੀ ਅਤੇ ਜਵਾਲਾਮੁਖੀ ਵਾਂਗ ਫੁੱਟ ਪਈ।

"ਸਤਨਾਮ, ਤੂੰ ਬਹੁਤ ਦੇਰ ਬਾਅਦ ਮਿਲੀ ਹੈਂ, ਇੱਥੋਂ ਤੱਕ ਕਿ ਮੇਰੀ ਦੁਨੀਆਂ ਵਸ ਕੇ ਉਜੜ ਵੀ ਚੁੱਕੀ ਹੈ!" ਉਸ ਨੇ ਇੱਕ ਬੰਬ ਸਾਡੇ ਸਿਰ ਵਿੱਚ ਸੁੱਟਿਆ ਅਤੇ ਭੁੱਬਾਂ ਮਾਰ ਕੇ ਰੋ ਪਈ।

"ਕੀ…..??" ਮੇਰੀ ਵੀ ਚੀਖ਼ ਨਿਕਲ਼ ਗਈ।

"ਅੱਠ ਸਾਲ ਹੋ ਗਏ ਨੇ, ਓਦੋਂ ਸਹੁਰਾ ਸਾਅਬ ਤੇ ਸੱਸ ਜਿਉਂਦੇ ਸਨ, ਇੱਕ-ਇੱਕ ਕਰ ਕੇ ਸਭ ਚਲੇ ਗਏ…..! ਦੋ ਧੀਆਂ ਉਹਨਾਂ ਦੀ ਮੌਤ ਪਿੱਛੋਂ ਛੇਤੀ ਹੀ ਵਿਆਹ ਦਿੱਤੀਆਂ ਸੀ।

 ਪੁੱਤ ਦੂਜੇ ਸ਼ਹਿਰ ਵਿੱਚ ਬਾਪ ਵਾਲ਼ਾ ਕੰਮ ਸੰਭਾਲਦਾ ਹੈ।" ਆਪਣੀ ਵੈਰਾਨੀ ਨੂੰ ਉਸ ਨੇ ਸੰਖੇਪ ਵਿੱਚ ਸੁਣਾ ਦਿੱਤਾ। ਅਸੀਂ ਤਿੰਨੋਂ ਗਹਿਰੇ ਦੁੱਖ ਵਿੱਚ ਡੁੱਬ ਗਈਆਂ। ਮਨ 'ਚ ਸੋਚਾਂ ਦਾ ਜਿਵੇਂ ਭੂਚਾਲ ਆ ਗਿਆ ਸੀ। ਆਪਣੀਆਂ ਬਚਪਨ ਦੀਆਂ ਸਹੇਲੀਆਂ ਦੀ ਉਜੜੀ ਦਾਸਤਾਨ ਸੁਣ ਕੇ ਸਮਝ ਨਹੀਂ ਸੀ ਆ ਰਹੀ ਕਿ ਖੁਸ਼ੀ  ਦਾ ਇਜ਼ਹਾਰ ਕਰੀਏ, ਕਿ ਉਹਨਾਂ ਦੇ ਉਜਾੜੇ 'ਤੇ ਅਫ਼ਸੋਸ ਜਤਾਈਏ….? ਦੁਪਹਿਰ ਦੇ ਖਾਣੇ 'ਤੇ ਵੰਦਨਾ ਨੇ ਬਬੀਤਾ ਦੀਆਂ ਪੁਰਾਣੀਆਂ ਯਾਦਾਂ ਛੇੜ ਲਈਆਂ।….

"ਸਤਨਾਮ, ਤੈਨੂੰ ਯਾਦ ਹੈ? ਬਬੀਤਾ ਤੇਰੇ 'ਤੇ ਬੜਾ ਤਵਾ ਲਾਉਂਦੀ ਸੀ?"
"ਬਿਲਕੁਲ ਯਾਦ ਹੈ, ਆਖਦੀ ਸੀ; ਜੇਕਰ ਮੈਂ ਮੁੰਡਾ ਹੁੰਦੀ, ਤੇ ਤੈਨੂੰ ਤੇ ਪੱਕਾ ਉੜਾ ਕੇ ਲੈ ਜਾਣਾ ਸੀ!" ਬੋਲ ਕੇ ਮੈਨੂੰ ਜੱਫ਼ੀ ਪਾ ਲੈਂਦੀ ਸੀ।

ਜਦ ਵੀ ਬਬੀਤਾ ਆਉਂਦੀ ਨੂੰ ਦੂਜੀਆਂ ਸਹੇਲੀਆਂ ਦੇਖਦੀਆਂ, ਤਾਂ ਸ਼ਰਾਰਤ ਨਾਲ ਕਹਿੰਦੀਆਂ, 'ਤੇਰੀ ਲੇਡੀ ਆਸ਼ਿਕ ਆ ਰਹੀ ਹੈ!"

ਗੋਰਾ ਰੰਗ, ਘੁੰਗਰਾਲੇ ਵਾਲ, ਗੋਲ ਮਟੋਲ ਸਰੀਰ। ਗਿਆਰਵੀਂ ਵਿੱਚ ਹੀ ਦੋਸਤੀ ਹੋਈ ਸੀ। ਅਚਾਨਕ ਬਾਰ੍ਹਵੀਂ ਤੋਂ ਬਾਅਦ ਪਤਾ ਚੱਲਿਆ ਕਿ ਉਸ ਦਾ ਵਿਆਹ ਹੋ ਗਿਆ ਹੈ। ਉਸ ਨੇ ਸਾਨੂੰ ਕਿਸੇ ਨੂੰ ਨਹੀਂ ਸੀ ਬੁਲਾਇਆ ਵਿਆਹ 'ਚ। ਬਾਅਦ ਵਿੱਚ ਪਤਾ ਲੱਗਿਆ ਕਿ ਪੰਜਾਬ ਜਾ ਕੇ ਵਿਆਹੀ ਸੀ। ਓਦੋਂ ਦੀ ਵਿੱਛੜੀ, ਤੇ ਅੱਜ ਜਾ ਕੇ ਫ਼ੋਨ ਤੇ ਉਸ ਦੀ ਸ਼ਕਲ ਵੇਖੀ ਅਤੇ ਅਵਾਜ਼ ਸੁਣੀਂ। ਜਿਵੇਂ ਸਦੀਆਂ ਹੀ ਬੀਤ ਗਈਆਂ ਸਨ। ਅੱਜ ਕਿੰਨੀ ਜ਼ਿੰਮੇਵਾਰ ਜਿਹੀ ਹੋ ਕੇ ਬਜੁਰਗਾ ਵਾਂਗ ਗੱਲ ਕਰ ਰਹੀ ਸੀ। ਦੋ ਸਹੇਲੀਆਂ ਮਿਲਣ ਕਰਕੇ ਦੂਜੀਆਂ ਨੂੰ ਮਿਲਣ ਦੀ ਚਾਹਨਾ ਹੋਰ ਵੀ ਵੱਧ ਗਈ। ਬਾਕੀਆਂ ਦਾ ਕੀ ਹਾਲ ਹੋਊ…? ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਦੀਆਂ ਰਾਹਗੀਰ ਰਹੀਆਂ ਸਾਂ, ਉਸ ਨਾਤੇ ਦੀ ਵੀ ਇੱਕ ਵਾਰ ਭਾਲ ਕਰਨਾ ਤੇ ਸਾਡਾ ਫ਼ਰਜ਼ ਵੀ ਬਣਦਾ ਸੀ।

"ਵੰਦਨਾਂ, ਸਾਰੀਆਂ ਭਾਵੇਂ ਜਿੱਥੇ ਮਰਜ਼ੀ ਵਿਆਹੀਆਂ ਹੋਣ, ਪਰ ਉਹਨਾਂ ਦੇ ਪੇਕੇ ਤਾਂ ਉਹਨਾਂ ਘਰਾਂ ਵਿੱਚ ਹੋਣਗੇ! ਤੇ ਕਿਉਂ ਨਾ ਆਪਾਂ ਇੱਕ ਗੇੜਾ ਸਾਰੀਆਂ ਦੇ ਘਰਾਂ ਦਾ ਲਾ ਲਈਏ…?" ਮੈਨੂੰ ਆਹੀ ਰਸਤਾ ਆਖਰੀ ਲੱਗਿਆ।

"ਤੀਹ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ, ਪਤਾ ਨਹੀਂ ਕੌਣ ਹੋਊ ਉਹਨਾਂ ਦੇ ਘਰਾਂ ਵਿੱਚ ਹੁਣ? ਫੇਰ ਵੀ ਤੇਰੀ ਖੁਸ਼ੀ ਲਈ ਚੱਲਦੇ ਹਾਂ, ਮੁੜ ਫੇਰ ਕੀ ਪਤਾ ਕਦੋਂ ਤੂੰ ਭਾਰਤ ਆਉਣਾ ਹੈ?" ਹਮੇਸ਼ਾਂ ਦੀ ਤਰ੍ਹਾਂ ਮੇਰਾ ਸਾਥ ਨਿਭਾਉਣ ਲਈ ਵੰਦਨਾ ਤਿਆਰ ਹੋ ਗਈ। ਉਸ ਦਿਨ ਧੁੱਪ ਬਹੁਤ ਤੇਜ਼ ਸੀ। ਸ਼ਾਮ ਨੂੰ ਵੰਦਨਾ ਦੇ ਘਰ ਆਪਣੇ ਕੰਮ ਕਾਜ ਹੋਣ ਕਰਕੇ ਅਸੀਂ ਦੁਪਹਿਰ ਹੀ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਸਕੂਟੀ ਕੱਢੀ ਅਤੇ ਕਿੱਕ ਮਾਰ ਮੈਨੂੰ ਬਿਠਾ ਉਡ ਚੱਲੀ ਵਿੱਛੜੀਆਂ ਸਹੇਲੀਆਂ ਦੀ ਖੋਜ ਵੱਲ!

"ਮਧੂ ਦੇ ਘਰ ਦਾ ਨਕਸ਼ਾ ਹੀ ਬਦਲ ਗਿਆ ਹੈ, ਪਤਾ ਨਹੀਂ ਕਈ ਹੋਰ ਨਾ ਰਹਿੰਦੇ ਹੋਣ?" ਵੰਦਨਾ ਨੇ ਸਕੂਟੀ ਮਧੂ ਦੇ ਘਰ ਅੱਗੇ ਖੜ੍ਹੀ ਕਰਦਿਆਂ ਕਿਹਾ।

"ਚੱਲ, ਪੁੱਛਦੀ ਹਾਂ!" ਕਿਸੇ ਆਸ ਨਾਲ ਮੈਂ ਇਕ ਦਫ਼ਤਰ ਦੇ ਦਰਵਾਜੇ ਤੇ 'ਟਿੱਕ-ਟਿੱਕ' ਕੀਤੀ। ਇੱਕ ਬਜ਼ੁਰਗ ਬਾਹਰ ਆਇਆ। ਮੈਂ ਬੜੇ ਅਦਬ ਨਾਲ ਨਮਸ਼ਕਾਰ ਕੀਤੀ ਅਤੇ ਨਾਲ ਹੀ ਆਪਣੇ ਮਨ ਦੀ ਵਿਆਕੁਲਤਾ ਦੱਸ ਦਿੱਤੀ।

"ਮੈਂ ਇੰਗਲੈਂਡ ਤੋਂ ਆਈ ਹਾਂ, ਕਰੀਬ ਤੀਹ ਸਾਲ ਪਹਿਲਾਂ ਮੇਰੀ ਸਹੇਲੀ ਦਾ ਘਰ ਇੱਥੇ ਸੀ, ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ!" ਮੈਂ ਹੱਥ ਜੋੜ ਕੇ ਕਿਹਾ, "ਪਲੀਜ਼ ਅੰਕਲ!"
"ਬੋਲੋ ਮੈਂ ਕੀ ਮੱਦਦ ਕਰ ਸਕਦਾ ਹਾਂ…?" ਬਜ਼ੁਰਗ ਦਾ ਦਿਲ ਮੇਰੀ ਬੇਨਤੀ ਨਾਲ ਨਰਮ ਹੋ ਗਿਆ ਸੀ ਸ਼ਾਇਦ?
"ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਅਗਰ ਸਾਨੂੰ ਪਤਾ ਲੱਗ ਜਾਏ ਕਿ ਜੋ ਘਰ ਇੱਥੇ ਸੀ, ਓਹ ਪਰਿਵਾਰ ਹੁਣ ਕਿੱਥੇ ਹੈ…?"

"ਓਹ ਤਾਂ ਮੈਨੂੰ ਨਹੀਂ ਪਤਾ ਪਰ ਇੱਥੇ ਇੱਕ ਪਰਿਵਾਰ ਹੈ, ਉਹਨਾਂ ਨਾਲ ਮਿਲਵਾ ਸਕਦਾ ਹਾਂ, ਸ਼ਾਇਦ ਕੁਝ ਮੱਦਦ ਹੋ ਸਕੇ?" ਆਪਣਾ ਹਿੱਸਾ ਪਾਇਆ ਬਜ਼ੁਰਗ ਨੇ ਮੇਰੀ ਖੋਜ ਵਿੱਚ। ਇੱਕ ਬਹੁਤ ਹੀ ਪੁਰਾਣੇ ਡਿਜ਼ਾਇਨ ਵਾਲਾ ਘਰ, ਜਿਸ ਦੀਆਂ ਪੌੜੀਆਂ ਬਹੁਤ ਡੂੰਘੀਆਂ ਜਿਹੀਆਂ ਸੀ। ਮੈਨੂੰ ਉਪਰ ਜਾਣ ਦਾ ਇਸ਼ਾਰਾ ਕਰਕੇ ਅੰਕਲ ਵਾਪਿਸ ਮੁੜ ਗਿਆ। ਡਰਦੇ ਡਰਦੇ ਅਸੀਂ ਆਪਣੀ ਸਹੇਲੀ ਨੂੰ ਲੱਭਣ ਦੇ ਜਨੂੰਨ ਵਿੱਚ ਅਜ਼ੀਬ ਜਿਹੇ ਘਰ ਵਿੱਚ ਚਲੇ ਗਏ। 'ਖੱਟ-ਖੱਟ' ਦਰਵਾਜ਼ਾ ਖੜਕਾਇਆ। ਦੋ ਔਰਤਾਂ ਮੂਹਰੇ ਆ ਗਈਆਂ ਅਤੇ ਕੁਝ ਸਵਾਲੀਆ ਜਿਹੀਆ ਨਜ਼ਰਾਂ ਨਾਲ ਸਾਨੂੰ ਦੇਖਣ ਲੱਗ ਪਈਆਂ। ਮੈਂ ਹੱਥ ਜੋੜ ਬੇਨਤੀ ਕੀਤੀ ਅਤੇ ਸਾਰੀ ਕਹਾਣੀ ਸੁਣਾ ਦਿੱਤੀ। ਉਹਨਾਂ ਇਸ਼ਾਰਾ ਕਰ ਇੰਤਜਾਰ ਕਰਨ ਨੂੰ ਕਿਹਾ ਅਤੇ ਅੰਦਰ ਅਵਾਜ਼ ਮਾਰੀ।

"ਮਧੂ, ਬਾਹਰ ਆਓ….! ਕੋਈ ਤੁਹਾਨੂੰ ਮਿਲਣ ਆਇਆ ਹੈ!" ਇੱਕ ਅਵਾਜ਼ ਨਾਲ ਹੀ ਇੱਕ ਅਧੇੜ ਉਮਰ ਦੀ ਔਰਤ ਹਿੰਦੂ ਸਟਾਇਲ ਦੀ ਧੋਤੀ ਪਾਈ ਹੋਈ ਬਾਹਰ ਆਈ। ਵੰਦਨਾ ਮੇਰੇ ਵੱਲ ਅਤੇ ਮੈਂ ਵੰਦਨਾ ਵੱਲ ਦੇਖਣ ਲੱਗ ਪਈ ਕਿ ਮਧੂ ਇੰਨੀ ਵੀ ਨਹੀਂ ਬਦਲ ਸਕਦੀ? ਦੋ ਗੱਲਾਂ ਤੋਂ ਬਾਅਦ ਉਸ ਔਰਤ ਨੇ ਸਾਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਅਸੀਂ ਮੁਆਫ਼ੀ ਮੰਗ ਕੇ ਵਾਪਿਸ ਆ ਗਏ। ਵੰਦਨਾ ਨੇ ਦੱਸਿਆ ਕਿ ਉਹ ਮਧੂ ਦੇ ਇੱਕ ਰਿਸ਼ਤੇਦਾਰ ਨੂੰ ਜਾਣਦੀ ਹੈ, ਕੋਸ਼ਿਸ਼ ਕਰਦੇ ਹਾਂ ਉਸ ਨੂੰ ਪੁੱਛਣ ਦੀ। ਸਾਡੀ ਕੋਸ਼ਿਸ਼ ਨੇ ਸਾਡਾ ਸਾਥ ਦਿੱਤਾ। ਮਧੂ ਦੇ ਰਿਸ਼ਤੇਦਾਰ ਕੋਲੋਂ ਮਧੂ ਦਾ ਨੰਬਰ ਮਿਲ ਗਿਆ। ਬਿਨਾ ਇੱਕ ਪਲ ਦੇਰ ਕੀਤੇ ਫ਼ੋਨ ਮਿਲਾਇਆ, ਦੂਜੇ ਪਸੇ ਤੋਂ ਮਧੂ ਹੀ ਬੋਲੀ। ਆਪਣੀ ਕਾਮਯਾਬੀ 'ਤੇ ਸਾਡੇ ਦੋਹਾਂ ਦੀਆਂ ਅੱਖਾਂ ਭਰ ਆਈਆਂ। ਮਧੂ ਵੀ ਇੰਨੇ ਅਰਸੇ ਬਾਦ ਸਾਡੀ ਅਵਾਜ਼ ਸੁਣ ਕੇ ਭਾਵੁਕ ਹੋ ਗਈ। ਮਧੂ ਮੇਰੇ ਨਾਲ ਸੱਤਵੀ ਕਲਾਸ ਤੋਂ ਪੜ੍ਹਦੀ ਸੀ। ਇਸ ਦੀ ਮਾਂ ਨਾ ਹੋਣ ਕਰਕੇ ਸਿਰਫ਼ ਬਾਹਰਵੀਂ ਤੱਕ ਹੀ ਪੜ੍ਹੀ ਸੀ। ਸ਼ੁਰੂ ਤੋਂ ਹੀ ਸੰਜੀਦੀਗੀ ਵਾਲੀ ਜ਼ਿੰਮੇਵਾਰ ਜਿਹੀ ਕੁੜੀ ਸੀ।

"ਮੈਂ ਆਗਰਾ ਵਿੱਚ ਹੀ ਹਾਂ, ਆਪਣੇ ਸਹੁਰੇ ਘਰ!" ਮਧੂ ਕੋਲੋਂ ਇਤਨਾ ਸੁਣ ਅਸੀ ਸੁਖ ਦਾ ਸਾਹ ਲਿਆ ਕਿ ਚਲੋ ਕਿਸੇ ਦਿਨ ਵੀ ਮਿਲ ਸਕਦੇ ਹਾਂ। ਮਧੂ ਵੱਲੋਂ ਸਾਰੀ ਖੁਸ਼ਹਾਲੀ ਦੀਆਂ ਹੀ ਗੱਲਾਂ ਸਨ। ਪਤੀ ਦਾ ਕਾਰੋਬਾਰ ਹੈ, ਆਪਣਾ ਘਰ, ਦੋ ਬੱਚੇ, ਸਭ ਚੰਗਾ ਚੱਲ ਰਿਹਾ ਸੀ। ਮੈਂ ਹੱਥ ਜੋੜ ਉਪਰ ਵਾਲੇ ਦਾ ਸ਼ੁਕਰ ਕੀਤਾ। ਮਿਲਣ ਦੀ ਬਾਤ ਪਾ ਕੇ ਅਸੀ "ਖੋਜ ਦੇ ਸਫ਼ਰ" ਨੂੰ ਜਾਰੀ ਰੱਖਿਆ।

"ਤੈਨੂੰ ਕਿਸੇ ਹੋਰ ਸਹੇਲੀ ਬਾਰੇ ਪਤਾ ਹੈ?" ਮੈਂ ਮਧੂ ਕੋਲੋਂ ਪੁੱਛਿਆ।
"ਮੇਰੇ ਕੋਲ ਸਿਰਫ਼ ਅੰਜਨਾ ਦਾ ਨੰਬਰ ਹੈ, ਉਹ ਮੇਰੀ ਕਿੱਟੀ ਪਾਰਟੀ ਦੀ ਮੈਂਬਰ ਹੈ, ਹੋਰ ਕਿਸੇ ਦਾ ਨਹੀ ਪਤਾ!" ਮਧੂ ਦੀ ਇੰਨੀ ਸਹਾਇਤਾ ਹੀ ਬਹੁਤ ਸੀ। ਅੰਜਨਾ ਨੂੰ ਫ਼ੋਨ ਕੀਤਾ ਤਾਂ ਉਹ ਫ਼ੋਨ ਵਿੱਚੋਂ ਹੀ ਖੁਸ਼ੀ ਨਾਲ ਛਾਲ ਕੇ ਮਾਰ ਬਾਹਰ ਨਿਕਲਣ ਵਾਲੀ ਹੋ ਗਈ ਸੀ। ਹਰ ਇੱਕ ਗੱਲ ਤੋਂ ਬਾਅਦ ਕਹਿ ਰਹੀ ਸੀ, "ਵਾਕਈ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ…? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ, ਤੀਹ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਭੈਣ ਮੇਰੀਏ…!"

"ਯਕੀਨ ਕਰਨਾ ਹੈ ਤਾ ਮਿਲ ਲੈਂਦੇ ਹਾਂ, ਕਿੱਥੇ ਹੈਂ ਅੱਜ ਕੱਲ੍ਹ?" ਵੰਦਨਾ ਨੇ ਪੁੱਛਿਆ।

"ਮੈਂ ਆਗਰੇ ਵਿੱਚ ਹੀ ਵਿਆਹੀ ਹਾਂ, ਬੋਲ ਕਦ ਮਿਲਣਾ ਹੈ?" ਅੰਜਨਾ ਦੀ ਬੇਤਾਬੀ ਸਮਝ ਆ ਰਹੀ ਸੀ। ਮੇਰੇ ਨਾਲ ਗਿਆਰ੍ਹਵੀਂ ਕਲਾਸ ਤੋਂ ਜੁੜੀ ਸੀ। ਬਹੁਤ ਹੱਸਮੁਖ, ਸ਼ਰਾਰਤੀ, ਜਿੰਦਾ ਦਿਲ ਕੁੜੀ!  ਅੰਜਨਾਂ ਦੇ ਵਾਲਾਂ ਦੀ "ਗਰੋਥ" ਘੱਟ ਸੀ ਅਤੇ ਮਜ਼ਾਕ ਕਰਦੀ ਆਖਦੀ ਹੁੰਦੀ ਸੀ, "ਮੈਂ ਭਾਰਤੀ ਪ੍ਰੰਪਰਾ ਨੂੰ ਪੂਰਾ ਨਿਭਾਉਣਾਂ ਹੈ, ਵਿਆਹ ਤੋਂ ਬਾਦ ਕਦੇ ਸਿਰ ਤੋਂ ਪੱਲਾ ਨਹੀਂ ਲਾਹੁੰਣਾਂ…!" ਤੇ ਫੇਰ ਜੋਰ ਦੀ ਹੱਸ ਪੈਂਦੀ ਕਿ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸ ਨੂੰ ਮਿਲ ਕੇ ਮੈਂ ਦੇਖਣਾਂ ਚਾਹੁੰਦੀ ਸੀ ਕਿ ਅੱਜ ਵੀ ਓਦਾਂ ਦੀ ਹੀ ਮਸਤ ਹੈ ਜਾਂ ਵਿਆਹ ਦੇ ਫੇਰਿਆਂ ਨੇ ਬਦਲ ਦਿੱਤਾ? ਪਰ ਅੰਜਨਾ ਦੇ ਦੱਸੇ ਮੁਤਾਬਿਕ, ਦੋ ਬੱਚਿਆਂ ਦੀ ਮਾਂ ਦੇ ਇਸ਼ਾਰਿਆ 'ਤੇ ਨੱਚਣ ਵਾਲੇ ਪਤੀ ਦੀ "ਚਹੇਤੀ ਪਤਨੀ" ਹੈ, ਅਸੀਂ ਵੀ ਜਾਣ ਕੇ ਖੁਸ਼ ਹੋ ਗਏ। ਗਰਮ ਦਿਨ ਹੋਣ ਕਰ ਕੇ ਮੇਰਾ ਤੇ ਵੰਦਨਾ ਦਾ ਪਸੀਨੇ ਨਾਲ ਬੁਰਾ ਹਾਲ ਸੀ, ਪਰ ਉਤਸ਼ਾਹ ਵਿਚ ਕਮੀ ਨਹੀਂ ਸੀ। "ਘੁਰਰਰ" ਕਰਕੇ ਵੰਦਨਾ ਨੇ ਸਕੂਟੀ ਅੰਜੂ ਦੀ ਖੋਜ ਵੱਲ ਮੋੜੀ। ਅੰਜੂ ਦਾ ਘਰ ਦੂਰ ਸੀ, ਅਤੇ ਅਸੀਂ ਫੈਸਲਾ ਕੀਤਾ ਕਿ ਉਸ ਦੇ ਭਰਾ ਦੀ ਦੁਕਾਨ 'ਤੇ ਚੱਲਦੇ ਹਾਂ। ਅੰਜੂ ਦੇ ਭਰਾ ਦੀ ਦੁਕਾਨ ਦੇ ਠੀਕ ਸਾਹਮਣੇ ਸਕੂਟੀ ਖੜ੍ਹੀ ਹੋਈ, ਅਤੇ ਮੈਂ ਦੁਕਾਨ ਦੇ ਅੰਦਰ ਚਲੀ ਗਈ। ਦੁਕਾਨ ਹਾਰਡ ਸਪੇਅਰ  ਦੀ ਸੀ ਅਤੇ ਮੈਂ "ਵੈਸਟਰਨ ਡਰੈੱਸ" ਪਾਈ ਹੋਈ ਸੀ। ਅੰਜੂ ਦੇ ਭਰਾ ਨੇ ਥੋੜੀ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਅਤੇ ਮੈਨੂੰ ਕੋਈ ਗਾਹਕ ਸਮਝ ਕੇ ਮੁਖਾਬਿਤ ਹੋਇਆ।

"ਜੀ, ਮੈਂ ਅੰਜੂ ਦੀ ਸਹੇਲੀ ਹਾਂ, ਓਹ ਮੇਰੇ ਨਾਲ ਕੇ ਐੱਨ ਐੱਸ ਕਾਲਜ ਵਿੱਚ ਪੜ੍ਹਦੀ ਸੀ!" ਇਸਦੇ ਨਾਲ ਹੀ ਮੈਂ ਸਾਰੀਆ ਗੱਲਾਂ, ਜੋ ਮੈਨੂੰ ਉਸ ਦੇ ਪ੍ਰੀਵਾਰ ਬਾਰੇ ਪਤਾ ਸੀ, ਸਬੂਤ ਦੇ ਰੂਪ ਵਿਚ ਦੱਸ ਦਿੱਤੀਆਂ।

"ਅੰਜੂ ਦਿੱਲੀ ਵਿਆਹੀ ਹੈ!" ਇਤਨਾ ਦੱਸ ਉਸ ਨੇ ਮੇਰੀ ਸਹੇਲੀ ਅੰਜੂ ਦਾ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਹੱਥ ਜੋੜ ਕੇ "ਪਲੀਜ਼-ਪਲੀਜ਼" ਕਰ ਬੇਨਤੀ ਕੀਤੀ। ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਵੀ ਮੇਰੇ ਨਾਲ ਹਮਦਰਦੀ ਜਿਹੀ ਹੋ ਰਹੀ ਸੀ ਕਿ ਕੋਈ ਤੀਹ ਸਾਲ ਬਾਅਦ ਵੀ ਨਾਲ਼ ਪੜ੍ਹਦੀ ਸਹੇਲੀ ਲਈ ਇਤਨਾਂ ਬੇਚੈਨ ਹੋ ਸਕਦਾ ਹੈ?

"ਤੁਸੀ ਮੇਰਾ ਨੰਬਰ ਲੈ ਲਵੋ, ਪਲੀਜ਼ ਉਸ ਨੂੰ ਦੇ ਦੇਵੋ, ਜੇ ਹੋ ਸਕਦਾ ਹੈ ਉਹ ਆਪ ਫ਼ੋਨ ਕਰ ਲਵੇ!" ਇਤਨਾ ਕਹਿ ਵੰਦਨਾ ਨੇ ਆਪਣਾ ਫ਼ੋਨ ਨੰਬਰ ਦੇ ਦਿੱਤਾ। ਅਗਲੇ ਦਿਨ ਸ਼ਾਮ ਨੂੰ ਅੰਜੂ ਦਾ ਵੀ ਫ਼ੋਨ ਆ ਗਿਆ ਸੀ। ਉਸ ਦੀ ਅਵਾਜ਼ ਬਹੁਤ ਬਦਲ ਗਈ ਸੀ। ਉਤੇਜਨਾ ਕਰਕੇ ਅਨੂੰ ਕੋਲੋਂ ਬੋਲਿਆ ਨਹੀ ਸੀ ਜਾ ਰਿਹਾ। ਅਨੂੰ ਨੇ ਵਾਟਸਅੱਪ 'ਤੇ ਸਾਰੇ ਪਰਿਵਾਰ ਦੀਆਂ ਫ਼ੋਟੋ ਤੁਰੰਤ ਭੇਜ ਦਿੱਤੀਆਂ। ਇੱਕ ਪਿਆਰ ਕਰਨ ਵਾਲਾ ਪਤੀ ਤੇ ਦੋ ਜਵਾਨ ਬੇਟੀਆਂ ਦੀ ਮਾਂ ਹੈ। ਅਨੂੰ ਨੇ ਨਾਲ ਦੀ ਨਾਲ ਹੀ ਆਪਣੇ ਪਤੀ ਤੇ ਬੇਟੀਆਂ ਨਾਲ ਵੀ ਗੱਲ ਕਰਵਾ ਦਿੱਤੀ।

"ਤੁਹਾਡਾ ਸਿਰਫ਼ ਨਾਮ ਹੀ ਕਾਫ਼ੀ ਹੈ ਸਤਨਾਮ ਜੀ, ਅੰਜੂ ਨੇ ਤੁਹਾਡੀ ਦੋਸਤੀ ਬਾਰੇ ਬਹੁਤ ਸਾਰੀਆਂ ਗੱਲਾਂ ਪਰਿਵਾਰ ਨੂੰ ਦੱਸੀਆਂ ਹੋਈਆਂ ਹਨ!" ਉਸ ਦੇ ਪਤੀ ਨੇ ਸਾਡੀ ਦੋਸਤੀ ਨੂੰ ਪ੍ਰਮਾਣ ਦਿੱਤਾ। ਮੈਨੂੰ ਵੀ ਯਕੀਨ ਸੀ ਕਿ ਉਹ ਵੀ ਮੈਨੂੰ ਯਾਦ ਕਰਦੀ ਹੋਣੀ ਹੈ, ਕਿਉਂਕਿ ਅਨੂੰ ਮੇਰੇ ਨਾਲ ਸੱਤਵੀਂ ਕਲਾਸ ਤੋਂ ਪੜ੍ਹ ਰਹੀ ਸੀ। ਬਚਪਨ ਤੋਂ ਜਵਾਨ ਹੋਣ ਤੱਕ ਅਸੀਂ ਕਈ ਮੌਸਮ ਇਕੱਠੇ ਵੇਖੇ ਸੀ। ਫ਼ੋਨ ਬੰਦ ਹੋਣ ਤੋਂ ਪਹਿਲਾਂ ਮੈਂ ਅੰਜੂ ਨੂੰ ਪੁੱਛਿਆ ਕਿ ਉਸ ਨੂੰ ਉਹ ਗਾਣਾ ਯਾਦ ਹੈ, ਜੋ ਕਿ ਸਕੂਲ ਵਿੱਚ ਸਾਡੀ ਫ਼ਰਮਾਇਸ਼ ਹੋਣ 'ਤੇ ਸੁਣਾਉਂਦੀ ਸੀ? ਹਰ ਵਾਰ ਇੱਕੋ ਹੀ ਗੀਤ!

"ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈਂ, ਜਹਾਂ ਭੀ ਜਾਊਂ, ਯੇ ਲਗਤਾ ਹੈ ਤੇਰੀ ਮਹਿਫ਼ਲ ਹੈ….!" ਇੱਕ ਮਿੰਟ ਦੀ ਦੇਰ ਲਾਏ ਬਿਨਾ ਹੀ ਅੰਜੂ ਨੇ ਗਾਣੇ ਦੀਆਂ ਚੰਦ ਲਾਈਨਾਂ ਸੁਣਾ ਦਿੱਤੀਆਂ। ਭਾਵੇਂ ਉਸ ਵੇਲੇ ਇਹ ਗੀਤ ਕਿਸੇ ਹੋਰ ਭਾਵਨਾ ਨਾਲ ਗਾਉਂਦੀ ਹੋਵੇਗੀ, ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਲਈ ਗਾ ਰਹੀ ਸੀ। ਮੈਂ ਭਰੇ ਜਹੇ ਮਨ ਨਾਲ ਫੇਰ ਫ਼ੋਨ ਕਰਨ ਦਾ ਕਹਿ ਕੇ ਫ਼ੋਨ ਬੰਦ ਕਰ ਦਿੱਤਾ। ….ਮੈਨੂੰ ਅੱਜ ਵੀ ਯਾਦ ਹੈ; ਅੰਜੂ ਬਹੁਤ ਹੀ ਸ਼ਰਮੀਲੀ ਅਤੇ ਘੱਟ ਬੋਲਣ ਵਾਲੀ ਕੁੜੀ ਸੀ। ਮੈਨੂੰ ਅੱਲ੍ਹੜ ਉਮਰ ਦੀ ਇੱਕ ਘਟਨਾ ਯਾਦ ਆ ਗਈ। ਹਰ ਕੁੜੀ ਨੂੰ ਉਮਰ ਦੇ ਕਿਸੇ ਸਾਲ "ਪੀਰੀਅਡ" ਸ਼ੁਰੂ ਹੋਣੇ ਹੀ ਹੁੰਦੇ ਹਨ। ਅੰਜੂ ਸ਼ਰਮੀਲੇ ਸੁਭਾਅ ਕਰਕੇ ਇਸ ਵਿਸ਼ੇ ਤੋਂ ਅਣਜਾਣ ਸੀ। ਸਕੂਲ ਟਾਈਮ ਵਿੱਚ ਉਸ ਨੂੰ ਇਸਦਾ ਸਾਹਮਣਾ ਕਰਣਾ ਪੈ ਗਿਆ। ਆਪਣੇ ਕੱਪੜਿਆਂ 'ਤੇ ਖੂਨ ਲੱਗਿਆ ਦੇਖ ਕੇ ਡਰ ਗਈ ਅਤੇ ਰੋਣ ਲੱਗ ਪਈ। ਮੈਂ ਉਸ ਨੂੰ ਆਪਣੀ ਅਕਲ ਅਨੁਸਾਰ ਸਮਝਾਇਆ, ਬਹੁਤ ਦੇਰ ਬਾਅਦ ਉਹ ਸੁਖ਼ਾਲ਼ੀ ਜਿਹੀ ਹੋਈ। ਛੁੱਟੀ ਦਿਵਾ ਕੇ ਘਰ ਭੇਜ ਦਿੱਤਾ। ਅਗਲੇ ਪੰਜ ਦਿਨ ਬਾਅਦ ਜਦ ਅਨੂੰ ਸਕੂਲ ਆਈ ਤਾਂ ਬਹੁਤ ਖ਼ਾਮੋਸ਼ ਜਿਹੀ ਸੀ। ਇਸ ਵਾਕਿਆ ਨੂੰ ਵੀ ਮੈਂ ਮਿਲਣ 'ਤੇ ਯਾਦ ਕਰਵਾਇਆ ਅਤੇ ਅਸੀਂ ਸਾਰੇ ਬਹੁਤ ਹੱਸੇ।

ਹੁਣ ਤਲਾਸ਼ ਰਹਿ ਗਈ ਸੀ ਸਿਰਫ਼ ਵਿਨੀਤਾ ਦੀ, ਜੋ ਇਸ ਗਰੁੱਪ ਵਿੱਚ ਮੇਰੀ ਸਭ ਤੋਂ ਪੁਰਾਣੀ ਸਹੇਲੀ ਸੀ। ਮੇਰੇ ਨਾਲ ਕਲਾਸ ਚੌਥੀ ਤੋਂ ਪੜ੍ਹੀ ਸੀ। ਇਸ ਦੇ ਘਰ ਗਏ ਪਰ ਸਾਨੂੰ ਕਿਸੇ ਨੇ ਬਾਂਹ ਪੱਲਾ ਨਹੀਂ ਫ਼ੜਾਇਆ। ਬਹੁਤ ਨਿਰਾਸ਼ ਹੋ ਗਏ ਮੈਂ ਅਤੇ ਵੰਦਨਾ। ਪਰ ਕਿਤੇ ਕੁਦਰਤ ਨੇ ਮੱਦਦ ਕੀਤੀ, ਕਿਸੇ ਕੋਲੋਂ ਵਿਨੀਤਾ ਦਾ ਨੰਬਰ ਮਿਲ ਗਿਆ। ਮੈਂ ਦੇਖਣਾ ਚਾਹੁੰਦੀ ਸੀ ਕਿ ਉਸ ਨੇ ਵੀ ਕਦੇ ਮੈਨੂੰ "ਮਿੱਸ" ਕੀਤਾ ਸੀ ਜਾਂ ਨਹੀਂ? ਮੈਂ ਆਪਣਾ ਨਾਮ ਬਦਲ ਕੇ ਵਿਨੀਤਾ ਨੂੰ ਫ਼ੋਨ ਮਿਲਾਇਆ ਅਤੇ ਕੁਝ ਗੱਲਾਂ ਤੋਂ ਬਾਦ ਆਪਣੀ ਜਗਿਆਸਾ ਮਿਟਾਉਣ ਲਈ ਕਿਹਾ, "ਜੇਕਰ ਵਿਨੀਤਾ ਤੈਨੂੰ ਸੱਤ ਸਹੇਲੀਆਂ ਵਿੱਚੋਂ ਕਿਸੇ ਨੂੰ ਮਿਲਣ ਵਾਸਤੇ ਕਿਹਾ ਜਾਏ, ਤੇ ਕਿਸ ਨੂੰ ਮਿਲਣਾ ਚਾਹੇਂਗੀ…?"

"ਮੈਂ ਸਤਨਾਮ ਨੂੰ ਬਹੁਤ ਜ਼ਿਆਦਾ ਮਿੱਸ ਕਰਦੀ ਹਾਂ, ਪਰ ਉਸ ਨੂੰ ਕਦੇ ਮਿਲ ਨਹੀਂ ਸਕਦੀ, ਉਹ ਵਿਦੇਸ਼ ਵਿੱਚ ਕਿਤੇ ਹੈ? ਸਾਡੇ ਕੋਲ ਕੋਈ ਜ਼ਰੀਆ ਨਹੀਂ ਓਸ ਤੱਕ ਪਹੁੰਚਣ ਦਾ, ਪਤਾ ਨਹੀਂ ਉਹ ਕਦੇ ਮੁੜ ਭਾਰਤ ਆਈ ਵੀ ਹੈ ਕਿ ਨਹੀਂ…?" ਬਿਨ ਬਰੇਕ ਤੋਂ ਵਿਨੀਤਾ ਨੇ ਬੋਲਣਾ ਸ਼ੁਰੂ ਕੀਤਾ, ਜਿਵੇਂ ਤਰਲਾ ਪਾ ਰਹੀ ਹੋਵੇ। ਦੂਜੇ ਪਾਸੇ ਮੈਨੂੰ ਹਾਸੇ ਨਾਲ ਉਸ 'ਤੇ ਪਿਆਰ ਵੀ ਆ ਰਿਹਾ ਸੀ। ਵਿਨੀਤਾ ਗੁੱਡੀਆਂ ਤੋਂ ਲੈ ਕੇ ਕਿੱਕਲੀ ਤੱਕ ਦੀ ਮੇਰੀ ਹਮਸਫ਼ਰ ਰਹੀ ਹੈ। ਅਸੀਂ ਦੋਵੇਂ ਇੱਕ ਹੀ ਸੀਟ 'ਤੇ ਬੈਠਦੇ ਸੀ। ਉਮਰ ਦੇ ਵਧਣ ਨਾਲ ਸਾਡੇ ਸੁਭਾਅ ਅਤੇ ਸਰੀਰ ਚਾਹੇ ਬਦਲੇ, ਇਮਲੀ ਤੋਂ ਸਮੋਸੇ ਦੇ ਸਵਾਦ ਬਦਲੇ। ਅਸੀਂ ਜਵਾਨੀ ਤੱਕ ਦੇ ਕਈ ਸਾਵਣ ਇਕੱਠੇ ਦੇਖੇ ਸੀ। ਵਿਧਵਾ ਮਾਂ ਦੀ ਛੇ ਔਲ਼ਾਦਾਂ ਵਿੱਚੋਂ ਸਭ ਤੋਂ ਛੋਟੀ ਸੀ ਵਿਨੀਤਾ।

"ਜੇਕਰ ਤੈਨੂੰ ਸਤਨਾਮ ਮਿਲਾ ਦਵਾਂ ਤੇ ਦੱਸ ਕੀ ਦੇਵੇਂਗੀ ਮੈਨੂੰ?"
"ਮੇਰੀ ਸਤਨਾਮ ਨੂੰ ਜ਼ਿੰਦਗੀ 'ਚ ਦੁਬਾਰਾ ਦੇਖਣ ਦੀ ਬਹੁਤ ਜ਼ਿਆਦਾ ਇੱਛਾ ਹੈ, ਰੱਬ ਕਦੇ ਇੰਜ ਕਰ ਦੇਵੇ ਤਾਂ ਸਹੀ, ਤੈਨੂੰ ਪਾਰਟੀ ਦਿਊਂਗੀ ਪੱਕਾ!" ਵਿਨੀਤਾ ਦੀ ਖੁਸ਼ੀ ਸ਼ਬਦਾਂ ਵਿਚ ਝਲਕ ਰਹੀ ਸੀ।

"ਕਰ ਫੇਰ ਪਾਰਟੀ ਤਿਆਰ, ਮੈਂ ਸਤਨਾਮ ਹੀ ਬੋਲ ਰਹੀ ਹਾਂ!" ਮੇਰੇ ਕੋਲੋਂ ਉਸ ਦੀ ਬੇਚੈਨੀ ਜਰੀ ਨਹੀਂ ਸੀ ਜਾ ਰਹੀ। ਬਹੁਤ ਸਾਰੇ ਸਵਾਲਾਂ ਜਵਾਬਾਂ ਬਾਅਦ ਉਸ ਨੂੰ ਯਕੀਨ ਦਿਵਾਇਆ ਕਿ ਤੇਰੀ ਮੁਰਾਦ ਪੂਰੀ ਹੋ ਗਈ ਹੈ। ਸੁਣਦਿਆਂ ਹੀ ਵਿਨੀਤਾ ਮਿਲਣ ਲਈ ਉਤਸ਼ਾਹਤ ਹੋ ਗਈ ਤੇ ਬੋਲੀ, "ਰਬ ਕਿਤੇ ਤੇ ਜ਼ਰੂਰ ਹੈ, ਮੈਂ ਤੇ ਸੋਚਿਆ ਸੀ ਕਿ ਤੇਰੇ ਵਿਦੇਸ਼ ਜਾਣ ਨਾਲ ਹੀ ਦੋਸਤੀ ਦਾ ਅੰਤ ਹੋ ਗਿਆ ਹੈ…!" ਵਿਨੀਤਾ ਬਹੁਤ ਭਾਵੁਕ ਹੋ ਗਈ ਤੇ ਮੈਂ ਵੀ। ਵਿਨੀਤਾ ਆਗਰੇ ਹੀ ਵਿਆਹੀ ਹੈ ਅਤੇ ਇੱਕ ਬੇਟੀ ਦੀ ਮਾਂ ਅਤੇ ਬਹੁਤ ਹੀ ਸਹਿਯੋਗੀ ਪਤੀ ਦੀ ਸੰਗਨੀ ਹੈ।

ਦੋ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਸਾਰੀਆਂ ਸਹੇਲੀਆਂ ਜ਼ਿੰਦਗੀ ਵਿੱਚ ਮੁੜ ਮਿਲੀਆਂ ਸਾਂ। ਸਭ ਨੂੰ ਫ਼ੋਨ ਮਿਲਾ ਕੇ ਇੱਕ ਅਪ੍ਰੈਲ ਦੀ ਤਰੀਕ ਪੱਕੀ ਕੀਤੀ ਗਈ, ਇੱਕ ਜਗਾਹ 'ਤੇ ਮਿਲਣ ਲਈ। ਆਹ ਇੰਤਜਾਰ ਦੇ ਕੁਝ ਦਿਨ ਜਿਵੇਂ ਸਾਲਾਂ ਦਾ ਪੈਂਡਾ ਲੱਗ ਰਹੇ ਸੀ। ਮੈਂ ਆਪਣੇ ਪੇਕੇ ਘਰ ਸਭ ਨੂੰ ਬੁਲਾਇਆ ਅਤੇ ਮੇਰੇ ਪਰਿਵਾਰ ਨੇ ਵੀ ਪੂਰਾ ਉਤਸ਼ਾਹ ਦਿਖਾਇਆ। ਸ਼ੱਮੋਂ ਬਾਬੀ ਅਤੇ ਕਮਲ ਨੇ ਕਈ ਤਰ੍ਹਾਂ ਦੇ ਖਾਣੇਂ ਬਣਾਏ। ਮਾਂ ਨੇ "ਵੈੱਲਕਮ ਕੇਕ" ਮੰਗਵਾਇਆ। ਸੌਣ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਤੇ ਹੁਣ ਸਮਾਂ ਸੀ ਮੁੜ ਪੁਰਾਣੀਆਂ ਸਹੇਲੀਆਂ ਨੂੰ ਗਲ਼ਵਕੜੀ ਵਿੱਚ ਲੈਣ ਦਾ। ਇਸ ਮਿਲਣੀ ਦਾ ਬ੍ਰਿਤਾਂਤ ਗੂੰਗੇ ਦੇ ਗੁੜ ਖਾਣ ਵਾਂਗ ਬਿਆਨ ਤੋਂ ਪਰ੍ਹੇ ਹੈ! ਦੱਸ ਪਾਉਣਾ ਕਿ ਤੀਹ ਸਾਲ ਬਾਅਦ ਕਿਸੇ ਹੋਰ ਸ਼ਕਲ ਵਿੱਚ ਆਪਣਾ ਬਚਪਨ ਸਾਹਮਣੇ ਦੇਖ ਕੇ ਸਾਰੀਆਂ ਦੀ ਅੱਖਾਂ ਵਿੱਚ ਕਿਹੜੀ "ਸੁਨਾਮੀ" ਆਈ ਸੀ? ਮੇਰੀ ਮਾਂ ਨੇ ਵੀ ਆਪਣੀਆਂ ਬਿਰਧ ਹੋਈਆਂ ਅੱਖਾਂ ਨਾਲ ਪੂਰੀ ਕੋਸ਼ਿਸ਼ ਕੀਤੀ ਮੇਰੀਆਂ ਸਹੇਲੀਆਂ ਨੂੰ ਪਛਾਨਣ ਦੀ, ਅਤੇ ਫੇਰ ਪਿਆਰ ਅਤੇ ਸ਼ਗਨ ਦਿੱਤਾ। ਇੱਕ ਐਸਾ ਸਮਾਂ ਬੰਨ੍ਹਿਆ ਕਿ ਸਭ ਦੀਆਂ ਅੱਖਾਂ ਵਿੱਚੋਂ ਗੰਗਾ-ਜਮਨਾਂ ਦਾ ਭਾਵਨਾਤਮਿਕ ਵਹਿਣ ਚੱਲ ਰਿਹਾ ਸੀ।  ਸਭ ਦੀ ਇੱਕ ਗੱਲ ਤਾਂ ਸਾਂਝੀ ਸੀ ਕਿ ਸਾਰੇ ਇੱਕ-ਦੂਜੇ ਨੂੰ ਯਾਦ ਕਰਦੇ ਹੋਏ ਜ਼ਿੰਦਗੀ ਵਿੱਚ ਕਦੇ ਫੇਰ ਮਿਲਣ ਦੀ ਆਸ ਰੱਖਦੇ ਹੋਏ ਅਰਦਾਸ ਕਰਦੇ ਸੀ। ਅਸੀ ਸਾਰੀ ਰਾਤ ਜਾਗੇ ਅਤੇ ਆਪਣੀ-ਆਪਣੀ ਜ਼ਿੰਦਗੀ ਦੇ ਬੀਤੇ ਇਹਨਾਂ ਵਰ੍ਹਿਆਂ ਨੂੰ ਮੁੜ ਪੁਰਾਣੀ ਕਿਤਾਬ ਵਾਂਗ ਫ਼ਰੋਲ਼ਿਆ। ਬਚਪਨ ਦੀ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਅੱਜ ਦੀ ਹਰ ਯਾਦ ਦੀ ਵੀਡੀਓ ਬਣਾਈ। ਇੱਕ ਸੁਰ ਹੋ ਕੇ ਗਾਣਾ ਗਾਇਆ …."ਯਾਰੋ, ਯਹੀ ਤੋ ਦੋਸਤੀ ਹੈ, ਯੇ ਨਾ ਹੋ ਤੋ ਬੋਲੋ, ਫ਼ਿਰ ਕਿਯਾ ਯੇ ਜ਼ਿੰਦਗੀ ਹੈ….।" ਆਪਣੀ ਇਸ ਕੋਸ਼ਿਸ਼ 'ਤੇ ਮੈਨੂੰ ਸ਼ਾਹਰੁਖ ਖਾਨ ਦਾ ਇੱਕ ਬਹੁਤ ਮਸ਼ਹੂਰ ਸੰਵਾਦ ਯਾਦ ਆ ਰਿਹਾ….

  "ਅਗਰ ਕਿਸੀ ਕੋ ਸ਼ਿੱਦਤ ਸੇ ਚਾਹੋ, ਤੋ ਕਾਇਨਾਤ ਭੀ ਉਸੇ ਮਿਲਾਨੇ ਮੈਂ ਜੁਟ ਜਾਤੀ ਹੈ…!"

ਬਚਪਨ ਦੀਆਂ ਸਹੇਲੀਆਂ ਨੂੰ ਮਿਲਣ ਦੀ ਖ਼ਾਹਿਸ਼ ਨੂੰ ਹਕੀਕਤ ਵਿੱਚ ਬਦਲਿਆ ਦੇਖ ਮੈਂ ਸੋਚ ਰਹੀ ਸੀ ਕਿ ਅਸੀਂ ਜਦ ਜ਼ਿੰਦਗੀ ਦਾ ਅਗਲਾ ਸਫ਼ਰ ਤੈਅ ਕਰ ਰਹੇ ਹੁੰਦੇ ਹਾਂ, ਤਾਂ ਪੁਰਾਣੇ ਰਿਸ਼ਤਿਆਂ ਨੂੰ ਕਿਤੇ ਭੁੱਲ ਹੀ ਜਾਂਦੇ ਹਾਂ, ਪਰ ਜ਼ਿੰਦਗੀ ਦੇ ਚੱਲਦੇ ਸਫ਼ਰ ਵਿੱਚ ਕਿਤੇ ਕੁਝ ਗੁੰਮ ਹੋ ਜਾਣ ਦਾ ਮਲਾਲ ਜ਼ਰੂਰ ਹੁੱਝਾਂ ਮਾਰਦਾ ਰਹਿੰਦਾ ਹੈ। ਮੈਨੂੰ ਲੱਗਿਆ ਕਿ ਅਗਰ ਕਿਸੇ ਤੋਂ ਦੂਰ ਹੋਵੋਂ, ਤਾਂ ਇੱਕ ਵਾਰ ਮਿਲਣ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਕੀ ਪਤਾ ਜਿਉਂਦੇ ਜੀਅ ਅਗਲਾ ਮਿਲਣ ਦੀ ਆਸ ਨਾਲ ਸਾਡਾ ਰਾਹ ਤੱਕਦਾ ਹੋਵੇ? ਅਸੀਂ ਸਭ ਸਹੇਲੀਆਂ ਹੁਣ ਮਾਂਵਾਂ ਵੀ ਹਾਂ, ਇਸ ਲਈ ਆਪਣੇ-ਆਪਣੇ ਆਲ੍ਹਣੇ 'ਚ ਮੁੜਨ ਦਾ ਸਮਾਂ ਆ ਗਿਆ ਸੀ।

ਅਸੀਂ ਵਾਰੀ-ਵਾਰੀ ਇੱਕ-ਦੂਜੀ ਨੂੰ ਨਿੱਘੀ ਗਲਵਕੜੀ ਵਿੱਚ ਲਿਆ, ਮੁੜ ਜਿਉਂਦੇ ਜੀਅ ਫ਼ੇਰ ਕਦੇ ਨਾ ਵਿਛੜਨ ਲਈ! ਮੁੜ ਮਿਲਣ ਦੇ ਵਾਅਦੇ ਨਾਲ਼ ਸਭ ਦੀਆਂ ਪਲਕਾਂ ਉਪਰ ਹੰਝੂ ਅਟਕੇ ਹੋਏ ਸਨ…..! "ਅਲਵਿਦਾ" ਵਿੱਚ ਮੁੜ ਮਿਲਣ ਦੀ ਆਸ ਜਗਮਗਾ ਰਹੀ ਸੀ ਅਤੇ ਜ਼ਿੰਦਗੀ ਆਪਣੀ ਤੋਰ ਖ਼ੁਦ ਤੁਰੀ ਜਾ ਰਹੀ ਸੀ…!







************************************************************************


ਅਣਗੌਲ਼ੀ ਮਾਂ
ਅਜੀਤ ਸਤਨਾਮ ਕੌਰ, ਲੰਡਨ      (15/08/2019)
ajit satnam




(ਨਿੱਘੀਆਂ ਯਾਦਾਂ)
maaਹਵਾਈ ਜਹਾਜ਼ ਬੱਦਲਾਂ ਦੀ ਬੁੱਕਲ ਵਿੱਚੋ ਨਿਕਲ ਕੇ ਧਰਤੀ 'ਤੇ ਆ ਉਤਰਿਆ। ਆਸਟਰੀਆ ਦੀ ਧਰਤੀ 'ਤੇ ਜਹਾਜ ਤੋਂ ਉਤਰ ਕੇ ਮੈਂ ਸੁਖ ਦਾ ਸਾਹ ਭਰਿਆ। ਲੰਮੇ ਸਫ਼ਰ ਕਰਕੇ ਮੇਰਾ ਥਕਾਵਟ ਨਾਲ ਬੁਰਾ ਹਾਲ ਸੀ, ਪਰ ਮੈਂ ਖੁਸੀ ਨਾਲ ਉਤਾਵਲੀ ਹੋਈ ਪਈ ਸੀ, ਆਪਣੀ ਭਤੀਜੀ ਪਾਰੂਲ ਨੂੰ ਘੁੱਟ ਕੇ ਜੱਫ਼ੇ ਵਿੱਚ ਲੈਣ ਲਈ। ਮੈਂ ਆਪਣੀ ਭਤੀਜੀ "ਪਾਰੂਲ", ਜਿਸ ਨੂੰ ਮੈਂ ਬੇਟੀ ਵਾਲਾ ਪਿਆਰ ਦਿੱਤਾ ਹੈ, ਤੇ ਉਹ ਵੀ ਮੈਨੂੰ "ਮਾਤੇ" ਕਹਿ ਕੇ ਪੁਕਾਰਦੀ ਹੈ । ਪਾਰੂਲ ਦੇ ਵਿਆਹ ਤੋਂ ਬਾਅਦ ਮੈਂ ਪਹਿਲੀ ਵਾਰ ਉਸ ਦੇ ਘਰ ਜਾ ਰਹੀ ਸੀ। ਮੇਰਾ ਸ਼ੁਰੂ ਤੋਂ ਹੀ ਧੀਆਂ ਵੱਲ ਮੋਹ ਰਿਹਾ ਹੈ। ਪਾਰੂਲ ਨੂੰ ਨਿੱਕੀ ਹੁੰਦੇ ਮੈਂ ਬਹੁਤ ਖਿਡਾਇਆ ਹੈ।

ਜਦੋਂ ਪਾਰੂਲ ਤਿੰਨ ਸਾਲ ਦੀ ਨਿੱਕੀ ਜਿਹੀ ਜੁਆਕੜੀ ਸੀ, ਕੁਦਰਤ ਨੇ ਬੇ-ਇਨਸਾਫ਼ੀ ਕੀਤੀ, ਉਸ ਦੀ ਮਾਂ ਕੈਂਸਰ ਦੀ ਸ਼ਿਕਾਰ ਹੋ ਗਈ ਅਤੇ ਦੋ ਨਿੱਕੇ ਜੁਆਕ ਛੱਡ ਕੇ ਪ੍ਰਲੋਕ ਦੀ ਗੋਦ ਵਿੱਚ ਸਦੀਵੀ ਸਮਾਅ ਗਈ। "ਸੰਯੋਗੁ ਵਿਯੋਗੁ ਦੋਇ ਕਾਰ ਚਲਾਵਹਿ" ਦੇ ਮਹਾਂਵਾਕ ਨੂੰ ਮੰਨਦੇ ਹੋਏ ਪ੍ਰੀਵਾਰ ਨੇ, ਬੱਚੇ ਛੋਟੇ ਹੋਣ ਕਾਰਨ ਕੁਝ ਸਾਲ ਬਾਅਦ ਵੀਰ ਜੀ ਦਾ ਵਿਆਹ ਕਰਨ ਦਾ ਫ਼ੈਸਲਾ ਕੀਤਾ। ਨਵੀਂ ਭਾਬੀ ਨਿਰਾ ਰੱਬ ਦਾ ਹੀ ਰੂਪ! ਇਹੀ ਵਜ੍ਹਾ ਹੈ ਕਿ ਪਾਰੂਲ ਬਹੁਤ ਲਾਡਾਂ-ਪਿਆਰਾਂ ਨਾਲ ਪਲੀ ਹੈ। ਮੇਰੇ ਨਾਲ ਪਾਰੂਲ ਦਾ ਕੁਝ ਰੂਹ ਦਾ ਸਬੰਧ ਕੁਦਰਤੀ ਹੀ ਬਣ ਗਿਆ ਸੀ, ਕਿਉਂਕਿ ਮੇਰੇ ਆਪਣੇ ਕੋਈ ਧੀ ਨਹੀਂ ਸੀ, ਸ਼ਾਇਦ ਆਹ ਵੀ ਇਕ ਵਜ੍ਹਾ ਰਹੀ ਸੀ। ਮੈਂ ਜਦੋਂ ਵੀ ਛੁੱਟੀਆਂ ਵਿਚ ਪੇਕੈ ਜਾਣਾਂ, ਪਾਰੂਲ ਮੇਰੇ ਮਗਰ-ਮਗਰ ਹੀ ਫਿਰਦੀ ਰਹਿੰਦੀ ਸੀ। ਆਹ ਜਿਵੇਂ ਕੱਲ੍ਹ ਦੀ ਹੀ ਗੱਲ ਸੀ, ਅੱਜ ਪਾਰੂਲ ਇੱਕ ਬੱਚੇ ਦੀ ਮਾਂ ਹੈ, ਸਮੇਂ ਦਾ ਕੁਝ ਪਤਾ ਹੀ ਨਹੀਂ ਲੱਗਦਾ, ਕਿਵੇਂ ਖੰਭ ਲਾ ਉਡ ਜਾਂਦਾ ਹੈ…

"ਮਾਤੇ…! ਮਾਤੇ…. ਕਿੱਥੇ ਗਵਾਚੇ ਤੁਰੇ ਜਾ ਰਹੇ ਹੋ?" ਪਾਰੂਲ ਨੇ ਏਅਰਪੋਰਟ 'ਤੇ ਆ ਜੋਰ ਦੀ ਜੱਫ਼ਾ ਮਾਰ, ਮੈਨੂੰ ਹੈਰਾਨ ਕਰ ਦਿੱਤਾ।

"ਉਈ ਈ ਈ!!!..... ਬੱਲੇ ਬੱਲੇ, ਕੁੜੀਏ ਤੂੰ ਤੇ ਮੈਨੂੰ ਸਿਆਣ ਵਿੱਚ ਹੀ ਨਹੀ ਆਈ।" ਮੈਂ ਪਾਰੂਲ ਨੂੰ ਵੇਖ ਕੇ ਕਿਹਾ। ਕਿਉਂਕਿ ਇਸ ਕੁੜੀ ਨੇ ਤੇ ਆਸਟਰੀਆ ਆ ਕੇ ਆਪਣਾ ਸਾਰਾ ਹੁਲੀਆ ਹੀ ਬਦਲ ਲਿਆ ਸੀ।

"ਲੁਕ ਐਟ ਮੀ ….. ਮਾਤੇ!!" ਆਖ ਕੇ ਚਾਂਭਲ਼ਦੇ ਹੋਏ ਪਾਰੂਲ ਨੇ ਗੇੜੀ ਜਿਹੀ ਦਿੱਤੀ।

ਗੋਡਿਆਂ ਤੋਂ ਪਾਟੀ ਜਿਹੀ ਜੀਨ, ਉਪਰ ਛੋਟਾ ਜਿਹਾ ਬਲਾਊਜ਼, ਦੋ ਰੰਗਾਂ ਵਿੱਚ ਰੰਗੇ ਕੱਟੇ ਵਾਲ, ਹੀਲ ਵਾਲੇ ਸੈਂਡਲ ਅਤੇ ਮੂੰਹ 'ਤੇ ਖੂਬ ਸਾਰਾ ਮੇਕਅੱਪ। ਪਰੰਤੂ ਫੱਬਦਾ ਜਿਹਾ। ਬਿਲਕੁਲ ਵਿਦੇਸ਼ੀ ਰੰਗ ਵਿੱਚ ਰੰਗੀ "ਦੇਸੀ ਗੋਰੀ" ਲੱਗ ਰਹੀ ਸੀ। ਸਾਇਦ ਇਸ ਲਈ ਹੀ ਮੈਨੂੰ ਪਛਾਣ ਨਹੀਂ ਸੀ ਆਈ। ਮੈਂ ਤਾਂ ਪਾਰੂਲ ਦੀ ਅਸਲੀ ਖੂਬਸੂਰਤੀ ਨੂੰ ਲੱਭ ਰਹੀ ਸੀ। ਮੈਂ ਬੱਸ ਪਾਰੂਲ ਦੀਆਂ ਗੱਲਾਂ ਸੁਣ ਰਹੀ ਸੀ। ਬੋਲਣ ਦਾ ਮਨ ਨਹੀਂ ਸੀ। ਪਾਰੂਲ ਕਾਰ ਚਲਾਉਂਦੀ ਹੋਈ ਲਗਾਤਾਰ ਅੰਗਰੇਜ਼ੀ ਵਿੱਚ ਗੱਲਾਂ ਕਰੀ ਜਾ ਰਹੀ ਸੀ। ਉਸ ਦਾ ਪੰਜਾਬੀ ਬੋਲਣ ਦਾ ਤਰੀਕਾ ਵੀ ਅਜੀਬ ਜਿਹਾ ਹੋ ਗਿਆ ਸੀ।

"ਹੈਵ ਯੂ ਸੀਨ ਮਾਈ ਡਰਾਇਵਿੰਗ, ਮਾਤੇ?" ਘਰ ਦੇ ਨੇੜੇ ਕਾਰ ਘੁੰਮਾ ਕੇ ਖਲਾਰ੍ਹਦੇ ਹੋਏ ਪਾਰੂਲ ਬੋਲੀ। ਤੇਜ਼ ਰੁਕਦੀ ਗੱਡੀ ਦੇ ਟਾਇਰਾਂ ਨੇ "ਚੀਂਅ" ਦੀ ਅਵਾਜ਼ ਕੀਤੀ ਸੀ।

"ਘਰ ਆ ਵੀ ਗਏ?  ਮੇਰੀ ਤੇ ਸਫ਼ਰ ਵਿਚਕਾਰ ਕਦੇ-ਕਦੇ ਅੱਖ ਹੀ ਲੱਗੀ ਜਾ ਰਹੀ ਸੀ। ਬਹੁਤ ਤੇਜ਼ ਚਲਾਉਂਦੀ ਹੈਂ ਤੂੰ ਕਾਰ …।" ਆਖਦੇ ਹੋਏ ਮੈਂ ਬਾਹਰ ਨਿਕਲੀ ਤਾਂ ਸਾਹਮਣੇ ਪਾਰੂਲ ਦਾ ਘਰ ਸੀ। ਵਾਕਈ ਬਹੁਤ ਸੋਹਣਾ ਅਤੇ ਵੱਡਾ ਘਰ ਲੱਗ ਰਿਹਾ ਸੀ। ਮੈਂ ਘਰ ਦੀ ਵਧਾਈ ਦਿੱਤੀ। ਇੱਕ ਮੌਡਰਨ ਜਿਹੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਪਿਆਰ ਨਾਲ ਮੇਰੇ ਵੱਲ ਹੱਥ ਵਧਾ ਕੇ "ਹੈਲੋ" ਬੋਲਿਆ। ਅੰਦਰ ਆਏ ਤਾਂ ਪਤਾ ਲੱਗਿਆ ਕਿ ਪਾਰੂਲ ਨੇ ਆਪਣੀ ਕਿਸੇ ਸਹੇਲੀ ਨੂੰ ਮੱਦਦ ਲਈ ਬੁਲਾਇਆ ਹੋਇਆ ਸੀ। ਮੇਰਾ ਕਾਫ਼ੀ ਨਿੱਘਾ ਸੁਆਗਤ ਕੀਤਾ ਗਿਆ। "ਵੈਲਕਮ ਕੇਕ", ਡਰਿੰਕਸ, ਡਰਾਈ ਫਰੂਟ, ਨੇਗੇਟਸ, ਵਿੰਗਸ ਬਹੁਤ ਕੁਝ ਪਹਿਲਾਂ ਹੀ ਮੇਜ਼ 'ਤੇ ਸਜਾਇਆ ਹੋਇਆ ਸੀ।

"ਅੰਗਦ, ਸੀ!!.... ਹੂ ਇੱਜ਼ ਹੇਅਰ?" ਆਪਣੇ ਬੇਟੇ ਅੰਗਦ ਨੂੰ ਪਾਰੂਲ ਨੇ ਅਵਾਜ਼ ਮਾਰੀ।
"ਹਾਏ ਨਾਨੀ ਮਾਤੇ….!" ਅੰਗਦ ਨੂੰ ਜਿਵੇਂ ਪਹਿਲਾਂ ਹੀ ਤੋਤੇ ਵਾਂਗ ਰਟਾ ਕੇ ਰੱਖਿਆ ਸੀ। ਮੈਂ ਬੱਚੇ 'ਤੋਂ "ਸਤਿ ਸ੍ਰੀ ਅਕਾਲ" ਦੀ ਆਸ ਕਰੀ ਬੈਠੀ ਸੀ। ਮੈਂ ਅੱਗੇ ਵਧ ਕੇ ਅੰਗਦ ਨੂੰ ਗੋਦ ਵਿੱਚ ਭਰ ਲਿਆ ਅਤੇ ਪੰਜਾਬੀ ਵਿੱਚ ਗੱਲ ਕਰਨ ਲੱਗ ਪਈ।

"ਆਈ ਡੋਂਟ ਨੋਅ ਪੰਜਾਬੀ, ਗਰੈਂਡ ਮੰਮ!" ਅੰਗਦ ਨੇ ਧੀਰੇ ਜਿਹਾ ਦੱਸਿਆ।

ਕੁਝ ਬੱਚਕਾਨੇ ਜਿਹੇ ਪ੍ਰਸ਼ਨ ਮੈਂ ਅੰਗਦ ਕੋਲੋਂ ਪੁੱਛੇ, ਜਿਸ ਦਾ ਉਸ ਨੇ ਅੰਗਰੇਜ਼ੀ ਵਿੱਚ ਹੀ ਜਵਾਬ ਦਿੱਤਾ, "ਆਈ ਡੋਂਟ ਲਾਈਕ ਪੰਜਾਬੀ, ਆਈ ਕਾਂਟ ਸਪੀਕ ….।" ਇਤਨਾ ਕਹਿ ਕੇ ਅੰਗਦ ਮੇਰੀ ਗੋਦੀ ਵਿੱਚੋਂ ਭੱਜ ਗਿਆ।

"ਰੋਨੀ ਵੀ ਅੰਗਰੇਜ਼ ਹੀ ਹੋ ਗਿਆ ਹੈ ਕਿ?" ਮੈਂ ਪਾਰੂਲ ਨੂੰ ਉਸ ਦੇ ਪਤੀ "ਰੋਨੀ" ਬਾਰੇ ਪੁੱਛਿਆ। ਰੋਨੀ ਦੋ ਹਫ਼ਤੇ ਲਈ ਕਿਤੇ ਬਾਹਰ ਗਿਆ ਹੋਇਆ ਸੀ।

"ਅਰੇ…. ਉਸ ਦਾ ਤਾ ਬੜਾ ਅਜੀਬ ਤਰੀਕਾ ਹੈ, ਖਾਣਾਂ, ਪਹਿਨਣਾਂ, ਅਤੇ ਬੋਲਣਾਂ ਤਾਂ ਗੋਰਿਆ ਵਰਗਾ ਚਾਹੀਦਾ ਹੈ ਰੋਨੀ ਨੂੰ, ਪਰ ਪਤੀ ਦੀ ਸੇਵਾ ਪੂਰੇ ਦੇਸੀ ਤਰੀਕੇ ਨਾਲ ਹੋਣੀ ਚਾਹੀਦੀ ਹੈ।" ਪਾਰੂਲ ਨੇ ਪਤੀ ਦਾ ਵੇਰਵਾ ਦਿੱਤਾ।

ਗੱਲਾਂ ਬਾਤਾਂ ਵਿੱਚ ਹੀ ਖਾਣੇ ਦਾ ਟਾਇਮ ਹੋ ਗਿਆ। ਸਾਰੇ ਪਕਵਾਨਾਂ ਨੂੰ ਮੈਂ ਬੜੇ ਨੀਝ ਨਾਲ ਵੇਖਿਆ। ਸਾਰਾ ਮੇਜ ਵਿਦੇਸ਼ੀ ਪਕਵਾਨਾਂ ਨਾਲ ਸਜ਼ਾਇਆ ਹੋਇਆ ਸੀ। ਵਿਦੇਸ਼ ਵਿੱਚ ਇੱਕ ਆਹ ਵੀ ਬਹੁਤ ਅਸਾਨੀ ਹੈ ਕਿ "ਫਰੋਜ਼ਨ" ਸਮਾਨ ਲਿਆ ਕੇ "ਓਵਨ" ਵਿੱਚ ਤਿਆਰ ਕਰ ਲਵੋ, ਕੌਣ ਤੜਕੇ ਲਾਏ ਦਾਲ-ਸਬਜ਼ੀ ਨੂੰ? ਕੁਝ ਤਾਂ ਵਿਦੇਸ਼ੀ ਮਾਹੌਲ ਆਪਣੀ ਚਾਦਰ ਸਾਡੇ ਉਤੇ ਪਾ ਦਿੰਦਾ ਹੈ, ਅਤੇ ਕੁਝ ਅਸੀ ਵੀ ਜ਼ਿਆਦਾ ਸੌਖੇ ਹੋਣ ਲਈ, ਆਪਣੇ ਆਪ ਨੂੰ ਪੂਰਾ ਹੀ ਇਸ ਵਿੱਚ ਕੱਜ ਲੈਂਦੇ ਹਾਂ। ਜੋ ਮੈਂ ਪਾਰੂਲ ਕੋਲ ਆ ਕੇ ਮਹਿਸੂਸ ਕਰ ਰਹੀ ਸੀ।

"ਮਾਤੇ, ਯੂ ਰੈਸਟ ਨਾਓ, ਕੱਲ੍ਹ ਗੱਲ ਕਰਾਗੇ, ਗੁੱਡ ਨਾਈਟ" ਮੈਨੂੰ ਬੈੱਡ ਦਿਖਾ ਕੇ ਪਾਰੂਲ ਨੇ ਲਾਡ ਨਾਲ ਮੈਨੂੰ ਜੱਫ਼ੀ ਪਾਈ। ਮੈਂ ਵੀ ਅਰਾਮ ਦੇ ਮੂਡ ਵਿੱਚ ਹੀ ਸੀ।

"ਮਾਤੇ, ਗੁੱਡ ਮੋਰਨਿੰਗ! ਦੱਸੋ ਕੀ ਪੀਓਗੇ? ਕੌਫ਼ੀ ਜਾਂ ਟੀ?" ਇੰਨਾਂ ਕਹਿ ਕੇ ਪਾਰੂਲ ਨੇ ਗਰਮ ਪਾਣੀ ਦੀ ਕੈਟਲ ਨੂੰ ਹੱਥ ਵਿੱਚ ਫ਼ੜ ਲਿਆ।
"ਪਾਰੂਲ, ਮੈਨੂੰ ਤੂੰ ਗੈਸ 'ਤੇ ਉਬਾਲ ਕੇ ਚਾਹ ਬਣਾ ਦੇ, ਦੇਸੀ ਵਾਲੀ।" ਮੈਂ ਹਰ ਚੀਜ਼ ਵਿੱਚ ਅੰਗਰੇਜ਼ ਨਹੀਂ ਬਣਨਾ ਚਾਹੁੰਦੀ ਸੀ, ਇਸ ਲਈ ਬੋਲ ਪਈ।

"ਓਹ, ਮਾਤੇ ਤੁਸੀਂ ਲੰਡਨ ਰਹਿ ਕੇ ਵੀ "ਓਥੇ" ਹੀ ਅੜੇ ਪਏ ਹੋ…! ਆਈ ਚੇਂਜਡ ਮਾਈਸੈਲਫ਼ … ਮੇਰਾ 'ਤੇ ਨਾਮ ਵੀ 'ਪਰਲ' ਹੋ ਗਿਆ ਹੈ।" ਪਰਾਏ ਕਲਚਰ ਥੱਲੇ ਪਾਰੂਲ ਆਪਣੀ ਅਸਲੀ ਪਹਿਚਾਣ ਵੀ ਗੁਆ ਰਹੀ ਸੀ। ਆਪਣੇ ਅਣਜਾਣ ਪੁਣੇ ਕਰਕੇ।

"ਅਹਾ!! ….. ਦੇਸੀ ਚਾਹ ਦੀਆਂ ਚੁਸਕੀਆਂ ਦਾ ਵੀ ਆਪਣਾ ਹੀ ਮਜ਼ਾ ਹੈ।" ਮੈਂ ਚਾਹ ਫੜੀ ਸੋਚ ਰਹੀ ਸੀ। ਦੁਪਹਿਰ ਪਾਰੂਲ ਮੈਨੂੰ ਨਾਲ ਲੈ ਕੇ ਬਾਜ਼ਾਰ ਗਈ। ਕੁਝ ਖ਼ਰੀਦਦਾਰੀ ਤੋਂ ਬਾਅਦ ਪਾਰੂਲ ਬੋਲੀ, "ਮਾਤੇ, ਇੱਥੇ ਬੜਾ ਵੱਡਾ ਗੁਰਦੁਆਰਾ ਹੈ, ਆਓ ਤੁਹਾਨੂੰ ਵਿਖਾ ਦਿਆਂ, ਨਾਲੇ ਲੰਗਰ ਵਿੱਚ ਦੇਸੀ ਖਾਣਾਂ ਵੀ ਹੋ ਜਾਏਗਾ।" ਮੈਂ ਤਿੱਖੀਆਂ ਜਿਹੀਆਂ ਨਜ਼ਰਾਂ ਨਾਲ ਪਾਰੂਲ ਦੇ ਪਹਿਰਾਵੇ ਵੱਲ ਵੇਖਿਆ। ਉਸ ਨੇ ਗੋਡਿਆਂ ਤੋਂ ਉਚੀ ਫ਼ਰਾਕ ਦੇ ਨਾਲ ਲੰਮੇ ਜੁੱਤੇ ਪਾਏ ਹੋਏ ਸਨ।

"ਤੂੰ ਇਹਨਾਂ ਕੱਪੜਿਆਂ ਵਿੱਚ ਕਿਵੇਂ ਮੱਥਾ ਟੇਕੇਂਗੀ? ਘੱਟੋ-ਘੱਟ ਗੁਰੂ ਘਰ 'ਤੇ ਪੂਰੇ ਕੱਪੜੇ ਪਾ ਕੇ ਆਉਣਾ ਚਾਹੀਦਾ ਹੈ।" ਮੈਂ ਮਰਿਆਦਾ ਦਾ ਹਵਾਲਾ ਦਿੰਦਿਆਂ ਕਿਹਾ।
"ਅਰੇ ਮਾਤੇ, ਮੈਂ ਖੜ੍ਹੇ ਰਹਿ ਕੇ ਹੀ ਨਮਸ਼ਕਾਰ ਕਰ ਦਿਊਂਗੀ, ਲੰਗਰ ਟੇਬਲ 'ਤੇ ਖਾ ਲੈਣਾ ….. ਪੀਪਲ ਡੂ ਲਾਇਕ ਦਿਸ ਹੇਅਰ।" ਪਾਰੂਲ ਵਿੱਚ ਮੈਂ ਕਿਤੇ ਵੀ ਸ਼ਰਧਾ ਨਹੀਂ ਵੇਖ ਰਹੀ ਸੀ। ਕਮਾਲ ਹੈ, ਮਰਿਆਦਾ ਨੂੰ ਵੀ ਹੁਣ ਸਹੂਲਤ ਦੇ ਅਨੁਸਾਰ ਬਦਲਿਆ ਜਾ ਰਿਹਾ ਹੈ?

"ਨਹੀਂ, ਮੇਰਾ ਰੱਬ ਦੇ ਘਰ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ, ਜਿਸ ਦਿਨ ਮੱਥਾ ਟੇਕਣਾ ਹੋਇਆ, ਓਸ ਹਿਸਾਬ ਨਾਲ ਹੀ ਆਵਾਂਗੇ।" ਮੇਰੇ ਆਪਣੇ ਵੀ ਅਸੂਲ ਸੀ। ਇਸ ਲਈ ਮੈਂ ਵਾਪਸ ਘਰ ਮੁੜਣ ਨੂੰ ਕਿਹਾ। ਰਾਹ ਵਿੱਚ ਆਉਂਦੇ ਹੋਏ ਮੈਂ ਪਾਰੂਲ ਨੂੰ ਉਸ ਦੀ ਪਹਿਲੀ "ਪਟਿਆਲਾ ਸਲਵਾਰ ਸੂਟ" ਦੀ ਯਾਦ ਦਿਵਾਈ।

"ਅਰੇ… ਹਾਂ ਮਾਤੇ, ਓਸ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ? ਹਰੇ ਰੰਗ ਵਿੱਚ ਨੀਲੇ ਰੰਗ ਦੇ ਫੁੱਲ ਸੀ ਉਸ ਸੂਟ 'ਤੇ, ਮੈਂ ਬਹੁਤ ਹੀ ਰੀਝ ਨਾਲ ਓਸ ਨੂੰ ਪਾਟਣ ਤੱਕ ਹੰਢਾਇਆ ਸੀ।"

ਪਾਰੂਲ ਬਚਪਨ ਦੀ ਯਾਦ ਕਰ ਕੁਝ ਭਾਵੁਕ ਹੋ ਰਹੀ ਸੀ। ਇਸ ਲਈ ਮੈਂ ਉਸ ਦੀ ਲੱਕ ਜਹੀ ਥਪੇੜੀ। ਪਟਿਆਲਾ ਸੂਟ ਮੈਨੂੰ ਹਮੇਸ਼ਾ ਤੋਂ ਹੀ ਬਹੁਤ ਪਸੰਦ ਸੀ। ਗਰਮੀ ਦੀਆਂ ਛੁੱਟੀਆਂ ਵਿੱਚ ਮੈਂ ਜਦ ਵੀ ਪੇਕੇ ਆਉਂਦੀ ਤਾਂ ਪਟਿਆਲਾ ਸਲਵਾਰ ਸੂਟ ਹੀ ਪਾਉਂਦੀ।

"ਮਾਤੇ ਤੁਹਾਡੀ ਸਲਵਾਰ ਦੀਆਂ ਚੋਣਾਂ ਕਿੰਨੀਆਂ ਸੋਹਣੀਆਂ ਹੁੰਦੀਆਂ ਹਨ, ਇਥੇ ਇੰਜ ਦੀ  ਨਹੀਂ ਸਿਉਂਦੇ।" ਪਾਰੂਲ ਨੇ ਮੇਰੇ ਸੂਟ ਦੀ ਤਰੀਫ਼ ਕਰਦੇ ਹੋਏ ਕਿਹਾ। ਮੈਂ ਪੰਜਾਬ ਵਿਆਹੀ ਸੀ ਅਤੇ ਮੇਰੇ ਪੇਕੇ ਆਗਰਾ ਸ਼ਹਿਰ ਵਿੱਚ ਸਨ।  ਯੂ-ਪੀ ਵਿੱਚ ਪੰਜਾਬੀ ਸੂਟ ਬਹੁਤ ਚੰਗੇ ਨਹੀ ਸਿਉਂਤੇ ਜਾਂਦੇ। ਅਗਲੀ ਵਾਰ ਮੈਂ ਪਾਰੂਲ ਲਈ ਪਟਿਆਲਾ ਸੂਟ ਸੁਆ ਕੇ ਲੈ ਗਈ ਸੀ, ਜੋ ਇਸਨੂੰ ਬਹੁਤ ਫੱਬਿਆ ਸੀ। ਫੇਰ ਤੇ ਹਰ ਵਾਰ ਦੀ ਹੀ ਮੰਗ ਹੋ ਗਈ ਸੀ ਪਾਰੂਲ ਵੱਲੋਂ! ਪਰ ਮੈਨੂੰ ਅਫ਼ਸੋਸ ਹੋਇਆ ਕਿ ਪਾਰੂਲ ਅੱਜ ਗੁਰੂ ਘਰ ਜਾਣ 'ਤੇ ਵੀ ਸੂਟ ਪਾਉਂਣ ਦੀ ਖੇਚਲ਼ ਨਹੀਂ ਕਰ ਰਹੀ ਸੀ।

ਪਾਰੂਲ ਦਾ ਬੇਟਾ ਅੰਗਦ ਵੀ ਪੂਰੀ ਤਰ੍ਹਾਂ ਵਿਦੇਸ਼ੀ ਰੰਗ ਵਿੱਚ ਰੰਗਿਆ ਹੋਇਆ ਸੀ। ਇਸ ਵਿੱਚ ਮੈਂ ਪਾਰੂਲ ਦਾ ਹੀ ਦੋਸ਼ ਮੰਨ ਰਹੀ ਸੀ।

"ਪਾਰੂਲ ਤੂੰ ਤੇ "ਦੇਸੀ ਗੋਰੀ" ਬਣ ਗਈ ਹੈਂ, ਖਾਣਾਂ, ਪੀਣਾਂ, ਉਠਣਾਂ, ਬੈਠਣਾਂ ਸਭ ਬਦਲ ਲਿਆ ਹੈ।" ਮੈਂ ਕੁਝ ਸ਼ਿਕਾਇਤ ਕਰਨ ਦੇ ਲਹਿਜੇ ਵਿੱਚ ਕਿਹਾ।

ਪਾਰੂਲ ਨੇ ਮੋਢੇ ਜਿਹੇ ਮਾਰ ਕੇ ਕਿਹਾ, "ਜੈਸਾ ਦੇਸ਼ ਵੈਸਾ ਭੇਸ …. ਅਰੇ ਹਾਂ, ਮਾਤੇ, ਤੁਹਾਡੀ "ਰਾਈਟਿੰਗ" ਕਿਵੇਂ ਚੱਲ ਰਹੀ ਹੈ?" ਨਾਲ ਹੀ ਪਾਰੂਲ ਨੇ ਸਵਾਲ ਕਰ ਦਿੱਤਾ। ਮੈਂ ਲੰਡਨ ਵਿੱਚ ਪੰਜਾਬੀ ਸਾਹਿਤ ਸਭਾਵਾਂ ਨਾਲ ਜੁੜੀ ਹਾਂ, ਜੋ ਵਿਦੇਸ਼ ਵਿੱਚ ਪੰਜਾਬੀ ਮਾਂ ਬੋਲੀ ਨੂੰ "ਪ੍ਰਮੋਟ" ਕਰਦੇ ਹਨ।

"ਮੈਨੂੰ ਆਪਣੀ ਮਾਂ ਬੋਲੀ ਨੂੰ ਅੱਗੇ ਲੈ ਜਾਣ ਦਾ ਬਹੁਤ ਵਧੀਆ ਮੌਕਾ ਮਿਲਿਆ ਸੀ, ਅਤੇ ਮੈਂ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੀ ਮਾਂ ਬੋਲੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।" ਮੈਂ ਬੜੇ ਮਾਣ ਨਾਲ ਦੱਸ ਰਹੀ ਸੀ ਅਤੇ ਆਪਣੀ ਮਾਂ ਨੂੰ ਵੀ ਯਾਦ ਕਰ ਰਹੀ ਸੀ।

"ਪਰ… ਮਾਤੇ, ਤੁਸੀ ਤੇ ਆਗਰੇ ਸ਼ਹਿਰ ਹੀ ਪੜ੍ਹੇ ਹੋ, ਓਥੇ ਤਾਂ ਪੰਜਾਬੀ ਪੜ੍ਹਾਈ ਵੀ ਨਹੀਂ ਜਾਂਦੀ, ਤੁਸੀ ਕਿਵੇਂ ਸਿੱਖ ਲਈ ਪੰਜਾਬੀ?" ਪਾਰੂਲ ਥੋੜ੍ਹੀ ਉਤਸ਼ਾਹਿਤ ਹੋ ਕੇ ਪੁੱਛ ਰਹੀ ਸੀ। ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਆਪਣਾਂ ਬਚਪਨ ਯਾਦ ਕਰਕੇ ਮੈਂ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਡੂੰਘੇ ਜਾਂਦੇ ਹੋਏ, ਅਤੀਤ ਦੇ ਓਹ ਪੰਨੇ ਉਲਟੇ, ਜਿਸ ਵਿੱਚ ਮੇਰੀ ਮਾਂ ਨੇ ਆਪਣੀ ਮਾਂ ਦੀ ਬੋਲੀ ਨੂੰ ਮੈਨੂੰ ਤੋਹਫ਼ੇ ਵਿੱਚ ਦਿੱਤਾ ਅਤੇ ਇਸ ਕੜੀ ਨੂੰ ਮੈਂ ਅੱਗੇ ਜਾਰੀ ਰੱਖਦੇ ਹੋਏ ਵਿਦੇਸ਼ ਵਿੱਚ ਵਸ ਕੇ ਵੀ ਆਪਣੀ ਮਾਂ ਬੋਲੀ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਇਆ। ਵਿਦੇਸ਼ਾਂ ਵਿੱਚ ਇਕ ਆਹ ਬਹੁਤ ਚੰਗਾ ਸਿਸਟਮ ਹੈ ਕਿ ਵੀਕ-ਇੰਡ 'ਤੇ ਗੁਰਦੁਆਰਿਆਂ ਵਿੱਚ ਪੰਜਾਬੀ ਦੀ ਸਿਖਿਆ ਦਿੱਤੀ ਜਾਂਦੀ ਹੈ। ਮੇਰੀ ਪੜ੍ਹਾਈ ਹਿੰਦੀ ਵਿੱਚ ਹੋਈ ਸੀ। ਪਰ ਘਰ ਵਿੱਚ ਸਿਰਫ਼ ਪੰਜਾਬੀ ਬੋਲਣ ਦਾ ਹੀ ਫੁਰਮਾਣ ਸੀ। ਮਾਂ ਦਾ ਕਹਿਣਾਂ ਸੀ ਕਿ ਪੰਜਾਬ ਤੋਂ ਦੂਰ ਰਹਿਣ ਦਾ ਮਤਲਬ ਆਹ ਨਹੀਂ ਹੈ ਕਿ ਪੰਜਾਬੀਅਤ ਤੋਂ ਦੂਰ ਹੋ ਜਾਓ?

"…..ਹਾਂ…. ਮੇਰਾ ਜਨਮ ਯੂ-ਪੀ ਵਿੱਚ ਹੋਇਆ ਹੈ, ਓਥੇ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਇੱਕ ਵਾਰੀ ਮੇਰੀ ਮਾਂ ਜਦ ਆਪਣੇ ਪੇਕੇ ਪੰਜਾਬ ਗਈ ਤਾਂ ਓਥੇ ਇੱਕ ਪੰਜਾਬੀ ਦਾ 'ਕਾਇਦਾ' ਲੈ ਆਈ ਸੀ ਤੇ ਮੈਨੂੰ ਘਰ ਹੀ "ੳ ਅ ੲ ਸ ਹ" ਸਿਖਾ ਕੇ, ਪੰਜਾਬੀ ਭਾਸ਼ਾ ਦੇ ਅੱਖਰਾਂ ਤੋਂ ਜਾਣੂੰ ਕਰਵਾਇਆ ਸੀ …. ਅਤੇ ਬੜੇ ਪਿਆਰ ਨਾਲ ਸਮਝਾਇਆ ਕਿ ਆਹ ਉਹ ਅਨਮੋਲ ਤੋਹਫ਼ਾ ਹੈ, ਜਿਸ ਨਾਲ ਤੇਰੀ ਮਾਂ ਸਦਾ ਹੀ ਤੇਰੇ ਨਾਲ ਰਹੇਗੀ "ਮਾਂ ਬੋਲੀ" ਦੇ ਰੂਪ ਵਿੱਚ। ਬੋਲਣ ਦੇ ਨਾਲ ਜੇਕਰ ਲਿਖਣਾ ਪੜ੍ਹਨਾ ਵੀ ਆ ਜਾਏ, ਤੇ ਗੁਣਾਂ ਵਿੱਚ ਵਾਧਾ ਹੋ ਜਾਵੇਗਾ….।" ਮਾਂਵਾਂ ਕਿਵੇਂ ਦੂਰ ਦ੍ਰਿਸ਼ਟੀ ਰੱਖਦੀਆਂ ਹਨ। ਮੈਨੂੰ ਓਸ ਉਮਰੇ ਤੇ ਨਹੀਂ ਸੀ ਅੰਦਾਜ਼ਾ ਹੋਇਆ ਪਰ ਅੱਜ ਮੇਰੇ ਕਿੰਨ੍ਹੇ ਕੰਮ ਆ ਰਹੀ ਹੈ ਮੇਰੀ ਮਾਂ ਬੋਲੀ? ਮੈਂ ਅੱਖਾਂ ਮੀਟ ਮਾਂ ਨੂੰ ਪ੍ਰਣਾਮ ਕੀਤਾ, ਤਾਂ ਹੰਝੂ ਮੇਰੀ ਅੱਖਾਂ 'ਚੋਂ ਨਿਕਲ ਕੇ ਗੱਲ੍ਹਾਂ 'ਤੇ ਆ ਵਗੇ। ਇੰਜ ਮੈਂ ਪਾਰੂਲ ਨੂੰ ਆਪਣੀ ਜ਼ਿੰਦਗੀ ਦੇ ਕੁਝ ਅਣਫ਼ਰੋਲ਼ੇ ਵਾਕੇ ਦੱਸੇ।

"….ਜਦੋਂ ਵੀ ਮੈਂ ਕੁਝ ਲਿਖਦੀ ਹਾਂ, ਓਦੋਂ ਆਪਣੀ ਮਾਂ ਦਾ ਸ਼ੁਕਰਾਨਾ ਜ਼ਰੂਰ ਅਦਾ ਕਰਦੀ ਹਾਂ। ਪਰਦੇਸੀਆਂ ਦੇ ਨਸੀਬ ਵਿੱਚ ਮਾਂਵਾਂ ਨਾਲ ਰਹਿਣਾਂ ਨਹੀਂ ਹੋ ਪਾਉਦਾਂ, ਪਰ ਅੱਜ ਪ੍ਰਦੇਸ ਵਿੱਚ ਵੀ ਮੇਰੀ ਬੋਲੀ ਅਤੇ ਮੇਰੀ ਲੇਖਣੀ ਦੇ ਰੂਪ ਵਿੱਚ ਮਾਂ ਮੇਰੀ ਰਚਨਾਵਾਂ ਵਿੱਚ ਵੱਸਦੀ ਹੈ…।" ਬੋਲਦੇ ਹੋਏ ਮੈਂ ਭਾਵੁਕ ਹੋ ਗਈ।…. ਪਾਰੂਲ ਨੇ ਮੈਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਆਪਣੀ ਮਾਂ (ਛਮਾਂ) ਨੂੰ ਯਾਦ ਕਰ ਦੱਬਦੇ ਸਾਹਾਂ ਨਾਲ ਓਹ ਵੀ ਰੋ ਪਈ।

"ਤੁਹਾਡੀ ਮਾਂ ਬੋਲੀ ਕਿਹੜੀ ਹੈ?" ਇਸ ਸਵਾਲ ਦਾ ਮੈਂ ਲੰਡਨ ਵਿੱਚ ਬਹੁਤ ਵਾਰ ਜਵਾਬ ਦਿੱਤਾ ਹੈ, ਅਤੇ ਨਾਲ ਹੀ ਮਾਣ ਮਹਿਸੂਸ ਕੀਤਾ ਹੈ ਕਿ ਮੈਂ ਪੰਜਾਬੀ ਬੋਲਦੀ ਵੀ ਹਾਂ ਅਤੇ ਲਿਖ ਵੀ ਸਕਦੀ ਹਾਂ। ਮੈਂ ਮਨ ਹੀ ਮਨ ਵਿੱਚ ਆਪਣੀ ਮਾਂ ਤੋਂ ਵਾਰੇ-ਬਲਿਹਾਰੇ ਜਾ ਰਹੀ ਸੀ। ਅਚਾਨਕ 'ਅੰਗਦ' ਆ ਗਿਆ ਕੇ ਬੋਲਿਆ "ਆਈ ਵੋਂਟ ਗੋ ਟੂ ਪਾਰਕ…।" ਆਪਣੀ ਮਾਂ ਪਾਰੂਲ ਨੂੰ ਅੰਗਰੇਜ਼ੀ ਵਿੱਚ ਕੁਝ ਹੋਰ ਫਰਮਾਇਸ਼ਾਂ ਕਰਦਾ ਰਿਹਾ। ਅਸੀਂ ਸਭ ਪਾਰਕ ਗਏ। ਹਰ ਰੋਜ਼ ਘੁੰਮਣਾਂ ਫ਼ਿਰਨਾ ਹੁੰਦਾ ਰਿਹਾ। ਪਰ ਕਿਤੇ ਨਾ ਕਿਤੇ ਮੈਂ ਪਾਰੂਲ ਤੋਂ ਨਿਰਾਸ਼ ਸੀ। ਗੱਲੀਂ ਬਾਤੀਂ ਮੈਂ ਪਾਰੂਲ ਨੂੰ ਕਾਫ਼ੀ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ।

ਇਕ ਦਿਨ ਸਵੇਰੇ ਜਦ ਮੈਂ ਉਠ ਕੇ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਟੇਬਲ ਕਾਫ਼ੀ ਸਾਰੇ ਤੋਹਫ਼ਿਆਂ ਅਤੇ ਖਾਣ-ਪੀਣ ਦੇ ਸਮਾਨ ਨਾਲ ਸਜ਼ਾਇਆ ਹੋਇਆ ਸੀ। ਇੱਕ ਖੂਬਸੂਰਤ ਜਿਹਾ ਕੇਕ ਜਿਸ 'ਤੇ "ਹੈਪੀ ਮਦਰਸ ਡੇ" ਲਿਖਿਆ ਹੋਇਆ ਸੀ।

"ਓਹ ਹ ਹ ਹ!!!! ਅੱਜ 'ਮਦਰਸ ਡੇ' ਹੈ?" ਮੈਨੂੰ ਪਾਰੂਲ ਨੇ ਜੱਫੀ ਪਾਈ ਤੇ ਸ਼ੁਭ-ਕਾਮਨਾਵਾਂ ਲਿਖਿਆ ਇੱਕ ਕਾਰਡ ਦਿੱਤਾ। ਮੈਂ ਵੀ ਬਹੁਤ ਆਸ਼ੀਰਵਾਦ ਦਿੱਤੇ। ਫ਼ੇਰ ਸਭ ਨੇ ਵਾਰੀ-ਵਾਰੀ ਮੈਨੂੰ ਤੋਹਫ਼ੇ ਦਿੱਤੇ। ਉਹਨਾਂ ਸਭ ਵਿੱਚ ਬਹੁਤ ਉਤਸ਼ਾਹ ਸੀ ਵਿਦੇਸ਼ੀ ਤਿਉਹਾਰ ਮਨਾਉਣ ਦਾ! ਸਾਰਾ ਦਿਨ ਫੇਸਬੁੱਕ, ਵੱਟਸਐਪ, ਫ਼ੋਨਾਂ 'ਤੇ ਵਧਾਈਆਂ ਦਾ ਸਿਲਸਿਲਾ ਚੱਲਦਾ ਰਿਹਾ। ਸ਼ਾਮ ਬਾਹਰ ਖਾਣਾਂ ਖਾਣ ਗਏ। ਦੋ ਦਿਨ ਬਾਅਦ ਮੇਰੀ ਲੰਡਨ ਵਾਪਸੀ ਸੀ। ਪਾਰੂਲ ਮੇਰੇ ਕੋਲ ਬੈਠ ਕੇ ਮੇਰੇ ਹੱਥ ਨੂੰ ਫ਼ੜ ਕੇ ਬੋਲੀ, "ਮਾਤੇ, ਤੁਹਾਡੇ ਆਉਣ ਦਾ ਧੰਨਵਾਦ, ਮੇਰੀ ਬੜੀ ਇੱਛਾ ਸੀ ਕਿ ਮੇਰੀ ਮਾਂ ਮੇਰੇ ਕੋਲ ਆ ਕੇ ਰਹੇ…।"

"ਮਾਂ ਤਾਂ ਤੇਰੇ ਕੋਲ ਸਦਾ ਹੀ ਹੈ, ਪਰ ਤੂੰ ਉਸ ਨੂੰ ਅਣਗੌਲਿਆ ਹੀ ਕਰੀ ਰੱਖਿਆ ਹੈ।" ਮੈਂ ਆਪਣੀ ਨਿਰਾਸ਼ਾ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ।
"…ਮੈਂ ਸਮਝੀ ਨਹੀਂ ਮਾਤੇ?" ਪਾਰੂਲ ਨੇ ਭੋਲੇਪਨ ਵਿੱਚ ਕਿਹਾ।

"ਮਾਂ ਤਾਂ ਕਈ ਸਾਰੇ ਰੂਪਾਂ ਵਿੱਚ ਸਾਡੇ ਜੀਵਨ ਵਿੱਚ ਹੁੰਦੀ ਹੈ, ਜਿਵੇਂ ਧਰਤੀ ਮਾਂ, ਭਾਰਤ ਮਾਂ, ਦੇਵੀ ਮਾਂ, ਜਨਮ ਦੇਣ ਵਾਲੀ ਮਾਂ, ਅਤੇ ਮਾਂ ਬੋਲੀ ਦੇ ਰੂਪ ਵਿੱਚ ਮਾਂ, ਦੇਸ਼-ਵਿਦੇਸਾਂ ਵਿੱਚ ਸਾਡੇ ਨਾਲ ਹੀ ਰਹਿਦੀਂ ਹੈ। ਭਾਸ਼ਾ ਰੂਪ ਵਿੱਚ, ਜੇਕਰ ਮਾਂ ਨੂੰ ਆਪਣੇ ਨਾਲ ਸਮਝੋ, ਤਾਂ ਮਾਂ ਦੀ ਕਮੀ ਨਹੀਂ ਲੱਗਦੀ। ਮਾਂ ਦੇ ਸਰੀਰ ਨੇ ਸਦਾ ਨਾਲ ਨਹੀਂ ਨਿਭਣਾਂ ਹੁੰਦਾ, ਜੇਕਰ ਅਸੀ ਮਾਂ ਬੋਲੀ ਬੋਲਦੇ ਹਾਂ ਤੇ ਮਾਂ ਜਿਉਂਦੀ ਰਹਿੰਦੀ ਹੈ। ਜੇਕਰ ਮਾਂ ਬੋਲੀ ਨਾ ਬੋਲੀ ਗਈ ਤਾਂ ਇੱਕ ਪੀੜ੍ਹੀ ਤੋਂ ਬਾਅਦ ਮਾਂ ਸਦਾ ਲਈ ਖ਼ਾਮੋਸ਼ ਹੋ ਕੇ ਦਫ਼ਨ ਹੋ ਜਾਂਦੀ ਹੈ।" ਮੈਂ ਆਪਣੇ ਜਜ਼ਬਾਤਾਂ ਨੂੰ ਲੰਡਨ ਵਾਪਸ ਜਾਣ ਤੋਂ ਪਹਿਲਾਂ ਕੱਢ ਦੇਣਾਂ ਚਾਹੁੰਦੀ ਸੀ। ਪਾਰੂਲ ਮੇਰੀ ਗੱਲ ਬਹੁਤ ਗੌਰ ਨਾਲ ਸੁਣ ਰਹੀ ਸੀ।

"ਮਦਰਸ ਡੇ ਤਾਂ ਸ਼ਰੀਰ ਦੀ ਹੋਂਦ ਕਰਕੇ ਮਨਾ ਲਿਆ। ਪਰ 'ਮਾਂ ਬੋਲੀ' ਨੂੰ ਤੂੰ ਆਪਣੀ ਸਾਰੀ ਜ਼ਿੰਦਗੀ ਹੀ ਹੋਂਦ ਵਿੱਚ ਰੱਖ ਸਕਦੀ ਹੈਂ। ਕੱਲ੍ਹ 'ਅੰਗਦ' ਜਦ ਵੱਡਾ ਹੋਏਗਾ 'ਤੇ ਕੀ ਦੱਸਿਆ ਕਰੇਗਾ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ? ਪਰ ਮੈਨੂੰ ਆਉਂਦੀ ਨਹੀਂ ਕਿਉਂਕਿ ਮੇਰੀ ਮਾਂ ਆਪ ਵੀ ਨਹੀਂ ਬੋਲਦੀ ਸੀ। ਇੱਕ ਬੋਲੀ ਹੀ ਐਸੀ ਚੀਜ਼ ਹੈ, ਜੋ ਇੱਕ ਪੂਰੀ ਸੱਭਿਅਤਾ ਨੂੰ ਜਿਉਂਦਾ ਰੱਖ ਸਕਣ ਵਿੱਚ ਸਮਰੱਥ ਹੈ।" ਮੈਂ ਬੋਲਦੇ ਹੋਏ ਪਾਰੂਲ ਦੇ ਚਿਹਰੇ ਦੇ ਭਾਵਾਂ ਨੂੰ ਤਾੜ ਰਹੀ ਸੀ।
"………………….।"
"ਤੂੰ ਆਪਣੇ ਆਪ ਤੋਂ ਪੁੱਛ ਕਿ ਤੂੰ ਕਿੰਨੀ ਕੁ ਸਹੀ ਹੈ….? ਮਾਂ ਦਾ ਕਰਜ਼ ਤਾਂ ਵੈਸੇ ਵੀ ਕੋਈ ਲਾਹ ਨਹੀਂ ਸਕਦਾ…!" ਮੇਰੇ ਇਸ ਸਵਾਲ 'ਤੇ ਪਾਰੂਲ ਦੀਆਂ ਅੱਖਾਂ ਭਰ ਆਈਆਂ। ਪਰ ਉਹ ਕੁਝ ਤਰਕ ਕਰਨ ਦੀ ਹਿੰਮਤ ਨਹੀਂ ਜੁਟਾ ਸਕੀ। ਦੋ ਦਿਨਾਂ ਬਾਅਦ ਮੇਰੀ ਵਾਪਸੀ ਫ਼ਲਾਈਟ ਸੀ। ਅਖ਼ੀਰ ਮੇਰੇ ਆਸਟਰੀਆ ਤੋਂ ਵਿਦਾਅ ਹੋਣ ਦਾ ਦਿਨ ਵੀ ਆ ਗਿਆ। ਪਾਰੂਲ ਕਾਰ ਚਲਾ ਰਹੀ ਸੀ ਅਤੇ ਮੈਂ ਉਸਦੀ ਖ਼ਾਮੋਸ਼ੀ ਨੂੰ ਤੋੜਨ ਲਈ ਇੱਧਰ-ਉਧਰ ਦੀਆਂ ਗੱਲਾਂ ਕਰਨ ਲੱਗ ਪਈ।

"ਮਾਂ ਵੀ ਕੀ ਚੀਜ਼ ਹੁੰਦੀ ਹੈ? ਉਸ ਤੋਂ ਵਿਛੜਨਾ ਸਦਾ ਹੀ ਦੁੱਖ ਦਿੰਦਾ ਹੈ, ਭਾਵੇਂ ਦੇਸ਼ ਹੋਵੇ ਭਾਵੇਂ ਪ੍ਰਦੇਸ਼….।" ਪਾਰੂਲ ਦਾ ਗਲਾ ਭਰ ਆਇਆ।

"ਚੱਲ ਹੁਣ ਮੈਨੂੰ ਨਾ ਰੁਆ, ਇੱਕ ਵਾਕਿਆ ਯਾਦ ਆ ਰਿਹਾ ਹੈ, ਅੱਜ ਓਹੀ ਸੁਣਾਉਂਦੀ ਹਾਂ…।" ਮੈਨੂੰ ਸੁਵਾਮੀ ਵਿਵੇਕਾ ਨੰਦ ਜੀ ਦੀ ਸਵੈ-ਜੀਵਨੀ ਵਿੱਚੋਂ ਇਕ ਘਟਨਾ ਯਾਦ ਆ ਗਈ।

"…ਸੁਣਾ ਮਾਤੇ, ਮੈਨੂੰ ਪਤਾ ਹੈ ਤੁਸੀਂ ਕੁਝ ਮਜ਼ੇਦਾਰ ਹੀ ਸੁਣਾਓਂਗੇ…. ਅੱਜ ਤੋਂ ਬਾਦ ਤੇ ਫਿਰ ਫੋਨ 'ਤੇ ਹੀ ਗੱਲਾਂ ਹੋਇਆ ਕਰਨੀਆਂ ਨੇ।" ਪਾਰੂਲ ਸ਼ਾਇਦ ਮਾਹੌਲ ਵਿੱਚ ਉਦਾਸੀ ਨਹੀਂ ਘੋਲਣਾ ਚਾਹੁੰਦੀ ਸੀ।

"ਹਾਂ, ਸੱਚ ਹੀ ਤੇ ਹੈ, ਲੈ ਫਿਰ ਇੱਕ ਅਜਿਹੀ ਘਟਨਾ ਦੱਸਦੀ ਹਾਂ, ਜੋ ਇਸ ਸਫ਼ਰ ਦੀ ਯਾਦਗਾਰ ਬਣ ਜਾਏਗੀ।" ਮੈਂ ਭੁਮਿਕਾ ਬਣਾਉਦੇ ਹੋਏ ਕਿਹਾ, "ਮੈਂ ਸੁਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਵਿੱਚੋ ਇੱਕ ਘਟਨਾ ਸੁਣਾਉਂਦੀ ਹਾਂ…. ਪਹਿਲੀ ਵਾਰ ਜਦ ਸੁਵਾਮੀ ਵਿਵੇਕਾਨੰਦ ਜੀ ਅਮਰੀਕਾ ਵਿੱਚ ਭਾਰਤ ਦੇ ਸੱਭਿਅਤਾ ਦਾ ਪ੍ਰਚਾਰ ਕਰਨ ਗਏ ਤਾਂ ਉਹ ਭਾਰਤੀ ਲਿਬਾਸ ਵਿੱਚ ਸਨ …. ਜਦ ਸੁਆਮੀ ਵਿਵੇਕਾਨੰਦ ਜੀ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਉਥੇ ਪੁੱਜੇ ਗੋਰਿਆਂ ਨੇ ਉਨ੍ਹਾਂ ਦੇ ਸੁਆਗਤ ਲਈ ਅੱਗੇ ਵਧ "ਹੈਲੋ" ਕਹਿ ਕੇ ਸੁਆਮੀ ਜੀ ਨਾਲ ਹੱਥ ਮਿਲਾਣ ਲਈ ਹੱਥ ਅੱਗੇ ਵਧਾਇਆ। ਪਰ ਸੁਆਮੀ ਜੀ ਨੇ ਆਪਣੇ ਹੱਥ ਜੋੜ ਕੇ ਨਮਸਕਾਰ ਕੀਤਾ। ਗੋਰਿਆਂ ਨੇ ਸਮਝਿਆ ਕਿ ਸ਼ਾਇਦ ਇਸ ਨੂੰ ਸਮਝ ਨਹੀਂ ਆਈ। ਓਥੇ ਇੱਕ ਬੰਦਾ, ਜਿਸ ਨੂੰ ਥੋੜ੍ਹੀ ਹਿੰਦੀ ਆਉਂਦੀ ਸੀ, ਉਸ ਨੇ ਟੁੱਟੀ ਜਿਹੀ ਹਿੰਦੀ ਵਿੱਚ ਕਿਹਾ, "ਆਪ ਕਾ ਕਿਆ ਹਾਲ ਹੈ?" ਇਸ ਸਵਾਲ ਨੂੰ ਸੁਣ ਕੇ ਸੁਆਮੀ ਜੀ ਨੇ ਉਤਰ ਦਿੱਤਾ, "ਆਈ ਐਮ ਗੁੱਡ, ਥੈਂਕ ਯੂ!"

"ਆਹ ਨਜਾਰਾ ਵੇਖ ਉੱਥੇ ਖੜ੍ਹੇ ਲੋਕਾਂ ਨੂੰ ਬਹੁਤ ਹੈਰਾਨੀ ਹੋਈ, ਤੇ ਇੱਕ ਆਦਮੀ ਨੇ ਪੁੱਛ ਹੀ ਲਿਆ, "ਸੁਆਮੀ ਜੀ, ਜਦ ਅਸੀਂ ਅੰਗਰੇਜ਼ੀ ਬੋਲੀ, ਤਾਂ ਤੁਸੀਂ ਹਿੰਦੀ ਬੋਲੀ, ਪਰ ਜਦ ਅਸੀਂ ਹਿੰਦੀ ਬੋਲੀ, ਤਾਂ ਤੁਸੀਂ ਅੰਗਰੇਜ਼ੀ ਵਿੱਚ ਜਵਾਬ ਦਿੱਤਾ, ਇਸ ਦਾ ਕੀ ਮਤਲਬ ਹੋਇਆ ?" ਇਤਨਾ ਵਾਕਿਆ ਸੁਣਾ ਕੇ ਮੈਂ ਜ਼ਰਾ ਚੁੱਪ ਹੋ ਗਈ।

"….ਮਾਤੇ, ਫਿਰ ਸੁਆਮੀ ਜੀ ਨੇ ਕੀ ਜਵਾਬ ਦਿੱਤਾ?" ਪਾਰੂਲ ਵਾਕਈ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸੁਣ ਰਹੀ ਸੀ।

"….ਹੂੰ…. ਫਿਰ ਸੁਆਮੀ ਵਿਵੇਕਾਨੰਦ ਜੀ ਨੇ ਜਵਾਬ ਦਿੱਤਾ, ਕਿ ਜਦ ਤੁਸੀਂ "ਆਪਣੀ ਮਾਂ" ਨੂੰ ਆਦਰ ਦੇ ਰਹੇ ਸੀ, ਓਸ ਵੇਲੇ ਮੈਂ "ਆਪਣੀ ਮਾਂ" ਦਾ ਸਤਿਕਾਰ ਕਰ ਰਿਹਾ ਸੀ, ਪਰ ਜਦੋਂ ਤੁਸੀਂ ਮੇਰੀ ਮਾਂ ਦਾ ਸਤਿਕਾਰ ਕੀਤਾ, ਤਾਂ ਮੈਂ ਉਦੋਂ ਤੁਹਾਡੀ ਮਾਂ ਨੂੰ ਆਦਰ ਦਿੱਤਾ! ਬੱਸ ਗੱਲ ਐਨੀ ਹੀ ਸੀ।" ਕਹਿ ਕੇ ਸੁਆਮੀ ਜੀ ਸ਼ਾਂਤ ਹੋ ਗਏ। ਪਰ ਆਪਣੇ ਵਿਚਾਰਾਂ ਦਾ ਮਾਹੌਲ ਵਿੱਚ ਤੁਫ਼ਾਨ ਖੜ੍ਹਾ ਕਰ ਦਿੱਤਾ ਸੀ….।" ਇਤਨਾ ਆਖ ਕੇ ਮੈਂ ਆਪਣੀ ਜੁਬਾਨ ਨੂੰ ਅਰਾਮ ਦਿੱਤਾ। ਪਰ ਕੁਝ ਹਲਚਲ ਮੈਂ ਵੀ ਪਾਰੂਲ ਦੇ ਮਨ ਵਿੱਚ ਕਰ ਦਿੱਤੀ ਸੀ।

ਵਿੱਛੜਨ ਮੌਕੇ ਏਅਰਪੋਰਟ 'ਤੇ ਅਸੀਂ ਦੋਵੇਂ ਭਾਵੁਕ ਹੋ ਗਈਆਂ ਸੀ। ਸਾਰੀ ਜਰੂਰੀ ਕਾਰਵਾਈ ਤੋਂ ਬਾਅਦ, ਮੈਂ ਜਹਾਜ਼ ਵਿੱਚ ਆਪਣੀ ਸੀਟ 'ਤੇ ਬੈਠ ਗਈ। ਮੇਰੇ ਫੋਨ ਤੋਂ "ਟਿੰਗ" ਕਰਕੇ ਇੱਕ ਮੈਸਜ ਆਇਆ। ਮੈਂ ਫੋਨ ਦੇਖਿਆ ਤਾਂ ਪਾਰੂਲ ਦਾ ਮੈਸਿਜ਼ ਸੀ, "ਮਾਤੇ, ਤੁਹਾਡਾ ਤਹਿ ਦਿਲ ਨਾਲ ਸ਼ੁਕਰਾਨਾ ਹੈ ਕਿ ਤੁਸੀਂ ਮੈਨੂੰ ਮੇਰੀ ਮਾਂ ਨੂੰ ਸਦਾ ਲਈ ਮੇਰੇ ਕੋਲ ਛੱਡ ਚੱਲੇ ਹੋ, ਜੋ ਕਿ ਮੇਰੀ ਨਾਦਾਨੀ ਕਰਕੇ ਮੇਰੇ ਤੋਂ ਖੁੱਸ ਚੱਲੀ ਸੀ। ਸੁਆਮੀ ਵਿਵੇਕਾਨੰਦ ਜੀ ਸਾਡੇ ਲਈ ਇੱਕ ਅਨੋਖੀ ਉਦਾਹਰਨ ਬਣਾ ਗਏ ਹਨ, ਪਰ ਅਸੀਂ ਮੌਡਰਨਪੁਣੇ ਵਿੱਚ ਇੱਕ ਪੂਰੇ ਸਾਹਿਤ ਨੂੰ ਹੀ ਰੋਲੀ ਜਾ ਰਹੇ ਹਾਂ। ਜਦੋਂ ਜਾਗੋ ਉਦੋਂ ਹੀ ਸਵੇਰਾ ਹੈ, ਤੇ ਮੇਰਾ ਸਵੇਰਾ ਅੱਜ ਹੋ ਗਿਆ ਹੈ। …. ਮੇਰਾ ਮੇਰੇ ਨਾਲ ਹੀ ਵਾਅਦਾ ਹੈ ਕਿ ਘੱਟੋ ਘੱਟ ਅਗਲੀ ਇੱਕ ਪੀੜ੍ਹੀ ਨੂੰ ਮੈਂ ਆਪਣੀ "ਮਾਂ ਬੋਲੀ" ਦਾ ਤੋਹਫ਼ਾ ਜ਼ਰੂਰ ਦੇਵਾਂਗੀ। ਆਪਣਾ ਹਿੱਸਾ ਜਰੂਰ ਪਾਊਂਗੀ। ਆਪਣੇ ਪੰਜਾਬੀ ਸੱਭਿਆਚਾਰ ਵਿੱਚ ਸਾਲ ਦੇ ਅੰਤ 'ਚ ਮੇਰੀ ਮਾਂ ਅਤੇ ਪਿਤਾ ਜੀ ਮੇਰੇ ਕੋਲ ਇੱਕ ਮਹੀਨੇ ਲਈ ਆ ਰਹੇ ਹਨ, ਮੈਂ ਆਪਣੀ ਮਾਂ ਨੂੰ ਉਸ ਦੀ ਹੀ ਮਿੱਠੀ ਬੋਲੀ ਵਿੱਚ ਪਿਆਰ ਦੇ ਕੇ ਮਾਣ ਮਹਿਸੂਸ ਕਰਵਾਉਂਗੀ। ਮੈਂ ਇਸ ਸ਼ਨੀਵਾਰ ਤੋਂ ਹੀ 'ਅੰਗਦ' ਨੂੰ ਨਾਲ ਲੈ ਕੇ ਗੁਰਦੁਆਰੇ ਵਿੱਚ ਗੁਰਮੁਖੀ ਦੀਆਂ ਕਲਾਸਾਂ ਲਵਾਂਗੀ। ਮੈਨੂੰ ਰਾਹ ਦਿਖਾਉਣ ਲਈ ਕੋਟਿਨ-ਕੋਟਿ ਪ੍ਰਣਾਮ ਮਾਤੇ। ਆਹ ਸੱਚ ਹੈ ਕਿ ਮਾਂ ਸਦਾ ਹੀ ਇੱਕ ਗੁਰੂ ਵਾਂਗ ਪ੍ਰੇਰਦੀ ਹੈ। ਅੱਜ ਮੇਰੀਆਂ ਅੱਖਾਂ ਦਾ ਸਮੁੰਦਰ ਰੋਕੇ ਨਹੀਂ ਰੁਕ ਰਿਹਾ। ਮੈਨੂੰ ਮੁਆਾਫ਼ ਕਰ ਦਿਉ ਮੇਰੀ ਮਾਂ!!"

ਇੰਨ੍ਹਾਂ ਸਤਰਾਂ ਵਿੱਚ ਮੈਂ ਪਾਰੂਲ ਦੇ ਪਛਤਾਵੇ ਨੂੰ ਸਾਫ਼ ਅਤੇ ਸਪੱਸ਼ਟ ਮਹਿਸੂਸ ਕਰ ਰਹੀ ਸੀ। ਮੈਂ ਸੋਚ ਰਹੀ ਸੀ ਕਿ "ਮਾਂ ਬੋਲੀ" ਵਿੱਚ ਹੀ ਹਰ ਸੰਸਕ੍ਰਿਤੀ ਨੂੰ ਲਿਖਿਆ ਗਿਆ ਹੈ, ਇਸ ਲਈ ਭਾਸ਼ਾ ਵਿੱਚ ਇੱਕ ਪੂਰਾ ਸਾਹਿਤ ਸਿਮਟਿਆ ਹੁੰਦਾ ਹੈ। ਹੋਰਾਂ ਦੇ ਪਿੱਛੇ ਦੌੜਨ ਅਤੇ ਆਪਣੀ ਭਾਸ਼ਾ ਨੂੰ ਅਣਗੌਲਿਆ ਕਰਨ ਕਰਕੇ, ਕਈ ਭਾਸ਼ਾਵਾਂ ਸਿਰਫ਼ ਲਿਖਿਤ ਇਤਿਹਾਸ ਬਣ ਕੇ ਰਹਿ ਗਈਆਂ ਹਨ। ਅਣਜਾਣੇ-ਪੁਣੇ ਵਿੱਚ ਹੀ ਸਹੀ, ਪਰ ਹਰੇਕ ਮਾਂ ਆਪਣੀ ਸੱਭਿਅਤਾ ਨੂੰ ਜੀਵਤ ਰੱਖਣ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ, ਅਤੇ ਅੱਜ ਪਾਰੂਲ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਗਈ ਸੀ। ਸੋਚ ਕੇ ਮੇਰੀਆਂ ਅੱਖਾਂ ਭਰ ਆਈਆਂ। ਇੱਕ ਮਾਂ ਦੀਆਂ ਆਸ਼ਾਵਾਂ ਨੇ ਆਨੰਦ ਦੀ ਉਡਾਰੀ ਭਰੀ ਅਤੇ ਨਾਲ ਹੀ ਜਹਾਜ਼ ਵੀ ਆਪਣੀ ਉਡਾਰੀ ਭਰ ਅਕਾਸ਼ ਦੀਆਂ ਉਚਾਈਆਂ ਵਿੱਚ ਬੱਦਲਾਂ ਸੰਗ ਉਡਣ ਲੱਗ ਪਿਆ।









****************************************************************




            Article
   Allah diya kanjjakaa.
           

This article of mine is based on a true incident that changed my mind and one question left for society.  Super power has  different names but existence is the same. This article has published in 11 newspapers in 9 countries.  Hope you will enjoy it.

Ajit Satnam Kaur
June 2019
















ਅੱਲਾਹ ਦੀਆਂ ਕੰਜਕਾਂ (ਯਾਦਾਂ ਦੀ ਵਿਰਾਸਤ)
ਅਜੀਤ ਸਤਨਾਮ ਕੌਰ, ਲੰਡਨ    
 (06/06/2019)
ajit satnam


ਸ਼ਾਮ ਹੁੰਦੇ ਹੀ ਘਰ ਵਿੱਚ ਪੂਜਾ ਪਾਠ ਦੀ ਚਹਿਲ-ਪਹਿਲ ਵਧ ਗਈ ਸੀ। ਫੁੱਲਾਂ ਦੀਆਂ ਮਾਲਾਵਾਂ, ਦੀਵੇ, ਧੂਫ਼ਾਂ, ਹਵਨ ਸਮੱਗਰੀ, ਮਾਤਾ ਦਾ ਸ਼ਿੰਗਾਰ, ਮਾਤਾ ਦੀ ਚੁੰਨੀ…. ਅਤੇ ਹੋਰ ਵੀ ਬੜਾ ਕੁਝ। ਕਿਸੇ ਵੀ ਤਿਉਹਾਰ ਮੌਕੇ ਦਿੱਲੀ ਦੀਆਂ ਗਲੀਆਂ ਦਾ ਮਾਹੌਲ "ਰੰਗੀਨ" ਹੋ ਜਾਂਦਾ ਹੈ। ਲੋਕ ਤਿਉਹਾਰਾਂ ਨੂੰ ਮਾਣਦੇ ਅਤੇ ਜ਼ਿੰਦਗੀ ਦਾ ਲੁਤਫ਼ ਲੈਂਦੇ ਨੇ!

kanjkan"ਭੈਣ ਜੀ, ਕੀ ਗੱਲ ਹੈ, ਬੜੀ ਤਿਆਰੀ ਹੋ ਰਹੀ ਹੈ, ਕੋਈ ਖ਼ਾਸ ਪ੍ਰੋਗਰਾਮ ਹੈ?" ਮੈਂ ਕਈ ਸਾਲਾਂ ਬਾਦ ਕੱਤੇ ਦੇ ਮਹੀਨੇ ਜਦ ਭਾਰਤ ਗਈ ਅਤੇ ਦਿੱਲੀ ਆਪਣੀ ਭੈਣ ਦੇ ਘਰ ਵਿੱਚ ਹੋ ਰਹੀ ਤਿਆਰੀ ਨੂੰ ਵੇਖ ਕੇ ਆਚੰਭੇ ਜਿਹੇ ਨਾਲ ਸੁਆਲ ਕੀਤਾ।

"ਵੱਡੀਏ ਵਲੈਤਣੇ, ਤੈਨੂੰ ਪਤਾ ਨਹੀਂ? ਕੱਲ੍ਹ ਤੋਂ ਨਵਰਾਤਰੇ ਸ਼ੁਰੂ ਹਨ ਤੇ ਸਵੇਰੇ ਹੀ ਪੂਜਾ ਸੁਰੂ ਹੋ ਜਾਊਗੀ, ਇਸ ਲਈ ਕੱਲ੍ਹ ਦੀ ਸਾਰੀ ਤਿਆਰੀ ਰਾਤ ਸੌਣ ਤੋਂ ਪਹਿਲਾਂ ਹੀ ਕਰਨੀ ਹੈ।" ਬਬਲੀ ਭੈਣ ਜੀ ਨੇ ਸਿਰਜੇ ਮਾਹੌਲ ਦੀ ਤਮਾਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ। "ਬਬਲੀ" ਮੇਰੀ ਇਕਲੌਤੀ ਵੱਡੀ ਭੈਣ ਜੀ ਦਾ ਪ੍ਰੀਵਾਰਕ "ਲਾਡ" ਦਾ ਨਾਮ ਹੈ।

"ਓਹ….!! ਮੈਨੂੰ ਤੇ ਲੱਗਦਾ ਮੁੱਦਤਾਂ ਹੀ ਹੋ ਗਈਆਂ ਹਨ ਇਹਨਾਂ ਰੀਤੀ-ਰਿਵਾਜਾਂ, ਤਿਉਹਾਰਾਂ ਨੂੰ ਇੰਨੇ ਉਤਸ਼ਾਹ ਨਾਲ ਮਨਾਏ ਹੋਏ! ਬੱਸ "ਵਰਕ ਇੱਜ਼ ਵਰਸ਼ਿਪ" ਹੀ ਪੱਲੇ ਰਹਿ ਗਿਆ ਮੇਰੇ ਲਈ ਤੇ ਲੰਡਨ ਦੀ ਧਰਤੀ 'ਤੇ।" ਮੈਂ ਆਪਣੀ ਮਸਰੂਫ਼ ਜ਼ਿੰਦਗੀ ਦਾ ਤਾਣਾ-ਬਾਣਾ ਫ਼ਰੋਲਿਆ।

"ਚੱਲ! ਫੇਰ ਤੇ ਤੈਨੂੰ ਵੀ ਮੈਂ ਨੌਂ ਦਿਨ ਪੂਰਾ ਸ਼ਾਮਲ਼ ਰੱਖਾਂਗੀ, ਜ਼ਰਾ ਜਲਦੀ ਉਠਣਾ ਪੈਣਾਂ ਸਵੇਰੇ।" ਇਤਨਾ ਆਖ ਕੇ ਭੈਣ ਜੀ ਸ਼ਰਾਰਤ ਨਾਲ ਹੱਸ ਪਏ, ਕਿਉਂਕਿ ਭਾਰਤ ਆ ਕੇ ਅਸੀਂ ਇੱਕੋ ਐਲਾਨ ਕਰ ਦਿੰਦੇ ਹਾਂ ਕਿ ਸਾਨੂੰ ਸਵੇਰੇ ਜਲਦੀ ਨਾ ਉਠਾਇਓ! ਅਸੀ ਲੰਡਨ ਵਿੱਚ ਸਦਾ ਹੀ ਸਵੇਰੇ ਉਠ ਅਣੀਂਦਰੇ ਹੀ ਕੰਮਾਂ 'ਤੇ ਤੁਰ ਪੈਂਦੇ ਹਾਂ, ਹੁਣ ਨੀਂਦ ਪੂਰੀ ਕਰਨੀ ਹੈ।

"ਕਿਉਂ ਨਹੀਂ ਭੈਣ ਜੀ? ਕਿੰਨੇ ਅਰਸੇ ਬਾਅਦ ਤਾਂ ਮੈਨੂੰ ਮੌਕਾ ਮਿਲਿਆ ਹੈ ਆਹ ਸਭ ਤਿਉਹਾਰ ਮੁੜ ਵੇਖਣ ਦਾ।" ਮੈਂ ਇਤਨਾ ਆਖ ਆਪਣੀਆਂ ਯਾਦਾਂ ਵਿੱਚ "ਓਸ ਭਾਰਤ" ਨੂੰ ਖੋਜਣ ਲੱਗ ਪਈ ਜਿਸ ਭਾਰਤ ਨੂੰ ਮੈਂ ਕਈ ਵਰ੍ਹੇ ਪਹਿਲਾਂ ਛੱਡ ਕੇ ਸੱਤ ਸਮੁੰਦਰੋਂ ਪਾਰ ਦੀ ਧਰਤੀ 'ਤੇ ਗਈ ਸੀ। ਜਦੋਂ ਦਾ ਭਾਰਤ ਛੱਡਿਆ ਹੈ, ਕੱਤੇ ਦੇ ਮਹੀਨੇ ਸ਼ਾਇਦ ਮੈਂ ਪਹਿਲੀ ਵਾਰ ਆਈ ਸਾਂ। ਓਦੋਂ ਤੋਂ ਲੈ ਕੇ ਹੁਣ ਤੱਕ ਦੇ ਮਾਹੌਲ ਵਿੱਚ ਬਹੁਤ ਅੰਤਰ ਆ ਗਿਆ ਹੈ। ਲੋਕਾਂ ਦਾ ਖਾਣਾਂ ਬਹੁਤ ਵੰਨਗੀਆਂ ਵਾਲਾ ਅਤੇ ਬਾਣਾਂ ਬਹੁਤ ਡਿਜਾਈਨਾਂ ਵਾਲਾ ਹੋ ਗਿਆ ਹੈ। ਖਾਣੇਂ ਅਤੇ ਬਾਣੇਂ ਵਿੱਚ ਸਾਦਗੀ ਘਟ ਗਈ ਹੈ, ਤੜਕ-ਭੜ੍ਹਕ ਘੁੱਸ-ਪੈਂਠ ਕਰ ਗਈ ਹੈ। ਜਦ ਵੀ ਮੈਂ ਭਾਰਤ ਆਉਂਦੀ ਹਾਂ, ਭੈਣ ਜੀ ਮੇਰੇ ਕੋਲ ਹੀ ਸੌਂਦੇ ਹਨ, ਦੇਰ ਰਾਤ ਤੱਕ ਅਸੀਂ ਪੁਰਾਣੀਆਂ ਅਤੇ ਨਵੀਆਂ ਘਰ ਪਰਿਵਾਰ ਦੀਆਂ ਗੱਲਾਂ ਅਤੇ ਯਾਦਾਂ ਦੇ ਖੂਹ ਗੇੜ ਲੈਂਦੇ ਹਾਂ। ਕਿਉਂਕਿ ਅੱਜ ਪੂਜਾ ਦਾ ਮਾਹੌਲ ਦੇਖਿਆ ਸੀ, ਇਸ ਲਈ ਲੰਮਾ ਪਏ ਮੈਂ ਬਚਪਨ ਦਾ ਜ਼ਿਕਰ ਛੇੜ ਲਿਆ।

"ਤੁਹਾਨੂੰ ਯਾਦ ਹੈ ਭੈਣ ਜੀ ਮਾਂ ਦੱਸਦੀ ਹੁੰਦੀ ਹੈ ਕਿ ਤੁਸੀ ਮੈਨੂੰ ਰੱਬ ਕੋਲੋਂ "ਮੰਗ ਕੇ" ਲਿਆ ਸੀ, ਅੱਜ ਓਹੀ ਵਾਕਿਆ ਸੁਣਾ ਦਿਓ!" ਮੈਨੂੰ ਯਾਦ ਆ ਗਿਆ ਕਿ ਮਾਂ ਦਾ ਕਈ ਵਾਰ ਮੈਨੂੰ ਮੇਰੀ ਕਿਸੇ ਜ਼ਿਦ 'ਤੇ ਝਿੜਕ ਕੇ ਕਹਿਣਾ ਕਿ ਮੇਰੀ ਦੋ ਪੁੱਤਰ ਤੇ ਇੱਕ ਧੀ ਤੋਂ ਬਾਅਦ ਹੋਰ ਸੰਤਾਨ ਦੀ ਕੋਈ ਇੱਛਾ ਨਹੀਂ ਸੀ, ਤੂੰ ਤਾਂ "ਬਬਲੀ" ਦੀਆਂ ਅਰਦਾਸਾਂ ਕਰਕੇ ਆਈ ਹੈਂ ਮੇਰੇ ਘਰ….। ਔਲਾਦ ਕਦੇ ਵੀ ਮਾਂ ਪਿਉ ਵਾਸਤੇ ਬਹੁਤੀ ਜਾਂ ਵਾਧੂ ਨਹੀਂ ਹੁੰਦੀ, ਮੈਂ ਸਭ ਤੋਂ ਛੋਟੀ ਹੋਣ ਕਰਕੇ ਜ਼ਿਆਦਾ ਲਾਡਲੀ ਰਹੀ ਹਾਂ, ਪਰ ਛੋਟੀ ਹੋਣ ਦਾ ਇੱਕ ਨੁਕਸਾਨ ਹੋਰ ਵੀ ਸੀ ਕਿ ਭੈਣ ਜੀ ਦੀ ਕੋਈ ਵੀ ਚੀਜ਼ ਕੁਝ ਚਿਰ ਬਾਅਦ ਮੈਨੂੰ ਦੇ ਦਿੱਤੀ ਜਾਂਦੀ ਸੀ ਕਿ ਹੁਣ ਛੋਟੀ ਹੋ ਗਈ ਹੈ, ਨਿੱਕੀ ਦੇ ਕੰਮ ਆ ਜਾਉਗੀ। ਭੈਣ ਜੀ ਦੇ ਵਿਆਹ ਤੋਂ ਬਾਦ ਮੈਨੂੰ ਓਹਨਾਂ ਦੀ ਅਲਮਾਰੀ, ਕੱਪੜੇ ਅਤੇ ਸਾਇਕਲ ਮਿਲ ਗਿਆ ਸੀ। ਮੈਂ ਭੈਣ ਜੀ ਦੀ ਹਰ ਚੀਜ਼ ਨੂੰ ਬਹੁਤ ਸੌਂਕ ਨਾਲ ਅਪਨਾਉਂਦੀ ਸੀ। ਪਰ ਸ਼ਾਇਦ ਜ਼ਮਾਨਾ ਬਦਲਣ ਦੇ ਕਾਰਨ ਅੱਜ ਦੇ ਬੱਚੇ ਇੰਨਾਂ ਹੌਸਲਾ ਸ਼ਾਇਦ ਨਹੀਂ ਕਰ ਸਕਣਗੇ, ਇਹਨਾਂ ਨੂੰ ਸਭ ਕੁਝ ਨਵਾਂ ਤੇ ਬਰਾਬਰ ਦਾ ਚਾਹੀਦਾ ਹੁੰਦਾ ਹੈ, ਮੇਰੇ ਮਨ ਵਿੱਚ ਇੰਜ ਹੀ ਖਿਆਲ ਆ ਗਿਆ ਸੀ। ਬੈੱਡ 'ਤੇ ਪੈਂਦਿਆਂ ਹੀ ਮੈਨੂੰ ਯਾਦ ਆ ਗਿਆ ਕਿ ਭੈਣ ਜੀ ਦੇ ਵਿਆਹ ਤੱਕ ਮੈਂ ਉਹਨਾਂ ਕੋਲ ਹੀ ਸੌਂਦੀ ਸੀ। ਮੈਨੂੰ ਮੇਰੀ ਮਾਂ ਨੇ ਜਨਮ ਦਿੱਤਾ, ਪਰ ਮੈਂ ਭੈਣ ਜੀ ਦੀ ਅਰਦਾਸ ਕਰਕੇ ਅੱਜ ਭੈਣ ਦੀ ਬੁੱਕਲ ਵਿੱਚ ਹਾਂ।

"ਚਲੋ ਦੱਸੋ ਕਿਵੇਂ ਮੰਗਿਆ ਸੀ ਮੈਨੂੰ ਬਾਬਾ ਜੀ ਕੋਲੋਂ?" ਮੈਂ ਆਪਣਾ ਸਿਰ ਸਿਰਹਾਣੇ 'ਤੇ ਟਿਕਾਉਦੇ ਹੋਏ ਭੈਣ ਜੀ ਵੱਲ ਮੂੰਹ ਘੁੰਮਾ ਲਿਆ। ਭੈਣ ਜੀ ਨੇ ਮੇਰੇ ਸਿਰ 'ਤੇ ਪਿਆਰ ਨਾਲ ਹੱਥ ਫ਼ੇਰਿਆ ਤੇ ਦੱਸਣਾਂ ਸ਼ੁਰੂ ਕੀਤਾ, "ਮੈਨੂੰ ਆਹ ਅਰਦਾਸ ਤੇ ਅੱਜ ਤੱਕ ਯਾਦ ਹੈ….. ਹੇ ਰੱਬ ਜੀ!!! ਮੈਨੂੰ ਵੀ ਇੱਕ ਭੈਣ ਬਖਸ਼ ਦਿਓ, ਮੈਂ ਵੀ "ਵੀਰੋ ਅਤੇ ਭੋਲੀ" ਨੂੰ ਕੁੱਟ ਕੇ ਭਜਾ ਦਿਆ ਕਰੂੰਗੀ, ਬੜਾ ਤੰਗ ਕਰਦੀਆਂ ਨੇ!" ਬਬਲੀ ਭੈਣ ਜੀ ਠੰਢੇ ਜਿਹੇ ਸਾਹ ਲੈ ਕੇ ਅਤੀਤ ਦਾ ਬੂਹਾ ਖੋਲ੍ਹਣ ਲੱਗ ਪਏ।

ਵੀਰੋ ਅਤੇ ਭੋਲੀ ਸਾਡੇ ਗੁਆਂਢ 'ਚ ਦੋ ਬੱਚੀਆਂ ਸਾਡੇ ਬਚਪਨ ਦੇ ਸਮੇਂ ਰਹਿੰਦੀਆਂ ਸਨ। ਭੈਣ ਜੀ ਉਹਨਾਂ ਨਾਲ ਖੇਡਣ ਜਾਂਦੇ ਸੀ। ਪਰ ਜ਼ਿਆਦਾਤਰ ਉਹ ਦੋਵੇਂ ਭੈਣਾਂ ਏਕਾ ਕਰ ਭੈਣ ਜੀ 'ਤੇ ਭਾਰੂ ਹੋ ਜਾਂਦੀਆਂ ਅਤੇ ਰੁਆ ਕੇ ਭੈਣ ਜੀ ਨੂੰ ਭਜਾ ਦਿੰਦੀਆਂ ਸਨ। ਆਪਣੀ ਇਸ ਜਿੱਤ 'ਤੇ ਮੂੰਹ ਬਣਾ-ਬਣਾ ਕੇ ਚਿੜਾਉਂਦੀਆ ਵੀ ਸਨ। ਇਸੀ ਖੁੰਧਕ ਵਿੱਚ ਇੱਕ ਦਿਨ ਭੈਣ ਜੀ ਮਾਂ ਕੋਲ ਰੋਂਦੂ ਜਿਹਾ ਮੂੰਹ ਲੈ ਕੇ ਬੈਠ ਗਈ ਅਤੇ ਪੁੱਛਣ ਲੱਗ ਪਈ, "ਮਾਂ, ਤੁਸੀ ਮੈਨੂੰ ਕਿੱਥੋਂ ਲਿਆ ਹੈ?"

"ਰੱਬ ਕੋਲੋ! ਬਾਬਾ ਜੀ ਕੋਲੋਂ ਅਰਦਾਸ ਕਰਕੇ!!" ਮਾਂ ਨੇ ਆਮ ਜਿਹਾ ਰਵਾਇਤੀ ਜਵਾਬ ਦਿੱਤਾ।
"ਰੱਬ, ਸਭ ਕੁਝ ਦੇ ਦਿੰਦਾ ਹੈ ਕੀ?" ਭੋਲੇ ਜਿਹੇ ਸਵਾਲ ਨਾਲ ਭੈਣ ਜੀ ਦੀ ਅੱਖਾਂ ਵਿੱਚ ਚਮਕ ਆ ਗਈ।

"ਹਾਂ! ਤੈਨੂੰ ਵੀ ਤੇ ਰੱਬ ਕੋਲੋਂ ਲਿਆ ਹੈ, ਮੈਂ ਕਿਹਾ ਬਾਬਾ ਜੀ ਮੈਨੂੰ ਇੱਕ ਪਿਆਰੀ ਜਿਹੀ ਧੀ ਰਾਣੀ ਦੇ ਦਿਓ, ਤੇ ਰੱਬ ਨੇ ਤੈਨੂੰ ਮੇਰੇ ਘਰ ਭੇਜ ਦਿੱਤਾ!" ਮਾਂ ਨੇ ਲਾਡ ਨਾਲ ਭੈਣ ਜੀ ਨੂੰ ਕਿਹਾ ਅਤੇ ਜੱਫ਼ੀ ਵਿੱਚ ਲੈ ਲਿਆ। ਨਿਆਣੀ ਉਮਰ ਵਿੱਚ ਇਸ ਗੱਲ ਨੇ ਭੈਣ ਜੀ ਦੇ ਮਨ ਉਪਰ ਬਹੁਤ ਅਸਰ ਕੀਤਾ। ਮਾਂ ਦੀ ਗੱਲ 'ਤੇ ਯਕੀਨ ਕਰ ਰੱਬ ਕੋਲੋਂ ਇੱਕ ਭੈਣ ਮੰਗਣ ਲਈ ਆਪਣੇ ਛੋਟੇ-ਛੋਟੇ ਹੱਥਾਂ ਨੂੰ ਜੋੜ ਕੇ ਮਾਸੂਮ ਜਿਹੇ ਮੁੱਖ ਨਾਲ "ਰੱਬ ਜੀ" ਨੂੰ ਅਰਦਾਸ ਕਰਨ ਲੱਗੀ। ਉਚੀ-ਉਚੀ ਬੋਲ ਕੇ, "ਬਾਬਾ ਜੀ, ਮੈਨੂੰ ਵੀ ਇੱਕ ਭੈਣ ਦੇ ਦਿਓ! ਫੇਰ ਮੈਂ ਵੀ ਜਿੱਤ ਜਾਇਆ ਕਰੂੰਗੀ ਵੀਰੋ ਅਤੇ ਭੋਲੀ ਤੋਂ।"

ਮਾਂ, ਕੋਲ ਬੈਠੀ ਸਭ ਸੁਣ ਰਹੀ ਸੀ ਅਤੇ ਬਚਪਨੇ ਦੀਆਂ ਗੱਲਾਂ 'ਤੇ ਮੁਸਕੁਰਾ ਰਹੀ ਸੀ। ਭੈਣ ਜੀ ਫੇਰ ਮਾਂ ਕੋਲ ਆ ਕੇ ਬੋਲੀ, "ਮਾਂ, ਹੁਣ ਮੈਂ ਵੀ ਇੱਕ ਹੋਰ ਭੈਣ ਰੱਬ ਜੀ ਕੋਲੋਂ ਮੰਗ ਲਈ ਹੈ, ਹੁਣ ਮਜ਼ਾ ਚਖਾਊਂਗੀ ਭੋਲੀ ਅਤੇ ਵੀਰੋ ਦੀਆਂ ਬੱਚੀਆਂ ਨੂੰ!" ਮਾਂ ਬਚਪਨ ਦੀ ਮਾਸੂਮੀਅਤ ਨੂੰ ਦੇਖ ਕੇ ਗਦ-ਗਦ ਹੋ ਗਈ। ਪਰ ਬੋਲੀ ਕੁਝ ਨਹੀਂ ਕਿਉਂਕਿ ਹੋਰ ਬੱਚੇ ਦੀ ਉਹਨਾਂ ਨੂੰ ਚਾਹਤ ਨਹੀਂ ਸੀ। ਅਗਲੇ ਮਹੀਨੇ ਪਾਪਾ ਜੀ ਨੇ "ਨਸਬੰਦੀ ਪਲਾਨ" ਵਿੱਚ ਆਪਣਾ ਨਾਮ ਪਹਿਲਾਂ ਹੀ ਲਿਖਾ ਦਿੱਤਾ ਸੀ।

ਅਸੀਂ ਬਹੁਤ ਵਾਰ "ਅਰਦਾਸ" ਦੀ ਤਾਕਤ ਦੇ ਕਰਿਸ਼ਮੇਂ ਸੁਣੇ ਸੀ। ਮੇਰਾ ਜਨਮ ਵੀ ਕੁਝ ਹੱਦ ਤੱਕ ਭੈਣ ਜੀ ਵੱਲੋਂ ਕੀਤੀ ਅਰਦਾਸ ਦੀ ਹੀ ਦੇਣ ਸੀ। ਮੈਂ ਸਦਾ ਹੀ ਭੈਣ ਜੀ ਦੀ ਰਿਣੀ ਹਾਂ ਕਿ ਉਹਨਾਂ ਦੀ ਮਾਸੂਮ ਅਰਦਾਸ 'ਤੇ ਰੱਬ ਨੇ ਤਰਸ ਕਰ ਮੈਨੂੰ ਇਤਨੇ ਯੋਗ ਮਾਪੇ, ਦੋ ਪਿਆਰੇ ਭਰਾ, ਦੇਵੀ ਵਰਗੀ ਭੈਣ ਅਤੇ ਬਹੁਤ ਅਮੀਰੀ ਵਾਲਾ ਬਚਪਨ ਦਿੱਤਾ। ਭੈਣ ਜੀ ਨੇ ਜਦ ਵੀ ਮੈਨੂੰ ਉਪਰੋਕਤ ਵਾਕਿਆ ਸੁਣਾਇਆ ਮੈਂ ਹਮੇਸ਼ਾ ਭਾਵੁਕ ਹੋ ਜਾਂਦੀ। ਮੈਂ ਭੈਣ ਜੀ ਦਾ ਹੱਥ ਫੜ ਕੇ ਚੁੰਮ ਲਿਆ, ਜਿਵੇਂ ਧੰਨਵਾਦ ਲਈ ਸ਼ਬਦ ਲੱਭ ਰਹੀ ਹੋਵਾਂ। ਮਾਹੌਲ ਜਿਵੇਂ ਦੋ ਭੈਣਾਂ ਦੇ ਪਿਆਰ ਨਾਲ ਲਬਾ-ਲਬ ਭਰ ਗਿਆ ਸੀ। ਸਨੇਹ ਦੀ ਮਦਹੋਸ਼ੀ ਵਿੱਚ ਹੌਲੀ-ਹੌਲੀ ਅੱਖਾਂ ਬੰਦ ਹੋਣ ਲੱਗ ਪਈਆਂ ਅਤੇ ਓਦੋਂ ਹੀ ਸੁਰਤ ਮੁੜੀ ਜਦ ਸਵੇਰੇ ਅੰਮ੍ਰਿਤ ਵੇਲੇ ਚਾਰ ਵਜੇ ਭੈਣ ਜੀ ਕੋਲੋਂ ਉਠ ਕੇ ਨਹਾਉਣ ਲਈ ਚਲੇ ਗਏ।

"ਬੇਬੂ….!" ਭੈਣ ਜੀ ਮੈਨੂੰ ਇਸ ਨਾਮ ਨਾਲ ਹੀ ਬੁਲਾਉਂਦੇ ਨੇ, "ਬੇਬੂ ਉਠ! ਮੈਂ ਨਹਾ ਲਈ ਹੁਣ ਤੁੰ ਨਹਾ ਤੇ ਆਪਾਂ ਪੂਜਾ ਦੀ ਤਿਆਰੀ ਕਰੀਏ!" ਆਖਦੇ ਹੋਏ ਭੈਣ ਜੀ ਨੇ ਮੇਰੀ ਚਾਦਰ ਹਿਲਾਈ ਅਤੇ ਪੂਜਾ ਦੀ ਤਿਆਰੀ ਲਈ ਚਲੇ ਗਏ। ਮੇਰੇ ਲਈ ਔਖਾ ਹੋ ਰਿਹਾ ਸੀ ਇੰਨੀ ਸਵੇਰੇ ਉਠਣਾ। ਮੈਂ ਪਾਸਾ ਜਿਹਾ ਮਾਰ ਸੋਚਣ ਲੱਗ ਪਈ ਕਿ ਅਸੀਂ ਵਿਦੇਸ਼ਾਂ ਵਿੱਚ ਇਸ ਲਈ ਜਲਦੀ ਉਠਦੇ ਹਾਂ ਕਿ ਕੰਮਾਂ ਕਾਰਾਂ 'ਤੇ ਸਮੇਂ ਸਿਰ ਪਹੁੰਚ ਸਕੀਏ। ਪਰ ਇੱਥੇ ਆ ਸਾਰੇ ਲੋਕ ਚਾਹੇ ਸਾਰਾ ਦਿਨ ਘਰ ਹੀ ਰਹਿੰਦੇ ਹਨ, ਪਰ ਪੂਜਾ ਪਾਠ ਅਤੇ ਨਿੱਤਨੇਮ  ਕਰਨ ਵਾਸਤੇ ਇਤਨੀ ਜਲਦੀ ਉਠ ਜਾਂਦੇ ਹਨ। ਪਤਾ ਨਹੀ "ਕਰਮ ਹੀ ਪੂਜਾ ਹੈ ਜਾਂ ਪੂਜਾ ਹੀ ਰੱਬ ਹੈ" ਆਹੀ ਵਿਚਾਰਦੀ ਮੈਂ ਉਠ ਬੈਠੀ ਅਤੇ ਨਹਾ ਕੇ ਆਪਣੀ ਹਾਜ਼ਰੀ ਪੂਜਾ ਵਿੱਚ ਲਾਉਣ ਲਈ ਭੈਣ ਜੀ ਕੋਲ ਆ ਗਈ।

"ਤੂੰ ਸਜਾਵਟ ਕਰ ਲੈ, ਤੇ ਮੈਂ ਪੂਜਾ ਸਥਾਨ ਦੀ ਸਫ਼ਾਈ ਕਰ ਲੈਂਦੀ ਹਾਂ।" ਮੈਨੂੰ ਫੁੱਲਾਂ ਦੀਆਂ ਮਾਲਾਵਾਂ ਦੇ ਕੇ ਭੈਣ ਜੀ ਬੋਲੇ। ਥੋੜ੍ਹੀ ਦੇਰ ਬਾਅਦ ਨਵਰਾਤਰੇ ਦੀ ਪੂਜਾ ਅਤੇ ਆਰਤੀ ਦਾ ਕੰਮ ਪੂਰਾ ਕਰ ਕੇ ਭੈਣ ਜੀ ਨੇ ਮੈਨੂੰ ਨਾਸ਼ਤਾ ਦਿੱਤਾ। ਨਾਸ਼ਤਾ ਕਰਦੇ ਹੋਏ ਮੈਂ ਉਹਨਾਂ ਨੂੰ ਨਾਸ਼ਤੇ ਦੀ ਸੁਲਾਹ ਮਾਰੀ, "ਤੁਸੀਂ ਨੀ ਨਾਸ਼ਤਾ ਕਰਨਾ?"
"ਨਹੀਂ, ਮੇਰਾ ਵਰਤ ਹੈ ਤੇ ਨੌਂ ਦਿਨ ਮੈਂ ਦਿਨੇ ਕੁਝ ਨਹੀਂ ਖਾਣਾ! ਸ਼ਾਮ ਨੂੰ "ਵਰਤ ਵਾਲਾ ਖਾਣਾਂ" ਖਾਊਂਗੀ ਤੂੰ ਵੀ ਸ਼ਾਮੀ ਮੇਰੇ ਨਾਲ ਵਰਤ ਵਾਲਾ ਖਾਣਾਂ ਖਾਈਂ।" ਭੈਣ ਜੀ ਨੇ ਆਪਣੀ ਆਸਥਾ ਦਰਸਾਉਂਦੇ ਹੋਏ ਕਿਹਾ।

ਇਹ ਤਾਂ ਸੋਨੇ 'ਤੇ ਸੁਹਾਗਾ ਸੀ ਮੇਰੇ ਲਈ! ਮੈਂ ਸਾਰਾ ਦਿਨ ਭਾਂਤ-ਸੁਭਾਂਤੀਆਂ ਵਸਤਾਂ ਖਾਣੀਆਂ ਤੇ ਸ਼ਾਮੀ ਸ਼ਪੈਸ਼ਲ ਵਰਤ ਦਾ ਖਾਣਾ ਵੀ ਮਿਲੇਗਾ! ਸਵੇਰੇ ਦਸ ਕੁ ਵਜੇ ਅਸੀਂ ਮੰਦਰ ਚਲੇ ਗਏ, ਕਿਉਂਕਿ ਨਵਰਾਤਰੇ ਦੇ ਦਿਨਾਂ ਵਿੱਚ ਮੰਦਰ ਵਿੱਚ ਬਹੁਤ ਰੌਣਕ ਅਤੇ ਚਹਿਲ-ਪਹਿਲ ਰਹਿੰਦੀ ਹੈ। ਮੰਦਰ ਦੇ ਬਾਹਰ ਹੱਥਾਂ ਵਿੱਚ ਬਾਟੇ ਲਈ ਬੱਚੇ ਲਾਈਨ ਬਣਾਈ ਬੈਠੇ ਸੀ। ਧਾਰਮਿਕ ਦਾਨੀ ਲੋਕਾਂ ਦੇ ਖਾਣੇ ਦੀ ਆਸ ਲਾਈ। ਮੰਦਰ ਭਾਂਤ-ਭਾਂਤ ਦੀਆਂ ਬੱਤੀਆਂ ਨਾਲ ਸਜ਼ਾਇਆ ਹੋਇਆ ਸੀ। ਜੋਰ-ਜੋਰ ਦੀ ਭਜਨ ਗਾਏ ਜਾ ਰਹੇ ਸੀ। ਕੀਮਤੀ ਕੱਪੜੇ ਅਤੇ ਗਹਿਣਿਆਂ ਨਾਲ ਸੱਜੀਆਂ ਬੀਬੀਆਂ ਦੀਆਂ ਥਾਲੀਆਂ ਵੀ ਪਕਵਾਨਾਂ ਨਾਲ ਭਰੀਆਂ, ਖੂਬ ਸਜ ਰਹੀਆਂ ਸਨ। ਪੰਡਤ ਜੀ ਸਜ-ਧਜ ਵੇਖ ਕੇ ਥਾਲੀ ਨੂੰ ਫੜਦੇ ਅਤੇ ਨਾਲ ਦੀ ਨਾਲ ਭੋਗ ਲੁਆ ਰਹੇ ਸਨ। ਮੈਂ ਸਾਰੇ ਨਜ਼ਾਰੇ ਨੂੰ ਬਹੁਤ ਧਿਆਨ ਨਾਲ ਵੇਖ ਰਹੀ ਸੀ। ਭਜਨ ਤੋਂ ਧਿਆਨ ਹਟਾ ਕੇ ਮੈਂ ਆਪਣੀ ਗਰਦਣ ਘੁੰਮਾ ਮੰਦਰ ਦੀ ਸਜਾਵਟ ਦੇਖਣ ਲੱਗ ਪਈ। ਮਾਤਾ ਰਾਣੀ ਦੇ ਗਹਿਣੇਂ, ਵਸਤਰ, ਚਾਂਦੀ ਦਾ ਛਤਰ, ਫੁੱਲਾਂ ਅਤੇ ਬਿਜਲੀ ਦੀਆਂ ਸੁੰਦਰ ਲੜੀਆਂ, ਕਾਫ਼ੀ ਪੈਸਾ ਲਾਇਆ ਦਿਸ ਰਿਹਾ ਸੀ। ਭੈਣ ਜੀ ਨੇ ਥਾਲੀ ਦੇ ਪਕਵਾਨ ਪੰਡਤ ਜੀ ਨੂੰ ਭੋਗ ਲਾਉਣ ਲਈ ਦਿੱਤੇ ਅਤੇ ਮੈਂ ਵੀ ਪ੍ਰਸ਼ਾਦ ਲਿਆ ਤੇ ਭੈਣ ਜੀ ਨਾਲ ਘਰ ਵਾਪਸ ਤੁਰ ਪਈ। ਇੱਕ-ਇੱਕ ਦਿਨ ਕਰਕੇ ਨਵਰਾਤਰੇ ਦੀ ਪੂਜਾ ਸੰਪੂਰਤਾ ਵੱਲ ਵਧ ਰਹੀ ਸੀ। ਹਰ ਰੋਜ਼ ਚਹਿਲ-ਪਹਿਲ ਵਧ ਰਹੀ ਸੀ ਕਿ ਅੱਜ ਕਿੰਨ੍ਹਵਾਂ ਨਵਰਾਤਰਾ ਹੈ, ਤੇ ਕੱਲ੍ਹ ਕਿੰਨ੍ਹਵਾਂ?

…..ਅੱਜ ਅਸ਼ਟਮੀ ਸੀ। ਨਵਰਾਤਿਆਂ ਦੇ ਅੱਠਵੇਂ ਦਿਨ ਨੂੰ "ਅਸ਼ਟਮੀ" ਆਖਦੇ ਹਨ। ਇਸ ਦਿਨ ਪੂਜਾ ਦੇ ਨਾਲ ਜਾਗਰਣ ਦੀ ਵੀ ਖੇਚਲ ਵਧ ਜਾਂਦੀ ਹੈ। ਰਾਤ ਦੇਰ ਤੱਕ ਜੋਰ-ਸ਼ੋਰ ਨਾਲ ਮਾਤਾ ਦੀਆਂ ਭੇਟਾਂ ਗਾਈਆਂ ਜਾਣੀਆਂ ਸਨ। ਨਾਲ ਨਾਚ-ਗਾਇਨ ਅਤੇ ਭਜਨ ਬੰਦਗੀ ਵੀ ਹੋਣੀ ਸੀ। ਮੈਂ ਵੀ ਮੰਦਰ ਦੇ ਜਾਗਰਣ 'ਤੇ ਗਈ। ਉਥੇ ਤਕਰੀਬਨ ਪੰਜਾਬੀ ਅਤੇ ਹਿੰਦੂ ਸੰਗਤਾਂ ਸਨ। ਜਾਗਰਣ ਦੀ ਸਮਾਪਤੀ ਤੋਂ ਬਾਅਦ ਭੰਡਾਰਾ ਵਰਤਾਇਆ ਗਿਆ। ਪ੍ਰਸ਼ਾਦ ਦੇ ਰੂਪ ਵਿੱਚ ਬਹੁਤ ਕੁਝ ਵੰਨ-ਸੁਵੰਨਾਂ! ਫ਼ਲ, ਮੇਵੇ ਅਤੇ ਪਕਵਾਨਾਂ ਦੀ ਜਿਵੇਂ ਬਰਖਾ ਹੋ ਰਹੀ ਸੀ। ਸ਼ਾਇਦ ਆਸਤਿਕ ਲੋਕਾਂ ਵਿੱਚ ਚੜ੍ਹਾਵੇ ਦੀ ਹੋੜ ਲੱਗੀ ਸੀ। ਭੈਣ ਜੀ ਦਾ ਉਤਸਾਹ ਵੀ ਚਰਮ-ਸੀਮਾਂ 'ਤੇ ਸੀ, ਕਿਉਂਕਿ ਕੱਲ੍ਹ "ਨੌਂਮੀਂ" ਸੀ। ਯਾਨੀ ਨੌਂਵਾਂ ਦਿਨ! ਸਵੇਰੇ "ਕੰਜਕਾ" ਦੀ ਪੂਜਾ ਹੋਣੀ ਸੀ ਅਤੇ ਫ਼ੇਰ ਨਵਰਾਤਰਿਆਂ ਦੀ ਸਮਾਪਤੀ ਹੋ ਜਾਣੀ ਸੀ।

"ਨੌਂਮੀਂ ਕਰ ਕੇ ਕੱਲ੍ਹ ਸਵੇਰੇ ਕੰਮ ਜ਼ਿਆਦਾ ਹੋਣਾ! ਕੰਜਕਾਂ ਪੂਜਣੀਆਂ ਨੇ!  ਤੂੰ ਵੀ ਕੰਜਕ-ਪੂਜਾ ਕਰ ਲਈਂ ਮੇਰੇ ਨਾਲ!" ਭੈਣ ਜੀ ਨੇ ਨੌਂਵੇਂ ਦਿਨ ਦੀ ਮਹੱਤਤਾ ਵਿਖਾਂਦਿਆਂ ਕਿਹਾ।
"ਖਾਸ ਕਿਉਂ ਹੈ ਨੌਂਮੀਂ ਦਾ ਦਿਨ? ਕੀ ਹੁੰਦਾ ਹੈ ਨੌਂਮੀਂ ਨੂੰ?" ਹਾਲਾਂਕਿ ਮੈਨੂੰ ਕੁਝ-ਕੁਝ ਪਤਾ ਸੀ। ਭੈਣ ਜੀ ਕੋਲੋਂ ਕੁਝ ਹੋਰ ਨਵਾਂ ਸੁਣਨ ਲਈ ਮੈਂ ਪੁੱਛਿਆ।

"ਛੋਟੀਆਂ-ਛੋਟੀਆਂ ਬੱਚੀਆਂ ਦੀ ਪੂਜਾ ਦੇਵੀ ਰੂਪ ਮੰਨ ਕੇ ਕੀਤੀ ਜਾਂਦੀ ਹੈ, ਤੇ ਆਸਥਾ ਕਰ ਕੇ ਮੰਨਿਆਂ ਜਾਂਦਾ ਹੈ ਕਿ ਦੇਵੀ ਮਾਤਾ ਖੁਦ ਕੰਨਿਆ ਰੂਪ 'ਚ ਘਰ ਚਰਨ ਪਾਉਣ ਆਈ ਹੈ, ਤੂੰ ਵੀ ਅਸ਼ੀਰਵਾਦ ਲੈਣਾਂ ਹੈ ਉਨ੍ਹਾਂ ਤੋਂ, ਚੰਗਾ?" ਭੈਣ ਜੀ ਨੇ ਨਾਲ ਹੀ ਫੁਰਮਾਣ ਕੀਤਾ।

ਅਗਲੇ ਦਿਨ ਸਵੇਰੇ ਸਾਰੇ ਪਰਿਵਾਰ ਨੂੰ ਜਲਦੀ ਉਠਾ ਦਿੱਤਾ ਗਿਆ। ਲੰਮੀ ਪੂਜਾ ਚੱਲੀ। ਨਾਲ ਹੀ ਰਸੋਈ ਵਿੱਚ ਭਾਂਡੇ ਖੜਕਣ ਲੱਗ ਪਏ। ਪ੍ਰਸ਼ਾਦ ਅਤੇ ਭੋਗ ਦਾ ਇੰਤਜ਼ਾਮ ਹੋ ਰਿਹਾ ਸੀ।

"ਬੇਬੂ, ਲੱਗਭੱਗ ਸਾਰਾ ਕੰਮ ਨਿੱਬੜ ਗਿਆ ਹੈ, ਤੂੰ ਕੁਝ ਪੂੜੀਆਂ ਵੇਲ ਕੇ ਤਲਣੀਆਂ ਸੁਰੂ ਕਰ, ਮੈਂ ਜ਼ਰਾ ਮੰਦਰ ਦੇ ਬਾਹਰੋਂ "ਕੰਜਕਾਂ" ਬੁਲਾ ਲਿਆਵਾਂ, ਪੂਜਣ ਲਈ!" ਆਖ ਕੇ ਭੈਣ ਜੀ ਬਾਹਰ ਨੂੰ ਕਾਹਲੀ ਨਾਲ ਤੁਰ ਗਏ। ਮੰਦਰ ਦੇ ਬਾਹਰ ਜਿਵੇਂ ਪੂਜਣ ਦੇ ਇੰਤਜ਼ਾਰ ਵਿੱਚ ਬੈਠੀਆਂ ਬੱਚੀਆਂ  ਦਾ "ਕੋਟਾ" ਕਿਤੇ ਖ਼ਤਮ ਨਾ ਹੋ ਜਾਵੇ। ਕੁਝ ਦੇਰ ਬਾਦ ਭੈਣ ਜੀ ਕਰੀਬ ਦਸ ਕੁ ਬੱਚੀਆਂ ਨੂੰ ਨਾਲ ਲੈ ਕੇ ਘਰ ਮੁੜ ਆਏ। ਡਰਾਇੰਗ ਰੂਮ ਵਿੱਚ ਫ਼ਰਸ਼ ਸਾਫ਼ ਕਰ ਕੇ ਲੰਗਰ ਲਈ ਚਾਦਰਾਂ ਵਿਛਾਈਆਂ ਹੋਈਆਂ ਸਨ। ਬੱਚੀਆਂ ਨੂੰ ਕਤਾਰ ਲਗਵਾ ਕੇ ਉਥੇ ਬਿਠਾ ਦਿੱਤਾ ਗਿਆ। ਇੱਕ ਵੱਡੀ ਪਰਾਤ ਵਿੱਚ ਪਾਣੀ ਲਿਆ ਕੇ ਹਰ ਇੱਕ ਕੰਨਿਆਂ ਦੇ ਪੈਰ ਪਰਾਂਤ ਵਿੱਚ ਰੱਖ ਕੇ ਧੁਆਏ, ਅਤੇ ਫ਼ਿਰ ਤੌਲੀਏ ਨਾਲ ਸਾਫ਼ ਕੀਤੇ। ਕੰਜਕਾਂ ਦੇ ਮੱਥੇ 'ਤੇ ਤਿਲਕ ਲਗਾ, ਕਲਾਰੀ 'ਤੇ ਮੌਲੀ ਬੰਨ੍ਹੀ। ਇਹ ਬ੍ਰਿਤਾਂਤ ਵੇਖ ਕੇ ਮੇਰੇ ਮਨ ਨੂੰ ਬੜਾ ਸਕੂਨ ਜਿਹਾ ਮਿਲ ਰਿਹਾ ਸੀ, ਤਸੱਲੀ ਜਿਹੀ ਹੋ ਰਹੀ ਸੀ ਕਿ ਚਲੋ ਧਰਮ ਦੇ ਨਾਮ 'ਤੇ ਹੀ ਸਹੀ, ਇਹ ਲੋੜਵੰਦ ਬੱਚੇ ਕੋਠੀਆਂ ਵਿੱਚ ਮਾਣ ਤਾਂ ਪਾ ਰਹੇ ਸਨ।

"ਚਲੋ, ਪ੍ਰਸ਼ਾਦ ਕੀ ਥਾਲੀ ਲਗਨੇ ਤਕ ਤੁਮ ਮਾਤਾ ਕੀ ਕੋਈ ਭੇਂਟ ਸੁਨਾਓ।" ਮੈਂ ਮਾਹੌਲ ਨੂੰ ਆਨੰਦਿਤ ਕਰਨ ਲਈ ਬੱਚਿਆਂ ਨੂੰ ਕਿਹਾ। ਪਰ ਆਹ ਤਾਂ ਹੋਰ ਵੀ ਕਮਾਲ ਸੀ ਕਿ ਬੱਚੀਆਂ ਨੂੰ ਭੇਟਾਂ ਗਾਉਣੀਆਂ ਵੀ ਆਉਂਦੀਆਂ ਸੀ। ਉਹ ਭੇਟਾਂ ਗਾ ਰਹੀਆਂ ਸਨ ਅਤੇ ਮੈਂ ਤਾੜੀਆਂ ਮਾਰ-ਮਾਰ ਓਹਨਾਂ ਦਾ ਸਾਥ ਦੇ ਰਹੀ ਸੀ, ਆਪਣਾਂ ਸਿਰ ਹਿਲਾ-ਹਿਲਾ ਕੇ ਮਜ਼ਾ ਲੈ ਰਹੀ ਸੀ। ਮੈਨੂੰ ਪ੍ਰਸੰਨ ਵੇਖ ਕੇ ਬੱਚੀਆਂ ਖੁਸ਼ ਹੋ ਰਹੀਆਂ ਸਨ ਅਤੇ ਹੋਰ ਜ਼ਿਆਦਾ ਉਤਸ਼ਾਹ ਨਾਲ ਮੁਸਕੁਰਾਉਂਦੇ ਹੋਏ ਗਾ ਰਹੀਆਂ ਸਨ।

"ਆਹ ਦੋ ਕੰਨਿਆਂ ਜ਼ਿਆਦਾ ਛੋਟੀਆਂ ਨੇ, ਹੈ ਨਾ ਮਾਸੀ?" ਮੇਰੇ ਭਾਣਜੇ ਇੰਦਰ ਨੇ ਮੈਨੂੰ ਕਿਹਾ ਅਤੇ ਪ੍ਰਸ਼ਾਦ ਦੀਆਂ ਥਾਲੀਆਂ ਲੱਗਾਉਣ ਲੱਗ ਪਿਆ। ਥਾਲ ਵਿੱਚ ਆਲੂ ਦੀ ਸਬਜ਼ੀ, ਕਾਲੇ ਛੋਲੇ, ਹਲਵਾ ਅਤੇ ਪੂੜੀਆਂ ਵਰਤਾਈਆਂ ਗਈਆਂ। ਕੰਜਕਾਂ ਆਨੰਦ ਨਾਲ ਖਾ ਰਹੀਆਂ ਸਨ। ਸਾਰਾ ਪਰਿਵਾਰ ਉਹਨਾਂ ਦੇ ਆਲੇ ਦੁਆਲੇ ਬੜੇ ਪ੍ਰੇਮ, ਬੜੀ ਭਾਵਨਾ ਨਾਲ ਸੇਵਾ ਕਰ ਰਿਹਾ ਸੀ। ਸਭ ਕੰਨਿਆਂਵਾਂ ਆਪਣੀ ਥਾਲੀ ਦਾ ਖਾਣਾਂ ਪੂਰਾ ਨਹੀਂ ਸੀ ਖਾ ਸਕੀਆਂ ਅਤੇ ਆਪਣੀ-ਆਪਣੀ ਜੇਬ ਵਿੱਚੋਂ ਪਲਾਸਟਿਕ ਦੇ ਲਿਫ਼ਾਫ਼ੇ ਕੱਢ ਕੇ ਉਹਨਾਂ ਵਿੱਚ ਬਚਿਆ ਖਾਣਾਂ ਪਾਉਣ ਲੱਗ ਪਈਆਂ। ਮੇਰੀ ਭਾਣਜੀ ਗਗਨ ਨੇ ਉਹਨਾਂ ਛੋਟੀਆਂ-ਛੋਟੀਆਂ ਬੱਚੀਆਂ ਦੀ ਖਾਣਾਂ ਪੈਕ ਕਰਨ ਵਿੱਚ ਮੱਦਦ ਕੀਤੀ।

"ਹੁਣ ਸਾਰੇ ਵਾਰੀ ਸਿਰ ਕੰਜਕਾਂ ਨੂੰ ਮੱਥਾ ਟੇਕ ਲਵੋ!" ਭੈਣ ਜੀ ਨੇ ਇੱਕ-ਇੱਕ ਸੇਬ ਦੇ ਨਾਲ ਦਸ-ਦਸ ਰੁਪਏ ਦਿੰਦੇ ਹੋਏ ਕੰਜਕਾਂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਭੈਣ ਜੀ ਬੱਚੀ ਦੀ ਝੋਲੀ ਵਿੱਚ ਦਾਨ ਪਾ ਉਸ ਦੇ ਪੈਰਾਂ 'ਤੇ ਮੱਥਾ ਟੇਕਦੇ, ਤਾਂ ਉਹ ਕੰਜਕ, "ਆਪ ਕੀ ਮੁਰਾਦ ਪੂਰੀ ਹੋ!" ਆਖ ਕੇ ਸਿਰ 'ਤੇ ਹੱਥ ਰੱਖ ਦਿੰਦੀ ਸੀ। ਇੰਜ ਲੱਗਦਾ ਸੀ ਜਿਵੇਂ ਸਾਲੋ ਸਾਲ ਦੀ ਪਰੈਕਟਿਸ ਹੋਈ ਪਈ ਸੀ ਇਹਨਾਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਆਹ ਡਾਇਲਾਗ ਬੋਲਣ ਦੀ। ਭੈਣ ਜੀ ਤੋਂ ਬਾਅਦ ਪਰਿਵਾਰ ਦੇ ਦੂਜੇ ਲੋਕਾਂ ਨੇ ਵੀ ਆਪਣੀ ਸ਼ਰਧਾ ਅਨੁਸਾਰ ਕੁਝ ਨਾ ਕੁਝ ਦੇ ਕੇ ਮੱਥਾ ਟੇਕਣ ਦੀ ਪ੍ਰੰਪਰਾ ਨੂੰ ਨਿਭਾਹਿਆ।

"ਮਾਸੀ, ਹੁਣ ਤੁਸੀਂ ਮੱਥਾ ਟੇਕ ਲਓ ਤੇ ਮੈਂ ਤੁਹਾਡੀ ਵੀਡੀਓ ਬਣਾਉਂਦਾ ਹਾਂ, ਲੰਡਨ ਜਾ ਕੇ ਵਿਖਾਇਓ ਜੇ!" ਭਾਣਜੇ ਇੰਦਰ ਨੇ ਕਿਹਾ।
"ਗੁੱਡ ਆਈਡੀਆ!" ਮੈਂ ਚੰਚਲ ਜਿਹੀ ਬਣ ਕੇ ਜਵਾਬ ਦਿੱਤਾ।

"ਜੈ ਮਾਤਾ ਕੀ! ਦੇਖੋ ਇਸ ਫ਼ੋਨ ਮੇਂ ਮੈਂ ਤੁਮਹਾਰੀ ਪਿਕਚਰ ਬਨਾ ਕੇ ਬਿਦੇਸ ਮੇਂ ਲੈ ਜਾਊਂਗੀ, ਇਸ ਲਿਏ ਤੁਮ ਸਭ ਮੇਰੇ ਸਵਾਲੋਂ ਕੇ ਜਵਾਬ ਦੇਨਾ। ਮੈਂ ਤੁਮਹਾਰੇ ਨਾਮ ਸੇ ਤੁਮਕੋ ਯਾਦ ਰਖੂੰਗੀ, ਠੀਕ ਹੈ?" ਮੇਰੇ ਇੰਜ ਕਹਿਣ 'ਤੇ ਬੱਚੀਆਂ ਕੁਝ ਸ਼ਰਮਾਉਂਦੇ ਅਤੇ ਕੁਝ ਮੁਸਕੁਰਾਉਂਦੇ ਹੋਏ  ਆਪਣੀ ਖੁਸ਼ੀ ਜ਼ਾਹਿਰ ਕਰਨ ਲੱਗ ਪਈਆਂ, ਜਿਵੇਂ ਕਿ ਇੰਜ ਦਾ ਅਵਸਰ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ। ਮੈਂ ਪਹਿਲੀ ਕੰਜਕ ਦੇ ਪੈਰਾਂ 'ਤੇ ਮੱਥਾ ਟੇਕਣ ਦੀ ਸ਼ੁਰੂਆਤ ਕੀਤੀ। ਕੁਝ ਰੁਪਏ ਦਾਨ ਦੇ ਕੇ ਮੱਥਾ ਟੇਕਿਆ ਅਤੇ ਤਸੱਲੀ ਨਾਲ ਬੈਠ ਕੇ ਹਰ ਕੰਜਕ ਨਾਲ ਥੋੜ੍ਹੀ ਬਹੁਤ ਗੱਲ ਕੀਤੀ।

"ਜੈ ਮਾਤਾ ਕੀ! ਕਿਆ ਨਾਮ ਹੈ ਤੁਮਹਾਰਾ?" ਮੈਂ ਦੋਸਤੀ ਦੇ ਲਹਿਜੇ ਵਿੱਚ ਪੁੱਛਿਆ।
"ਸੀਤਲ ਕੁਮਾਰੀ।" ਬੱਚੀ ਨੇ ਤੁਰੰਤ ਉਤਰ ਦਿੱਤਾ। ਕੌਣ-ਕੋਣ ਹੈ ਘਰ ਵਿੱਚ? ਸਕੂਲ ਜਾਂਦੀ ਹੈਂ? ਮਾਂ ਕੀ ਕਰਦੀ ਹੈ? ਕਿੰਨੇ ਭਰਾ-ਭੈਣ ਹੋ? ਕੁਝ ਇੰਜ ਦੇ ਸਵਾਲ ਮੈਂ ਲੱਗਭਗ ਸਾਰੀਆਂ ਬੱਚੀਆਂ ਨੂੰ ਪੁੱਛ ਰਹੀ ਸੀ।

"ਮੇਰਾ ਨਾਮ ਨਜ਼ਮਾ ਬਾਨੋਂ ਹੈ।" ਇਸ ਜਵਾਬ ਨੇ ਮੈਨੂੰ ਚੌਂਕਾ ਜਿਹਾ ਦਿੱਤਾ। ਮਤਲਬ ਕਿ ਆਹ "ਦੇਵੀ ਪੂਜਾ" ਵਿੱਚ "ਮਾਤਾ ਬਣ" ਅਸ਼ੀਰਵਾਦ ਦੇਣ ਵਾਲੀ ਕੰਜਕ ਮੁਸਲਿਮ ਬੱਚੀ ਹੈ?
"ਤੇਰੀ ਮਾਂ ਕੋ ਪਤਾ ਹੈ ਕਿ ਤੁਮ ਆਜ ਮਾਤਾ ਕੀ ਪੂਜਾ ਮੇਂ ਆਈ ਹੋ?" ਮੈਂ ਪੁੱਛ ਹੀ ਲਿਆ।
"ਹਮ ਮੰਦਿਰ ਕੇ ਬਾਹਰ ਭੀ ਤੋ ਬੈਠਤੇ ਹੈਂ, ਪ੍ਰਸ਼ਾਦ ਕੇ ਲਿਏ, ਮਾਂ ਕੋ ਪਤਾ ਹੈ।" ਨਜ਼ਮਾ ਨੇ ਜਿਵੇਂ ਬੇਬਾਕ ਸ਼ਪੱਸਟੀਕਰਨ ਦਿੱਤਾ।
"ਤੁਮ ਮੰਦਿਰ ਕੇ ਅੰਦਰ ਭੀ ਜਾਤੀ ਹੋ ਕਭੀ?" ਮੈਂ ਆਪਣੇ ਆਪ ਨੂੰ ਹੀ ਤਸੱਲੀ ਦੇਣ ਵਾਸਤੇ ਪੁੱਛ ਲਿਆ।
"ਨਹੀਂ, ਹਮ ਮੁਸਲਿਮ ਹੈਂ…।" ਸ਼ਾਇਦ ਮਾਸੂਮ ਉਮਰ ਵਿੱਚ ਵੀ ਨਜ਼ਮਾ ਨੂੰ ਇਨਸਾਨਾਂ 'ਤੇ ਧਰਮ ਦੀ ਮੋਹਰ ਲੱਗਣ ਦਾ ਕੁਝ-ਕੁਝ ਪਤਾ ਸੀ। ਮੈਂ ਥੋੜ੍ਹੀ ਉਤੇਜਿਤ ਹੋ ਨਜ਼ਮਾ ਨੂੰ ਹੋਰ ਵੀ ਸਵਾਲ ਪੁੱਛੇ। ਉਸ ਬੱਚੀ ਨੇ ਕਿਹਾ ਕਿ ਅਸੀਂ ਤਿੰਨ ਜਾਣੀਆਂ ਹਾਂ ਇੱਥੇ। ਓਹ ਮਦੀਹਾ ਮਿਰਜ਼ਾ ਹੈ, ਅਤੇ ਨਾਲ ਬੈਠੀ ਲਾਲ ਕੁਰਤੇ ਵਾਲੀ ਬੱਚੀ ਸਲਮਾ ਬੇਗ ਹੈ। ਅਸੀਂ ਕੋਲ-ਕੋਲ ਰਹਿੰਦੇ ਹਾਂ। ਫ਼ੇਰ ਮੈਂ ਦੂਜੀ ਦੋਵੇਂ ਬੱਚੀਆਂ ਕੋਲ ਜਾ ਕੇ ਵੀ ਕਈ ਸਵਾਲ ਪੁੱਛੇ!

"ਪੂਨਮ ਔਰ ਸੀਤਲ ਮੇਰੀ ਪੱਕੀ ਸਹੇਲੀਆਂ ਹੈਂ, ਹਮ ਸਭ ਇਕੱਠੇ ਖੇਲਤੇ ਹੈ।" ਸਲਮਾ ਬੇਗ ਨੇ ਬੜੀ ਇਮਾਨਦਾਰੀ ਅਤੇ ਮਾਸੂਮੀਅਤ ਨਾਲ ਖੁੱਲ੍ਹ ਕੇ ਕਿਹਾ। ਮੇਰਾ ਮਨ ਉਦਾਸੀ ਨਾਲ ਧੁਆਂਖਿਆ ਗਿਆ ਸੀ। ਇਹ ਸੋਚ ਕੇ ਕਿ ਅਸੀਂ ਆਪਣੇ ਰਿਸ਼ਤਿਆਂ ਵਿੱਚ ਇਹਨਾਂ ਮਾਸੂਮਾਂ ਵਾਂਗ ਇਮਾਨਦਾਰ ਕਿਉਂ ਨਹੀਂ ਹੋ ਸਕਦੇ?

…."ਜੈ ਮਾਤਾ ਕੀ" ਕਹਿ ਮੈਂ ਆਪਣਾਂ ਸਿਰ ਉਸ ਕੰਜਕ ਸਲਮਾ ਬੇਗ ਦੇ ਪੈਰਾਂ 'ਤੇ ਰੱਖ ਸ਼ਰਧਾ ਅਰਪਨ ਕੀਤੀ। ਇੱਕ ਐਸੀ ਸ਼ਕਤੀ ਕੋਲੋਂ ਆਸ਼ੀਰਵਾਦ ਲੈਣ ਲਈ, ਜਿਸ ਦਾ ਧਰਮ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਸੀ। …..ਕਿੰਨਾਂ ਸੱਚ ਹੈ ਕਿ ਬਚਪਨ ਨੂੰ ਮਾਨੁੱਖੀ ਭੇਦ-ਭਾਵ ਦਾ ਕੋਈ ਪਤਾ ਨਹੀਂ ਹੁੰਦਾ। ਸ਼ਾਇਦ ਤਾਂ ਹੀ ਕਹਿੰਦੇ ਹਨ ਕਿ ਬੱਚੇ "ਰੱਬ ਦਾ ਰੂਪ" ਹੁੰਦੇ ਨੇ! "ਜੈ ਮਾਤਾ ਕੀ - ਜੈ ਮਾਤਾ ਕੀ" ਦੇ ਜੈਕਾਰੇ ਬੋਲਦੀਆਂ ਹੋਈਆਂ ਬੱਚੀਆਂ ਲਾਈਨ ਬਣਾ ਕੇ ਬੂਹਿਓਂ ਬਾਹਰ ਚਲੀਆਂ ਗਈਆਂ ਅਤੇ ਜਾਂਦੇ ਹੋਏ ਮੈਨੂੰ ਕਿੰਨੇ ਹੀ ਸਮਾਜ ਅਤੇ ਧਰਮ ਦੇ ਅਣ-ਸੁਲਝੇ ਸਵਾਲਾਂ ਵਿੱਚ ਉਲਝਾ ਗਈਆਂ।  ਮੈਂ ਬਾਲਕੋਨੀ ਵਿੱਚ ਹੱਥ ਜੋੜੀ ਖੜ੍ਹੀ "ਦੇਵੀ ਰੂਪ" ਬੱਚਿਆਂ ਨੂੰ ਜਾਂਦੇ ਹੋਏ ਦੇਖ ਰਹੀ ਸੀ, ਅਤੇ ਮੇਰੀਆਂ ਅੱਖਾਂ ਦੀਆਂ ਪਲਕਾਂ ਉਪਰ ਪਤਾ ਨਹੀਂ ਕਿਉਂ ਕਿਸੇ ਵੈਰਾਗ ਦੇ ਹੰਝੂ ਕੰਬ ਰਹੇ ਸਨ! ਮੇਰੇ ਦੇਖਦੇ-ਦੇਖਦੇ ਉਹ ਬੱਚੀਆਂ  "ਕੰਜਕਾਂ ਦੇ ਜਾਮੇਂ" ਵਿੱਚੋ ਨਿਕਲ ਕੇ ਹਿੰਦੂ ਦੀ ਬੇਟੀ ਅਤੇ ਮੁਸਲਿਮ ਦੀ ਬੇਟੀ ਬਣ ਸ਼ਹਿਰ ਦੀ ਗਲੀਆਂ ਵਿੱਚ ਅਲੋਪ ਹੋ ਗਈਆਂ।….






*************************************************************************

 Article 
Khamosh muhabbat di ibadat 







My article on dogs.
"Khamosh muhabbat di ibadat ".


I'm sharing a very unique experience and true about dogs.  Animals also teach us lesson many times. I have two different experiences about dogs which are influenced by two different civilisations. Both of them are not with me but in my memories I still have them. This article has published in 11 newspapers in various countries. 
Thank you RAO and LUCKY. 

Ajit Satnam Kaur 
ASK motion pictures

(12/09/2018)

ajit satnam

ਮੁਹੱਬਤ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਜੀਵ-ਜੰਤੂਆਂ ਦਾ ਹੀ ਕੋਈ ਮਜ੍ਹਬ ਹੁੰਦਾ ਹੈ। ਜੇ ਮਾਨੁੱਖ ਵੰਡੀਆਂ ਪਾਉਣ ਦੀ ਬਿਰਤੀ ਦਾ ਨਾ ਹੁੰਦਾ, ਤਾਂ ਅੱਜ ਸਾਰੀ ਸਰਿਸ਼ਟੀ ਸ਼ਾਂਤ ਵਸਦੀ ਹੁੰਦੀ। ਜਿੱਤ ਹਾਰ ਦੇ ਚੱਕਰ ਵਿੱਚ ਬੰਦਾ ਅਜਿਹਾ ਉਲਝਿਆ ਕਿ ਨਾ ਤਾਂ ਇਹ ਆਪ ਸ਼ਾਂਤੀ ਨਾਲ ਜੀਅ ਸਕਿਆ ਅਤੇ ਨਾ ਇਸ ਨੇ ਕਿਸੇ ਨੂੰ ਸ਼ਾਂਤ ਰਹਿਣ ਹੀ ਦਿੱਤਾ। ਮੇਰੀ ਨਜ਼ਰ ਵਿੱਚ ਚੁਰਾਸੀ ਲੱਖ ਜੂਨਾਂ ਦੇ "ਸਰਦਾਰ" ਬੰਦੇ ਨਾਲੋਂ ਹਰ ਜੀਵ ਜੰਤੂ ਸੁਖਾਲਾ ਹੈ। ਕੋਈ ਦੱਸਣ ਦੀ ਕਿਰਪਾਲਤਾ ਕਰੇਗਾ ਕਿ ਚੰਦਰਮਾਂ ਕਿਸ ਧਰਮ ਨਾਲ ਸਬੰਧਿਤ ਹੈ? ਉਸ ਨੂੰ ਕੁਝ ਲੋਕ "ਈਦ ਦਾ ਚੰਦ" ਅਤੇ ਕਈ "ਪੁੰਨਿਆਂ ਦਾ ਚੰਦ" ਆਖ ਪੁਕਾਰਦੇ, ਸਤਿਕਾਰ ਦਿੰਦੇ ਹਨ। ਪਰ ਚੰਦਰਮਾਂ ਨੂੰ ਕੋਈ ਫ਼ਰਕ ਨਹੀਂ, ਕਿਉਂ….? ਕਿਉਂਕਿ ਉਸ ਵਿੱਚ "ਤੇਰ-ਮੇਰ" ਨਹੀਂ ਅਤੇ ਨਾ ਹੀ ਉਹ ਕਿਸੇ "ਵੰਡ" ਦਾ ਪ੍ਰਤੀਕ ਹੈ। ਜਾਨਵਰ ਚਾਹੇ ਕਿਸੇ ਧਰਮ ਦੇ ਠੇਕੇਦਾਰ ਦੇ ਘਰ ਚਲਿਆ ਜਾਵੇ, ਉਹ ਨਿਰਲੇਪ ਅਤੇ ਨਿਰਮਲ ਹੀ ਰਹਿੰਦਾ ਹੈ। ਸਾਡੇ ਗੁਰੁ ਸਾਹਿਬ ਜੀ ਨੇ "ਸਾਚ ਕਹੂੰ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।" ਸ਼ਬਦ ਦਾ ਫ਼ੁਰਮਾਨ ਕਰ ਕੇ ਕਿਸੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਸਿਰਫ਼ "ਜਿਨ ਪ੍ਰੇਮ ਕੀਓ" ਬਚਨ ਦਾ ਫ਼ੁਰਮਾਨ ਕੀਤਾ। ਅੱਜ ਮੈਂ ਇੱਕ ਜਾਨਵਰ ਦੀ ਓਸ ਪਾਕ-ਪਵਿੱਤਰ ਅਤੇ ਨਿਰ-ਸੁਆਰਥ ਮੁਹੱਬਤ ਦੀ ਗੱਲ ਕਰਨ ਜਾ ਰਹੀ ਹਾਂ ਜਿਸ ਨੂੰ ਮੈਂ ਖ਼ੁਦ ਜੀਵਿਆ। ਪੌਣੇ ਦੋ ਸਾਲਾਂ ਵਿੱਚ ਉਸ ਨੇ ਨਾ ਕਦੇ ਕੋਈ ਸ਼ਿਕਵਾ ਕੀਤਾ ਅਤੇ ਨਾ ਤਾਹਨਾਂ ਦਿੱਤਾ। ਜਿੰਨੀ ਦੇਰ ਸਾਡੇ ਘਰ ਰਿਹਾ, ਮੁਹੱਬਤਾਂ ਦੇ ਪੁਸ਼ਪ ਹੀ ਬਿਖ਼ੇਰਦਾ ਰਿਹਾ। ਬੰਦੇ ਨੂੰ ਜੇ ਕੁਝ ਹੋਰ ਨਾ ਸੁੱਝੇ ਤਾਂ ਦਾਲ-ਸਬਜ਼ੀ ਵਿੱਚ ਲੂਣ ਘੱਟ ਜਾਂ ਵੱਧ ਹੋਣ ਦੇ ਸ਼ਿਕਵੇ ਹੀ ਦਿਖਾਈ ਜਾਂਦਾ ਰਹਿੰਦਾ ਹੈ।

"ਰਾਓ" ਸਾਡੇ ਕੁੱਤੇ ਦਾ ਨਾਮ ਹੈ  ਜਿਸ ਦੀ ਉਮਰ ਤਕਰੀਬਨ ਪੌਣੇ ਕੁ ਦੋ ਸਾਲ ਦੀ ਹੈ । ਨਸਲ ਵੱਲੋਂ ਸਾਇਬੇਰੀਅਨ ਹੱਸਕੀ, ਨੀਲੀਆਂ ਬਲਾਉਰੀ ਅੱਖਾਂ, ਚਿੱਟੇ ਰੰਗ ਦੇ ਫ਼ਰ ਵਿੱਚ ਕਿਤੇ-ਕਿਤੇ ਹਲਕਾ ਭੂਰੇ ਅਤੇ ਖਾਕੀ ਰੰਗ ਦਾ ਚਟਾਕ ਬਹੁਤ ਹੀ ਮਨ-ਲੁਭਾਊ ਲੱਗਦਾ ਹੈ। ਮੱਥੇ 'ਤੇ ਤ੍ਰਿਸੂਲ-ਨੁਮਾਂ ਕੱਟ ਬਣਿਆ ਹੋਇਆ ਹੈ। ਉਚੇ ਕੱਦ ਦਾ ਮਾਲਕ, ਖੜ੍ਹੇ ਕੰਨ, ਲੰਬੀ ਪੂਛ ਵਾਲਾ ਬੇਹੱਦ ਖੂਬਸੁਰਤ ਕੁੱਤਾ। ਇਸ ਦਾ ਆਕਰਸ਼ਣ ਕਿਸੇ ਨੂੰ ਵੀ ਮੋਹਿਤ ਕਰ ਸਕਦਾ ਹੈ। ਰਾਓ ਨੂੰ ਅਸੀਂ ਕਿਸੇ ਬੱਚੇ ਵਾਂਗ ਪਾਲ਼ਿਆ। ਕਰੀਬ ਦੋ ਸਾਲ ਸਾਡੇ ਘਰ ਵਫ਼ਾਦਾਰ ਬੱਚਾ ਬਣ ਕੇ ਸਾਡੇ ਘਰ ਰਿਹਾ, ਅਖੀਰ ਜਦ ਰਾਓ ਦੇ ਜਾਣ ਦਾ ਵੇਲਾ ਆਇਆ ਤਾਂ ਸਾਰੇ ਟੱਬਰ ਦਾ ਕੀ ਹਾਲ ਹੋਇਆ, ਬਿਆਨ ਕਰਨ ਤੋਂ ਕਿਤੇ ਬਾਹਰ ਹੈ! ਨਹੁੰਆਂ ਨਾਲੋਂ ਮਾਸ ਟੁੱਟਣ ਦਾ ਮੁਹਾਵਰਾ ਸੁਣਿਆਂ ਹੋਇਆ ਸੀ, ਪਰ ਜਦ ਰਾਓ ਨੇ ਸਾਡਾ ਘਰ ਛੱਡਿਆ ਤਾਂ ਮਹਿਸੂਸ ਕੀਤਾ ਕਿ ਨਹੁੰਆਂ ਨਾਲੋਂ ਮਾਸ ਵੱਖ ਹੋਣਾ ਸ਼ਾਇਦ ਇਸੇ ਨੂੰ ਹੀ ਆਖਦੇ ਹੋਣਗੇ? ਨਹੁੰਆਂ ਨਾਲੋਂ ਮਾਸ ਵੱਖ ਹੋਣ 'ਤੇ ਸ਼ਾਇਦ ਬਹੁਤ ਜਿਸਮਾਨੀ ਪੀੜ ਹੁੰਦੀ ਹੋਵੇ, ਪਰ ਰਾਓ ਦੇ ਵਿਛੋੜੇ ਨੇ ਸਾਨੂੰ ਸਭ ਨੂੰ ਧੁਰ ਤੱਕ ਝੰਜੋੜ ਛੱਡਿਆ ਹੈ। ਸੰਯੋਗ ਅਤੇ ਵਿਯੋਗ ਦੇ ਕਿੱਸੇ ਅਸੀਂ ਸੁਣਦੇ ਪੜ੍ਹਦੇ ਆਏ ਹਾਂ ਪਰ ਪਤਾ ਓਦੋਂ ਲੱਗਦਾ ਹੈ, ਜਦ ਕਿਸੇ ਦਾ ਵਿਛੋੜਾ ਖ਼ੁਦ ਸਰੀਰ ਉਪਰ ਹੰਢਾਉਣਾ ਪੈਂਦਾ ਹੈ। ਉਹ ਵੀ ਉਸ ਵਫ਼ਾਦਾਰ ਜਾਨਵਰ ਦਾ ਵਿਛੋੜਾ ਜਿਸ ਉਪਰ ਇੱਕ ਰਤੀ ਮਾਤਰ ਵੀ ਸ਼ਿਕਾਇਤ ਨਾ ਹੋਵੇ!


ਅਜੀਤ ਸਤਨਾਮ ਕੌਰਮੇਰਾ ਛੋਟਾ ਬੇਟਾ, ਜਸ਼ਨ, ਰਾਓ ਨੂੰ "ਰੀਹੋਮ" (ਕੁੱਤੇ ਵਾਸਤੇ ਨਵਾਂ ਘਰ ਲੱਭਣਾ) ਕਰਨ ਵਾਸਤੇ "ਡੌਗ ਟਰੱਸਟ" ਵਾਲਿਆਂ ਨਾਲ ਸਮਾਂ ਬਣਾ ਰਿਹਾ ਸੀ। ਉਸ ਦੀ ਅਵਾਜ਼ ਜਿਵੇਂ ਮੇਰੇ ਕੰਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸੀ। ਰਾਓ ਦੇ ਵਿਛੋੜੇ ਦਾ ਅਹਿਸਾਸ ਕਰ ਕੇ ਮੇਰੇ ਦਿਲ ਵਿੱਚ ਹੌਲ ਪਈ ਜਾ ਰਹੇ ਸਨ। ਮੈਂ ਛੇਤੀ ਨਾਲ ਰਾਓ ਨੂੰ ਜੱਫ਼ੀ ਪਾ ਲਈ ਅਤੇ ਪਲੋਸਣ ਲੱਗ ਪਈ। ਮੇਰੀਆਂ ਅੱਖਾਂ 'ਚੋਂ ਹੰਝੂ "ਤਰਿੱਪ-ਤਰਿੱਪ" ਡਿੱਗ ਰਹੇ ਸਨ। ਰਾਓ ਆਪਣੀ ਜੀਭ ਮੇਰੇ ਹੱਥ 'ਤੇ ਮਾਰ ਕੇ ਜਿਵੇਂ ਮੇਰੇ ਰੋਣ ਦਾ ਕਾਰਨ ਪੁੱਛ ਰਿਹਾ ਸੀ ਅਤੇ ਮੈਂ ਮੂੰਹੋਂ ਕੁਝ ਨਾ ਬੋਲ ਕੇ ਉਸ ਦੀਆਂ ਨੀੰਲੀਆਂ ਅੱਖਾਂ ਵਿੱਚ ਝਾਤੀ ਮਾਰਦੇ ਹੋਏ ਅਤੀਤ ਵਿੱਚ ਚਲੀ ਗਈ।  …..ਮੇਰੀਆਂ ਅੱਖਾਂ ਵਿੱਚ ਹੰਝੂ ….. ਅਤੇ ਕੰਨਾਂ ਵਿੱਚ ਫ਼ੋਨ ਦੀ ਉਹ "ਟਰਨ-ਟਰਨ" ਘੰਟੀ ਵੱਜਣ ਲੱਗ ਪਈ, ਜਦ ਮੇਰੇ ਬੇਟੇ, ਜਸ਼ਨ, ਨੇ ਰਾਓ ਨੂੰ "ਅਡੌਪਟ" ਕਰਨ ਲਈ ਮੈਨੂੰ ਫੋਨ ਕੀਤਾ ਸੀ।…..

ਫ਼ੋਨ ਦੀ ਘੰਟੀ ਵੱਜੀ, ਮੈਂ ਡਿਊਟੀ 'ਤੇ ਸੀ।
   
ਬੇਟੇ ਦਾ ਨੰਬਰ ਦੇਖ ਕੇ ਮੈਂ ਫ਼ੋਨ ਚੁੱਕ ਲਿਆ ਅਤੇ "ਹੈਲੋ" ਆਖੀ।

"ਮੰਮ, ਅਸੀ ਇੱਕ ਕੁੱਤਾ ਪਸੰਦ ਕੀਤਾ ਹੈ, ਪਲੀਜ਼ ਤੁਸੀ ਕੁੱਤਾ ਘਰ ਲਿਆਉਣ ਵਾਸਤੇ ਹਾਂ ਕਹਿ ਦੇਵੋ, ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ।" ਜਸ਼ਨ ਨੇ ਜਿਵੇਂ ਤਰਲਾ ਪਾ ਰਿਹਾ ਸੀ।
"……………….।" ਮੈਂ ਨਿਰੁੱਤਰ ਸੀ। ਪਰ ਮੈਨੂੰ ਪਤਾ ਸੀ ਕਿ ਫ਼ਲੈਟਨੁਮਾਂ ਛੋਟੇ ਘਰ ਵਿਚ ਕੁੱਤਾ ਰੱਖਣਾ ਬਹੁਤ ਔਖਾ ਹੈ। ਜਸ਼ਨ ਦੇ ਨਾਲ ਬੈਠੇ ਵੱਡੇ ਬੇਟੇ ਅਮਨ ਨੇ ਵੀ ਕੁੱਤਾ ਲੈਣ ਵਾਸਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ।

"ਤੁਸੀ ਸਮਝਣ ਦੀ ਕੋਸ਼ਿਸ਼ ਕਰੋ ਬੇਟੇ, ਕੁੱਤਾ ਪਾਲਣਾ ਬਹੁਤ ਹੀ ਜਿੰਮੇਵਾਰੀ ਦਾ ਕੰਮ ਹੈ, ਇੱਥੇ ਇੰਡੀਆ ਵਾਲਾ ਕੰਮ ਤਾਂ ਹੈਨ੍ਹੀ, ਆਪਾਂ ਸਾਰੇ ਹੀ ਜੌਬ ਕਰਦੇ ਹਾਂ, ਜਾਨਵਰ ਦੀ ਸਾਂਭ ਸੰਭਾਲ ਵਾਸਤੇ ਟਾਇਮ ਕੱਢਣਾ ਮੁਸ਼ਕਿਲ ਹੈ, ਦੂਜਾ ਆਪਣੇ ਘਰ ਥਾਂ ਬਹੁਤ ਥੋੜ੍ਹੀ ਹੈ। ਮੇਰੇ ਵੱਲੋਂ ਕੋਰੀ ਨਾਂਹ ਹੈ!" ਕਹਿ ਕੇ ਮੈਂ ਥੋੜੀ ਪ੍ਰੇਸ਼ਾਨ ਹੋ ਗਈ। ਪਰੰਤੁ ਬਹੁਤ ਸਾਰੇ ਵਾਇਦੇ, ਇੱਕਰਾਰ ਅਤੇ ਜ਼ਿਦ ਕਰਕੇ ਬੇਟੇ ਕੁੱਤਾ ਲਿਆਉਣ ਵਿੱਚ ਕਾਮਯਾਬ ਹੋ ਗਏ। ਇੰਟਰਨੈੱਟ ਤੋਂ ਪਸੰਦ, ਉਹ ਪਹਿਲਾਂ ਹੀ ਕਰ ਚੁੱਕੇ ਸੀ।

ਸ਼ਨੀਵਾਰ ਦਾ ਦਿਨ ਪੱਕਾ ਕਰਕੇ ਦੋਵੇਂ ਬੇਟੇ ਨਾਲ ਅਮਨ ਦੀ ਦੋਸਤ ਕੁੜੀ, ਆਂਦਰਿਆ, ਨੂੰ ਨਾਲ ਲੈ ਕੇ ਚਲੇ ਗਏ। ਇੱਕ ਹੋਰ ਜੀਅ ਘਰ ਵਿਚ ਜੋੜਨ ਲਈ। ਸ਼ਾਮ ਨੂੰ ਆਂਦਰਿਆ ਦੀ ਗੋਦ ਵਿੱਚ, ਤੌਲੀਏ ਵਿੱਚ ਲਿਪਟਿਆ ਇੱਕ ਨਿੱਕਾ ਜਿਹਾ ਜੀਅ ਆਪਣੀ ਮਾਂ ਦੇ ਘਰ ਤੋਂ ਮੇਰੇ ਘਰ ਦਾ ਸਫ਼ਰ ਸ਼ੁਰੂ ਕਰ ਚੁੱਕਾ ਸੀ। ਕਰੀਬ ਅੱਠ ਘੰਟੇ ਦਾ ਸ਼ਫਰ ਤਹਿ ਕਰ ਕੇ, ਲਗਾਤਾਰ ਸਫ਼ਰ ਕਰਨ ਤੋਂ ਬਾਅਦ, ਰਾਤ ਦੇ ਢਾਈ ਵਜੇ ਵਾਪਿਸ ਆ ਚੁੱਪ-ਚਾਪ ਮੇਰੇ ਬੈੱਡ ਤੇ ਨਿੱਕੇ ਜਿਹੇ ਕਤੂਰੇ ਨੂੰ ਰੱਖ ਦਿੱਤਾ। ਉਹ "ਚੂੰ-ਚੂੰ" ਕਰਦਾ ਮੇਰੇ ਵਿੱਚ ਆਸਰਾ ਜਿਹਾ ਲੱਭਣ ਲੱਗ ਪਿਆ।
"ਵੇ ਆਹ ਤਾਂ ਬਹੁਤਾ ਈ ਨਿੱਕਾ ਜਿਆ ਹੈ।" ਮੈਨੂੰ ਦੇਖ ਕੇ ਤਰਸ ਜਿਹਾ ਆਇਆ।

"ਸਿਰਫ਼ ਸੱਤ ਹਫ਼ਤਿਆਂ ਦਾ ਹੈ, ਮਾਂ।" ਬੇਟੇ ਨੇ ਉੱਤਰ ਦਿੱਤਾ । ਮੇਰੇ ਹਿਰਦੇ ਵਿੱਚ ਦੀ ਮਾਂ ਵਾਲੀ ਮਮਤਾ ਜਾਗ ਉਠੀ ਅਤੇ ਮੈਂ ਉਸ ਨੂੰ ਚੁੱਕ ਕੇ ਕਲੇਜੇ ਨਾਲ ਲਾ ਲਿਆ। ਜਦ ਕਤੂਰੇ ਨੇ ਵੀ ਮੇਰੀ ਮਮਤਾ ਸਮਝਦਿਆਂ "ਚੂੰ-ਚੂੰ" ਜਿਹੀ ਕੀਤੀ ਤਾਂ ਮੇਰੇ ਅੰਦਰ ਵੀ ਕੋਈ ਨਿੱਘ ਜਿਹਾ ਫ਼ੈਲ ਗਿਆ ਅਤੇ ਮੈਂ ਉਸ ਨੂੰ ਘੁੱਟ ਕੇ ਬੈਠ ਗਈ।

"ਇਹ ਛੇ ਭੈਣਾਂ ਭਰਾਂਵਾਂ ਵਿੱਚੋਂ ਇੱਕ ਭਰਾ ਸੀ।" ਬੇਟੇ ਨੇ ਦੱਸਿਆ।
"ਤਾਂ ਹੀ ਮੋਹ ਕਰਦਾ ਹੈ!"

ਰਾਓ ਦੀਆਂ ਅੱਖਾਂ ਆਪਣੇ ਆਰ-ਪਰਿਵਾਰ ਨੂੰ ਲੱਭ ਰਹੀਆਂ ਸਨ। ਬੈੱਡ 'ਤੇ ਗੇੜੀ ਜਿਹੀ ਦੇ ਕੇ ਉਹ ਘੜੀ ਮੁੜੀ ਮੇਰੀ ਗੋਦ ਵਿੱਚ ਆ ਜਾਂਦਾ। ਸ਼ਾਇਦ ਆਪਣਾ ਪਰਿਵਾਰ ਨਾ ਦਿਸਦਾ ਕਰ ਕੇ ਉਸ ਨੂੰ ਕੁਝ ਬੈਚੇਨੀ ਹੋ ਰਹੀ ਸੀ? ਪਰ ਬੇਟੇ ਨੇ ਉਸ ਦੀ "ਅਸਲ" ਬੇਚੈਨੀ ਨੂੰ ਭਾਂਪ ਲਿਆ ਅਤੇ ਇੱਕ "ਪੂ-ਪੈਡ" (ਕੁੱਤੀਆਂ ਦੀ ਟੌਇਲਟ ਦੀ ਟਰੇਨਿੰਗ ਦਾ ਪੈਡ) ਖੋਲ੍ਹ ਕੇ ਬੈਡ 'ਤੇ ਹੀ ਰੱਖ ਦਿੱਤਾ। ਕਤੂਰੇ ਨੇ ਪੈਡ 'ਤੇ ਜਾ ਕੇ ਪਿਸ਼ਾਬ ਕਰ ਦਿੱਤਾ । ਮੇਰੀ ਹੈਰਾਨੀ ਦੀ ਕੋਈ ਸੀਮਾਂ ਨਹੀਂ ਸੀ , ਸਿਰਫ਼ ਪੌਣੇ ਦੋ ਮਹੀਨੇ ਦੇ ਬੱਚੇ ਨੂੰ ਆਪਣੀ ਕਿਰਿਆ ਸੋਧਣ ਦੀ ਜਾਂਚ ਵੀ ਹੈ? ਮੈਨੂੰ ਜਿਵੇਂ ਯਕੀਨ ਨਹੀਂ ਸੀ ਹੋ ਰਿਹਾ । ਆਪਣੇ ਮਨ ਦੀ ਸ਼ੰਕਾ ਨੂੰ ਦੂਰ ਕਰਨ ਲਈ ਮੈਂ "ਪੂ-ਪੈਡ" ਚੁੱਕ ਦਿੱਤਾ। ਕੁਝ ਦੇਰ ਬਾਅਦ ਕਤੂਰੇ ਨੇ ਫੇਰ ਕੁਝ ਕਰਨਾ ਚਾਹਿਆ, ਪਰ ਉਸ ਦਾ "ਪੈਡ" ਓਥੇ ਨਹੀਂ ਸੀ, ਪਰ ਉਹ "ਚੂੰ-ਚੂੰ" ਕਰਦਾ ਸੁੰਘ-ਸੁੰਘ ਕੇ ਲੱਭਣ ਲੱਗ ਪਿਆ । ਮੈਂ "ਪੈਡ" ਦੀ ਜਗਾਹ ਬਦਲ ਦਿੱਤੀ ਸੀ, ਪਰ ਉਸ ਨੇ ਲੱਭ ਕੇ ਉਸ ਉਪਰ ਜਾ ਕੇ ਟੁਆਇਲਟਕਰ ਦਿੱਤੀ। ਖ਼ੈਰ, ਇੱਕ ਗੱਲੋਂ ਮੈਂ ਬੇਫ਼ਿਕਰ ਹੋ ਗਈ ਕਿ ਘੱਟੋ-ਘੱਟ ਘਰ ਵਿੱਚ ਗੰਦ ਨਹੀਂ ਪਾਵੇਗਾ।

ਉਹ ਲਗਾਤਾਰ "ਬਿਲਕ-ਬਿਲਕ" ਕੇ ਆਪਣੇ ਦੁੱਖ ਜਿਹੇ ਦੱਸ ਰਿਹਾ ਸੀ, ਪਰ ਸਾਨੂੰ ਸਮਝ ਨਹੀ ਸੀ ਆ ਰਿਹਾ। ਸ਼ਾਇਦ ਮਾਂ ਦੇ ਦੁੱਧ ਨੂੰ ਲੱਭ ਰਿਹਾ ਸੀ ਜਾਂ ਆਪਣੇ ਭੈਣ ਭਰਾਵਾਂ ਨੂੰ?
"ਸ਼ਾਇਦ ਇਸ ਨੂੰ ਭੁੱਖ ਲੱਗੀ ਹੋਣੀ ਹੈ।" ਬੇਟੇ ਨੇ ਅੰਦਾਜ਼ਾ ਲਾਇਆ ਅਤੇ ਨਾਲ਼ ਹੀ ਇੱਕ ਵੱਡੇ ਬੈਗ ਵਿੱਚੋਂ ਕਈ ਕੁਝ ਕੱਢ ਕੇ ਮੇਰੇ ਅੱਗੇ ਰੱਖ ਦਿੱਤਾ, "ਆਹ ਸਾਰਾ ਇਸ ਦਾ ਸਮਾਨ ਹੈ। ਇਸ ਦਾ ਬਿਸਤਰ, ਕੰਬਲ, ਪਾਣੀ ਦਾ ਬਾਊਲ, ਖਾਣੇ ਦਾ ਕਟੋਰਾ, ਛੋਟਾ ਤੌਲੀਆ, ਮੈਟ, ਪੂ-ਪੈਡਸ, ਖਾਣਾ, ਅਤੇ ਖਿਡੌਣੇ!" ਮੇਰੇ ਲਈ ਸਭ ਕੁਝ ਜਿਵੇਂ ਬਹੁਤ ਹੈਰਾਨ ਕਰ ਦੇਣ ਵਾਲਾ ਸੀ। ਇਸ ਦੇ "ਦਾਜ" ਨੇ ਬਦੋਬਦੀ ਮੈਨੂੰ ਮੇਰੇ ਪਹਿਲੇ ਕੁੱਤੇ, ਲੱਕੀ, ਦੀ ਯਾਦ ਕਰਵਾ ਦਿੱਤੀ।…….

……..ਮੈਨੂੰ ਚੰਗੀ ਤਰ੍ਹਾਂ ਯਾਦ ਹੈ ਆਪਣੇ ਪਹਿਲੇ ਕੁੱਤੇ ਬਾਰੇ, ਜੋ ਇੰਡੀਆ ਮੇਰੇ ਕੋਲ ਸੀ।  ਚਾਰ ਕੁ ਮਹੀਨੇ ਦਾ ਕਤੂਰਾ, ਮੇਰੇ ਬੇਟੇ ਅਮਨ ਨੂੰ ਜਨਮ ਦਿਨ ਦੇ ਤੋਹਫ਼ੇ ਵਿੱਚ ਮਿਲਿਆ ਸੀ । ਜਨਮ ਦਿਨ ਦਾ ਤੋਹਫ਼ਾ ਕਰਕੇ ਇਸ ਦਾ ਨਾਮ "ਲੱਕੀ" ਰੱਖਿਆ ਗਿਆ ।  ਚਮਕਦੇ ਚਿੱਟੇ ਰੰਗ ਦਾ 'ਸਮੌਇਡ ਡੌਗ'।  ਲੱਕੀ ਬਹੁਤ ਹੀ ਖੂਬਸੂਰਤ ਸੀ ਕਿ ਹਰ ਕਿਸੇ ਦਾ ਦਿਲ ਉਸ ਨੂੰ ਚੁੱਕਣ ਨੂੰ ਕਰਦਾ। ਪੰਜਾਬ ਦਾ ਖੁੱਲ੍ਹਾ ਮਾਹੌਲ ਹੁੰਦਾ ਹੈ। ਦਰਵਾਜਾ ਖੁੱਲ੍ਹਾ ਰੱਖਣਾ, ਗਲੀ ਮੁਹੱਲੇ ਦਾ ਲੰਘਦਾ ਟੱਪਦਾ ਹਾਲ ਚਾਲ ਪੁੱਛਣ ਘਰ ਆ ਜਾਂਦਾ। ਲੱਕੀ ਆਪਣੇ ਸੁਹੱਪਣ ਕਰ ਕੇ ਹਰ ਕਿਸੇ ਨੂੰ ਮੋਹ ਲੈਂਦਾ ਅਤੇ ਬਹੁਤ ਜਲਦੀ ਘੁਲ-ਮਿਲ ਕੇ ਖੇਡਣ ਲੱਗ ਪੈਦਾ । ਇੱਕ ਪੁਰਾਣਾ ਜਿਹਾ ਕੌਲਾ ਲੱਭਿਆ ਅਤੇ ਉਸ ਵਿੱਚ ਉਸ ਨੂੰ ਦੁੱਧ ਪਾ ਦੇਣਾਂ। ਅਜੇ ਉਹ ਰੋਟੀ ਨਹੀਂ ਸੀ ਖਾਂਦਾ। ਸ਼ਾਇਦ ਮੈਨੂੰ ਕੁੱਤਾ ਪਾਲਣ ਦੀ ਅਕਲ ਘੱਟ ਸੀ, ਜਾਂ ਇੰਡੀਆ ਵਿਚ ਬੱਚੇ ਅਤੇ ਕੁੱਤੇ ਜ਼ਿਆਦਾਤਰ ਕੁੱਟ ਮਾਰ ਕੇ ਹੀ ਸਿਖਾਏ ਜਾਂਦੇ ਨੇ। ਲੱਕੀ ਖੁੱਲ੍ਹੇ ਵਿਹੜੇ ਵਿੱਚ ਦੌੜਦਾ, ਖੇਡਦਾ ਰਹਿੰਦਾ। ਕਮਰੇ, ਬੈਠਕ, ਵਿਹੜੇ ਅਤੇ ਬੂਟਿਆਂ ਵਾਲੀ ਕਿਆਰੀ ਵਿੱਚ, ਜਿੱਥੇ ਦਿੱਲ ਕਰਦਾ "ਪੂ" ਅਤੇ "ਪੀ" ਕਰ ਦਿੰਦਾ। ਮੈਨੂੰ ਨਿਰੰਤਰ ਅਜਿਹੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ, "ਆਈਂ ਜ਼ਰਾ, ਇੱਥੇ ਹੱਗ ਗਿਆ, ਸਾਫ਼ ਕਰੀਂ, ਜਾਂਈਂ ਔਥੇ ਗੰਦ ਪਾ ਗਿਆ…..!"

ਕੁਝ ਦਿਨਾਂ ਵਿੱਚ ਹੀ ਮੇਰਾ ਸ਼ੌਕ ਖ਼ਤਮ ਹੋ ਗਿਆ। ਸਾਫ਼ ਸੁਥਰੇ ਘਰ ਵਿੱਚ ਸਮਝ ਨਹੀ ਸੀ ਲੱਗਦੀ ਕਿ ਕਦੋਂ ਪੈਰ ਲਿੱਬੜ ਜਾਣਾਂ? ਬੇਟੇ ਦੇ ਕਰਕੇ ਲੱਕੀ ਰੱਖਣਾ ਵੀ ਜ਼ਰੂਰੀ ਸੀ । ਲਗਾਤਾਰ ਇੱਕ ਮਹੀਨਾਂ ਬਹੁਤ ਕੋਸ਼ਿਸ਼ ਕੀਤੀ, ਪਰ ਗੱਲ ਨਹੀ ਬਣੀ, ਲੱਕੀ ਨੂੰ ਅਕਲ ਨਾ ਆਈ। ਫੇਰ ਯਾਦ ਆਇਆ ਮੇਰੇ ਭਰਾ ਨੂੰ ਹਿੰਦੀ ਪੜ੍ਹਾਉਣ ਵਾਲਾ ਮਾਸਟਰ ਕਹਿੰਦਾ ਸੀ, "ਮਾਰ ਕੇ ਡਰ ਸੇ ਪਾਠ ਯਾਦ ਰਹਿਤਾ ਹੈ!" ਮੈਨੂੰ ਵੀ ਆਹੀ ਤਰੀਕਾ ਅਖੀਰੀ "ਉਪਾਅ" ਲੱਗਿਆ । ਜਦ ਵੀ ਉਸ ਦਾ ਗੰਦ ਚੁੱਕਣਾ ਤੇ ਉਸਨੂੰ ਵਿਖਾ-ਵਿਖਾ ਕੇ ਇੱਕ-ਦੋ ਧਰ ਦੇਣੀਆਂ, ਵਾਕਿਆ ਹੀ ਕੁੱਟ-ਮਾਰ ਵਾਲ਼ੀ ਯੋਜਨਾ ਕੰਮ ਕਰ ਗਈ ਅਤੇ ਲੱਕੀ ਸਬਕ ਸਿੱਖ ਕੇ ਆਪਣੀ ਲੋੜ ਮੁਤਾਬਿਕ ਘਰੋਂ ਬਾਹਰ ਜਾਣ ਲੱਗ ਪਿਆ। ਮੈਂ ਇੱਕ ਵਾਰੀ ਫੇਰ ਉਲਝ ਗਈ, ਜਦ ਰਾਤ ਨੂੰ ਵੱਡਾ ਗੇਟ ਬੰਦ ਹੋ ਜਾਂਦਾ ਅਤੇ ਲੱਕੀ ਕੋਲ ਹੋਰ ਕੋਈ ਰਾਹ ਨਾ ਹੁੰਦਾ, ਤੇ ਸਵੇਰੇ ਮੈਨੂੰ ਨਿਤਨੇਮ ਤੋਂ ਪਹਿਲਾਂ ਸਫ਼ਾਈ ਕਰਨੀ ਪੈਦੀਂ ਅਤੇ ਮੈਂ ਅਵਾਜ਼ਾਰ ਹੋ ਜਾਂਦੀ।

ਕੁਝ ਦਿਨਾਂ ਦੀ ਜੱਦੋਜਹਿਦ ਬਾਦ ਮੈਂ ਇਕ ਹੋਰ ਤਰਕੀਬ ਕੱਢੀ। ਲੱਕੀ ਨੂੰ ਛੱਤ 'ਤੇ ਜਾਣ ਵਾਲੀਆਂ ਪੌੜੀਆਂ 'ਤੇ ਇੱਕ ਲੰਬੀ ਰੱਸੀ ਨਾਲ ਇੰਜ ਸਾਰੀ ਰਾਤ ਬੰਨ੍ਹੀ ਰੱਖਿਆ ਕਿ ਉਹ ਉਪਰ ਤਾਂ ਜਾ ਸਕਦਾ ਸੀ, ਪਰ ਥੱਲੇ ਵਿਹੜੇ ਵਿੱਚ ਨਹੀਂ ਸੀ ਆ ਸਕਦਾ। ਉਹ ਸਮਝ ਗਿਆ ਕਿ ਇੰਜ ਕਿਉਂ ਬੰਨ੍ਹਿਆਂ ਹੈ ਅਤੇ ਅਗਲੀ ਰਾਤ ਤੋਂ ਉਸ ਨੇ ਛੱਤ ਨੇ ਆਪਣਾ "ਕਿਰਿਆ ਕਰਮ" ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਮੈਂ ਖੁਸ਼ ਸੀ ਕਿ ਸਵੇਰੇ-ਸਵੇਰੇ ਮੂਡ ਖ਼ਰਾਬ ਨਹੀ ਸੀ ਹੋਇਆ। ਲੱਕੀ ਨੂੰ ਵੀ ਖੁਸ਼ੀ ਸੀ ਕਿ ਸਵੇਰੇ-ਸਵੇਰੇ ਕੁੱਟ ਨਹੀ ਸੀ ਪਈ। ਹੁਣ ਉਹ ਸਿੱਖ ਗਿਆ ਸੀ ਕਿ ਮਾਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਸ ਦਿਨ ਤੋਂ ਬਾਅਦ ਮੇਰਾ ਉਸ ਨਾਲ ਮੋਹ ਵਧ ਗਿਆ। ਥੋੜ੍ਹਾ ਵੱਡਾ ਹੋਇਆ ਤਾਂ ਜ਼ਿਆਦਾ ਭੱਜਣ ਦੌੜਨ ਲੱਗ ਪਿਆ। ਦੁੱਧ ਦੀ ਥਾਂ ਹੁਣ ਰੋਟੀ ਖਾਣ ਲੱਗ ਪਿਆ ਸੀ, ਰੋਜ਼ ਦੀ ਰੋਟੀ ਉਸ ਵਾਸਤੇ ਵੀ ਪੱਕਣ ਲੱਗ ਪਈ ਅਤੇ ਕਈ ਵਾਰੀ ਇੱਕ ਟਾਇਮ ਦੀ ਬਚੀ ਰੋਟੀ ਤੋੜ ਕੇ ਪੌੜੀਆਂ 'ਤੇ ਲੱਕੀ ਵਾਸਤੇ ਰੱਖ ਦੇਣੀਂ। ਜਿਸ ਦਿਨ ਮੀਟ ਬਣਦਾ ਉਸ ਨੂੰ ਵੀ ਹੱਡੀਆਂ ਦੀ ਆਸ ਹੋ ਜਾਂਦੀ ਅਤੇ ਸੁੰਘਦਾ ਦੌੜਦਾ ਆਪਣੀ ਖੁਸ਼ੀ ਜ਼ਾਹਿਰ ਕਰਦਾ। ਜਦ ਪੇਟ ਭਰ ਜਾਣਾ, ਫੇਰ ਵੀ ਲਾਲਚ ਹੋਣਾ ਕਿ ਬਾਕੀ ਦੀਆਂ ਹੱਡੀਆਂ ਕਿਤੇ ਕੂੜੇ ਵਿੱਚ ਨਾ ਸੁੱਟ ਜਾਣ। ਇਸ ਲਈ ਉਹ ਬਾਕੀ ਦੀਆਂ ਹੱਡੀਆਂ ਨੂੰ ਸਵੇਰ ਵਾਸਤੇ ਕਿਆਰੀ ਵਿਚ ਦੱਬ ਆਉਂਦਾ। ਕਮਰਿਆਂ 'ਤੇ ਜਾਲੀ ਵਾਲੇ ਬੂਹੇ ਲੱਗੇ ਹੋਏ ਸੀ, ਇਸ ਲਈ ਉਹ ਸਦਾ ਵਿਹੜੇ ਵਿੱਚ ਹੀ ਰਹਿੰਦਾ। ਜਦ ਕਦੇ ਅਸੀਂ ਵਿਹੜੇ ਵਿੱਚ ਬੈਠਦੇ ਤਾਂ ਪੈਰਾਂ ਨੂੰ ਚੱਟਣ ਲੱਗ ਪੈਂਦਾ, ਜਿਵੇਂ ਜੋ ਕੁਝ ਵੀ ਅਸੀਂ ਉਸ ਨੂੰ ਦੇ ਰਹੇ ਸੀ, ਉਸ ਦਾ ਸ਼ੁਕਰਾਨਾ ਕਰਦਾ ਹੋਵੇ। ਜੂਨ ਦੀ ਭਖ਼ਦੀ ਗਰਮੀ ਵਿੱਚ ਮੋਟਰ ਕੋਲ ਜਾਂ ਗੁਸਲਖਾਨੇ ਵਿੱਚ ਬੈਠਾ ਹਫ਼ਦਾ ਰਹਿੰਦਾ। ਜਦ ਅਸੀਂ ਕੂਲਰ ਅੱਗੇ ਬੈਠਦੇ ਅਤੇ ਫਰਿੱਜ ਦਾ ਠੰਢਾ ਪਾਣੀ ਪੀਂਦੇ, ਲੱਕੀ ਟੂਟੀ ਦਾ ਪਾਣੀ ਪੀਂਦਾ। ਸਰਦੀ ਵਿਚ ਮੈਂ ਉਸ ਨੂੰ ਕਮਰੇ ਵਿੱਚ ਵਾੜ ਲਿਆ ਅਤੇ ਪਤੀਦੇਵ ਆਖਦੇ, "ਕੁੱਤਾ ਰਾਖੀ ਵਾਸਤੇ ਹੁੰਦਾਂ, ਨਾ ਕਿ ਕਮਰੇ ਵਿਚ ਲਕੋਣ ਲਈ!"

ਅਗਲੇ ਦਿਨ ਤੋਂ ਮੈਂ ਵਰਾਂਡੇ ਦੇ ਇੱਕ ਕੋਨੇ ਵਿੱਚ ਬੋਰੀ ਪਾ ਕੇ ਉਸ ਦੇ ਸੌਣ ਦਾ ਇੰਤਜ਼ਾਮ ਕਰ ਦਿੱਤਾ। ਥੋੜ੍ਹਾ ਜਵਾਨ ਹੋਇਆ ਤਾਂ ਘਰ ਆਉਣ ਵਾਲਿਆਂ 'ਤੇ ਭੌਂਕ ਕੇ ਰਖਵਾਲੀ ਦਾ ਹੱਕ ਜਤਾਉਣ ਲੱਗ ਪਿਆ। ਹੁਣ ਉਸ ਨੂੰ ਲੋਹੇ ਦੀ ਸੰਗਲੀ ਨਾਲ ਬੰਨ੍ਹਣਾ ਵੀ ਪੈਂਦਾ ਸੀ, ਕਿਉਂਕਿ ਲੋਕ ਡਰਨ ਲੱਗ ਪਏ ਸਨ ਕਿ ਕਿਤੇ ਦੰਦ ਨਾ ਮਾਰ ਜਾਵੇ?  ਸਾਡੇ ਵਿਤਕਰੇ ਭਰੇ ਰਵੱਈਏ ਦੇ ਬਾਵਜੂਦ ਲੱਕੀ ਦੀ ਵਫ਼ਾਦਾਰੀ ਅਤੇ ਪਿਆਰ 'ਚ ਰਤੀ ਮਾਤਰ ਸ਼ੱਕ ਨਹੀ ਕੀਤਾ ਜਾ ਸਕਦਾ ਸੀ। ਸਾਰੀ ਰਾਤ ਹਰ ਖੜਕੇ 'ਤੇ ਭੌਂਕਦਾ ਅਤੇ ਛੱਤ 'ਤੇ ਦੌੜ ਕੇ ਜਾਂਦਾ। ਬੱਚਿਆਂ ਨਾਲ ਦੌੜਦਾ ਫ਼ਿਰਦਾ ਘਰ ਤੋਂ ਬਹੁਤ ਦੂਰ ਨਿਕਲ ਜਾਂਦਾ। ਹੁਣ ਮੁਹੱਲੇ ਵਿੱਚ ਦੂਰ ਦੂਰ ਤੱਕ ਲੋਕ ਉਸ ਨੂੰ ਨਾਮ ਲੈ ਕੇ ਬੁਲਾਉਣ ਲੱਗ ਪਏ ਸਨ। ਉਸ ਦੀ ਸੁੰਘਣ ਅਤੇ ਸੁਣਨ ਦੀ ਕਮਾਲ ਦੀ ਸ਼ਕਤੀ ਸੀ। ਬਹੁਤ ਦੂਰੋਂ ਹੀ ਪਤਾ ਨਹੀ ਕਿਵੇਂ ਉਸ ਨੂੰ ਕਾਰ ਆਉਣ ਦਾ ਪਤਾ ਲੱਗ ਜਾਂਦਾ ਸੀ, ਕਿ ਉਸ ਦੀ ਦੌੜ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਸੀ ਕਿ ਕਾਰ ਆ ਰਹੀ ਹੈ। ਭੌਂਕ-ਭੌਂਕ ਕੇ ਆਪਣੇ ਉਤਸ਼ਾਹ ਅਤੇ ਪਿਆਰ ਨਾਲ ਸੁਆਗਤ ਕਰਦਾ। ਜਦ ਕਦੇ ਮੈਂ ਗਰਮੀਆਂ ਦੀਆਂ ਛੁੱਟੀਆਂ ਪੇਕੇ ਚਲੀ ਜਾਂਦੀ, ਵਾਪਿਸ ਆਉਣ 'ਤੇ ਛਾਲਾਂ ਮਾਰ-ਮਾਰ ਮੈਨੂੰ ਡੇਗ ਦਿੰਦਾ ਜਿਵੇਂ ਰੋਸਾ ਕਰਦਾ ਹੋਵੇ ਕਿ ਮੈਨੂੰ ਨਾਲ ਕਿਉਂ ਨਹੀ ਲੈ ਗਈ।

……..ਜ਼ਿੰਦਗੀ ਅਤੇ ਅੰਨ-ਜਲ ਨੇ ਕਰਵਟ ਮਾਰੀ ਅਤੇ ਮੈਨੂੰ ਆਪਣੇ ਬੱਚੇ ਲੈ ਕੇ ਵਿਦੇਸ਼ ਆਉਣਾ ਪਿਆ। ਮੈਂ ਜ਼ਰੂਰੀ ਸਮਾਨ ਬੰਨ੍ਹ ਕੇ ਇੰਡੀਆ ਨੂੰ "ਅਲਵਿਦਾ" ਕਹਿ ਕੇ ਵਿਦੇਸ਼ ਦੀ ਧਰਤੀ 'ਤੇ ਆ ਕੇ ਵਸ ਗਈ। ਆਉਣ ਤੋਂ ਪਹਿਲਾਂ ਪੇਕੇ ਸਭ ਨੂੰ ਮਿਲਣ ਗਈ। ਆਪਣੇ ਘਰ ਆਖੰਡ ਪਾਠ ਪ੍ਰਕਾਸ਼ ਕਰਵਾਇਆ। ਸਾਰੇ ਮੁਹੱਲੇ ਨੂੰ ਸੱਦਾ ਦਿੱਤਾ। ਸੌਹਰੇ ਘਰ ਸਭ ਨੂੰ ਮਿਲੀ ਕਿ ਪਤਾ ਨਹੀ ਫੇਰ ਕਦ ਮਿਲਾਪ ਹੋਣਾ। ਮੈਨੂੰ ਇਸ ਗੱਲ ਦਾ ਸਦਾ ਅਫ਼ਸੋਸ ਰਹੇਗਾ ਕਿ ਮੈਂ ਲੱਕੀ ਨੂੰ ਪਲੋਸ ਕੇ ਵੀ ਨਹੀਂ ਸੀ ਆਈ। ਪਹਿਲੀ ਵਾਰ ਵਿਦੇਸ਼ ਜਾਣਾ ਇੱਕ ਨਵੇ ਸੰਘਰਸ਼ ਵਾਸਤੇ। ਬੱਚਿਆਂ ਦੀ ਜ਼ਿੰਮੇਂਵਾਰੀ ਹੁਣ ਮੇਰੇ ਮੋਢਿਆਂ 'ਤੇ ਸੀ। ਮੈਨੂੰ ਕੁਝ ਵੀ ਸੁੱਝ ਵੀ ਨਹੀ ਸੀ ਰਿਹਾ, ਫੇਰ ਲੱਕੀ ਦਾ ਖ਼ਿਆਲ ਕਿੰਜ ਆ ਸਕਦਾ ਸੀ।

ਦਿੱਲੀ ਤੋਂ ਜਹਾਜ ਉਡਿਆ ਅਤੇ ਵਿਦੇਸ਼ ਦੀ ਧਰਤੀ 'ਤੇ ਆ ਉਤਰਿਆ। ਨਵੀਆਂ ਚੁਣੌਤੀਆਂ ਦਾ ਪਹਾੜ ਇਤਨਾ ਕੁ ਵਿਸ਼ਾਲ ਅਤੇ ਮਾਰੂ ਸੀ ਕਿ ਮੈਂ ਕਈ ਸਾਲ ਇਸ ਹੇਠ ਦੱਬੀ ਰਹੀ। ਕਦੇ-ਕਦੇ ਫ਼ੋਨ 'ਤੇ ਇੰਡੀਆ ਗੱਲ ਹੋ ਜਾਂਦੀ ਸੀ । ਕਦੇ-ਕਦੇ ਜਿਠਾਣੀ ਜੀ ਲੱਕੀ ਬਾਰੇ ਕੁਝ ਗੱਲਾਂ ਦੱਸ ਦਿੰਦੀ ਸੀ। ਸਮੇਂ ਦੇ ਸੰਗ ਹੌਲੀ-ਹੌਲੀ ਮੈਂ ਇੰਨੀ ਮਸ਼ਰੂਫ਼ ਰਹਿਣ ਲੱਗ ਪਈ ਕਿ ਭੁੱਲ ਹੀ ਗਈ ਕਿ ਲੱਕੀ ਵੀ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਉਸ ਦੇ ਬਾਰੇ ਗੱਲ ਕਰਨੀ ਵੀ ਛੱਡ ਦਿੱਤੀ ਸੀ। ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕੁੱਤਾ ਆਪਣੇ ਮਾਲਿਕ ਦਾ ਬਹੁਤ ਵਫ਼ਾਦਾਰ ਹੁੰਦਾ ਹੈ । ਪਵਿੱਤਰ ਗੁਰਬਾਣੀ ਦਾ ਵੀ ਫੁਰਮਾਨ ਹੈ 'ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ।। ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ।।' ਪਤਾ ਨਹੀ ਲੱਕੀ ਨੇ ਕਿੰਨ੍ਹਾਂ ਕੁ ਸਾਨੂੰ ਯਾਦ ਕੀਤਾ ਹੋਣਾ। ਪਤਾ ਨਹੀਂ ਸਾਡੀ ਕਮੀ ਨੂੰ ਕਿੰਨਾਂ ਮਹਿਸੂਸ ਕੀਤਾ ਹੋਣਾ। ਉਹ ਬੋਲ ਨਹੀ ਸੀ ਸਕਦਾ, ਪਰ ਪਿਆਰ ਦੇ ਜਜ਼ਬਾਤਾਂ ਨਾਲ ਲਬਾ-ਲਬ ਭਰਿਆ ਹੋਇਆ ਸੀ। ਇੱਕ ਬੱਚਾ ਬਣ ਮੇਰੇ ਪਰਿਵਾਰ ਦਾ ਹਿੱਸਾ ਬਣ ਆਇਆ ਸੀ।

ਉਸ ਦੀ ਖ਼ਾਮੋਸ਼ੀ ਅਤੇ ਪੀੜ ਨੂੰ ਮੈਂ ਓਦੋਂ ਸਮਝੀ ਜਦ ਕਈ ਸਾਲ ਬਾਦ ਆਪਣੇ ਵਤਨ ਗਈ। ਸੌਹਰੇ ਘਰ ਸਭ ਨੂੰ ਮਿਲ ਕੇ ਅਰਾਮ ਨਾਲ਼ ਬੈਠ ਗਈ। ਫੇਰ ਅਚਾਨਕ ਹੀ ਲੱਕੀ ਬਾਰੇ ਪੁੱਛਿਆ। ਮੈਨੂੰ ਉਮੀਦ ਸੀ ਕਿ ਦੌੜ ਕੇ ਆ, ਮੇਰੇ 'ਤੇ ਛਾਲ ਮਾਰ ਫੇਰ ਪੁੱਛੇਗਾ, ਕਿ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਈ। ਪਰ ਭਾਬੀ ਨੇ ਦੱਸਿਆ ਕਿ ਲੱਕੀ ਤਾਂ ਕਾਫੀ ਚਿਰ ਤੋਂ ਬਿਮਾਰ ਚੱਲ ਰਿਹਾ ਹੈ। ਹੁਣ ਤਾਂ ਉਠਦਾ ਵੀ ਨਹੀਂ, ਬੱਸ ਪਏ ਦੇ ਹੀ ਸਾਹ ਚੱਲਦੇ ਨੇ ਅਤੇ ਮਾੜੀਆਂ ਜਿਹੀਆਂ ਅੱਖਾਂ ਹੀ ਖੋਲ੍ਹਦਾ ਹੈ। ਬਾਹਰ ਗਲੀ ਵਾਲੇ ਕੂਲਰ ਹੇਠ ਪਿਆ ਹੋਇਆ ਹੈ। ਇੰਨੀ ਗੱਲ ਸੁਣ ਮੈਂ ਬਾਹਰ ਨੂੰ ਭੱਜੀ। ਮੇਰੇ ਨਾਲ ਦੋਵੇਂ ਬੇਟੇ ਵੀ ਸਨ। ਮੈਂ ਉਸ ਦੀ ਨਿਰਬਲ ਹਾਲਤ ਵੇਖ ਕੇ ਸਤੰਭ ਰਹਿ ਗਈ। ਬਹੁਤ ਹੀ ਪਤਲੀ ਹਾਲਤ ਸੀ, ਨਿਢਾਲ ਤੇ ਕਮਜ਼ੋਰ ਸਰੀਰ, ਬੰਦ ਅੱਖਾਂ, ਧੀੰਮੀ ਗਤੀ ਨਾਲ਼ ਚੱਲਦੇ ਸਾਹ। ਮੈਂ ਕੋਲ ਜਾ ਅਵਾਜ਼ ਮਾਰੀ, "ਲੱਕੀ…..!" ਮੇਰੇ ਮਗਰ ਹੀ ਮੇਰੇ ਬੇਟੇ ਉਸ ਦਾ ਨਾਮ ਪੁਕਾਰਣ ਲੱਗ ਪਏ। ਰੱਬ ਗਵਾਹ ਹੈ ਕਿ ਪਤਾ ਨਹੀਂ ਉਸ ਨੇ ਅਗਲੀ ਪਿਛਲੀ ਆਪਣੀ ਸਾਰੀ ਸ਼ਕਤੀ ਲਾ ਕੇ ਆਪਣੀਆਂ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਜੋਰ ਮਾਰ ਕੇ ਆਪਣੇ ਆਪ ਨੂੰ ਖੜ੍ਹਾ ਕਰ ਲਿਆ, ਪਰ ਕਦਮ ਨਹੀ ਸੀ ਪੁੱਟ ਸਕਿਆ। ਲੜਖੜਾ ਕੇ ਡਿੱਗ ਪਿਆ। ਧਰਤੀ 'ਤੇ ਸਪਾਲ਼ ਪਿਆ ਅੱਧ ਖੁੱਲ੍ਹੀਆਂ ਅੱਖਾਂ ਨਾਲ ਮੇਰੇ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਮੈਂ ਚੁੱਪ-ਚਾਪ ਉਸ ਦੇ ਕੋਲ਼ ਬੈਠ ਗਈ। ਮੇਰੇ ਦੇਖਦੇ-ਦੇਖਦੇ ਉਸ ਦੀਆਂ ਅੱਖਾਂ ਫੇਰ ਕਦੇ ਨਾ ਖੁੱਲ੍ਹਣ ਲਈ ਸਦੀਵੀ ਬੰਦ ਹੋ ਗਈਆਂ। ਸ਼ਾਇਦ ਮੈਨੂੰ ਵੇਖ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਕੇ ਕਹਿ ਰਿਹਾ ਹੋਵੇ, "ਤੇਰੀ ਦੀਦ ਖਾਤਰ ਮੈਂ ਆਪਣੇ ਸਾਹਾਂ ਨੂੰ ਚੱਲਦਾ ਰੱਖਿਆ, ਪ੍ਰਾਣ ਰੋਕੀ ਰੱਖੇ ਅਤੇ ਆਪਣੀ ਜਾਨ ਨੂੰ ਨਿਕਲਣ ਨਹੀਂ ਦਿੱਤਾ, ਕਿਉਂਕਿ ਤੂੰ ਮੈਨੂੰ ਆਪਣਾ ਘਰ ਮੇਰੀ ਰਾਖੀ 'ਤੇ ਛੱਡ ਗਈ ਸੀ, ਲੈ ਅੱਜ ਮੇਰੀ ਜ਼ਿੰਮੇਵਾਰੀ ਪੂਰੀ ਹੋਈ….।" ਉਸ ਦੀ ਬੇਜ਼ੁਬਾਨ ਮੁਹੱਬਤ ਸਵਾਲ ਕਰ ਰਹੀ ਸੀ ਕਿ ਜਦ ਤੂੰ ਇੰਡੀਆ ਛੱਡਿਆ, ਤਾਂ ਮੈਨੂੰ ਮਿਲ ਕੇ, ਜਾਂ ਵੇਖ ਕੇ ਵੀ ਨਹੀ ਗਈ ਸੀ, ਪਰ ਮੈਂ ਤੇਰੇ ਆਖਰੀ ਦਰਸ਼ਨ ਕਰ ਕੇ ਹੀ ਅੱਖਾਂ ਮੀਟੀਆਂ ਹਨ। ਇੰਜ ਜਾਪਦਾ ਸੀ ਜਿਵੇਂ ਲੱਕੀ ਕਦੋਂ ਦਾ ਸੁੱਤਾ ਪਿਆ ਸੀ। ਪਰ ਉਹ ਤਾਂ ਇੱਕ ਸਦੀਵੀ ਨੀਂਦਰ ਦੀ ਅਗੋਸ਼ ਵਿੱਚ ਗੁੰਮ ਹੋ ਗਿਆ ਸੀ!! ਪਤਾ ਨਹੀਂ ਹੱਸਦਾ ਖੇਡਦਾ ਲੱਕੀ ਮੁੜ ਕਦੇ ਨਾ ਦਿਸਣ ਲਈ "ਕਿਹੜੀ" ਦੁਨਿਆ ਵਿੱਚ ਅਲੋਪ ਹੋ ਗਿਆ?........

ਇਨਸਾਨ ਅਤੇ ਜਾਨਵਰ ਦੀ ਵਫ਼ਾ ਦਾ ਫ਼ਰਕ ਸਾਫ਼ ਸਮਝ ਆ ਰਿਹਾ ਸੀ। ਮੇਰੇ ਮਾਣਸ ਹਿਰਦੇ 'ਤੇ ਇਹ ਘਟਨਾ ਸਦਾ ਲਈ ਲਿਖੀ ਗਈ ਸੀ। ਲੱਕੀ ਮੇਰੀ ਜ਼ਿੰਦਗੀ ਦੇ ਵਫ਼ਾਦਾਰ ਰਿਸ਼ਤਿਆਂ ਦੀ ਲਿਸਟ ਵਿੱਚ ਸਭ ਤੋਂ ਉਪਰ ਹੈ। ਆਪਣੀ ਸੰਕਰੀ ਸੋਚ ਕਰਕੇ, ਲੱਕੀ ਨੂੰ ਮੈਂ ਜਿਸ ਵੀ ਤਰ੍ਹਾਂ ਰੱਖਿਆ ਸੀ, ਪਰੰਤੂ ਰਾਓ ਨੇ ਮੇਰੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਦਿੱਤਾ ਸੀ। ਅਸਲ ਵਿੱਚ ਮੈਂ ਕੁੱਤਾ ਰੱਖਣ ਦੀ ਸਮਝ ਮੈਨੂੰ ਹੁਣ ਆਈ ਹੈ।

…….ਮੇਰੇ ਬੇਟੇ ਅਮਨ ਨੇ ਬੜੇ ਉਤਸ਼ਾਹ ਨਾਲ ਮੈਨੂੰ ਦੱਸਣਾ ਸੁਰੂ ਕੀਤਾ ਕਿ ਇਸ ਨਿੱਕੇ ਜਿਹੇ ਕਤੂਰੇ ਨੂੰ ਕਿਵੇਂ ਖਾਣਾ ਖੁਆਉਣਾ ਤੇ ਕਿਸ ਤਰ੍ਹਾਂ ਰੱਖਣਾ ਹੈ। ਆਪਣੇ ਪਹਿਲੇ ਕੁੱਤੇ ਦਾ ਨਾਮ ਲੱਕੀ ਸੀ, ਇਸ ਦਾ ਕੀ ਰੱਖੀਏ? ਨਾਮਕਰਣ ਦੀ ਬਹਿਸ ਤੋਂ ਬਾਅਦ ਆਂਦਰਿਆ ਦੀ ਪਸੰਦ 'ਤੇ ਘਰ ਦੇ ਨਵੇਂ ਜੀਅ ਦਾ ਨਾਮ "ਰਾਓ" ਰੱਖਿਆ ਗਿਆ। ਇਹਨੀਂ ਦਿਨੀਂ ਹਿੰਦੀ ਇਤਿਹਾਸਕ ਫ਼ਿਲਮ "ਬਾਜ਼ੀਗਰ ਰਾਓ ਮਸਤਾਨੀ" ਬਹੁਤ ਹਿੱਟ ਚੱਲ ਰਹੀ ਸੀ। ਰਾਓ ਨਾਮ ਉਸ ਫ਼ਿਲਮ ਦੀ ਹੀ ਕਾਢ ਸੀ।

ਹੂਣ ਘਰ ਵਿੱਚ ਰਾਓ ਸਭ ਦੀ ਖਿੱਚ ਦਾ ਕੇਂਦਰ ਬਣ ਗਿਆ ਸੀ। ਹਫ਼ਤੇ ਭਰ ਬੱਚਿਆਂ ਦੇ ਦੋਸਤਾਂ ਨੇ ਰਾਓ ਕਰਕੇ ਰੌਣਕਾਂ ਲਾਈ ਰੱਖੀਆਂ। ਘਰ ਵਿੱਚ ਕੰਮ ਵਧ ਗਿਆ ਸੀ। ਰਾਓ ਬਹੁਤ ਛੋਟਾ ਹੋਣ ਕਰ ਕੇ, ਜਦ ਅਸੀਂ ਸਾਰੇ ਕੰਮ 'ਤੇ ਜਾਂਦੇ ਤਾਂ ਸਾਰਾ ਦਿਨ ਉਚੀ-ਉਚੀ ਰੋਂਦਾ-ਚੂਕਦਾ ਰਹਿੰਦਾ। ਜਿਸ ਕਰ ਕੇ ਫ਼ਲੈਟ ਦੇ ਦੂਜੇ ਕਮਰਿਆਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਸਨ। ਦਸ ਘੰਟੇ ਦੇ ਲੰਮੇ ਸਮੇਂ ਕਰਕੇ ਉਹ ਘਰ ਵਿਚ ਗੰਦ ਪਾਉਣ ਲੱਗ ਪਿਆ। ਉਸ ਦੇ "ਪੂ-ਪੈਡ" ਬਦਲਣ ਦੀ ਲੋੜ ਹੁੰਦੀ ਸੀ, ਪਰ ਕੋਈ ਘਰ ਵੀ ਹੁੰਦਾ ਨਹੀਂ ਸੀ। ਮੀਟਿੰਗ ਵਿੱਚ ਤੈਅ ਹੋਇਆ ਕਿ ਕੁਝ ਮਹੀਨੇ ਇਸ ਦੇ ਕੋਲ ਕੋਈ ਰਹਿਣਾ ਚਾਹੀਦਾ ਹੈ। ਟਾਈਮ ਸੈੱਟ ਕਰਕੇ ਘਰ ਦੀਆਂ ਪੰਜ ਚਾਬੀਆਂ ਬਣਵਾ ਕੇ ਕੁਝ ਬੱਚਿਆਂ ਦੇ ਦੋਸਤਾਂ ਨੂੰ ਦਿੱਤੀਆ ਗਈਆਂ ਅਤੇ ਲੋੜ ਮੁਤਾਬਿਕ ਸਭ ਆਪਣੀ ਡਿਉਟੀ ਦੇਣ ਲੱਗ ਪਏ। ਵਕਤ ਦੇ ਨਾਲ-ਨਾਲ ਰਾਓ ਵੱਡਾ ਹੋਣ ਲੱਗ ਪਿਆ ਅਤੇ ਮੇਰੇ ਵਾਸਤੇ ਕੁੱਤਿਆਂ ਸਬੰਧੀ ਪੜ੍ਹਾਈ ਵਧਣ ਲੱਗ ਪਈ।

ਅਚਾਨਕ ਬਦਲ ਕੇ ਦਿੱਤਾ ਖਾਣਾ ਉਸ ਨੂੰ ਮਾਫ਼ਕ ਨਹੀ ਆਇਆ ਤੇ ਰਾਓ ਬਿਮਾਰ ਹੋ ਗਿਆ। ਮੈਂ ਆਂਦਰਿਆ ਦੇ ਨਾਲ ਟੈਕਸੀ ਕਰ ਕੇ ਡਾਕਟਰ ਦੇ ਲੈ ਗਈ। ਓਥੇ ਕੁਝ ਕੁੱਤੇ ਹੋਰ ਵੀ ਸਨ। ਗੋਰਿਆਂ ਨੇ ਰਾਓ ਨੂੰ ਖੂਬ ਸਲਾਹਿਆ। ਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਜਾਨਵਰਾਂ ਦਾ, ਖ਼ਾਸ ਕਰ ਕੁੱਤਿਆਂ ਦਾ ਇਲਾਜ ਬਹੁਤ ਹੀ ਮਹਿੰਗਾ ਹੈ। ਰਾਓ ਦੇ ਪਹਿਲੇ ਇਲਾਜ ਉਪਰ ਅੱਸੀ ਪੌਂਡ ਲੱਗੇ। ਮੈਨੂੰ ਇਹ ਗੱਲ ਸਮਝ ਆਉਣ ਲੱਗ ਪਈ ਕਿ ਬੱਚਾ ਭਾਵੇਂ ਜਾਨਵਰ ਦਾ ਹੀ ਕਿਉਂ ਨਾ  ਹੋਵੇ, ਉਸ ਨੂੰ ਬਹੁਤ ਧਿਆਨ ਦੀ ਲੋੜ ਹੁੰਦੀ ਹੈ।  ਦੋ ਹਫ਼ਤੇ ਬਾਦ ਰਾਓ ਜਦ ਫ਼ਿਰ ਬਿਮਾਰ ਪੈ ਗਿਆ ਤਾਂ ਬੇਟੇ ਨੇ ਰਾਓ ਦਾ (ਹੈਲਥ) ਬੀਮਾਂ ਕਰਵਾ ਦਿੱਤਾ। ਮੈਂ ਦਿਮਾਗ 'ਤੇ ਜੋਰ ਮਾਰਦੀ ਰਹੀ ਕਿ ਲੱਕੀ ਸਾਰੀ ਉਮਰ ਵਿੱਚ ਕਦ ਬਿਮਾਰ ਹੋਇਆ ਸੀ। ਨਹੀਂ, ਮੈਂ ਉਸ ਦੇ ਇਲਾਜ 'ਤੇ ਕਦੇ ਦੋ ਪੈਸੇ ਖ਼ਰਚ ਨਹੀਂ ਕੀਤੇ ਹੋਣੇ। ਮੈਨੂੰ ਕਮਲੀ ਨੂੰ ਉਸ ਨੇ ਪਤਾ ਹੀ ਨਹੀਂ ਸੀ ਲੱਗਣ ਦਿਤਾ ਕਿ ਕਦ ਬਿਮਾਰ ਹੋਇਆ ਜਾਂ ਨਹੀਂ। ਜਦ ਮੈਨੂੰ ਉਸ ਦੇ ਬਿਮਾਰ ਹੋਣ ਦਾ "ਪਹਿਲੀ ਵਾਰ" ਪਤਾ ਚੱਲਿਆ, ਓਦੋਂ ਲੱਕੀ ਨੇ ਆਪਣੇ "ਆਖਰੀ" ਸਾਹ ਤਿਆਗ ਦਿੱਤੇ। ਮੇਰੇ "ਪੌਂਡਾਂ" ਦੀ ਕਮਾਈ ਦਾ ਹਿੱਸੇਦਾਰ ਨਾ ਬਣਿਆ। ਸ਼ਾਇਦ ਉਸ ਦੀਆਂ ਅੱਧ ਖੁੱਲ੍ਹੀਆਂ ਅੱਖਾਂ ਮੈਨੂੰ ਬਹੁਤ ਕੁਝ ਕਹਿ ਗਈਆਂ ਸਨ।

ਹਰ ਕੋਈ ਰਾਓ ਵਾਸਤੇ ਖੂਬ "ਟਰੀਟਸ" ਲੈ ਕੇ ਆਉਣ ਲੱਗ ਪਿਆ। ਮੈਂ ਓਦੋਂ ਭੁਚੱਕੀ ਰਹਿ ਗਈ, ਜਦ ਜਸ਼ਨ ਨੇ ਦੱਸਿਆ, "ਮਾਂ, ਅਗਲੇ ਹਫ਼ਤੇ ਤੋਂ ਰਾਓ ਸਾਹਿਬ ਪੜ੍ਹਨ ਜਾਣਗੇ, ਮੈਂ ਇਸ ਦੀਆਂ ਸੋਸ਼ਲ ਕਲਾਸਾਂ ਬੁੱਕ ਕਰਵਾ ਦਿੱਤੀਆ ਹਨ।"
"ਸੱਚੀ?" ਮੇਰੇ ਮੂੰਹੋਂ ਸਿਰਫ਼ ਇੰਨਾ ਹੀ ਨਿਕਲਿਆ।

"ਹਾਂ ਜੀ, ਕੁੱਤਿਆਂ ਨੂੰ ਸੋਸ਼ਲ ਹੋਣਾ ਸਿਖਾਇਆ ਜਾਣਾ ਜਰੂਰੀ ਹੈ। ਅਗਰ ਕਿਸੇ ਨੂੰ ਕੁੱਤਾ ਵੱਢ ਲਵੇ, ਤਾਂ ਮੋਟਾ  ਜੁਰਮਾਨਾ ਭਰਨਾ ਪੈਂਦਾ ਹੈ, ਬਲਕਿ ਜੇ ਕਰ ਘਰ ਕੁੱਤਾ ਹੋਵੇ, ਤੇ ਮੁੱਖ ਦਰਵਾਜੇ 'ਤੇ ਉਸ ਦੀ ਫ਼ੋਟੋ ਨਾਲ "ਵਾਰਨਿੰਗ" ਵੀ ਲਾਉਣੀ ਪੈਂਦੀ ਹੈ, ਨਹੀਂ ਇਸ ਦਾ ਜੁਰਮਾਨਾ ਵੱਖ ਹੈ।" ਅਮਨ ਨੇ ਸਾਰੀ ਗੱਲ ਖੋਲ੍ਹ ਕੇ ਦੱਸ ਦਿੱਤੀ। ਹਰ ਐਤਵਾਰ ਨੂੰ ਰਾਓ ਦਾ ਸਕੂਲ ਸ਼ੁਰੂ ਹੋ ਗਿਆ। ਰਾਓ ਵੱਡਾ ਹੋਣ ਲੱਗ ਪਿਆ ਤੇ ਉਸ ਨੂੰ ਨਿੱਤ ਕਰਮ ਵਾਸਤੇ ਬਾਹਰ ਲੈ ਕੇ ਜਾਣ ਦੀ ਯੋਜਨਾ ਬਣੀ। ਦੋ ਟਾਇਮ ਬੰਨ੍ਹ ਦਿੱਤੇ। ਸ਼ਾਮ ਦੀ ਡਿਊਟੀ ਮੇਰੇ ਹਿੱਸੇ ਆਈ। ਦਸ ਘੰਟੇ ਬਾਅਦ ਘਰ ਆਉਣਾ ਤੇ ਚਾਹ ਪੀਂਦਿਆਂ ਹੀ ਰਾਓ ਨੂੰ ਪਾਰਕ ਲੈ ਜਾਣਾ। ਘਰ ਆ ਕੇ ਬਾਕੀ ਘਰ ਦੇ ਕੰਮ ਕਰਨੇ ਅਤੇ ਥੱਕ ਕੇ ਚੂਰ ਹੋ ਬਿਸਤਰੇ ਵਿੱਚ ਜਾ ਡਿੱਗਣਾ। ਮੇਰੀਆਂ ਦੋ ਛੁੱਟੀਆਂ ਵੀ ਰਾਓ ਦੇ ਲੇਖੇ ਲੱਗ ਜਾਂਦੀਆਂ ਸਨ । ਪਾਰਕ ਵਿਚ ਰਾਓ ਕੁੱਤੀਆਂ ਦੇ ਮਗਰ ਦੌੜਨ ਲੱਗ ਪਿਆ ਅਤੇ ਪਤਾ ਚੱਲਿਆ ਕਿ ਇਸ ਦੀ "ਨਸਬੰਦੀ" ਕਰਵਾਉਣੀ ਜ਼ਰੂਰੀ ਹੈ।

ਡਾਕਟਰ ਨਾਲ ਸਮਾਂ ਬਣਾ ਕੇ ਉਸ ਦਾ ਆਪਰੇਸ਼ਨ ਕਰਵਾ ਦਿੱਤਾ। ਪੰਦਰਾਂ ਕੁ ਦਿਨ ਰਾਓ ਬਹੁਤ ਔਖਾ ਰਿਹਾ। ਜ਼ਖ਼ਮ ਨੂੰ ਖੁਰਕਣ ਦੇ ਬਚਾਅ ਲਈ ਸਿਰ 'ਤੇ "ਕੋਨ" ਲੱਗਿਆ ਹੋਇਆ ਸੀ, ਜੋ ਘਰ ਵਿੱਚ ਜਗਾਹ ਥੋੜ੍ਹੀ ਹੋਣ ਕਰਕੇ ਉਲਝਦਾ ਰਹਿੰਦਾ ਸੀ। ਦੋ ਵਾਰ ਉਸ ਨੇ ਖੁਰਕ ਕੇ ਆਪਣੇ ਟਾਂਕੇ ਖਿੱਚ ਲਏ ਅਤੇ ਉਸ ਨੂੰ ਐਮਰਜੈਂਸੀ ਲੈ ਜਾਣਾ ਪਿਆ। ਕਰੀਬ ਤਿੰਨ ਸੌ ਪੌਂਡ ਦਾ ਖਰਚ ਆਇਆ। ਉਮਰ ਦੇ ਨਾਲ-ਨਾਲ ਰਾਓ ਬਹੁਤ ਸਮਝਦਾਰ ਹੋ ਰਿਹਾ ਸੀ। ਕਈ ਵਾਰ ਉਸ ਨੂੰ ਜੰਗਲ-ਪਾਣੀ ਦੀ ਤਾਂਘ ਜੋਰ ਮਾਰਦੀ ਤਾਂ ਉਹ ਬੇਚੈਨੀ ਵਿਖਾਉਂਦਾ, ਪਰ ਕੰਟਰੋਲ ਕਰੀ ਰੱਖਦਾ। ਬਾਹਰ ਜਾਣ ਵੇਲੇ ਪਾਰਕ ਵੱਲ ਬੇਹਤਾਸ਼ਾ ਦੌੜਦਾ। ਪਰ ਦੂਜੇ ਪਾਸੇ ਜਦ ਅਸੀਂ ਕਿਤੇ ਬਾਹਰ ਚਲੇ ਜਾਂਦੇ ਅਤੇ ਰਾਓ ਨੂੰ ਇਕੱਲਾ ਘਰੇ ਛੱਡ ਜਾਂਦੇ, ਤਾਂ ਆਪਣਾ ਰੋਸ ਦਿਖਾਉਣ ਲਈ ਬੈੱਡ 'ਤੇ ਹੀ ਟੌਇਲਟ ਕਰ ਦਿੰਦਾ। ਫੇਰ ਬੈੱਡ ਨੂੰ ਪਲਾਸਟਿਕ ਨਾਲ ਕਵਰ ਕਰਨ ਦੀ ਯੋਜਨਾ ਬਣਾਈ ਗਈ।  ਰਾਓ ਦਾ ਮਨ ਪਸੰਦ ਥਾਂ ਸਾਡੇ ਬੈੱਡ ਦੇ ਸਿਰਹਾਣੇ ਵਾਲੀ ਖਿੜਕੀ ਸੀ, ਜਿਸ ਵਿੱਚੋਂ ਮੂੰਹ ਕੱਢੀ ਉਹ ਤੁਰਦੀ ਫ਼ਿਰਦੀ ਦੁਨੀਆਂ ਨੂੰ ਵੇਖਦਾ ਰਹਿੰਦਾ। ਰਾਓ ਦੀ ਆਹ ਟੌਹਰ ਵੇਖ ਕੇ, ਲੱਕੀ ਨੂੰ ਦਿੱਤੀ ਬੋਰੀ ਮੈਨੂੰ ਗੁਨਾਂਹਗਾਰ ਜਿਹਾ ਕਰਾਰ ਦਿੰਦੀ ਰਹਿੰਦੀ। ਹਾਲਾਂ ਕਿ ਇੱਥੇ ਇਤਨੀ ਗਰਮੀ ਨਹੀਂ ਹੁੰਦੀ। ਪਰ "ਹੱਸਕੀ ਬਰੀਡ" ਵਾਸਤੇ ਆਹ ਗਰਮੀ ਵੀ ਜ਼ਿਆਦਾ ਸੀ। ਰਾਓ ਦੀ ਸੁਖ ਸਹੂਲਤ ਵਾਸਤੇ ਰੂਮ ਕੂਲਰ ਅਤੇ ਕੋਲਡ ਸ਼ੀਟ ਲਿਆਂਦੀਆਂ ਗਈਆਂ। ਉਸ ਦੇ ਪਾਣੀ ਵਿੱਚ ਬਰਫ਼ ਪਾਉਣੀ ਪੈਦੀਂ, ਜਿਸ ਨਾਲ ਉਹ ਬਹੁਤ ਖੁਸ਼ ਹੋ ਖੇਡਦਾ ਅਤੇ ਬਰਫ਼ ਚੱਬਣ ਲੱਗ ਪੈਂਦਾ।

ਇਹ ਬਿਲਕੁਲ ਸੱਚ ਹੈ ਕਿ ਇਨਸਾਨ ਸਾਰੀ ਜ਼ਿੰਦਗੀ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ। ਭਾਵੇਂ ਕੁੱਤਾ ਰੱਖਣਾ ਆਮ ਜਿਹੀ ਗੱਲ ਹੈ, ਪਰ ਰਾਓ ਨੂੰ ਰੱਖ ਕੇ ਮੈਨੂੰ ਕੁੱਤਾ ਰੱਖਣ ਦੀ ਜਾਂਚ ਆਈ। ਘਰ ਵਿੱਚ ਕੁੱਤਿਆਂ 'ਤੇ ਬਣੀਆਂ ਇੰਟਰਨੈਸ਼ਨਲ ਫ਼ਿਲਮਾਂ ਨੈੱਟ 'ਤੇ ਵੇਖੀਆਂ ਜਾਣ ਲੱਗੀਆਂ। ਕੁੱਤਿਆਂ ਦੀ ਟਰੇਨਿੰਗ ਦੇ ਵੀਡੀਓ ਦੇਖ ਕੇ ਇੰਨ੍ਹਾਂ ਦੇ ਸੁਭਾਅ ਬਾਰੇ ਸਮਝਣਾ ਸ਼ੁਰੂ ਕੀਤਾ ਗਿਆ। ਆਂਦਰਿਆ ਨੂੰ ਰਾਓ ਬਹੁਤ ਜ਼ਿਆਦਾ ਮੋਹ ਕਰਦਾ ਸੀ ਅਤੇ ਉਹ ਵੀ ਹਰ ਛੁੱਟੀ ਰਾਓ ਨਾਲ ਹੀ ਬਿਤਾਉਣ ਲਈ ਆਪਣੇ ਘਰ ਤੋਂ ਘੰਟੇ ਦਾ ਸਫ਼ਰ ਤਹਿ ਕਰ ਕੇ ਆਉਂਦੀ। ਕਈ ਘੰਟੇ ਪਾਰਕ ਲਿਜਾ ਕੇ, ਦੌੜਾ-ਦੌੜਾ ਕੇ ਰਾਓ ਦੀ ਖੂਬ ਵਰਜਿਸ਼ ਕਰਾਉਂਦੀ। ਖੂਬ ਖਿਡਾਉਣੇ ਅਤੇ ਟਰੀਟਸ ਲਿਆ ਕੇ ਦਿੰਦੀ। ਜਦ ਆਂਦਰਿਆ ਘਰ ਹੁੰਦੀ, ਉਸ ਵਕਤ ਰਾਓ ਕਿਸੇ ਹੋਰ ਦੀ ਘੱਟ ਹੀ ਸੁਣਦਾ ਸੀ। ਸ਼ਾਇਦ ਉਹ ਪਹਿਲੀ ਵਾਰ ਰਾਓ ਨੂੰ ਅਪਣੀ ਗੋਦ ਵਿੱਚ ਬਿਠਾ ਕੇ ਲੈ ਕੇ ਆਈ ਸੀ, ਜਾਂ ਖੂਬ ਟਰੀਟਸ, ਖਿਡਾਉਣੇ ਦਿੰਦੀ ਸੀ, ਜਾਂ ਫੇਰ ਹਰ ਛੁੱਟੀ ਰਾਓ ਦੇ ਲੇਖੇ ਲਾਉਂਦੀ ਤਾਂ ਕਰਕੇ? ਜਾਂ ਫੇਰ ਇੰਜ ਵੀ ਕਿਹਾ ਜਾਂਦਾ ਹੈ ਕਿ ਕੁੱਤਿਆਂ ਨੂੰ "ਡੌਗ ਲਵਰ" ਦੀ "ਸਮੈਲ" ਆ ਜਾਂਦੀ ਹੈ, ਕਿ ਅੰਦਰੋਂ ਕੌਣ ਸੱਚਾ ਪਿਆਰ ਕਰਦਾ ਹੈ? ਕੁਦਰਤ ਨੇ ਚੰਗਾ ਹੀ ਕੀਤਾ ਕਿ ਇੰਜ ਦਾ ਕੋਈ ਗੁਣ ਇਨਸਾਨ ਨੂੰ ਨਹੀ ਦਿੱਤਾ।

"ਮੰਮ, ਮੈਂ ਅਗਲੇ ਹਫ਼ਤੇ ਦੀ ਰਾਓ ਵਾਸਤੇ 'ਗਰੂਮਿੰਗ' ਦੀ ਬੁਕਿੰਗ ਕਰ ਦਿੱਤੀ ਹੈ, ਮੰਗਲਵਾਰ ਮੇਰੀ ਛੁੱਟੀ ਹੈ। ਤੁਸੀਂ ਬੇਫ਼ਿਕਰ ਰਹੋ, ਮੈਂ ਆਪੇ ਹੀ ਲੈ ਜਾਊਂਗੀ।" ਆਂਦਰਿਆ ਨੇ ਕਿਹਾ।
"ਉਹ ਕਿਉਂ?" ਮੈਂ ਖਰਚੇ ਵੱਲੋਂ ਪ੍ਰੇਸ਼ਾਨ ਹੁੰਦਿਆਂ ਕਿਹਾ।
"ਇੰਨ੍ਹਾਂ ਦੇ ਸਰੀਰ ਦੀ ਪੂਰੀ ਸਫ਼ਾਈ ਜਰੂਰੀ ਹੁੰਦੀ ਹੈ, ਵਾਧੂ ਵਾਲ ਨਿਕਲ ਜਾਂਦੇ ਹਨ।"

ਮੰਗਲਵਾਰ ਜਦ ਅਸੀਂ ਕੰਮ ਤੋਂ ਘਰ ਆਏ ਤਾਂ ਦੇਖਿਆ ਵਾਕਿਆ ਹੀ ਰਾਓ ਲਿਸ਼ਕਾਂ ਮਾਰ ਰਿਹਾ ਸੀ ।

ਅਗਲੇ ਹਫ਼ਤੇ ਹੀ ਇੱਕ ਵੱਡੀ ਸਾਰੀ ਗਰੂਮਿੰਗ ਕਿੱਟ ਆਰਡਰ ਕਰ ਕੇ ਘਰ ਮੰਗਵਾ ਲਈ। ਇੱਕ ਛੋਟਾ ਹੂਵਰ ਵਾਲ ਇਕੱਠੇ ਕਰਨ ਲਈ ਅਤੇ ਇੱਕ ਵੱਡਾ ਹੇਅਰ ਡਰਾਇਰ ਵਾਲ ਸੁਕਾਉਣ ਲਈ ਰਾਓ ਲਈ ਆ ਗਿਆ। ਹਫ਼ਤੇ ਵਿੱਚ ਦੋ ਵਾਰ ਨਹਾਉਣਾ, ਸੁਕਾਉਣਾ ਅਤੇ ਚਾਰ ਮਹੀਨੇ ਮਗਰੋਂ 'ਗਰੂਮਿੰਗ' ਬੁੱਕ ਕਰਵਾਉਣੀ ਸ਼ੁਰੂ ਹੋ ਗਈ।

ਛੁੱਟੀਆਂ ਵਿੱਚ ਆਸਟਰੀਆ ਤੋਂ ਮੇਰੀ ਭਤੀਜੀ ਆਪਣੇ ਪੰਜ ਸਾਲ ਦੇ ਬੇਟੇ ਨਾਲ ਮੇਰੇ ਕੋਲ ਰਹਿਣ ਆਈ। ਦੋ ਕੁ ਦਿਨ ਬਾਅਦ ਸਾਨੂੰ ਲੱਗਿਆ ਕਿ ਘਰ ਵਿਚ ਥਾਂ ਘੱਟ ਹੈ। ਇਸ ਲਈ ਰਾਓ ਨੂੰ ਡੌਗ ਟਰੇਨਿੰਗ ਕਲਾਸਾਂ 'ਚ ਪਾਉਣ ਦਾ ਫੈਸਲਾ ਕੀਤਾ। ਦੋ ਹਫ਼ਤੇ ਵਾਸਤੇ ਉਸ ਨੂੰ ਟਰੇਨਿੰਗ 'ਤੇ ਭੇਜ ਦਿੱਤਾ। ਪਹਿਲੀ ਵਾਰ ਮੈਨੂੰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਕੁੱਤੇ ਨੂੰ ਕਿੰਜ ਸਿਖਲਾਈ ਦਿੱਤੀ ਜਾਂਦੀ ਹੈ। ਹਰ ਟਰੇਨਿੰਗ 'ਤੇ ਖੂਬ ਸਾਰੀ ਟਰੀਟਸ ਦਿੱਤੀ ਜਾਂਦੀ ਹੈ, ਨਾ ਕਿ ਕੁੱਟਿਆ ਜਾਂਦਾ ਹੈ, ਜੋ ਕਿ ਮੈਂ ਸਬਕ ਸਿਖਾਉਣ ਲਈ ਲੱਕੀ ਨਾਲ ਕੀਤਾ ਸੀ। ਮੈਂ ਉਸ ਨੂੰ ਸਿਰਫ਼ ਟੌਇਲਟ ਜਾਣਾ ਹੀ ਸਿਖਾਇਆ ਸੀ, ਜੋ ਕਿ ਆਪਣੀ ਜਾਨ ਸੌਖੀ ਕਰਨ ਲਈ ਕੁੱਟ ਮਾਰ ਕੇ ਸਿਖਾ ਦਿੱਤਾ ਸੀ। ਬਾਕੀ ਮੈਨੂੰ ਹੋਰ ਕੁਝ ਸਿਖਾਉਣ ਦੀ ਜ਼ਰੂਰਤ ਹੀ ਨਹੀ ਮਹਿਸੂਸ ਹੋਈ ਸੀ। ਪਰ ਰਾਓ ਨੂੰ ਬਹੁਤਾ ਕੁਝ ਘਰ ਹੀ ਬੈਠਿਆਂ ਨੇ ਸਿਖਾ ਦਿੱਤਾ ਸੀ। 'ਨ੍ਹੋ ਰਾਓ', 'ਯੈੱਸ ਬੇਬੀ', ਗੁੱਡ ਬੋਆਏ', 'ਗਿਵ ਮੀ ਪੌਅ', 'ਇਨ ਯੂਅਰ ਬੈੱਡ', 'ਇੱਟਸ ਯੋਅਰ', 'ਬੈਡ ਬੋਆਏ', 'ਕਮ ਔਨ', 'ਡਾਊਨ', 'ਅੱਪ', ਇਸ ਤੋਂ ਵੀ ਜ਼ਿਆਦਾ ਉਸ ਨੂੰ ਕਾਫ਼ੀ ਕੁਝ ਸਿਖਾ ਦਿੱਤਾ ਸੀ।

ਰਾਓ ਦੇ ਟਰੇਨਿੰਗ 'ਤੇ ਜਾਣ ਬਾਅਦ ਘਰ ਵਿੱਚ ਹਰ ਰੋਜ਼ ਉਸ ਦਾ ਜ਼ਿਕਰ ਹੋ ਜਾਂਦਾ ਸੀ। ਉਸ ਨੇ ਵੀ ਸਾਨੂੰ ਇੰਨਾਂ ਹੀ "ਮਿੱਸ" ਕੀਤਾ ਸੀ। ਜਿਸ ਦਿਨ ਉਸ ਨੂੰ ਲੈਣ ਗਏ ਤਾਂ ਉਸ ਨੇ ਲਿਪਟ-ਲਿਪਟ ਕੇ ਬਹੁਤ ਬੈਚੇਨੀ ਵਿਖਾਈ। ਨਿੱਕੀਆਂ-ਨਿੱਕੀਆਂ ਦੰਦੀਆਂ ਮਾਰ ਕੇ ਰੋਸਾ ਵੀ ਵਿਖਾਇਆ ਕਿ ਘਰੋਂ ਦੂਰ ਕਿਉਂ ਕੀਤਾ ਸੀ? ਭਤੀਜੀ ਚਲੀ ਗਈ ਤੇ ਰਾਓ ਘਰ ਆ ਗਿਆ। ਮੈਨੂੰ ਯਾਦ ਹੈ ਸ਼ਾਇਦ ਇਤਨੇ ਖਿਡਾਉਣੇ ਮੈਂ ਬਚਪਨ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਸੀ ਲਿਆ ਕੇ ਦਿੱਤੇ ਹੋਣੇ, ਜਿੰਨੇ ਰਾਓ ਵਾਸਤੇ ਆਉਂਦੇ ਸੀ । ਰਾਓ ਨੂੰ ਵੀ ਜਿਵੇਂ ਆਪਣੇ ਖਿਡਾਉਣੇ ਪਤਾ ਸੀ। ਘਰ ਵਿੱਚ ਹੋਰ ਵੀ ਬਹੁਤ ਕੁਝ ਸੀ, ਪਰ ਉਹ ਆਪਣੇ ਹੀ ਖਿਡਾਉਣੇ ਟੋਕਰੀ ਵਿੱਚੋਂ ਕੱਢਦਾ ਅਤੇ ਕਿਸੇ ਖਰੂਦੀ ਬੱਚੇ ਵਾਂਗ ਪਾੜ, ਖੇਡ ਕੇ ਖਿਲਾਰ ਦਿੰਦਾ। ਜਦ ਮੈਂ ਬੇਟੇ ਨੂੰ ਕਿਹਾ ਕਿ ਕੁੱਤੇ ਨੇ ਤੇ ਖਿਡਾਉਣੇ ਪਾੜ ਕੇ ਲੀਰੋ-ਲੀਰ ਹੀ ਕਰ ਦੇਣੇ ਹਨ, ਫੇਰ ਕਿਉਂ ਲਿਆਉਂਦੇ ਹੋ? ਵਾਧੂ ਦਾ ਖਿਲਾਰਾ ਹੀ ਪੈਂਦਾ ਹੈ।

"ਮੰਮ, ਕੁੱਤੇ ਵੀ ਖੇਡ ਕੇ ਆਨੰਦ ਲੈਂਦੇ ਨੇ, ਇਹਨਾਂ ਦੇ ਵਿਕਾਸ ਲਈ ਜ਼ਰੂਰੀ ਹੈ, ਨਹੀਂ ਤੇ ਘਰ ਵਿੱਚ ਕੁਝ ਹੋਰ ਪਾੜ-ਝੀੜ ਕਰੂਗਾ!" ਬੇਟੇ ਨੇ ਮੇਰੇ ਸਵਾਲ ਦਾ ਸਪੱਸ਼ਟੀਕਰਣ ਦਿੱਤਾ। ਲੱਕੀ ਦੀ ਇੱਕ ਪੁਰਾਣੀ ਘਟਨਾ ਦੀ ਘੰਟੀ ਜਿਵੇਂ ਦਿਮਾਗ ਵਿੱਚ ਵੱਜ ਗਈ, "ਆਹ ਕੀ ਕੀਤਾ….?" ਕਹਿੰਦੇ ਹੋਏ ਮੈਂ ਦੋ-ਚਾਰ ਲੱਕੀ ਦੇ ਛੱਡਦੇ ਹੋਏ ਜੁਰਾਬ ਉਸ ਦੇ ਮੂੰਹ 'ਚੋਂ ਖਿੱਚਣ ਲੱਗ ਪਈ। ਉਸ ਦਾ ਤਕਰੀਬਨ ਰੋਜ਼ ਦਾ ਹੀ ਕੰਮ ਹੋ ਗਿਆ ਸੀ ਕੱਪੜੇ ਪਾੜਨਾ, ਜੋ ਮੈਂ ਧੋ ਕੇ ਸੁਕਾਉਣ ਲਈ ਛੱਤ 'ਤੇ ਪਾ ਕੇ ਆਉਂਦੀ ਸੀ। ਉਸ ਦੀਆਂ ਅਜਿਹੀਆਂ ਗਲਤੀਆਂ ਕਾਰਨ ਉਸ ਨੂੰ ਰੋਜ਼ ਹੀ ਮਾਰ ਪੈਦੀਂ। ਮੈਨੂੰ ਤਾਂ ਸਮਝ ਨਹੀਂ ਆਈ, ਪਰ ਲੱਕੀ ਮਾਰ ਤੋਂ ਬਚਣ ਵਾਸਤੇ ਸਮਝ ਗਿਆ ਸੀ ਕਿ ਹੁਣ ਘਰ ਦੇ ਕੱਪੜੇ ਨਹੀ ਪਾੜਨੇ। ਉਹ ਨਾਲ ਲੱਗਦਿਆਂ ਘਰਾਂ ਤੋਂ ਕੱਪੜੇ ਚੁੱਕ ਦੰਦੀਆਂ ਨਾਲ ਪਾੜ ਦਿੰਦਾ। ਪਰੰਤੂ ਥੋੜ੍ਹਾ ਸਿਆਣਾ ਹੋਣ 'ਤੇ ਸਭ ਨੁਕਸਾਨ ਕਰਨੇ ਛੱਡ ਗਿਆ ਸੀ। ……ਪਰ ਇਤਨੀ ਪੁਰਾਣੀ ਘਟਨਾ ਨੂੰ ਰਾਓ ਦੀਆਂ ਆਦਤਾਂ ਨੇ ਜੀਵਤ ਕਰ ਦਿੱਤਾ। ਰਾਓ ਨੂੰ ਪਾਲਦੇ ਹੋਏ ਮੈਂ ਬਹੁਤ ਵਾਰੀ ਲੱਕੀ ਵਾਸਤੇ ਕਿਤੇ ਆਪਣੇ ਵਿਵਹਾਰ ਵਾਸਤੇ ਸ਼ਰਮਿੰਦਾ ਹੋਈ ਅਤੇ ਉਸ ਪਾਕਿ ਰੂਹ ਤੋਂ ਹੱਥ ਜੋੜ ਮੁਆਫ਼ੀ ਵੀ ਮੰਗੀ, ਅਤੇ ਆਪਣੇ ਮਨ ਵਿੱਚ ਪ੍ਰਣ ਵੀ ਕੀਤਾ ਕਿ ਰਾਓ ਨੂੰ ਪੂਰਾ ਪਿਆਰ ਦੇ ਕੇ ਪਾਛਚਾਤਾਪ ਕਰੂੰਗੀ।

ਘਰ ਛੋਟਾ ਹੋਣ ਕਰਕੇ ਜਿੰਨੀਆਂ ਮੁਸ਼ਕਲਾਂ ਕੁੱਤੇ ਕਰਕੇ ਸਾਨੂੰ ਹੋ ਰਹੀਆਂ ਸੀ, ਸ਼ਾਇਦ ਉਸ ਨੂੰ ਵੀ ਓਨਾਂ ਹੀ ਔਖਾ ਹੁੰਦਾ ਸੀ । ਉਸ ਦੇ ਤੁਰਨ ਫ਼ਿਰਨ ਅਤੇ ਖੇਡਣ ਕੁੱਦਣ ਵਾਸਤੇ ਥਾਂ ਬਹੁਤ ਘੱਟ ਸੀ। ਪਰ ਰੱਬ ਕਿਤੇ ਸਾਡੀ ਪਰੇਸ਼ਾਨੀ ਨੂੰ ਸਮਝ ਰਿਹਾ ਸੀ। ਇੱਕ ਸਾਲ ਵਿੱਚ ਅਸੀਂ ਆਪਣਾ ਵੱਡਾ ਘਰ ਲੈ ਲਿਆ। ਰਾਓ ਦਾ ਜਨਮ ਦਿਨ ਨਵੇਂ ਘਰ ਵਿੱਚ ਕੇਕ ਕੱਟ ਕੇ ਮਨਾਇਆ ਗਿਆ। ਦੋਸਤ ਬੁਲਾਏ ਗਏ ਤੇ ਪਾਰਟੀ ਦਿੱਤੀ ਗਈ। ਹੁਣ ਰਾਓ ਕੋਲ ਖੇਡਣ ਵਾਸਤੇ ਖੁੱਲ੍ਹੀ ਡੁੱਲ੍ਹੀ ਥਾਂ ਸੀ। ਗਾਰਡਨ ਸੀ, ਇਸ ਲਈ "ਨਿੱਤ ਕਰਮ" ਵਾਸਤੇ ਹੁਣ ਉਸ ਨੂੰ ਕੁਝ ਕੰਟਰੋਲ ਨਹੀਂ ਸੀ ਕਰਨਾ ਪੈਂਦਾ। ਦਿਨ ਵਿੱਚ ਕਈ ਵਾਰ ਗਾਰਡਨ ਵਿੱਚ ਜਾਂਦਾ। ਘਰ ਦੇ ਕੋਲ ਬਹੁਤ ਵੱਡੇ ਵਿਸ਼ਾਲ ਪਾਰਕ ਸਨ, ਓਥੇ ਦੌੜ ਲੁਆਉਣ ਲੈ ਜਾਂਦੇ। ਰਾਓ ਦੀ ਚੜ੍ਹਦੀ ਉਮਰ ਕਰਕੇ ਉਸ ਨੂੰ ਵਿਸ਼ੇਸ਼ ਖੁਰਾਕ ਵਿੱਚ ਅੰਡੇ ਅਤੇ ਮੀਟ ਉਬਾਲ ਕੇ ਦਿੱਤਾ ਜਾਂਦਾ।

"ਰਾਓ ਨੂੰ ਹੱਡੀਆਂ ਨਹੀਂ ਦੇਣੀਆਂ!" ਮੈਨੂੰ ਬੇਟੇ ਤੋਂ ਨਿਰਦੇਸ਼ ਮਿਲਿਆ ਅਤੇ ਨਾਲ ਹੀ ਮੀਟ ਦੀਆਂ ਚੰਗੀ ਤਰ੍ਹਾਂ ਚੂਸੀਆਂ ਹੱਡੀਆਂ ਨੂੰ ਵੀ ਲੱਕੀ ਬਹੁਤ ਲਲਚਾਈਆਂ ਅੱਖਾਂ ਨਾਲ ਵੇਖ ਉਸ ਨੂੰ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ, ਮੈਨੂੰ ਰਾਓ ਦਾ ਯੋਜਨਾ-ਬੱਧੀ ਖਾਣਾ ਬਣਾਉਂਦਿਆਂ ਲੱਕੀ ਦੀ ਮਾਸੂਮੀਅਤ ਯਾਦ ਆ ਗਈ।

ਇਸੇ ਸਾਲ ਸਾਰੇ ਪਰਿਵਾਰ ਨੂੰ ਇੰਡੀਆ ਜਾਣਾ ਪੈ ਗਿਆ।

ਰਾਓ ਜੀ ਵਾਸਤੇ ਜਹਾਜ ਦੀ ਟਿਕਟ ਬੁੱਕ ਕਰਨ ਵਾਸਤੇ ਪੁੱਛਿਆ ਤਾਂ ਪਤਾ ਚੱਲਿਆ ਕਿ ਇੰਡੀਆ ਦਾ ਵਾਤਾਵਰਣ ਗਰਮ ਹੋਣ ਕਰਕੇ "ਸਾਇਬੇਰਿਅਨ ਹੱਸਕੀ' ਨੂੰ ਲੈ ਜਾਣ ਦੀ ਇਜਾਜ਼ਤ ਨਹੀਂ ਹੈ, ਜਾਂ ਫ਼ਿਰ  ਇੱਕ ਲੰਬੀ ਪ੍ਰਗਤੀ ਅਤੇ ਪ੍ਰਕਿਰਿਆ ਵਿੱਚ ਦੀ ਗੁਜ਼ਰਨਾ ਪੈਣਾ ਹੈ। ਖ਼ੈਰ, ਰਾਓ ਵਾਸਤੇ ਇੱਕ ਹੋਰ ਟਰੇਨਿੰਗ ਦੀ ਬੁੱਕਿੰਗ ਹੋ ਗਈ। ਇਸ ਵਾਰ ਦੀ ਬੁੱਕਿੰਗ ਬਹੁਤ ਮਹਿੰਗੀ ਸੀ। ਕੰਪਨੀ ਨੇ ਬਹੁਤ ਸਾਰੇ ਵੀਡੀਓ ਵਿਖਾ ਕੇ ਬਹੁਤ ਕੁਝ ਸਿਖਾਉਣ ਦਾ ਵਾਅਦਾ ਕੀਤਾ। ਸਾਨੂੰ ਵੀ ਲੱਗਿਆ ਕਿ ਇਸ ਟਰੇਨਿੰਗ ਤੋਂ ਬਾਅਦ ਰਾਓ ਜਿਵੇਂ ਕੋਈ "ਬੁੱਧੀਜੀਵੀ" ਹੀ ਬਣ ਜਾਵੇਗਾ।

ਪਰੰਤੂ ਹੋਰ ਕੋਈ ਚਾਰਾ ਨਹੀ ਸੀ । ਰਾਓ ਟਰੇਨਿੰਗ ਉਪਰ ਗਿਆ ਅਤੇ ਅਸੀਂ ਇੰਡੀਆ ਚਲੇ ਗਏ।

ਇੱਕ ਮਹੀਨੇ ਬਾਦ ਰਾਓ ਨੂੰ ਵਾਪਿਸ ਲਿਆਂਦਾ ਗਿਆ। ਪਰ ਉਸ ਵਿੱਚ ਕੁਝ ਵੀ ਤਬਦੀਲੀ ਨਹੀਂ ਸੀ। ਸ਼ਾਇਦ ਰਾਓ ਜ਼ਿਆਦਾ ਹੀ ਸਮਝਦਾਰ ਸੀ ਅਤੇ ਸਮਝ ਗਿਆ ਸੀ ਕਿ ਟਰੇਨਿੰਗ 'ਤੇ ਕੁਝ ਨਾ ਸਿਖਣ ਵਿੱਚ ਹੀ ਫ਼ਾਇਦਾ ਹੈ, ਨਹੀਂ ਤਾਂ ਵਾਰ-ਵਾਰ ਘਰੋਂ ਦੂਰ ਰਹਿਣਾ ਪਵੇਗਾ। ਸ਼ਾਇਦ ਉਹਨਾਂ ਨੇ ਉਸ ਨੂੰ ਪਿੰਜਰੇ-ਨੁਮਾਂ ਕੈਦ ਵਿੱਚ ਰੱਖਿਆ ਸੀ, ਅਤੇ ਅਜ਼ਾਦ ਹੋਣ ਦੇ ਮਕਸਦ ਨਾਲ ਪਿੰਜਰਾ ਟੁੱਕਦੇ ਦਾ ਉਸ ਦਾ ਇੱਕ ਦੰਦ ਅੱਧਾ ਟੁੱਟ ਗਿਆ ਸੀ। ਜਿਸ ਦਾ ਸਾਨੂੰ ਬਹੁਤ ਅਫ਼ਸੋਸ ਰਹੇਗਾ।

ਮੈਂ ਇੰਡੀਆ ਇੱਕ ਮਹੀਨਾ ਜ਼ਿਆਦਾ ਰਹੀ। ਪਿੱਛੋਂ ਬੱਚਿਆਂ ਨੂੰ ਰਾਓ ਰੱਖਣਾ ਬਹੁਤ ਔਖਾ ਹੋ ਗਿਆ ਸੀ। ਮੇਰੇ ਵਾਪਿਸ ਆਉਣ 'ਤੇ ਬੱਚਿਆਂ ਨੇ ਸੁਖ ਦਾ ਸਾਹ ਲਿਆ। ਮੈਂ ਨਵੀਂ ਜੌਬ ਲੱਭ ਰਹੀ ਸੀ। ਘਰ ਵੱਡਾ ਹੋਣ ਕਰਕੇ ਕੰਮ ਜ਼ਿਆਦਾ ਹੋ ਗਿਆ ਅਤੇ ਜੌਬ ਨਾ ਹੋਣ ਕਰਕੇ ਰਾਓ ਦੀ ਹਰ ਰੋਜ਼ ਦੇ ਸਾਰੇ ਕੰਮਾਂ ਦੇ ਨਾਲ-ਨਾਲ ਉਸ ਦੀ ਦੀ ਸੈਰ, ਸੈਂਪੂ, ਕੰਘੀ ਮੇਰੇ ਹਿੱਸੇ ਆ ਗਈ।

ਜਸ਼ਨ ਦੇ ਘਰ ਆਉਂਦਿਆਂ ਹੀ ਰਾਓ ਨੂੰ ਕਹਿੰਦਾ, "ਆਈ ਕਾਂਟ ਸੀ ਮਾਈ ਰਾਓ…..!" ਜਵਾਬ ਵਿਚ ਰਾਓ ਲੰਬਾ ਜਿਹਾ ਭੌਂਕ ਕੇ ਹੁੰਗਾਰਾ ਭਰਨ ਲੱਗ ਪੈਂਦਾ। ਅਮਨ ਕੋਲ ਰੱਸੀ ਚੁੱਕ ਕੇ ਲੈ ਕੇ ਆਉਂਦਾ ਅਤੇ ਆਪਣੇ ਨਾਲ ਖੇਡਣ ਲਈ ਖਿੱਚਦਾ। ਰਾਓ ਆਪਣੀ ਮੌਜੂਦਗੀ ਦਾ ਪ੍ਰਮਾਣ ਉਹਨਾਂ ਨੂੰ ਦਿੰਦਾ ਸੀ। ਮੈਂ ਤੇ ਰਾਓ ਜ਼ਿਆਦਾ ਸਮਾਂ ਇਕੱਠੇ ਰਹਿਣ ਕਰਕੇ ਇੱਕ ਦੂਜੇ ਦਾ ਜ਼ਿਆਦਾ ਮੋਹ ਕਰਨ ਲੱਗ ਪਏ ਸੀ। ਮੈਂ ਰਸੋਈ, ਗਾਰਡਨ ਜਾਂ ਕਿਤੇ ਵੀ ਹੋਣਾ, ਰਾਓ ਨੇ ਮੇਰੇ ਨਜ਼ਦੀਕ ਬੈਠ ਜਾਣਾ। ਮੈਨੂੰ ਸਮਝ ਆ ਗਿਆ ਕਿ ਪਿਆਰ ਨੂੰ ਭਾਸ਼ਾ ਦੀ ਕੋਈ ਲੋੜ ਨਹੀਂ ਹੁੰਦੀ। ਮੋਹ ਮਮਤਾ ਦੇ ਧਾਗੇ ਸਾਨੂੰ ਦੋਹਾਂ ਨੂੰ ਬੰਨ੍ਹੀ ਬੈਠੇ ਸਨ।

ਅਚਾਨਕ ਜ਼ਿੰਦਗੀ ਨੇ ਇੱਕ ਹੋਰ ਪਲਟਾ ਮਾਰਿਆ। ਜਸ਼ਨ ਨੂੰ ਕੁੱਤੇ ਦੇ ਵਾਲਾਂ ਤੋਂ ਕੁਝ "ਐਲਰਜੀ" ਹੋ ਗਈ। ਉਹ ਹੁਣ ਰਾਓ ਨੂੰ ਬਹੁਤ ਘੱਟ ਟਾਈਮ ਦਿੰਦਾ। ਅਮਨ ਵੀ ਲੰਮੀਆਂ ਸ਼ਿਫਟਾਂ ਕਰਕੇ ਕੰਮ ਤੋਂ ਬਹੁਤ ਥੱਕਿਆ ਮਹਿਸੂਸ ਕਰਦਾ। ਮੈਂ ਤਿੰਨ ਦਿਨ ਰਾਓ ਨਾਲ ਸੈਰ 'ਤੇ ਜਾਂਦੀ। ਬਾਕੀ ਦਿਨਾਂ ਵਿੱਚ ਬੱਚਿਆਂ ਤੋਂ ਉਮੀਦ ਕਰਦੀ। ਪਰ ਗੱਲ ਬਣ ਨਹੀ ਸੀ ਰਹੀ। ਬੱਚਿਆਂ ਨੇ ਜ਼ਿਦ ਕਰਕੇ ਰਾਓ ਲੈ ਤਾਂ ਜ਼ਰੂਰ ਲਿਆ ਸੀ, ਪਰ ਕਿੰਨੀਆਂ ਜਿੰਮੇਵਾਰੀਆਂ ਹੋਰ ਵੀ ਉਸ ਨਾਲ ਜੁੜ ਜਾਣਗੀਆਂ, ਉਸ ਦਾ ਅਹਿਸਾਸ ਰਾਓ ਦੇ ਆਉਣ ਤੋਂ ਬਾਅਦ ਹੋਇਆ। ਮੈਂ ਵੀ ਜੌਬ ਕਰਨ ਨੂੰ ਕਾਹਲੀ ਪੈ ਰਹੀ ਸੀ, ਜਾਂ ਸ਼ਾਇਦ ਘਰ ਵਿਹਲੀ ਰਹਿ ਕੇ ਅੱਕ ਗਈ ਸੀ।

ਮੇਰੀ ਮਾਨਸਿਕ ਹਾਲਤ ਓਦੋਂ ਹੋਰ ਖਰਾਬ ਹੋ ਗਈ, ਜਦੋਂ ਪਤਾ ਲੱਗਿਆ ਕਿ ਮੇਰੀ ਬਿਰਧ ਮਾਂ ਕੈਂਸਰ ਗ੍ਰਸਤ ਹੋ ਗਈ ਹੈ। ਮੈਂ ਇੰਡੀਆ ਜਾਣ ਬਾਰੇ ਸੋਚਣ ਲੱਗ ਪਈ। ਮਾਂ-ਪਿਉ ਦੇ ਜਿਉਂਦੇ ਜੀਅ ਉਹਨਾਂ ਦੇ ਪਿਆਰ ਨੂੰ ਜਿੰਨਾਂ ਮਾਣਿਆ ਜਾਏ, ਤਾਂ ਜ਼ਰੂਰ ਮਾਨਣਾ ਚਾਹੀਦਾ। ਮਜਬੂਰੀਆਂ ਤਾਂ ਜ਼ਿੰਦਗੀ  ਦੇ ਹਰ ਮੋੜ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਮੀਲ ਪੱਥਰ ਵਾਂਗ ਖੜ੍ਹੀਆਂ ਹੀ ਰਹਿੰਦੀਆਂ ਹਨ। ਮੇਰੇ ਪਾਪਾ ਜਦ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਸੀ, ਉਸ ਵੇਲੇ ਮੈਂ ਵਿਦੇਸ਼ ਵਿੱਚ ਪੱਕੀ ਨਹੀਂ ਸੀ ਹੋਈ ਅਤੇ ਮੈਨੂੰ ਆਪਣੇ ਦੋ ਬੇਟਿਆਂ ਦੇ ਭਵਿੱਖ ਦਾ ਵੀ ਬਹੁਤ ਫ਼ਿਕਰ ਸੀ, ਇਸ ਲਈ ਪਿਤਾ ਜੀ ਦੇ ਆਖਰੀ ਦਰਸ਼ਣ ਨਹੀਂ ਸੀ ਕਰ ਸਕੀਂ, ਜਿਸ ਦਾ ਮਲਾਲ ਅੱਜ ਵੀ ਹੁੰਦਾ ਹੈ। ਕਈ ਵਾਰ ਸਾਡੀਆਂ ਮਜਬੂਰੀਆਂ ਸਾਡੇ ਫ਼ਰਜ਼ ਤੋਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਹਨ। ਪਰ ਮੈਂ ਮਾਂ ਨੂੰ ਗਲਵਕੜੀ ਵਿੱਚ ਲੈ ਲੈਣਾ ਚਾਹੁੰਦੀ ਸੀ, ਜਿਵੇਂ ਮੇਰੇ ਬਿਮਾਰ ਹੋਣ 'ਤੇ ਮਾਂ ਮੈਨੂੰ ਗੋਦ ਵਿੱਚ ਲੈ ਕੇ ਰਾਤਾਂ ਨੂੰ ਜਾਗਦੀ ਰਹਿੰਦੀ ਸੀ। ਸੋਚ ਵਿਚਾਰ ਤੋਂ ਬਾਅਦ ਮੈਂ ਤਿੰਨ ਮਹੀਨੇ ਦੀ ਟਿਕਟ ਬੁੱਕ ਕਰਵਾ ਲਈ।

ਹੁਣ ਰਾਓ ਇੱਕ ਸਵਾਲ ਬਣ ਰਿਹਾ ਸੀ। ਅਣਮੰਨੇ ਮਨ ਨਾਲ ਰਾਓ ਨੂੰ "ਰੀਹੋਮ" ਕਰਵਾਉਣ ਲਈ ਕਾਰਵਾਈ ਸ਼ੁਰੂ ਹੋ ਗਈ। "ਡੌਗ ਟਰੱਸਟ" ਵਾਲਿਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਅਤੇ ਇੱਕ ਸਥਾਨਕ "ਡੌਗ ਟਰੱਸਟ" ਨਾਲ ਗੱਲ ਨਿਬੜ ਗਈ।

……ਫ਼ੋਨ ਤੋਂ ਫ਼ਾਰਿਗ ਹੋ ਕੇ ਜਸ਼ਨ ਨੇ ਦੱਸਿਆ ਕਿ ਦੋ ਹਫ਼ਤੇ ਬਾਅਦ ਰਾਓ ਚਲਿਆ ਜਾਵੇਗਾ। ਮੇਰੇ ਕੋਲ ਕੋਈ ਉੱਤਰ ਜਾਂ ਇਸ ਦਾ ਕੋਈ ਬਦਲ ਨਹੀਂ ਸੀ। ਮੈਂ ਰਾਓ ਨੂੰ ਜੱਫ਼ੀ ਵਿੱਚ ਲੈ ਲਿਆ ਅਤੇ ਹੰਝੂਆਂ ਦਾ ਹੜ੍ਹ ਖੁੱਲ੍ਹ ਗਿਆ। ਉਸ ਦੇ ਅਗਲੇ ਪੌਂਚਿਆਂ ਨੂੰ ਹੱਥਾਂ 'ਚ ਫ਼ੜੀ, ਮੈਂ ਕਮਲੀ ਹੋਈ, ਮੁਆਫ਼ੀਆਂ ਮੰਗੀ ਜਾ ਰਹੀ ਸੀ। ਹੱਥੀਂ ਪਾਲੇ ਰਾਓ ਦੇ ਮੈਂ ਇੱਕ ਤਰ੍ਹਾਂ ਨਾਲ ਪੈਰੀਂ ਡਿੱਗੀ ਹੋਈ ਸੀ। ਇਨਸਾਨ ਕਿੰਨੀਆਂ ਮਜਬੂਰੀਆਂ ਤੇ ਬੰਧਨਾਂ ਵਾਲਾ ਜੀਵਨ ਜਿਉਂਦਾ ਹੈ। ਰਾਓ ਮੈਨੂੰ ਮੁਆਫ਼ ਕਰ ਦੇਈਂ, ਮੈਂ ਬੇਵੱਸ ਹਾਂ……! ਮੈਨੂੰ ਮੁਆਫ਼ ਕਰੀਂ ਮੇਰੇ ਬੱਚੇ, ਮੈਂ ਮਜਬੂਰ ਹਾਂ….! ਅੰਦਰੋਂ ਕੁਰਲਾਉਂਦੀ ਹੋਈ ਕਦੇ ਮੈਂ ਉਸ ਦੇ ਪੌਂਚੇ ਫ਼ੜ ਕੇ ਮੁਆਫ਼ੀ ਲਈ ਅਰਜੋਈਆਂ ਕਰਦੀ ਹੋਈ, ਕਿਤੇ ਨਾ ਕਿਤੇ ਲੱਕੀ ਨਾਲ ਹੋਏ ਵਿਵਹਾਰ 'ਤੇ ਸ਼ਰਮਿੰਦਾ ਸੀ, ਇਸ ਲਈ ਕਦੇ ਬੇਚੈਨ ਹੋ ਉਸ ਨੂੰ ਗਲਵਕੜੀ ਪਾਉਂਦੀ।  ਸ਼ਾਇਦ ਰਾਓ ਪੈਣ ਵਾਲੇ ਇਸ ਵਿਛੋੜੇ ਤੋਂ ਬਿਲਕੁਲ ਅਣਜਾਣ ਸੀ।

ਮੇਰੇ ਮਨ ਵਿੱਚ ਆਇਆ ਕਿ ਆਂਦਰਿਆ ਵੀ ਰਾਓ ਨੂੰ ਮਿਲ ਲਵੇ, ਇਸ ਲਈ ਬੇਟੇ ਨੂੰ ਪੁੱਛਿਆ ਕਿ ਕਿੰਨੇ ਦਿਨਾਂ ਤੋਂ ਆਂਦਰਿਆ ਨਹੀ ਆਈ, ਉਸ ਨੂੰ ਵੀ ਦੱਸ ਦਿਓ ਕਿ ਰਾਓ ਜਾ ਰਿਹਾ ਹੈ, ਆ ਕੇ ਮਿਲ ਲਵੇ। ਅਮਨ ਨੇ ਦੱਸਿਆ ਕਿ ਜਦ ਆਂਦਰਿਆ ਨੂੰ ਦੱਸਿਆ ਕਿ ਰਾਓ ਨੂੰ "ਰੀਹੋਮ" ਕਰਵਾਉਣ ਦੀ ਸੋਚ ਰਹੇ ਹਾਂ ਤਾਂ ਉਹ ਬੋਲੀ, "ਤੁਸੀ ਉਸ ਨੂੰ ਕਿਵੇਂ ਛੱਡ ਸਕਦੇ ਹੋ, ਉਹ ਤੁਹਾਡਾ ਬੱਚਾ ਹੈ, ਪਰਿਵਾਰ ਦਾ ਹਿੱਸਾ ਹੈ, ਕੀ ਤੁਸੀਂ ਆਪਣਾ ਬੱਚਾ ਛੱਡ ਸਕਦੇ ਹੋ?  ਮੈਂ ਝੋਲੀ ਅੱਡ ਕੇ ਉਹਦੇ ਲਈ ਭੀਖ ਮੰਗਦੀ ਹਾਂ, ਪਲੀਜ਼ ਇੰਜ ਨਾ ਕਰਿਓ, ਵਰਨਾ ਮੈਂ ਮੁੜ ਓਸ ਘਰ 'ਚ ਨਹੀਂ ਆਉਣਾ, ਜਿੱਥੇ ਰਾਓ ਨਾਲ ਖੇਡਦੀ ਰਹੀ ਹਾਂ, ਉਸ ਦੀ ਜ਼ੁਦਾਈ ਮੈਂ ਸਹਿ ਨਹੀ ਸਕਾਂਗੀਂ।" ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਕੁਝ ਕਿਹਾ। ਅਰਜੋਈ ਵੀ ਕੀਤੀ, ਖੂਬ ਰੋਈ ਵੀ, ਵਿਛੋੜੇ ਦਾ ਅਹਿਸਾਸ ਕਰ ਕੇ ਕੁਰਲਾਈ ਵੀ, ਅਤੇ ਫ਼ੇਰ ਮੁੜ ਕੇ ਕਦੇ ਸਾਡੇ ਘਰ ਨਹੀ ਆਈ। ਹੁਣ ਮੈਨੂੰ ਕੁੱਤਿਆਂ ਦਾ ਆਹ ਗੁਣ ਯਾਦ ਆ ਗਿਆ ਕਿ ਕੁੱਤੇ ਸੁੰਘ ਕੇ ਇਨਸਾਨ ਨੂੰ ਪਛਾਣ ਲੈਂਦੇ ਹਨ। ਰਾਓ ਦਾ ਇਸ ਕੁੜੀ ਨਾਲ ਇਤਨੇ ਜ਼ਿਆਦਾ ਪਿਆਰ ਦਾ ਕਾਰਣ ਵੀ ਸਮਝ ਆ ਰਿਹਾ ਸੀ।

ਹੁਣ ਮੈਂ ਕੁਝ ਵੀ ਕਰਦੀ ਦਾ ਦਿਮਾਗ ਰਾਓ ਵਿੱਚ ਹੀ ਲੱਗਿਆ ਰਹਿੰਦਾ ਹੈ।

ਆਖਰ ਉਹ ਦਿਨ ਵੀ ਆ ਗਿਆ, ਜਦ ਜਸ਼ਨ ਨੇ ਕਿਹਾ, "ਮੰਮ, ਦੋ ਘੰਟੇ ਤੱਕ ਜਾਣਾ ਹੈ, ਰਾਓ ਦਾ ਸਮਾਨ ਪੈਕ ਕਰ ਦਿਓ!" ਅਮਨ ਕੰਮ 'ਤੇ ਸੀ। ਪਰ ਸਾਡੇ ਨਾਲ ਲਗਾਤਾਰ ਫ਼ੋਨ 'ਤੇ ਸੀ। ਉਸ ਦਾ ਕੰਮ 'ਤੇ ਉਕਾ ਹੀ ਮਨ ਨਹੀਂ ਸੀ ਲੱਗ ਰਿਹਾ। ਸਵੇਰੇ ਰਾਓ ਨਾਲ ਲਿਪਟ ਕੇ, ਰੋ ਕੇ ਗਿਆ ਸੀ। ਮੈਂ ਭਾਰੀ ਮਨ ਨਾਲ ਰਾਓ ਦਾ ਸਾਰਾ ਸਮਾਨ ਬੰਨ੍ਹਣ ਲੱਗ ਪਈ। ਹਿਰਦੇ ਅੰਦਰੋਂ ਹੰਝੂਆਂ ਦੇ ਦਰਿਆ ਚੱਲ ਪਏ ਸਨ।

"ਪੰਜ ਵੱਡੇ ਡੱਬੇ ਪੈਕ ਕਰ ਦਿੱਤੇ ਰਾਓ ਦੇ ਦਾਜ ਦੇ!" ਮੈਂ ਆਖਿਆ ਅਤੇ ਆਖਰੀ ਵਾਰ ਰਾਓ ਨੂੰ ਪਾਰਕ ਲੈ ਗਈ। ਘੜ੍ਹੀ ਮੁੜੀ ਮੈਂ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਰਹੀ ਸੀ, ਪਤਾ ਨਹੀਂ ਸ਼ਾਇਦ ਮਨ ਨੂੰ ਸਮਝਾ ਰਹੀ ਸੀ।  ਉਸ ਨੂੰ ਦੇਖ-ਦੇਖ ਮੈਂ ਲਗਾਤਾਰ ਜਾਰੋ-ਜਾਰ ਰੋ ਰਹੀ ਸੀ। ਪਰ ਰਾਓ ਹਰ ਪਾਸਿਓਂ ਬੇਖ਼ਬਰ ਸੀ। ਉਹ ਆਮ ਵਾਂਗ ਹੀ ਨੱਚ-ਟੱਪ ਰਿਹਾ ਸੀ। ਉੁਸ ਮਾਸੂਮ ਨੂੰ ਕੀ ਪਤਾ ਸੀ ਕਿ ਵਿਛੜਨ ਦੀਆਂ ਘੜ੍ਹੀਆਂ ਦੁਸ਼ਮਣ ਦੀ ਫ਼ੌਜ ਵਾਂਗ ਮਾਰੋ-ਮਾਰ ਕਰਦੀਆਂ ਚੜ੍ਹੀਆਂ ਆ ਰਹੀਆਂ ਸਨ।

ਉਸ ਦਿਨ ਨਾ ਘਰ ਵਿੱਚ ਖਾਣਾ ਬਣਿਆਂ ਅਤੇ ਨਾ ਸਫ਼ਾਈ ਹੋਈ। ਇੱਕ ਆਖਰੀ ਵਾਰ ਰਾਓ ਨੂੰ ਖੇਡਣ ਲਈ ਮੈਂ ਇੱਕ ਨਵੀਂ ਗੇਂਦ ਦਿੱਤੀ ਅਤੇ ਉਸ ਨੂੰ ਕਿਹਾ, "ਲੈ ਬੇਟਾ, ਆਖਰੀ ਵਾਰ ਮੇਰੇ ਵਿਹੜ੍ਹੇ ਵਿੱਚ ਖੇਡ ਜਾ।" ਰਾਓ ਨੇ ਦੋਵੇਂ ਪੰਜਿਆਂ ਵਿੱਚ ਲੈ ਕੇ ਗੇਂਦ ਪਾੜਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਉਸ ਦੀ ਆਖਰੀ ਵੀਡੀਓ ਬਣਾ ਲਈ।

ਜਸ਼ਨ ਨੂੰ ਪੌੜੀਆਂ ਤੋਂ ਉਤਰਦੇ ਦੇਖ ਕੇ ਮੇਰਾ ਹੌਸਲਾ ਟੁੱਟਣ ਅਤੇ ਦਿਲ ਖੁੱਸਣ ਲੱਗ ਪਿਆ। ਰਾਓ ਨੂੰ ਜਿਵੇਂ ਹੀ ਗਲੇ ਦਾ ਪਟਾ ਪਾਇਆ, ਤਾਂ ਉਹ ਖੁਸ਼ੀ ਨਾਲ ਮਚਲਣ ਲੱਗ ਪਿਆ ਕਿ ਬਾਹਰ ਘੁੰਮਣ ਜਾਣਾ ਹੈ।  ਉਸ ਭੋਲ਼ੇ ਜੀਵ ਨੂੰ ਕੀ ਪਤਾ ਸੀ ਕਿ ਉਹ ਇਸ ਘਰ ਤੋਂ ਸਦਾ ਲਈ ਵਿੱਛੜ ਕੇ ਜਾ ਰਿਹਾ ਹੈ। ਇਹ ਘਰ ਉਸ ਲਈ ਸਦਾ ਲਈ ਪਰਾਇਆ ਹੋ ਰਿਹਾ ਹੈ। ਵੱਡਾ ਬੇਟਾ ਅਮਨ ਲਗਾਤਾਰ "ਵੀਡੀਓ ਕਾਲ" 'ਤੇ ਸੀ। ਰਾਓ ਨੂੰ ਵਿਦਾਅ ਹੁੰਦੇ ਦੇਖਣਾ ਚਾਹੁੰਦਾ ਸੀ। ਮੈਂ ਰਾਓ ਦੀ ਨਵੀਂ ਖੁਸ਼ਹਾਲ ਜਿੰਦਗੀ ਅਤੇ ਉਜਲੇ ਭਵਿੱਖ ਵਾਸਤੇ ਦੁਆਵਾਂ ਮੰਗ ਰਹੀ ਸੀ।

ਰਾਓ ਖਾਮੋਸ਼ ਜਿਹਾ ਕਾਰ ਵਿਚ ਛਾਲ ਮਾਰ ਚੜ੍ਹ ਗਿਆ। ਅਗਰ ਕੋਈ ਇਨਸਾਨ ਦਾ ਬੱਚਾ ਹੁੰਦਾ, ਤਾਂ ਸੌ ਸੁਆਲ ਮੱਥੇ ਵਿੱਚ ਮਾਰਦਾ, "ਮੈਨੂੰ ਛੱਡਣਾ ਹੀ ਸੀ ਤਾਂ ਮੇਰੀ ਮਾਂ ਤੋਂ ਦੂਰ ਲਿਆਂਦਾ ਹੀ ਕਿਉਂ ਸੀ? ਕਿਉਂ ਐਨਾਂ ਪਿਆਰ ਪਾਇਆ ਸੀ? "ਅਡੌਪਟ" ਦਾ ਮਤਲਬ ਕੀ ਹੁੰਦਾ ਹੈ? ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਤੇ ਅੱਜ ਤੁਸੀਂ ਕਿਸ ਹੱਕ ਨਾਲ ਮੈਨੂੰ ਘਰੋਂ ਕੱਢ ਰਹੇ ਹੋ? ਇਨਸਾਨ ਦਾ ਬੱਚਾ ਹੁੰਦਾ ਤਾਂ ਬੁਰਾ ਭਲਾ ਵੀ ਆਖਦਾ ਅਤੇ ਚੀਕ ਚਿਹਾੜ੍ਹਾ ਵੀ ਪਾਉਂਦਾ। ਪਰੰਤੂ ਰਾਓ ਆਪਣੀ ਵਫ਼ਾਦਾਰੀ ਵਿੱਚ ਜ਼ਿਆਦਾ "ਸੱਚਾ" ਨਿਕਲਿਆ ਅਤੇ ਸਾਨੂੰ ਵਾਅਦਾ ਫ਼ਿਰੋਸ਼ੀ ਵਿੱਚ "ਝੂਠਾ" ਜਿਹਾ ਪਾਉਂਦਾ ਹੋਇਆ ਬੱਸ ਜਾਂਦੀ ਵਾਰ ਮੇਰੀ ਪਾਈ ਹੋਈ ਗਲਵਕੜੀ ਵੇਲੇ ਮੇਰੇ ਹੱਥ-ਪੈਰ ਚੱਟਦਾ ਰਿਹਾ। ਮੈਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਸਾਡੀਆਂ ਬੇਮਤਲਬ ਅਤੇ ਬੇਹੂਦੀਆਂ ਘੜ੍ਹੀਆਂ ਮਜਬੂਰੀਆਂ ਦੀ ਸਮਝ ਆ ਰਹੀ ਸੀ, ਪਰ ਉਸ ਨੇ ਕੁਝ ਵੀ ਜਤਾਉਣਾ ਨਹੀ ਚਾਹਿਆ, ਸ਼ਾਇਦ ਪੌਣੇ ਦੋ ਸਾਲ ਦੀ ਸੇਵਾ ਦਾ ਅਹਿਸਾਨ ਮੰਨ ਕੇ ਖਾਮੋਸ਼ੀ ਨਾਲ ਕਾਰ 'ਚ ਬੈਠ ਗਿਆ। ਸਾਡਾ ਭਾਣਾ ਜਿਹਾ ਮੰਨ ਕੇ!

ਹਜ਼ਾਰਾਂ ਜਵਾਬਾਂ ਤੋਂ ਬਿਹਤਰ ਹੁੰਦੀ ਹੈ, ਖ਼ਾਮੋਸ਼ੀ! ਨਾ ਜਾਣੇ ਕਿੰਨੇ ਸੁਆਲਾਂ ਦੀ ਇੱਜ਼ਤ ਰੱਖਦੀ ਹੈ। ਰਾਓ ਦੀ ਖ਼ਾਮੋਸ਼ੀ ਹੀ ਮੇਰੇ ਦੁੱਖ ਅਤੇ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਹੈ! ਕਾਰ ਹੌਲੀ-ਹੌਲੀ ਰਿੜ੍ਹਨੀ ਸ਼ੁਰੂ ਹੋ ਗਈ ਅਤੇ ਵੇਖਦੇ-ਵੇਖਦੇ ਰਾਓ ਅੱਖਾਂ ਤੋਂ ਓਝਲ ਹੋ ਗਿਆ। ਬੇਵੱਸ ਅਤੇ ਨਿਹੱਥੀ ਹੋਈ ਮੈਂ ਭੱਜ ਕੇ ਪਾਠ-ਪੂਜਾ ਵਾਲੇ ਸਥਾਨ 'ਤੇ ਆ ਡਿੱਗੀ ਅਤੇ ਭੁੱਬਾਂ ਮਾਰ ਕੇ ਰੋਂਦਿਆਂ ਹੋਇਆਂ ਝੋਲੀ ਅੱਡ ਕੇ ਅਰਦਾਸ ਕੀਤੀ, "ਹੇ ਮੇਰੇ ਪਰਮਾਤਮਾ! ਮੇਰੇ ਰਾਓ ਨੂੰ ਬਹੁਤ ਚੰਗਾ ਪਰਿਵਾਰ ਅਡੌਪਟ ਕਰੇ। ਉਸ ਦੀਆਂ ਤਮਾਮ ਸਧਰਾਂ ਪੂਰੀਆ ਹੋਣ, ਖੂਬ ਪਿਆਰ ਮਿਲੇ, ਜਲਦੀ ਹੀ ਸਾਨੂੰ ਭੁੱਲ ਜਾਏ।" ਰਾਓ ਦੇ ਜਾਣ ਬਾਅਦ ਘਰ ਵਿਚ ਘੋਰ ਉਦਾਸੀ ਛਾਈ ਹੋਈ ਸੀ। ਘਰ ਦੀ ਹਰ ਸ਼ੈਅ ਖ਼ਾਮੋਸ਼ ਸੀ।

ਸਾਰੀ ਰਾਤ ਅਸੀਂ ਤਿੰਨੋ ਮਾਂ-ਪੁੱਤ ਸੌਂ ਨਹੀ ਸਕੇ।

ਸਵੇਰੇ ਉਠੀ ਤਾਂ ਰਾਓ ਦੀ ਅਣਹੋਂਦ ਦਾ ਅਹਿਸਾਸ ਘਰ ਵਿੱਚ ਹੋ ਰਿਹਾ ਸੀ। ਪਾਠ ਕਰਦਿਆਂ ਅੱਖਾਂ 'ਚੋਂ ਝੜ੍ਹੀ ਲੱਗੀ ਹੀ ਰਹੀ। ਨਿਰੰਤਰ ਵਗਦੇ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਆਪਣੀ ਪਾਠ ਡਾਇਰੀ ਵਿੱਚ "ਸਹਿਜ ਪਾਠ" ਸੁੱਖ ਲਿਆ ਰਾਓ ਅਤੇ ਉਸ ਦੇ ਨਵੇਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ। ਮਨ ਨੂੰ ਸਾਰਾ ਦਿਨ ਸਮਝਾਉਂਦੀ ਰਹੀ। ਫ਼ਿਰ ਵੀ ਰਾਓ ਦੇ ਭੁਲੇਖੇ ਪੈਂਦੇ ਰਹੇ। ਦੋਨੋਂ ਬੇਟੇ ਵੀ ਖੂਬ ਰੋਂਦੇ ਰਹੇ ਅਤੇ ਉਦਾਸ ਰਹੇ। ਕੁਝ ਦਿਨ ਹੋ ਗਏ ਸੀ, ਪਰ ਸਾਡੇ ਕਿਸੇ ਤੋਂ ਵੀ ਉਸ ਦਾ ਮਾਸੂਮ ਜਿਹਾ ਚਿਹਰਾ ਭੁਲਾਇਆ ਨਹੀਂ ਸੀ ਜਾ ਰਿਹਾ। ਮੈਂ ਅੱਜ ਫ਼ੈਸਲਾ ਕੀਤਾ ਕਿ "ਡੌਗ ਟਰੱਸਟ" ਵਾਲੀ ਥਾਂ 'ਤੇ ਜਾ ਕੇ ਰਾਓ ਨੂੰ ਵੇਖ ਲਵਾਂ। ਖੂਬ ਸਾਰੀਆਂ "ਟਰੀਰਸ" ਲੈ ਕੇ ਮੈਂ ਮਨ ਕਰੜਾ ਕਰ ਕੇ ਚੱਲ ਪਈ। ਪਰ ਅਰਦਾਸ ਕਰ ਰਹੀ ਸੀ ਕਿ ਰਾਓ ਮੈਨੂੰ ਓਥੇ ਨਾ ਮਿਲੇ, ਉਸ ਨੂੰ ਕਿਸੇ ਨੇ "ਅਡੌਪਟ" ਕਰ ਲਿਆ ਹੋਵੇ, ਉਸ ਨੂੰ ਨਵਾਂ ਪਰਿਵਾਰ ਮਿਲ ਗਿਆ ਹੋਵੇ। ਸ਼ਾਇਦ ਉਸ ਨੂੰ ਦੁਬਾਰਾ ਵੇਖਣ ਦੀ ਮੇਰੇ ਵਿੱਚ ਹਿੰਮਤ ਨਹੀ ਸੀ। ਜੇ ਰਾਓ ਮੇਰੇ ਸਾਹਮਣੇ ਆ ਗਿਆ ਤਾਂ ਉਸ ਬੇਜ਼ੁਬਾਨ ਨੂੰ ਕੀ ਸਪੱਸ਼ਟੀਕਰਣ ਦਿਆਂਗੀ। ਮੈਂ ਹੋਰ ਵੀ ਸੋਚ ਰਹੀ ਸੀ ਕਿ ਜੇ ਰਾਓ ਓਥੇ ਹੋਇਆ, ਉਸ ਨੇ ਤਾਂ ਮੈਨੂੰ ਦੇਖ ਕੇ ਤੂਫ਼ਾਨ ਖੜ੍ਹਾ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ, ਉਹਨੀ ਪੈਰੀਂ ਵਾਪਸ ਮੇਰੇ ਤੋਂ ਵੀ ਮੁੜਿਆ ਨਹੀਂ ਜਾਣਾ।

ਮੇਰੀ ਅਰਦਾਸ ਪੂਰੀ ਹੋਈ, ਰਾਓ ਆਪਣੇ ਨਵੇਂ ਪਰਿਵਾਰ ਵਿੱਚ ਜਾ ਚੁੱਕਿਆ ਸੀ। ਇਹ ਖ਼ਬਰ ਸੁਣ ਮੇਰਾ ਮਨ ਸ਼ਾਂਤ ਹੋ ਗਿਆ। ਪਰ ਹੋਰ ਦੂਜੇ ਕੁੱਤਿਆਂ ਨੂੰ ਵੇਖ ਕੇ ਲੱਗਿਆ ਕਿ ਆਪਣੇ ਮਾਲਕਾਂ ਤੋਂ ਵਿੱਛੜ ਕੇ ਕਿੰਨ੍ਹੇ ਉਦਾਸ ਅਤੇ ਅਵਾਜ਼ਾਰ ਨੇ ਇਹ। ਇਹਨਾਂ ਨੂੰ ਖਾਣੇ ਦੀ, ਦਵਾ ਦੀ ਅਤੇ ਸਾਰ ਸੰਭਾਲ ਦੀ ਵੀ ਲੋੜ ਹੁੰਦੀ ਹੋਣੀ ਹੈ। ਇਹਨਾਂ ਦਾ ਕੌਣ ਵਾਰਿਸ ਹੈ। ਮੇਰੇ ਬੇਸਬਰੇ ਅਤੇ ਵੈਰਾਗ ਦੇ ਹੰਝੂ ਰੁਕਣ ਦਾ ਨਾਮ ਨਹੀ ਸੀ ਲੈ ਰਹੇ। ਰਿਸ਼ੈਪਸ਼ਨ 'ਤੇ ਗਈ ਅਤੇ ਪੁੱਛਿਆ ਕਿ ਮੈਂ ਇਹਨਾਂ ਕੁੱਤਿਆਂ ਵਾਸਤੇ "ਵਲੰਟੀਅਰ ਜੌਬ" (ਨਿਸ਼ਕਾਮ ਕਾਰਜ) ਕਰਨਾ ਚਾਹੁੰਦੀ ਹਾਂ ਅਤੇ ਇਹਨਾਂ ਵਾਸਤੇ ਚੈਰਿਟੀ ਕਰਨਾ ਚਾਹੁੰਦੀ ਹਾਂ। ਉਹਨਾਂ ਇੱਕ ਫ਼ਾਰਮ ਮੈਨੂੰ ਦੇ ਦਿੱਤਾ ਅਤੇ ਮੈਂ ਫ਼ਾਰਮ ਭਰ ਕੇ ਰਾਓ ਦਾ ਸ਼ੁਕਰਾਨਾ ਕਰਦੇ ਹੋਏ ਵਾਪਿਸ ਮੁੜ ਪਈ। ਮੈਨੂੰ ਅਜੇ ਵੀ ਭੁਲੇਖਾ ਪੈਂਦਾ ਸੀ ਕਿ ਰਾਓ ਮੇਰੇ ਨਾਲ-ਨਾਲ ਚੱਲ ਰਿਹਾ ਸੀ। ਸਰੀਰਕ ਤੌਰ 'ਤੇ ਤਾਂ ਜੀਵ ਓਪਰੇ, ਪਰਾਏ ਜਾਂ ਅੱਖੋਂ ਓਹਲੇ ਹੋ ਜਾਂਦੇ ਨੇ, ਪਰ ਰੂਹ ਵਿੱਚ ਵਸਿਆਂ ਨੂੰ ਕੋਈ ਕਿਵੇਂ ਕੱਢੇ। ਨਿਰ-ਸੁਆਰਥ ਅਤੇ ਮੋਹ ਦੀ ਮੂਰਤ ਰਾਓ ਮੇਰੇ ਦਿਲ ਅਤੇ ਰੂਹ ਵਿੱਚ ਕਿਸੇ ਸੂਲ ਵਾਂਗ ਖੁੱਭਿਆ ਪਿਆ ਸੀ। ਪ੍ਰਮਾਤਮਾਂ ਕਰੇ, ਜਿੱਥੇ ਵੀ ਰਹੇ, ਪੂਰਾ ਖ਼ੁਸ਼ ਅਤੇ ਬੁਲੰਦੀਆਂ 'ਚ ਰਹੇ।

ਇੱਕ ਵਾਰ ਲੱਕੀ ਤੋਂ ਬਾਅਦ ਫ਼ਿਰ, ਮੇਰੇ ਰਾਓ ਦੀ ਖਾਮੋਸ਼ ਮੁਹੱਬਤ ਬੰਦੇ ਦੇ ਬੋਲਦੇ ਪਿਆਰ ਨਾਲੋਂ ਜ਼ਿਆਦਾ ਮਹਿਕ ਖ਼ਿਲਾਰ ਗਈ ਅਤੇ ਜਾਂਦੇ-ਜਾਂਦੇ ਜਾਨਵਰਾਂ ਦੇ ਪ੍ਰਤੀ ਮੇਰਾ ਨਜ਼ਰੀਆ ਬਦਲ ਗਈ। ਇੱਕ ਸਬਕ ਮੈਂ ਇਹ ਵੀ ਸਿੱਖਿਆ ਹੈ ਕਿ ਜਬਰ-ਜ਼ੁਲਮ, ਧੱਕੇਸ਼ਾਹੀ ਜਾਂ ਕਰੂਰਤਾ ਨਾਲੋਂ, ਮੁਹੱਬਤ ਰਾਤੋ-ਰਾਤ ਤੁਹਾਡੀ ਕਾਇਆ ਪਲਟਣ ਦੀ ਸਮਰੱਥਾ ਰੱਖਦੀ ਹੈ……


























Comments

Popular Posts

Image