Kahani

















"ਮੈਂ ਵੀ ਰੱਖਣਾ ਕਰਵਾ ਚੌਥ ਦਾ ਵਰਤ!"
ਅਜੀਤ ਸਤਨਾਮ ਕੌਰ, ਲੰਡਨ        
 (23/09/2020)

ajit satnam





ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਚੜ੍ਹਦੀ ਉਮਰ ਵਿੱਚ ਪੈਰ ਰੱਖ ਰਹੀ ਸੀ। ਸਾਰੇ ਤਿਉਹਾਰਾਂ ਵਿੱਚੋਂ 'ਕਰਵਾ-ਚੌਥ' ਦਾ ਵਰਤ ਮੇਰਾ ਸਭ ਤੋਂ ਜ਼ਿਆਦਾ ਮਨਭਾਉਂਦਾ ਤਿਉਹਾਰ ਸੀ। ਸਾਡੇ ਮੁਹੱਲੇ ਦੀਆਂ ਔਰਤਾਂ ਚਾਰ ਦਿਨ ਪਹਿਲ਼ਾਂ ਹੀ ਤਿਆਰੀ ਕਰਨ ਲੱਗ ਜਾਂਦੀਆਂ ਸਨ। ਬਜ਼ਾਰਾਂ ਵਿੱਚ ਵਰਤ ਦਾ ਸਮਾਨ ਹਰ ਦੁਕਾਨ 'ਚ ਬੜੇ ਮੁਕਾਬਲੇ ਨਾਲ ਸਜਾਇਆ ਜਾਂਦਾ ਸੀ, ਕੁਝ ਤਾਂ ਸਮਾਨ ਨੂੰ ਸਜਾਵਟ ਵਜੋਂ ਥਾਂ-ਥਾਂ 'ਤੇ ਲਟਕਾ ਕੇ ਤੀਵੀਆਂ ਨੂੰ ਲੁਭਾਣ ਵਿੱਚ ਕਾਮਯਾਬ ਹੁੰਦੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਔਰਤਾਂ ਸ਼ਿੰਗਾਰ-ਪੱਟੀ ਨੂੰ ਖਰੀਦਣ ਵਿੱਚ ਪੂਰਾ ਜੋਰ ਲਾ ਦਿੰਦੀਆਂ ਸਨ। ਇਵੇਂ ਪ੍ਰਤੀਤ ਹੁੰਦਾ ਸੀ ਕਿ ਆਦਮੀਆਂ ਦੀ ਉਮਰ ਔਰਤਾਂ ਦੇ ਸ਼ਿੰਗਾਰ 'ਤੇ ਹੀ ਤਾਂ ਟਿਕੀ ਹੁੰਦੀ ਸੀ। ਸਾਰਾ ਸਾਲ ਜੇਕਰ ਕਦੇ ਪਤਨੀ ਸ਼ਿੰਗਾਰ ਖਰੀਦਣ ਦੀ ਗੱਲ ਕਰੇ ਤਾਂ ਪਤੀ ਨੂੰ ਆਹ ਸਭ ਫ਼ਾਲਤੂ ਦਾ ਖ਼ਰਚਾ ਲੱਗਦਾ ਹੈ। ਪਤੀ ਨੇ ਖਰਚੇ ਦਾ ਰੌਲਾ ਪਾ ਕੇ ਚੰਘਿਆੜ੍ਹਾਂ ਮਾਰਨੀਆਂ, "ਜਾ ਕੇ ਵੇਖ ਤੇਰਾ ਮੇਕ-ਅੱਪ ਦਾ ਡੱਬਾ ਭਰਿਆ ਪਿਆ ਹੈ, ਹਰ ਵੇਲੇ ਤੇਰੀ 'ਸੁਰਖੀ-ਬਿੰਦੀ' ਹੀ ਮੁੱਕੀ ਰਹਿੰਦੀ ਹੈ! ਜ਼ਰਾ ਆਪਣੇ ਖਰਚੇ 'ਤੇ ਕੰਟਰੋਲ ਕਰ.... ਘਰ ਕਈ ਬਿੱਲ ਆਏ ਹੋਏ ਨੇ ਭੁਗਤਾਨ ਕਰਣ ਵਾਲੇ...!"

ਇਸ ਲਈ ਭਲਾ ਹੋਵੇ ਇਸ 'ਵਰਤ' ਦੀ ਕਾਢ ਕੱਢਣ ਵਾਲੇ ਦਾ ਕਿ ਇਸ ਦਿਨ ਖੁੱਲ੍ਹੀ ਛੁੱਟੀ ਹੁੰਦੀ ਹੈ, ਭਾਵੇਂ ਸਾਰੇ ਸਾਲ ਦੀ ਕਰੀਮ-ਪਾਊਡਰ ਕਰਵਾ-ਚੌਥ ਦੇ ਵਰਤ ਦੇ ਬਹਾਨੇ ਖ਼ਰੀਦ ਲਿਆ ਜਾਵੇ। ਕਿਸੇ ਵੀ ਪਤੀ ਨੂੰ ਆਹ ਕਿਉਂ ਸਮਝ ਨਹੀਂ ਆਂਦਾ ਕਿ ਔਰਤ ਅਤੇ ਸਿੰਗਾਰ ਦਾ ਤਾਂ ਧੁਰ ਤੋਂ ਹੀ ਰਿਸ਼ਤਾ ਹੈ। ਹਰ ਖਰਚੇ ਦੀ ਭਰਪਾਈ ਸਿਰਫ਼ ਔਰਤ ਦੇ 'ਨਿੱਜੀ-ਖਰਚੇ' ਤੋਂ ਹੀ ਹੋਣੀ ਹੁੰਦੀ ਹੈ ਕੀ? ....ਖੈਰ! ਜੇ ਕਰ ਤੀਵੀਆਂ ਨੇ ਕੱਪੜਿਆਂ ਦੇ "ਮੈਚ" ਦੀ ਨਹੁੰ-ਪਾਲਿਸ਼, ਸੁਰਖੀ-ਬਿੰਦੀ, ਚੂੜੀਆਂ ਅਤੇ ਕੰਨਾਂ-ਗਲੇ ਦਾ ਸਾਰਾ ਹਾਰ-ਸ਼ਿੰਗਾਰ "ਮੈਚਿੰਗ" ਦਾ ਪਾਇਆ ਤਾਂ ਵਰਤ ਵਿੱਚ ਕੁਝ ਕਮੀ ਰਹਿ ਜਾਏਗੀ। ਸਭ ਵਰਤ ਵਾਲੀ ਔਰਤਾਂ ਹੱਥਾਂ-ਪੈਰਾਂ 'ਤੇ ਮਹਿੰਦੀ ਜ਼ਰੂਰ ਲੁਆਂਦੀਆਂ ਸਨ। ਬਜ਼ਾਰਾਂ ਵਿੱਚ ਮਹਿੰਦੀ ਲਾਣ ਵਾਲੇ ਮੁੰਡਿਆਂ ਨੂੰ ਸਾਹ ਹੀ ਨਹੀਂ ਆ ਰਿਹਾ ਹੁੰਦਾ ਸੀ ਅਤੇ ਉਨ੍ਹਾਂ ਦੀ ਰਫ਼ਤਾਰ ਵੀ ਵੇਖਣ ਵਾਲੀ ਹੁੰਦੀ ਸੀ।

"ਨੂਰੀ...! ਕੁੜ੍ਹੇ ਨੂਰੀ...!! ਆ ਜਾ ਬਜ਼ਾਰ ਚੱਲੀਆਂ ਹਾਂ... ਬੜੀ ਰੌਣਕ ਹੈ ਬਜ਼ਾਰਾਂ ਵਿੱਚ...!" ਕਿਸੇ ਨਾ ਕਿਸੇ 'ਵਰਤ' ਵਾਲੀ ਤੀਵੀਂ ਨੇ ਬਜ਼ਾਰ ਜਾਣ ਲੱਗੇ ਅਵਾਜ਼ ਮਾਰ ਹੀ ਲੈਣੀ। ਜਿਸ ਨੂੰ ਤੀਵੀਂਆਂ ਰੌਣਕ ਦੱਸਦੀਆਂ ਸੀ, ਉਹ ਭੀੜ-ਭੜੱਕੇ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਹੁੰਦਾ।

"ਜੋ ਕੁਝ ਲਿਆਣਾ ਹੈ ਜਾਂ ਤੇ ਅੱਜ ਲੈ ਆਊਂਗਾ, ਜਾਂ ਫ਼ੇਰ ਪਰਸੋਂ ਬਜ਼ਾਰ ਜਾਊਂਗਾ। ਕੱਲ੍ਹ ਕਰਵਾ-ਚੌਥ ਹੈ, ਇਸ ਲਈ ਮੈਨੂੰ ਬਜ਼ਾਰ ਜਾਣ ਨੂੰ ਨਾ ਕਹੀਂ....ਬਜ਼ਾਰਾਂ ਵਿੱਚ ਭੂਸਰੀਆਂ ਤੀਮੀਆਂ ਲਾਂਘਾ ਹੀ ਨਹੀਂ ਦਿੰਦੀਆਂ!" ਆਹ ਗੱਲ ਤਾਂ ਮੈਂ ਆਪਣੇ ਬਾਪੂ ਨੂੰ ਵੀ ਕਹਿੰਦੇ ਸੁਣਿਆਂ ਹੋਇਆ ਸੀ।

ਮੈਂ ਵੀ ਗੁਆਂਢ ਦੀਆਂ ਭਾਬੀਆਂ ਅਤੇ ਆਂਟੀਆਂ ਨਾਲ ਬਜ਼ਾਰ ਜ਼ਰੂਰ ਜਾਂਦੀ ਸੀ। ਨਾਲ ਜਾਣ ਕਰ ਕੇ ਉਹ ਮੇਰੇ ਵੀ ਵੰਗਾਂ ਪੁਆ ਦਿੰਦੀਆਂ ਸੀ। ਮੈਂ ਲਲਚਾਈਆਂ ਜਹੀਆਂ ਨਜ਼ਰਾਂ ਨਾਲ ਉਨ੍ਹਾਂ ਨੂੰ ਵੰਨ-ਸੁਵੰਨਾ ਸਮਾਨ ਖਰੀਦਦਿਆਂ ਵੇਖਦੀ ਤਾਂ ਸੋਚਦੀ... ਕਦੇ ਮੈਂ ਵੀ ਵਿਆਹੀ ਜਾਊਂਗੀ? ਕਦੇ ਮੈਂ ਵੀ ਇਉਂ ਖੁੱਲ੍ਹੀ-ਡੁੱਲ੍ਹੀ ਖਰੀਦਦਾਰੀ ਕਰੂੰਗੀ? ਕਦੇ ਮੈਂ ਕਰਵਾ ਚੌਥ ਦਾ ਵਰਤ ਰੱਖੂੰਗੀ? ਇੱਕ ਹੋਰ ਵੀ ਵਜ੍ਹਾ ਸੀ ਇਸ ਵਰਤ ਦੀ ਦਿਵਾਨਗੀ ਲਈ ਮੇਰੇ ਮਨ ਵਿੱਚ। ਆਮ ਤੌਰ 'ਤੇ ਹਰ ਤਿਉਹਾਰ ਵਿੱਚ ਸਾਰਾ ਪਰਿਵਾਰ ਸ਼ਾਮਿਲ ਹੁੰਦਾ ਹੈ, ਮੁਹੱਲਾ, ਆਂਢ-ਗੁਆਂਢ ਅਤੇ ਰਿਸ਼ਤੇਦਾਰ। ਸਭ ਨੂੰ ਦੇਖਣ-ਪੁੱਛਣ ਕਾਰਨ ਆਪਣਾ 'ਨਿੱਜੀ' ਸ਼ੌਂਕ ਕੁਝ ਵੀ ਪੂਰਾ ਨਹੀਂ ਹੁੰਦਾ। ਆਮ ਤੌਰ 'ਤੇ ਪਤੀ ਆਪਣੀ ਪਤਨੀਆਂ ਨੂੰ ਜ਼ਿਆਦਾ ਖ਼ਰਚ ਹੋਣ ਦੀ ਹਾਲ ਦੁਹਾਈ ਪਾ ਕੇ ਚੁੱਪ ਕਰਵਾ ਦਿੰਦੇ ਨੇ। ਪਰ ਵਾਹ! ਇਸ ਮਨ-ਭਾਉਂਦੇ ਤਿਉਹਾਰ ਵਿੱਚ ਸਿਰਫ਼ 'ਤੇ ਸਿਰਫ਼ ਪਤਨੀ ਨੂੰ ਇੱਕ ਤਰ੍ਹਾਂ ਨਾਲ ਵਿੱਤ ਮੰਤਰੀ ਦਾ ਅਹੁਦਾ ਮਿਲ ਜਾਂਦਾ ਹੈ। ਸਿਰਫ਼ ਸ਼ਿੰਗਾਰ ਹੀ ਨਹੀਂ, ਵਰਤ ਦੇ ਖਾਣ ਵਾਲਾ 'ਸਰਘੀ' ਦਾ ਸਮਾਨ, ਜੋ ਸਵੇਰੇ ਤਾਰਿਆਂ ਦੀ ਛਾਂਵੇਂ ਵਰਤ ਵਾਲੀ ਔਰਤ ਹੀ ਖਾਂਦੀ ਹੈ, ਹੋਰ ਕਿਸੇ ਦੀ ਇੰਨੀ ਹਿੰਮਤ ਨਹੀਂ ਕਿ ਰਾਤ ਤਿੰਨ ਵਜੇ ਉਠ ਕੇ ਖਾਣੇ ਵਿੱਚ ਹਿੱਸਾ ਲਵੇ। ਇੱਕ ਵਾਰ ਮੈਂ ਬੜੇ ਧਿਆਨ ਨਾਲ ਕਰਵਾ ਚੌਥ ਦੀ ਕਥਾ ਸੁਣੀ। ਮੇਰੇ ਮਨ ਵਿੱਚ ਇੰਨਾਂ ਜਰੂਰ ਆਇਆ ਕਿ ਜਿਸ ਨੇ ਵੀ ਇਸ ਵਰਤ ਕਾਢ ਕੱਢੀ ਸੀ, ਉਸ ਨੇ ਇਸ ਦੀ ਕਥਾ ਲਿਖਣ ਵੇਲੇ ਜ਼ਿਆਦਾ ਨਹੀਂ ਵਿਚਾਰਿਆ ਹੋਣਾ, ਤਾਂ ਹੀ ਕਥਾ ਜ਼ਰਾ ਕਾਲਪਨਿਕ ਜਹੀ ਰਹਿ ਗਈ ਹੈ। ਮਤਲਬ ਤਰਕ ਤੋਂ ਪਰ੍ਹੇ ਲੱਗੀ ਸੀ। ਚਲੋ ਛੱਡੋ!! ਕੁਝ ਮਸਲਿਆਂ ਵਿੱਚ ਡੂੰਘੇ ਨਾ ਜਾਣ ਵਿੱਚ ਹੀ ਆਨੰਦ ਅਤੇ ਭਲਾ ਸੀ।

"ਮਾਂ, ਤੁਸੀਂ ਆਹ ਕਰਵਾ-ਚੌਥ ਦਾ ਵਰਤ ਕਿਉਂ ਨਹੀਂ ਰੱਖਦੇ?" ਮੈਂ ਇੱਕ ਦਿਨ ਮਾਂ ਨੂੰ ਪੁੱਛਿਆ।
"ਗੁਰੂ ਗ੍ਰੰਥ ਸਾਹਿਬ ਮੰਨਣ ਵਾਲੇ ਨੂੰ ਆਹ ਵਰਤ ਰੱਖਣ ਦੀ ਲੋੜ ਨਹੀਂ...!" ਮਾਂ ਨੇ ਬੜਾ ਕੁਝ ਸਮਝਾਇਆ ਅਤੇ ਬੜੀਆਂ ਦਲੀਲਾਂ ਵੀ ਦਿੱਤੀਆ। ਮੇਰਾ ਇਸ ਵਰਤ ਨੂੰ ਵੇਖਣ ਦਾ ਨਜ਼ਰੀਆ ਸਾਲ ਵਿੱਚ ਇੱਕ ਦਿਨ ਲਈ ਔਰਤ ਨੂੰ ਪ੍ਰਧਾਨ-ਮੰਤਰੀ ਵਾਲੀ ਪੋਸਟ ਮਿਲਣ ਵਰਗਾ ਸੀ, ਜਿਸ ਦੇ ਸਾਰੇ 'ਬਿੱਲ' ਪਾਸ ਹੋਣਾ ਲਾਜ਼ਮੀ ਹੁੰਦਾ ਹੈ। ਚਲੋ ਜਦੋਂ ਵਕਤ ਆਏਗਾ, ਦੇਖੀ ਜਾਏਗੀ...!

......ਵਕਤ ਨੇ ਵੀ ਆ ਹੀ ਜਾਣਾਂ ਸੀ! ਧੀਆਂ ਨੂੰ ਕੌਣ ਸਾਰੀ ਉਮਰ ਆਪਣੇ ਘਰ ਰੱਖ ਸਕਿਆ ਸੀ? ਪਤੀਦੇਵ ਦਾ ਘਰ, ਨਵਾਂ ਮਾਹੌਲ। ਸਭ ਨਾਲ ਹੱਸਦੇ-ਖੇਡਦੇ ਸਾਲ ਦੇ ਕਈ ਤਿਉਹਾਰ ਆਏ। ਪਹਿਲਾ ਤਿਉਹਾਰ ਸਹੁਰੇ ਘਰ ਅਇਆ ਅਤੇ ਪਹਿਲਾ ਸਾਵਣ ਪੇਕੇ ਘਰ ਮਨਾਇਆ। ਦੇਖਿਆ ਜਾਏ ਤਾਂ ਵਿਆਹ ਦਾ ਪਹਿਲਾ ਸਾਲ ਤਿਉਹਾਰਾਂ ਨੂੰ ਮਾਣਦੇ ਹੀ ਲੰਘ ਰਿਹਾ ਸੀ। ਫ਼ੇਰ ਵੀ ਮੇਰਾ ਧਿਆਨ ਆਉਣ ਵਾਲੇ ਕਰਵਾ-ਚੌਥ ਦੇ ਵਰਤ ਵੱਲ ਲੱਗਾ ਹੋਇਆ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਸਹੁਰੇ ਘਰ ਕੋਈ ਇਸ ਵਰਤ ਨੂੰ ਨਹੀਂ ਰੱਖਦਾ ਸੀ। ਕਿਵੇਂ ਅਤੇ ਕਦੋਂ ਆਪਣੇ ਲਪੇਟੇ ਵਿੱਚ ਪਤੀ ਨੂੰ ਲਿਆ ਜਾਏ, ਹੁਣ ਮੈਂ ਇਸੇ ਉਧੇੜ-ਬੁਣ ਵਿੱਚ ਰੁੱਝੀ ਰਹਿੰਦੀ ਸੀ।

"ਚੱਲ ਦੱਸ, ਕੀ ਔਡਰ ਕਰੀਏ?" ਇੱਕ ਦਿਨ ਪਤੀਦੇਵ ਇੱਕ ਰੈਸਟੋਰੈਂਟ ਵਿੱਚ ਖਾਣਾਂ ਖੁਆਣ ਲੈ ਗਏ।
"ਚੰਗਾ ਦੱਸੋ ਕਿ ਤੁਹਾਨੂੰ ਸਾਲ ਦਾ ਕਿਹੜਾ ਤਿਉਹਾਰ ਸਭ ਤੋਂ ਜ਼ਿਆਦਾ ਭਾਂਦਾ ਹੈ...?" ਖਾਣਾਂ ਔਡਰ ਕਰ, ਮੈਂ ਆਪਣੇ ਮੁੱਦੇ ਨੂੰ ਹੱਲ ਕਰਨ ਲਈ ਅਟਪਟਾ ਜਿਹਾ ਸਵਾਲ ਪਤੀ ਜੀ ਨੂੰ ਪੁੱਛ ਲਿਆ।
"ਮੈਂ ਤਾਂ ਹਰ ਤਿਉਹਾਰ ਨੂੰ ਬੋਰ ਹੁੰਦੀ ਜ਼ਿੰਦਗੀ ਵਿੱਚ ਬਦਲਾਵ ਲਈ ਆਏ ਆਨੰਦ ਦੇ ਪਲ ਮੰਨਦਾ ਹਾਂ...!"
"ਜਾਓ ਪਰ੍ਹਾਂ... ਇੱਕ ਸਰਲ ਜਹੇ ਸਵਾਲ 'ਤੇ 'ਫ਼ਿਲਾਸਫ਼ੀ' ਕਰਣ ਦੀ ਕੀ ਲੋੜ ਸੀ...?" ਮੇਰੇ ਆਪਣੇ ਮਨ ਦੀ ਅਸਲ ਇੱਛਾ ਬਾਹਰ ਨਿਕਲਣ ਲਈ ਤਰਲੇ ਲੈ ਰਹੀ ਸੀ।
"ਚੱਲ ਤੂੰ ਦੱਸ, ਤੈਨੂੰ ਸਾਲ ਦਾ ਕਿਹੜਾ ਤਿਉਹਾਰ ਪਸੰਦ ਹੈ?" ਪੱਲਿਓਂ ਖਰੀਦੇ ਖਾਣੇ ਦਾ ਮਜ਼ਾ ਕਿਤੇ ਖ਼ਰਾਬ ਨਾ ਹੋ ਜਾਏ, ਇਸ ਲਈ ਪਤੀਦੇਵ ਜਲਦੀ ਹੀ ਬੋਲ ਪਏ।
"ਮੈਨੂੰ ਕਰਵਾ-ਚੌਥ ਦਾ ਵਰਤ ਸਭ ਤੋਂ ਜ਼ਿਆਦਾ ਪਸੰਦ ਹੈ!" ਮੈਂ ਛੇਤੀ ਨਾਲ ਬੋਲ ਪਈ।
"ਪਰ ਆਹ ਕਰਵਾ-ਚੌਥ ਦਾ ਵਰਤ ਕੋਈ ਤਿਉਹਾਰ ਥੋੜ੍ਹੋ ਹੁੰਦਾ ਹੈ?" ਪਤੀਦੇਵ ਨੇ ਆਪਣੀ ਜਾਣਕਾਰੀ ਦੀ ਸਾਂਝ ਪਾਈ।
"ਜੋ ਮਨਾਇਆ ਜਾਏ, ਓਹ ਤਿਉਹਾਰ ਹੀ ਹੁੰਦਾ ਹੈ। ਬੱਸ ਇੰਨਾ ਕੁ ਫ਼ਰਕ ਹੈ ਆਹ ਔਰਤਾਂ ਦੀਆਂ ਰੀਝਾਂ ਨੂੰ ਵੇਖਦੇ ਹੋਏ ਵਿਸ਼ੇਸ਼ ਬਣਾਇਆ ਗਿਆ ਹੈ...!"
"ਪਰ ਆਪਣੇ ਘਰ ਤਾਂ ਕੋਈ ਰੱਖਦਾ ਨਹੀਂ ਵਰਤ...!" ਪਤੀਦੇਵ ਉਲਝ ਗਿਆ ਲੱਗਦਾ ਸੀ।

"ਮੈਨੂੰ ਪਸੰਦ ਹੈ, ਇਸ ਵਿੱਚ ਪਤੀਦੇਵ ਦੀ ਲੰਮੀ ਉਮਰ ਦੀ ਕਾਮਨਾ ਹੁੰਦੀ ਹੈ, ਜ਼ਿੰਦਗੀ ਦੇ ਅਖ਼ੀਰਲੇ ਸਾਹ ਤੱਕ ਪਤੀ ਦੇ ਸਾਥ ਦੀ ਇੱਛਾ ਹੁੰਦੀ ਹੈ, ਜੋ ਹਰ ਔਰਤ ਚਾਹੰਦੀ ਹੈ। ਜੇ ਤੁਸੀ ਮੈਨੂੰ ਸੱਚੀਂ-ਮੁੱਚੀਂ ਪਿਆਰ ਕਰਦੇ ਹੋ, ਤਾਂ ਮੈਨੂੰ ਇਸ ਵਰਤ ਨੂੰ ਰੱਖਣ ਦੀ ਇਜਾਜ਼ਤ ਦੇ ਦਵੋ...!" ਆਪਣੀ ਲੰਮੀ ਉਮਰ ਲਈ, ਦੂਜਾ ਸਾਥੀ ਭੁੱਖਾ ਰਹੇ ਇਸ ਤੋਂ ਵਧੀਆ 'ਡੀਲ' ਹੋਰ ਕੀ ਹੋ ਸਕਦੀ ਸੀ? ਪਤੀਦੇਵ ਨੇ ਸਿਰਫ਼ ਖਾਮੋਸ਼ੀ ਨਾਲ ਸਿਰ ਹਿਲਾ ਦਿੱਤਾ। ਫ਼ੇਰ ਪਤਾ ਨਹੀਂ ਘਰ ਵਿੱਚ ਕਿੰਨੇ ਦਿਨ ਮੱਥਾ-ਪੱਚੀ ਕਰ ਕੇ ਪ੍ਰੀਵਾਰ ਨੂੰ ਸਮਝਾਇਆ-ਬੁਝਾਇਆ, "ਨਵੀਂ ਆਈ ਹੈ, ਅਜੇ ਘਰ ਦੇ ਮਾਹੌਲ ਨੂੰ ਸਮਝਣ ਵਿੱਚ ਇਹਨੂੰ ਸਮਾਂ ਲੱਗੂਗਾ। ਆਪੇ ਭੁੱਖੀ ਰਹੇਗੀ ਤਾਂ ਚਾਅ ਉੱਤਰ ਜਾਏਗਾ...!" ਪਤੀਦੇਵ ਨੇ ਮੇਰਾ ਸਾਥ ਦਿੱਤਾ। ਨਵੇਂ ਵਿਆਹ ਦਾ ਇੱਕ ਆਹ ਵੀ 'ਪਲੱਸ-ਪੁਆਇੰਟ' ਹੁੰਦਾ ਹੈ। ਇਜਾਜ਼ਤ ਮਿਲਦਿਆਂ ਹੀ, ਮੈਂ ਕੀ ਕੁਝ ਖ਼ਰੀਦਣਾ ਹੈ? ਮੇਰੇ ਦਿਮਾਗ ਦੀ ਘੰਟੀ ਵੱਜਣ ਲੱਗ ਪਈ।

"ਸ਼ੁੱਕਰਵਾਰ ਵਰਤ ਆ ਰਿਹਾ, ਕੀ ਤਿਆਰੀ ਕੀਤੀ ਹੈ?" ਮੇਰੀ ਸਹੇਲੀ ਨੇ ਫ਼ੋਨ 'ਤੇ ਪੁੱਛਿਆ। ਮੈਂ ਸਭ ਕੁਝ ਦੱਸ ਦਿੱਤਾ ਅਤੇ ਹੋਰ ਕੀ ਕਰਨਾ ਹੈ, ਇਹ ਵੀ ਪੁੱਛ ਲਿਆ। ਜਿਵੇਂ ਕੀ ਮੈਂ ਦੇਖਦੀ ਆਈ ਸੀ, ਠੀਕ ਓਵੇਂ ਹੀ ਮੈਂ ਕਰਵਾ-ਚੌਥ ਦੇ ਵਰਤ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਗੁਆਂਢ ਵਾਲੀ ਲੱਖੋ ਭਾਬੀ ਨੂੰ ਅੱਗੇ ਲਾ ਬਜ਼ਾਰ ਦੇ ਗੇੜੇ ਸ਼ੁਰੂ ਕਰ ਦਿੱਤੇ।

ਮਤਲਬ, ਬੇਮਤਲਬ ਦੀ ਖ਼ਰੀਦਦਾਰੀ ਸ਼ੁਰੂ ਹੋ ਗਈ। ਵਰਤ ਵਾਲੇ ਦਿਨ ਭੋਜਨ ਭਾਵੇਂ ਇੱਕ ਸਮੇਂ ਦਾ ਹੀ ਛੱਡਣਾ ਸੀ, ਪਰ ਮੈਂ ਹਫ਼ਤੇ ਭਰ ਦਾ ਖ਼ਰੀਦ ਲਿਆ। ਮੇਰਾ ਪਹਿਲਾ ਵਰਤ ਸੀ ਅਤੇ ਮੇਰਾ ਉਤਸ਼ਾਹ ਵੀ ਸਿਰ ਚੜ੍ਹ ਕੇ ਬੋਲ ਰਿਹਾ ਸੀ, ਇਸ ਲਈ ਪਤੀਦੇਵ ਨੇ ਵੀ ਚੁੱਪ ਵੱਟੀ ਰਹੀ।

"ਆਹ ਵੇਖੋ ਮੇਰੀ ਮਹਿੰਦੀ ਕਿੰਨੀ ਗੂੜ੍ਹੀ ਚੜ੍ਹੀ ਹੈ...ਕਹਿੰਦੇ ਨੇ ਗੂੜ੍ਹੀ ਮਹਿੰਦੀ ਦਾ ਮਤਲਬ ਪਤੀਦੇਵ ਨਾਲ ਬਹੁਤ ਪ੍ਰੇਮ ਹੁੰਦਾ ਹੈ!" ਮੈਂ ਮਹਿੰਦੀ ਵਾਲੇ ਹੱਥ ਪਤੀਦੇਵ ਦੇ ਅੱਗੇ ਕਰ ਦਿੱਤੇ।

"ਹੂੰਅ...!" ਲੱਗਦਾ ਸੀ ਮੇਰੇ ਪਤੀਦੇਵ ਨੇ ਆਪਣੇ ਕਾਰਡ ਵਿੱਚੋਂ ਉਡੀ ਰਕਮ ਚੈੱਕ ਕਰ ਲਈ ਸੀ, ਇਸ ਲਈ ਉਨ੍ਹਾਂ ਨੂੰ ਗੂੜ੍ਹੀ ਮਹਿੰਦੀ ਵਿੱਚ ਪ੍ਰੇਮ ਦਾ 'ਤਰਕ' ਸਮਝ ਨਹੀਂ ਸੀ ਆਇਆ। ਸਵੇਰੇ ਤਿੰਨ ਵਜੇ ਉਠ ਕੇ ਵਰਤ ਵਾਲਾ 'ਸਰਘੀ' ਦਾ ਸਮਾਨ ਖਾਣਾ ਸੀ, ਇਸ ਲਈ ਮੈਂ ਕੋਈ ਵਾਦ-ਵਿਵਾਦ ਨਹੀਂ ਕੀਤਾ।

....ਟਿੰਗ਼...ਟਿੰਗ਼....ਟਿੰਗ਼...ਸਹੀ ਸਮੇਂ 'ਤੇ ਅਲਾਰਮ ਵੱਜ ਪਿਆ। ਮੈਂ ਤਾਂ ਜਿਵੇਂ ਸਾਰੀ ਰਾਤ ਜਾਗ ਕੇ, ਅਲਾਰਮ ਨੂੰ ਹੀ ਆਖਦੀ ਰਹੀ, "ਬਈ ਬੋਲ ਪੇ ਹੁਣ।" ਛਾਲ ਮਾਰ ਮੈਂ ਕੁਰਲੀ ਕਰ ਰਸੋਈ 'ਚ ਜਾ ਕੇ ਵਰਤ ਵਾਲੇ ਖਾਣੇ ਦੇ ਦੁਆਲੇ ਹੋ ਗਈ। ਹਰ ਚੀਜ਼ ਨੂੰ ਖੋਲ੍ਹਦੀ ਖਾਂਦੀ, ਫ਼ੇਰ ਛੱਡ ਦੂਜੀ ਕਿਸੇ ਚੀਜ਼ ਦੇ ਦੁਆਲੇ ਹੋ ਜਾਂਦੀ... ਤਿੰਨ ਵਜੇ ਬਿਸਤਰੇ ਤੋਂ ਉੱਠ ਕੇ ਸੀਧਾ ਖਾਣਾ ਇੰਨਾ ਵੀ ਆਸਾਨ ਨਹੀਂ ਹੁੰਦਾ! ਅਜੇ ਰਾਤ, ਵੀ ਨੌਂ ਵਜੇ ਪਤੀਦੇਵ ਨੇ ਕੁਝ ਜ਼ਿਆਦਾ ਖੁਆ ਦਿੱਤਾ ਕਿ ਕੱਲ੍ਹ ਤੇਰਾ ਵਰਤ ਹੈ, ਇਸ ਲਈ ਭੁੱਖ ਤੋਂ ਜ਼ਿਆਦਾ ਖਾ ਲੈ।

ਤਿੰਨ ਵਜੇ ਦਾ ਖਾਣਾ ਜ਼ਰੂਰੀ ਸੀ, ਕਿਉਂਕਿ ਭੈਅ ਆਉਂਦਾ ਸੀ ਕਿ ਸਾਰਾ ਦਿਨ ਭੁੱਖਾ ਰਹਿਣਾ ਪੈਣਾ ਅਤੇ ਤਾਰਿਆਂ ਦੀ ਛਾਂਵੇਂ ਖਾਣ ਦੀ ਪ੍ਰੰਪਰਾ ਵੀ ਵਰਤ ਦਾ ਹੀ ਇੱਕ ਹਿੱਸਾ ਸੀ।। ਲਾਲਚ ਨਾਲ ਜ਼ਿਆਦਾ ਖਾਧਾ ਗਿਆ ਅਤੇ ਫ਼ੇਰ ਮੇਰਾ ਪੇਟ ਫੁੱਲ ਕੇ ਲੱਕੜ ਵਾਂਗ ਠੋਸ ਹੋ ਗਿਆ।

"....ਪਤੀਦੇਵ ਨੂੰ ਤਾਂ ਮੇਰੀ ਸਾਰੀ ਉਮਰ ਅੱਜ ਹੀ ਲੱਗ ਜਾਣੀ ਹੈ... ਮੈਂ ਤਾਂ ਅੱਜ ਦਾ ਸੂਰਜ ਨਹੀਂ ਦੇਖਣਾ... ਸਾਹ ਚੱਲੂਗਾ ਤਾਂ ਹੀ ਜਿਉਣਾ ਹੈ!" ਮੈਂ ਆਪਣੀ ਮੌਤ ਦੇ ਵਿਚਾਰ ਨਾਲ ਡਰ ਗਈ ਅਤੇ ਵਿਹੜੇ ਵਿੱਚ ਦੇਣ ਲੱਗੀ ਗੇੜੇ 'ਤੇ ਗੇੜਾ। ਸਿਹਤਮੰਦ ਲੋਕ ਅਕਸਰ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਸੈਰ ਕਰਨੀ ਚਾਹੀਦੀ ਹੈ। ਮੇਰੀ ਹੀ ਗਲਤੀ ਕਾਰਨ ਇੱਕ ਆਹ ਚੰਗਾ ਅਨੁਭਵ ਵੀ ਕਰ ਲਿਆ ਸਾਝਰੇ ਸੈਰ ਕਰਨ ਦਾ।

"....ਤੂੰ ਅਰਾਮ ਕਰ ਅੱਜ ਮੈਂ ਆਪਣੇ ਖਾਣੇ ਦਾ ਇੰਤਜ਼ਾਮ ਆਪ ਕਰਲੂੰਗਾ, ਤੂੰ ਸਵੇਰੇ ਸਾਝਰੇ ਦੀ ਉਠੀ ਹੋਈ ਹੈਂ!" ਪਤੀਦੇਵ ਨੇ ਖਿਆਲ ਵਜੋਂ ਕਿਹਾ। ਹਦਾਇਤ ਦਿੱਤੀ।
"ਜੀ...!" ਚਲੋ ਆਹ ਵੀ ਇੱਕ ਹੋਰ ਫ਼ਾਇਦਾ ਹੋ ਗਿਆ, ਮੇਰੇ ਵਿੱਚ ਲੋੜ ਤੋਂ ਜ਼ਿਆਦਾ ਖਾ ਲੈਣ ਕਾਰਨ, ਉਠਣ ਦੀ ਹਿੰਮਤ ਵੈਸੇ ਵੀ ਨਹੀਂ ਸੀ।

ਉਠ ਕੇ ਨਹਾ ਧੋ ਕੇ ਤਿਆਰ ਹੋਣ ਲੱਗ ਪਈ ਪਰੰਤੂ ਖੱਟੇ ਡਕਾਰਾਂ ਨੇ ਸਾਰਾ ਦਿਨ ਚੈਨ ਨਾ ਲੈਣ ਦਿੱਤਾ। ਤਿੰਨ ਕੁ ਵਜੇ ਕਥਾ ਦਾ ਸਮਾਂ ਸੀ। ਸਭ ਕੁਝ ਨਿੱਬੜ ਗਿਆ। ਕਥਾ ਤੋਂ ਬਾਅਦ ਚਾਹ ਪੀਣੀ ਸੀ, ਕਿਉਂਕਿ ਬੁੱਲ੍ਹ ਸੁੱਕ ਰਹੇ ਸਨ ਅਤੇ ਨਾਲ ਆਹ ਵੀ ਵਿਚਾਰ ਆ ਰਿਹਾ ਸੀ ਕਿ ਪਤਾ ਨਹੀਂ ਚੰਨ ਕਿੰਨੀ ਕੁ ਦੇਰ ਨੂੰ ਚੜ੍ਹੇ? ਓਦੋਂ ਤੱਕ ਸਮਾਂ ਵੀ ਤਾਂ ਟਪਾਉਣਾ ਸੀ। ਇਸ ਡਰ ਦੀ ਵਜ੍ਹਾ ਕਾਰਨ ਮੈਂ ਵੱਡਾ ਸਾਰਾ ਕੱਪ ਭਰ ਕੇ ਚਾਹ ਵੀ ਧੱਕੇ ਨਾਲ ਡੱਫ਼ ਲਈ। ਫ਼ੇਰ ਫ਼ੋਨ ਘੁੰਮਾ ਦੂਜੀ ਵਰਤ ਵਾਲੀ ਸਹੇਲੀਆਂ ਨੂੰ ਨਾਲ ਗੱਪਾਂ ਮਾਰੀਆਂ...।

"ਅੱਜ ਤਾਂ ਮੇਰੀ ਬਿੱਲੋ ਦਾ ਵਰਤ ਹੈ, ਬੜੀ ਭੁੱਖ ਲੱਗੀ ਹੋਣੀ ਹੈ ਤੈਨੂੰ? ਸੱਚੀਂ ਔਰਤਾਂ ਕਿੰਨੀਆਂ ਮਹਾਨ ਹੁੰਦੀਆਂ ਹਨ...ਪਤੀ ਦੀ ਲੰਮੀ ਉਮਰ ਲਈ ਆਪ ਕਿੰਨਾਂ ਕਸ਼ਟ ਸਹਿ ਜਾਂਦੀਆ ਨੇ...!" ਪਤੀਦੇਵ ਦੇ ਕੋਮਲ ਸ਼ਬਦਾਂ ਨੇ ਮੈਨੂੰ ਬੜਾ ਸਕੂਨ ਦਿੱਤਾ। ਮੈਂ ਵੀ ਪਤੀਦੇਵ 'ਤੇ ਨਿਸ਼ਾਵਰ ਹੋ ਰਹੀ ਸੀ। ਰਸੋਈ ਵੱਲੋਂ ਵੰਨ-ਸੁਵੰਨੇ ਖਾਣਿਆਂ ਦੀ ਖੁਸ਼ਬੂ ਪੂਰੇ ਘਰ ਵਿੱਚ ਕਹਿਰ ਢਾਅ ਰਹੀ ਸੀ। ਮੈਂ ਵੀ ਬੜਾ ਕੁਝ ਪਕਾ ਲਿਆ ਸੀ ਕਿ ਪਤੀਦੇਵ ਨੂੰ ਵੀ ਲੱਗੇ ਕਿ ਮੈਂ ਕਿੰਨੀ ਰੀਝ ਕੀਤੀ ਸੀ।

....ਟੀ. ਵੀ. 'ਤੇ ਹਰ ਚੈਨਲ ਸਜੀਆਂ-ਧਜੀਆਂ ਤੀਵੀਆਂ ਦੇ ਪ੍ਰੋਗਰਾਮ ਅਤੇ ਕਿਤੇ ਕਰਵਾ-ਚੌਥ ਦੇ ਗਾਣੇ-ਸ਼ਾਣੇ...ਆਹ ਸਭ ਮੈਨੂੰ ਅੱਜ ਕੁਝ ਮੇਰੇ ਵਿਸ਼ੇਸ਼ ਹੋਣ ਦਾ ਅਹਿਸਾਸ ਕਰਵਾ ਰਹੇ ਸਨ। ਪਤੀਦੇਵ ਘੜੀ-ਮੁੜੀ ਬਾਹਰ ਜਾ ਕੇ ਚੰਨ ਨੂੰ ਵੇਖਦੇ ਕਿ ਚੜ੍ਹਿਆ ਹੈ ਕਿ ਨਹੀਂ? ਕਿਉਂਕਿ ਰਾਤ ਦਾ ਖਾਣਾ ਪਤੀ ਜੀ ਨੂੰ ਵੀ ਵਰਤ ਤੋੜਣ ਤੋਂ ਬਾਅਦ ਹੀ ਮਿਲਣਾ ਸੀ।

"ਸ਼ੁਕਰ ਹੈ ਰੱਬ ਦਾ, ਚੰਨ ਚੜ੍ਹ ਰਿਹਾ ਹੈ, ਛੇਤੀ ਕਰ...ਆ ਜਾ...ਬਾਹਰ ਆ...!" ਪਤੀਦੇਵ ਨੂੰ ਤਾਂ ਜਿਵੇਂ ਵਿਆਹ ਜਿੰਨੀ ਖੁਸ਼ੀ ਚੜ੍ਹ ਗਈ ਸੀ, ਉਨ੍ਹਾਂ ਦਾ ਮੂੰਹ ਲਾਲ ਭਖ਼ ਗਿਆ। ਮੈਂ ਵੀ ਭੱਜ ਕੇ ਪੂਜਾ ਵਾਲ਼ੀ ਥਾਲੀ ਅਤੇ ਪਾਣੀ ਦਾ ਗੜਵਾ ਲੈ ਬਾਹਰ ਨੂੰ ਨੱਠੀ। ਅਜੇ ਵਿਚਾਰੇ ਚੰਦ ਮਾਮੇ ਨੇ ਆਪਣੀ ਹਲਕੀ ਜਹੀ ਲੀਕ ਹੀ ਦਿਖਾਈ ਸੀ। ਘਰਾਂ ਦੀਆਂ ਛੱਤਾਂ 'ਤੇ ਚੜ੍ਹੀਆਂ ਔਰਤਾਂ ਦਬੋ-ਦੱਬ ਲੱਗ ਪਈਆਂ ਆਪਣੇ-ਆਪਣੇ ਗੜਵੇ ਦਾ ਪਾਣੀ ਚੰਦ ਨੂੰ ਚੜ੍ਹਾਨ। ਜੋ ਨਵੇਂ ਕੱਪੜਿਆਂ 'ਤੇ ਛਿੱਟੇ ਬਣ ਆਪਣੇ ਉਪਰ ਹੀ ਆ ਪਿਆ। ਛਾਣਨੀ ਵਿੱਚੋਂ ਪਤੀ ਜੀ ਨੂੰ ਤੱਕਿਆ। ਪਤੀਦੇਵ ਨੇ ਪਾਣੀ ਮੇਰੇ ਮੂੰਹ ਨੂੰ ਲਾ ਕੇ ਮੇਰਾ ਵਰਤ ਤੁੜਵਾਇਆ। ਮੇਰੇ ਪੇਟ ਨੂੰ ਤਾਂ ਭੁੱਖ ਦਾ ਅਹਿਸਾਸ ਨਹੀਂ ਸੀ, ਫ਼ੇਰ ਵੀ ਰਿਵਾਜ਼ ਕਰਨੇ ਹੀ ਪੈਣੇ ਸਨ। ਆਖਰ ਪਤੀ ਦੀ ਉਮਰ ਮੇਰੇ ਕਾਰਨ ਹੀ ਤਾਂ ਲੰਮੀ ਹੋਣੀ ਸੀ। ਪਤੀਦੇਵ ਦੇ ਪੈਰ ਛੂਹ ਕੇ ਮੈਂ ਆਖਰੀ ਪ੍ਰੰਪਰਾ ਪੂਰੀ ਕੀਤੀ। ਕਿੰਨੇ ਹੀ ਤਰ੍ਹਾਂ ਦੇ ਪਕਵਾਨਾਂ ਨਾਲ ਮੈਂ ਮੇਜ਼ ਸਜਾ ਦਿੱਤਾ। ਦੋਹਾਂ ਨੇ ਬੜੇ ਆਨੰਦ ਨਾਲ ਭੋਜਨ ਕੀਤਾ। ਰਾਤ ਭਾਵੇਂ ਚਾਨਣੀ ਸੀ ਪਰ ਵਰਤ ਨਿਬੇੜਦਿਆਂ ਸਮਾਂ ਕਾਫ਼ੀ ਹੋ ਗਿਆ ਸੀ। ਸਵੇਰ ਤੋਂ ਲਟਕਾਏ, ਗਲੇ, ਕੰਨਾਂ ਅਤੇ ਸਿਰ 'ਤੇ ਸ਼ਿਗਾਰ ਦਾ ਭਾਰ ਲਾਹ ਕੇ ਮੈਂ ਬੜਾ ਹਲਕਾ ਜਿਹਾ ਮਹਿਸੂਸ ਕਰ ਰਹੀ ਸੀ। ਪੂਰੇ ਦਿਨ ਦੇ ਬ੍ਰਿਤਾਂਤ ਬਾਰੇ ਦੋਹਾਂ ਨੇ ਇੱਕ-ਦੂਜੇ ਨੂੰ ਦੱਸਿਆ।

"ਇੱਕ ਗਲ ਪੁੱਛਾਂ?"
"ਪੁੱਛ!" ਪਤੀ ਜੀ ਅੱਜ ਦੇਵਤਾ ਦੇ ਅਵਤਾਰ ਵਿੱਚ ਸੀ। ਗੋਡੇ ਉਤੇ ਦੂਜਾ ਪੈਰ ਰੱਖੀ 'ਵਿਸ਼ਨੂ ਭਗਵਾਨ' ਹੀ ਲੱਗ ਰਹੇ ਸੀ।
"ਜੇ ਕਰ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਮੰਗਦੀ ਹੈ, ਫ਼ੇਰ ਪਤੀ ਨੂੰ ਕਿਉਂ ਨਹੀਂ ਲੱਗਦਾ ਕਿ ਮੇਰੀ ਪਤਨੀ ਵੀ ਸਾਰੀ ਉਮਰ ਮੇਰੇ ਨਾਲ ਹੀ ਜੀਵੇ...? ਮਤਲਬ ਕੀ ਪਤੀ ਨੂੰ ਪਤਨੀ ਦੇ ਮਰਨ ਨਾਲ ਕੁਝ ਫ਼ਰਕ ਨਹੀਂ ਪੈਂਦਾ?" ਮੇਰੇ ਅੰਦਰ ਵੀ ਲੰਮੀ ਉਮਰ ਪਾਉਣ ਦਾ ਵਲਵਲਾ ਠਾਠਾਂ ਮਾਰਨ ਲੱਗ ਪਿਆ।

"...ਆਹ ਕੀ ਗੱਲਾਂ ਲੈ ਕੇ ਬੈਠ ਗਈ ਹੈਂ?" ਉਮੀਦ ਤੋਂ ਖ਼ਿਲਾਫ਼ ਮੇਰੀ ਤਕਰੀਰ ਸੁਣ ਕੇ ਪਤੀ ਜੀ ਦੀ ਵੀ ਅਵਾਜ਼ ਖਿਝ ਨਾਲ ਭਾਰੀ ਹੋ ਗਈ।
"ਮਤਲਬ ਪਤਨੀ ਮਰੇ ਅਤੇ ਤੁਸੀਂ ਦੂਜੀ ਲੈ ਆਓ...? ਬੰਦਿਆਂ ਨੂੰ ਵੀ ਜੋੜੀ ਨੂੰ ਸਲਾਮਤ ਰੱਖਣ ਲਈ ਵਰਤ ਰੱਖਣਾ ਚਾਹੀਦਾ ਹੈ...!" ਮੈਂ ਤਾਂ ਅੱਜ ਮੁੱਕਦਮਾ ਜਿੱਤਣ ਦੀ ਠਾਣ ਹੀ ਲਈ ਸੀ।

"ਆਹੋ...! ਹੁਣ ਤੂੰ ਨਵਾਂ ਕਾਨੂੰਨ ਬਣਾ! ਪਤਾ ਵੀ ਹੈ, ਤੂੰ ਵਰਤ ਦੇ ਬਹਾਨੇ ਕਿੰਨੇ ਪੈਸੇ ਉੜਾ ਦਿੱਤੇ ਨੇ? ਉਨ੍ਹਾਂ ਦੀ ਪੂਰਤੀ ਲਈ ਸਾਰਾ ਮਹੀਨਾ ਮੈਨੂੰ 'ਓਵਰ ਟਾਈਮ' ਲਾਉਣਾ ਪੈਣਾ!" ਆਖਰ ਪਤੀ ਜੀ ਦੀ ਖਿਝ ਦਾ ਇੱਕ ਹੋਰ ਕਾਰਨ ਬਾਹਰ ਆ ਗਿਆ। ਗੁੱਸੇ ਨਾਲ ਪਤੀਦੇਵ ਮੂੰਹ ਘੁੰਮਾ ਕੇ ਕੰਨਾਂ ਵਿੱਚ 'ਈਅਰ ਪਲੱਗ' ਲਾ ਕੇ ਪੈ ਗਏ। ਬੜੀ ਦੇਰ ਤੱਕ ਮੈਂ ਬੁੜ-ਬੁੜ ਕਰਦੀ ਰਹੀ, ਫ਼ੇਰ ਪਤਾ ਨਹੀਂ ਕਦੋਂ ਸੌਂ ਗਈ।

...ਸਵੇਰੇ ਪਤੀ ਦੇਵ ਉਠ ਕੇ ਖੜਕਾ ਕਰਨ ਲੱਗ ਪਿਆ। ਮੈਂ ਘੇਸਲ ਵੱਟ ਕੇ ਪਈ ਰਹੀ। ਸੋਚਿਆ ਬਥੇਰਾ ਖਾਣਾਂ ਪਿਆ ਸੀ, ਕੱਲ੍ਹ ਵਾਧੂ ਪਕਾਇਆ ਸੀ, ਪਤੀਦੇਵ ਆਪੇ ਕੁਝ ਖਾਣ ਦਾ ਆਹਰ ਕਰ ਲਵੇਗਾ। ਵੈਸੇ ਵੀ ਕੱਲ੍ਹ ਕਰਵਾ-ਚੌਥ ਸੀ, ਇਸ ਲਈ ਪਤੀਦੇਵ ਕੱਲ੍ਹ ਹੀ 'ਦੇਵਤਾ' ਸੀ, ਪ੍ਰੰਤੂ ਅੱਜ 'ਤੇ ਸਧਾਰਨ ਪਤੀ ਹੀ ਹੈ। ਇੱਕ ਪਤੀ ਨੂੰ ਵੀ ਪਤਨੀ ਦੀ ਲੰਮੀ ਉਮਰ ਮੰਗਣੀ ਹੀ ਚਾਹੀਦੀ ਹੈ...।

...ਮਨ ਨੂੰ ਸ਼ਾਤ ਕਰ ਕੇ ਮੈਂ ਉੱਠੀ ਅਤੇ ਨਹਾ-ਧੋ ਕੇ ਗੁਰਦੁਆਰੇ ਗਈ, "ਹੇ ਪਰਮਾਤਮਾ!! ਇਸ ਦੁਨੀਆਂ ਵਿੱਚ ਹਰ ਚੀਜ਼ ਤੇਰੀ ਰਜ਼ਾ ਵਿੱਚ ਚੱਲਦੀ ਹੈ! ਕੋਈ ਕੁਝ ਨਹੀਂ ਕਰ ਰਿਹਾ, ਸਭ ਕਰਣ-ਕਰਾਵਣਹਾਰ ਸੁਆਮੀ, ਤੂੰ ਹੀ ਹੈਂ!.... 'ਮਰਣੁ ਲਿਖਾਇ ਮੰਡਲ ਮਹਿ ਆਏ...!' ਦੇ ਸਿਧਾਂਤ ਦੇ ਅਨੁਸਾਰ ਜਨਮ ਤੋਂ ਪਹਿਲਾਂ ਹੀ ਸਭ ਕੁਝ ਲਿਖਿਆ ਅਤੇ ਤੈਅ ਹੁੰਦਾ ਹੈ! ਮੈਂ ਆਪਣੇ ਪ੍ਰੀਵਾਰ ਦੀ ਖੁਸ਼ੀ ਲਈ ਅਰਦਾਸ ਕਰਦੀ ਹਾਂ ਕਿ ਮੇਰੇ ਪਤੀ ਜੀ ਨੂੰ ਲੰਮੀ ਉਮਰ ਅਤੇ ਚੰਗੀ ਸਿਹਤ ਬਖਸ਼ਣਾ!" ਮੈਂ ਜਿਵੇਂ ਹੀ ਝੋਲੀ ਅੱਡ ਕੇ ਸੱਚੇ ਪਾਤਿਸ਼ਾਹ ਅੱਗੇ ਮੱਥਾ ਟੇਕਿਆ ਤਾਂ ਇੱਕ ਸਕੂਨ ਅਤੇ ਇੱਕ ਆਨੰਦ ਨਾਲ ਸਰਸ਼ਾਰ ਹੋ ਗਈ।  

 






**********************************



ਮਰੇ ਸੁਪਨਿਆਂ ਦੀ ਮਿੱਟੀ
ਅਜੀਤ ਸਤਨਾਮ ਕੌਰ, ਲੰਡਨ        
 (23/09/2020)


ਸਵੇਰ ਦੇ ਚੜ੍ਹਦੇ ਸੂਰਜ ਦੀ ਦਸਤਕ ਦੇ ਨਾਲ ਹੀ ਇੱਕ ਨਵੇਂ ਦਿਨ ਨੇ ਲੰਗਰ ਲਾਣ ਵਾਲਿਆਂ ਨੂੰ ਜਿਵੇਂ "ਹਾਕ" ਮਾਰੀ ਹੋਵੇ। ਸਾਰੇ ਸੇਵਾਦਾਰ ਲੰਗਰ ਦੇ ਸਾਮਾਨ ਦਾ ਸਹੀ ਬੰਦੋਬਸਤ ਕਰਨ ਵਿੱਚ ਬੜੇ ਉਤਸਾਹ ਨਾਲ ਜੁਟੇ ਹੋਏ ਸਨ। ਮਜਬੂਰ ਅਤੇ ਗਰੀਬ ਮਜਦੂਰ ਲੋਕ ਵੀ ਪਤਾ ਨਹੀਂ ਕਿਹੜੀਆਂ ਕੁੰਦਰਾਂ ਵਿੱਚੋਂ ਨਿਕਲ ਕੇ ਤੁਰੇ ਆ ਰਹੇ ਸਨ। ਧੰਨ ਜਿਗਰਾ ਹੁੰਦਾ ਹੈ ਸੇਵਾ ਭਾਵ ਵਾਲਿਆਂ ਦਾ ਜੋ ਲੋਕਾਂ ਨੂੰ ਰੋਕ-ਰੋਕ ਕੇ ਲੋੜ ਮੁਤਾਬਿਕ ਖਾਣਾ ਦੇ ਰਹੇ ਸਨ।

ਵੀਹ ਕੁ ਦਿਨ ਹੋ ਗਏ ਸਨ ਤਾਲਾਬੰਦੀ ਸ਼ੁਰੂ ਹੋਇਆਂ। ਸਟੋਰਾਂ ਅਤੇ ਫੈਕਟਰੀਆਂ ਦੇ ਮਾਲਕ 'ਲੌਕਡਾਊਨ' ਵਿੱਚ "ਕਰੋਨਾ" ਦੀ ਬਿਮਾਰੀ ਤੋਂ ਬਚਣ ਲਈ ਆਪਣੀ ਜਾਨ ਦੀ ਸੁੱਖ ਮੰਗਦੇ ਹੋਏ, ਪ੍ਰੀਵਾਰਾਂ ਨਾਲ ਘਰਾਂ ਵਿੱਚ ਬੰਦ ਹੋ ਗਏ ਸਨ। ਪਰ ਜਿਹਨਾਂ ਦੀ ਬਦੌਲਤ ਕਰ ਕੇ ਓਹ ਮਾਲਕਪੁਣੇ ਦਾ "ਤਿਲਕ" ਮੱਥੇ 'ਤੇ ਸਜਾਈ ਬੈਠੇ ਸੀ, ਓਹ ਵਿਚਾਰੇ ਮਜਦੂਰ ਘਰਾਂ ਤੋਂ ਬੇਘਰ ਹੋਏ ਦੂਜੇ ਰਾਜਾਂ ਵਿੱਚ ਰੋਟੀ ਦੀ ਬੁਰਕੀ ਲਈ ਮੁਹਤਾਜ ਹੋਏ ਪਏ ਸਨ। ਉਪਰੋ ਸਰਕਾਰ ਨੇ ਆਉਣ-ਜਾਣ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਸੀ। ਭਲਾ ਹੋਏ ਇਹਨਾਂ ਦਿਆਲੂ ਅਤੇ ਦਾਨੀ ਲੋਕਾਂ ਦਾ, ਜਿਹਨਾਂ ਕਰ ਕੇ ਬਹੁਤ ਸਾਰੇ ਗਰੀਬ ਭੁੱਖੇ ਪੇਟ ਨਹੀਂ ਸੌਂਦੇ ਸਨ।

"...ਰੁਕ ਜਾਓ ਭਾਈਆ...ਲੰਗਰ ਖਾ-ਲੋ...!" ਭੂਰਾ ਮੱਲ ਨੂੰ ਲੰਗਰ ਵੰਡਣ ਵਾਲੇ ਸੇਵਾਦਾਰ ਨੇ ਹਾਕ ਮਾਰੀ।
"...ਨਹੀਂ...ਬਾਬੂ ਜੀ, ਹਮ ਕੋ ਜਲਦੀ ਜਾਨਾ ਹੈ...!" ਭੂਰਾ ਮੱਲ ਬਹੁਤ ਉਦਾਸ ਹੋ ਕੇ ਪੈਰਾਂ ਦੀ ਗਤੀ ਹੋਰ ਤੇਜ਼ ਕਰਦਾ ਹੋਇਆ ਬੋਲਿਆ। ਹਾਲਾਂਕਿ ਉਸ ਦੇ ਬੁੱਲ੍ਹ ਪਿਆਸ ਨਾਲ ਤਿੜਕੇ ਹੋਏ ਦਿਸ ਰਹੇ ਸੀ।
"...ਦੂਰ-ਦੂਰ ਤੱਕ ਕੁਛ ਨਹੀਂ ਹੈ, ਪਾਣੀ-ਸ਼ਾਣੀ ਪੀ-ਲੋ!!...ਇਸ ਬੱਚੇ ਕੋ ਭੀ ਨੀਚੇ ਉਤਾਰ ਕੇ ਕੁਛ ਖਿਲਾ ਦੋ...ਭਾਈ...!" ਸੇਵਾਦਾਰ ਨੇ ਪਿੱਠ 'ਤੇ ਬੰਨ੍ਹੀ ਚਾਦਰ ਵਿੱਚੋਂ ਇੱਕ ਬੱਚੇ ਦੀ ਬਾਂਹ ਲਟਕਦੀ ਦੇਖ ਕੇ ਕਿਹਾ। ਭੂਰਾ ਮੱਲ ਨੇ ਆਪਣੀ ਘਰਵਾਲੀ ਵੱਲ ਦੇਖਿਆ, ਜੋ ਹੰਝੂਆਂ ਨੂੰ ਲਗਾਤਾਰ ਪੂੰਝ ਰਹੀ ਸੀ।
"....ਏ ਕੁੱਛ ਨਹੀਂ ਖਾਏਗਾ....ਬਾਬੂ ਜੀ....!"  ਉਸ ਦੇ ਅੰਦਰੋਂ ਹਾਉਕਾ ਨਿਕਲਿਆ।

"ਅਰ੍ਹੇ, ਨੀਚੇ ਤੋਂ ਉਤਾਰ ਉਸੇ....!" ਭੂਰਾ ਮੱਲ ਨੇ ਆਪਣੀ ਘਰਵਾਲੀ ਜਮੁਨਾ ਦੇਵੀ ਦੀ ਮੱਦਦ ਨਾਲ ਪਿੱਠ 'ਤੇ ਬੱਧੀ ਚਾਦਰ ਦੀ ਗੰਢੜੀ ਨੂੰ ਖੋਲ੍ਹਣਾ ਸ਼ੁਰੂ ਕੀਤਾ।....

...ਭੂਰਾ ਮੱਲ ਅਤੇ ਉਸ ਦੀ ਘਰਵਾਲੀ ਜਮੁਨਾ ਦੇਵੀ ਨੇ ਜਦੋਂ ਸੁਣਿਆ ਕਿ ਹੁਣ ਤਾਂ ਕਰਫ਼ਿਊ ਵੀ ਲੱਗ ਗਿਆ, ਇਸ ਦਾ ਮਤਲਬ ਆਹ ਲੌਕਡਾਊਨ  ਲੰਬਾ ਚੱਲੇਗਾ ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਆਪਣੇ ਪਿੰਡ ਵਾਪਸ ਚੱਲਦੇ ਹਾਂ। ਇੱਥੇ ਹੁਣ ਕੰਮ ਧੰਦੇ ਬੰਦ ਹੋ ਗਏ ਸਨ। ਕਮਾਈ ਦੇ ਤਮਾਮ ਸਾਧਨ ਠੱਪ ਹੋ ਗਏ ਸੀ। ਪਿੱਛੇ ਪਿੰਡ ਵਿੱਚ ਤਿੰਨ ਧੀਆਂ ਨੂੰ ਬਜੁਰਗ ਮਾਂ ਕੋਲ ਛੱਡ ਚਾਰ ਪੈਸੇ ਕਮਾਉਣ ਦੀ ਉਮੀਦ ਲੈ ਕੇ ਪ੍ਰਦੇਸ ਵਿੱਚ ਡੇਰਾ ਲਾਈ ਬੈਠੇ ਸੀ। ਆਪਣੇ ਤਿੰਨ ਕੁ ਸਾਲ ਦੇ ਪੁੱਤ ਨੂੰ ਆਪਣੀ ਪਿੱਠ 'ਤੇ ਚਾਦਰ ਨਾਲ ਬੰਨ੍ਹ ਲਿਆ ਅਤੇ ਨਾਲ ਕੁਝ ਜਰੂਰੀ ਖਾਣ ਦਾ ਸਮਾਨ ਲੈ, ਗੂੜ੍ਹੀ ਅੱਧੀ ਰਾਤ ਨੂੰ ਦੋਹਾਂ ਨੇ ਘਰ ਨੂੰ ਤਾਲਾ ਲਾ, ਆਪਣੇ ਪਿੰਡ ਨੂੰ ਚਾਲੇ ਪਾ ਲਏ। ਚਾਹੇ ਪੈਂਡਾ ਬੜਾ ਲੰਬਾ ਸੀ, ਪਰ ਉਹਨਾਂ ਕੋਲ਼ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹ ਉੱਡ ਕੇ ਆਪਣੇ ਪਿੰਡ, ਆਪਣੇ ਪ੍ਰੀਵਾਰ ਵਿੱਚ ਜਾ ਬੈਠਣਾ ਚਾਹੁੰਦੇ ਸਨ।

ਤੁਰਦੇ-ਤੁਰਦੇ ਪੂਰੀ ਰਾਤ ਅਤੇ ਇੱਕ ਦਿਨ ਪੂਰਾ ਲੱਥ ਗਿਆ ਸੀ। ਉਹ ਥੱਕ-ਟੁੱਟ ਕੇ ਚਕਨਾਚੂਰ ਹੋਏ ਪਏ ਸਨ। ਜੋ ਥੋੜ੍ਹਾ ਬਹੁਤ ਖਾਣਾ-ਪੀਣਾ ਪੱਲੇ ਬੰਨ੍ਹਿਆ ਸੀ, ਭੂਰਾ ਮੱਲ ਨੇ ਆਪਣੇ ਬੱਚੇ ਅਤੇ ਘਰਵਾਲੀ ਜਮੁਨਾ ਨੂੰ ਖੁਆ ਪਿਆ ਦਿੱਤਾ ਸੀ। ਅੱਧੀ ਰਾਤ ਇੱਕ ਆਸਰਾ ਜਿਹਾ ਭਾਲ ਕੇ ਦੋਵੇਂ ਭੁੱਖੇ ਅਤੇ ਅਣੀਂਦਰੇ ਢਾਸਣਾ ਲਾ ਕੇ ਆਰਾਮ ਕਰਨ ਲੱਗ ਪਏ। ਆਪਣੇ ਪੁੱਤ ਨੂੰ ਥੋੜਾ ਖੁਆ ਕੇ ਗੋਡਿਆਂ 'ਤੇ ਪਾ, ਪ੍ਰਭਾਤ ਦੀ ਉਡੀਕ ਕਰਨ ਲੱਗ ਪਏ। ਨਿੰਮ੍ਹੀ ਜਹੀ ਲੋਅ ਫੁੱਟੀ ਤਾਂ ਫ਼ੇਰ ਆਪਣੇ ਰਸਤੇ ਤੁਰ ਪਏ ਆਪਣੀਆਂ ਧੀਆਂ ਦੇ ਫ਼ਿਕਰ ਵਿੱਚ ਜਲਦੀ ਘਰ ਪਹੁੰਚਣ ਲਈ।

"....ਓਏ....ਕਿੱਧਰ ਨੂੰ ਭੱਜੇ ਜਾਂਦੇ ਓਂ....?" ਦੋ ਗਾਲਾਂ ਨਾਲ ਚਾਰ ਡੰਡੇ ਵਰ੍ਹਾ ਕੇ ਪੁਲਸੀਏ ਨੇ ਰੋਕਿਆ।
"....ਘਰ ਜਾ ਰਹੇ ਹੈਂ... ਸਾਹਬ ਜੀ...!" ਭੂਰਾ ਮੱਲ ਘਬਰਾ ਕੇ ਬੋਲਿਆ।
"ਕਿੱਥੇ ਹੈ ਤੇਰਾ ਘਰ...?"
"....ਫ਼ਿਰੋਜ਼ਾਬਾਦ ਮੇਂ ....ਸਾਹਬ...ਜੀ...!"
"ਤੇਰੇ ਲਈ ਕੋਈ ਵੱਖਰਾ ਕਨੂੰਨ ਬਣੇਗਾ, ਮੇਰਿਆ ਸਾ...? ਤੈਨੂੰ ਪਤਾ ਨਹੀਂ ਬਾਹਰ ਜਾਣਾ ਮਨ੍ਹਾਂ ਹੈ...! ਸਮਝ ਨਹੀਂ ਆਉਂਦੀ....??"
"....ਮੇਰੀ ਤੀਨ ਬੇਟੀਆਂ ਫ਼ਿਰੋਜ਼ਾਬਾਦ ਮੇਂ ਅਕੇਲੀ....ਹੈਂ....!" ਭੂਰਾ ਮੱਲ ਕੁੜਿੱਕੀ ਵਿੱਚ ਫ਼ਸੇ ਚੂਹੇ ਵਾਂਗ ਕੰਬ ਰਿਹਾ ਸੀ।
"ਤੇਰੀ ਬੇਟੀਆਂ... ਸਾਥ ਮੇਂ ਰਖਨਾ ਥਾ ਉਂਨ ਕੋ...ਹਮਾਰੇ ਕੋ ਵਖ਼ਤ ਮੇਂ ਡਾਲਾ ਹੈ ਤੁਮ ਲੋਗੋ ਨੇ...!" ਪੁਲਸੀਏ ਨੇ ਬੇਵਸੇ ਭੂਰਾ ਮੱਲ ਨੂੰ ਗਾਲਾਂ ਕੱਢਦੇ ਹੋਏ, ਦੋ ਚਾਰ ਹੋਰ ਡੰਡੇ ਵਰ੍ਹਾ ਦਿੱਤੇ। ਪਿੱਠ 'ਤੇ ਬੱਧੀ ਚਾਦਰ ਦੀ ਗੰਢੜੀ 'ਤੇ ਵੀ ਦੋ ਡੰਡੇ ਲਾ ਦਿੱਤੇ ਜਿਵੇਂ ਹੱਥ ਵਿੱਚ ਫੜੇ ਡੰਡੇ ਨੂੰ 'ਭੋਗ' ਲਵਾਉਣਾ ਜਰੂਰੀ ਹੋਵੇ।

"....ਆਏ....ਏ...ਸਾਹਬ ....!!...ਮੇਰਾ ਬੱਚਾ ਹੈ ਚੱਦਰ ਮੇਂ.... ਮਾਫ਼ ਕਰ ਦੋ....ਸਾਹਬ....ਜੀ...!" ਮੱਛਲੀ ਵਾਂਗ ਤੜਫਦਾ ਭੂਰਾ ਮੱਲ ਜ਼ਮੀਨ ਉਤੇ ਹੀ ਦੋਹਰਾ ਹੋ ਗਿਆ। ਚਾਰ ਸਿਪਾਹੀਆਂ ਵਿੱਚ ਘਿਰੇ ਭੂਰਾ ਮੱਲ ਦੇ ਵੱਸ ਵੀ ਕੁਝ ਨਹੀਂ ਸੀ। ਬਿਨਾ ਕੋਈ ਹੱਲ ਕੱਢੇ, ਧਮਕੀਆਂ ਅਤੇ ਚੇਤਾਵਨੀਆਂ ਦੇ ਕੇ ਓਹ ਸਾਰੇ ਕਾਨੂੰਨ ਦੇ ਰਖਵਾਲੇ ਵਰਦੀ ਦੀ ਤਾਕਤ ਵਿੱਚ ਭੂਸਰੇ ਹੋਏ ਦੂਜੇ ਪਾਸੇ ਨੂੰ ਚਲੇ ਗਏ। ਭੂਰਾ ਮੱਲ ਨੇ ਆਪਣੀ ਪੀੜ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਘਰਵਾਲੀ ਦੇ ਮੋਢੇ 'ਤੇ ਬੇਵਸੀ ਭਰਿਆ ਹੱਥ ਧਰਿਆ। ਭੂਰਾ ਮੱਲ ਨੇ ਜਮੁਨਾ ਦੇਵੀ ਨਾਲ ਵਿਚਾਰ ਕਰ ਕੇ ਰਾਤ ਦੇ ਹਨ੍ਹੇਰੇ ਵਿੱਚ ਤੁਰਨ ਦਾ ਫ਼ੈਸਲ਼ਾ ਕੀਤਾ। ਜੀ ਟੀ ਰੋਡ 'ਤੇ ਦੂਰ-ਦੂਰ ਕੁਝ ਦਿਸ ਨਹੀਂ ਰਿਹਾ ਸੀ। ਰਾਤ ਗੂੜ੍ਹੀ ਹੋਣ ਦੀ ਉਡੀਕ ਵਿੱਚ ਦੋਵੇ, ਆਪਣੇ ਬੱਚੇ ਨਾਲ ਇੱਕ ਵੱਡੇ ਦਰੱਖ਼ਤ ਦਾ ਓਹਲਾ ਦੇਖ ਕੇ ਬੈਠ ਗਏ। ਗਰਮੀ ਕਰ ਕੇ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ। ਗੰਢੜੀ ਵਿੱਚ ਦਿੱਤੀ ਪਾਣੀ ਦੀ ਬੋਤਲ ਅੱਧੀ ਰਹਿ ਗਈ ਸੀ। ਖਾਣ ਨੂੰ ਕੋਲ ਸਿਰਫ਼ ਇੱਕ ਬਿਸਕੁਟਾਂ ਦਾ ਪੈਕੇਟ ਸੀ, ਜੋ ਆਪਣੇ ਬੱਚੇ ਨੂੰ ਖੁਆਣ ਲਈ ਕੱਢ ਲਿਆ।

"ਹਾਏ...!! ਮੁੰਨਾ ਹਿੱਲ ਕਿਉਂ ਨਹੀਂ ਰਹਾ....?"
"....ਇਸ ਕੀ.... ਸਾਂਸ ਤੋਂ ਰੁਕੀ ਪੜੀ ਹੈ...ਮੁੰਨਾ...! ਮੁੰ....ਨਾ....!!"
"ਮੇਰੋ....ਲਾਲ਼...ਅੋ ਰੇ....ਮੁੰਨਾ....!"

ਜਨੁਮਾ ਦੇਵੀ ਦਾ ਕਲੇਜਾ ਦੋਫ਼ਾੜ ਹੋ ਗਿਆ ਸੀ। ਉਸ ਨੂੰ ਆਪਣੇ ਲਾਲ ਨੂੰ ਇੰਜ ਨਿਸ਼ਬਦ ਪਏ ਵੇਖ ਕੇ ਮੁੰਨਾ ਦੀ ਪਹਿਲੀ ਕਿਲਕਾਰੀ ਯਾਦ ਆ ਗਈ। ਤਿੰਨ ਬੇਟੀਆਂ ਹੋਣ ਦੇ ਅੱਠ ਸਾਲ ਬਾਅਦ ਜਦੋਂ ਕੋਈ ਹੋਰ ਔਲਾਦ ਨਾ ਹੋਈ ਤਾਂ ਦੋਵੇਂ ਪਤੀ-ਪਤਨੀ, ਪੁੱਤ ਹੋਣ ਦੀ ਆਸ ਤਕਰੀਬਨ ਲਾਹ ਹੀ ਬੈਠੇ ਸੀ। ਜਮੁਨਾ ਦੇਵੀ ਨੇ ਵਰਤ ਰੱਖੇ, ਅਰਦਾਸਾਂ ਕੀਤੀਆ। ਫ਼ੇਰ ਅੱਠ ਸਾਲ ਦੀ ਤਪੱਸਿਆ ਤੋਂ ਬਾਅਦ ਮੁੰਨਾ ਦਾ ਜਨਮ ਹੋਇਆ। ਮੁੰਨਾ ਦੇ ਜਨਮ ਤੋਂ ਬਾਅਦ ਭੂਰਾ ਮੱਲ ਨੂੰ ਬੁਢਾਪਾ ਸੁਖਾਲਾ ਦਿਸਣ ਲੱਗ ਪਿਆ....। ਅੱਜ ਉਸ ਦੀ ਵਿਰਲਾਪ ਭਰੀ ਚੀਕ ਇਸ ਸੁੰਨ-ਮਸਾਣ ਸਥਾਨ 'ਤੇ ਕੋਈ ਸੁਨਣ ਵਾਲਾ ਨਹੀਂ ਸੀ। ਦੋਹਾਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਜੱਫ਼ੀ ਵਿੱਚ ਭਰ ਕੇ ਆਪਣੇ ਲਾਲ ਦੀ ਲ਼ਾਸ਼ ਨੂੰ ਦੋਵੇ ਜਾਰੋ-ਜਾਰ ਰੋ ਰਹੇ ਸਨ। ਦਿਨ ਜਿਵੇਂ ਲੰਘਣ 'ਤੇ ਨਹੀਂ ਆ ਰਿਹਾ ਸੀ। ਭੈਅ ਵਿੱਚ ਦੋਵੇਂ ਦਿਸ਼ਾਹੀਣ ਅਤੇ ਪਾਗਲ ਜਿਹੇ ਹੋਏ ਪਏ ਸਨ। ਆਪਣੇਂ ਮੁੰਨਾ ਦੀ ਲ਼ਾਸ਼ ਨੂੰ ਉਹ ਰੋਲਣਾ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਬੇਆਬਾਦ ਜਗਾਹ 'ਤੇ ਸਸਕਾਰ ਕਰਨਾ ਚਾਹੁੰਦੇ ਸਨ। ਇਸ ਲਈ ਉਹ ਖੰਭ ਲਾ ਕੇ ਪਿੰਡ ਅੱਪੜਨ ਦੀ ਕਾਹਲੀ ਵਿੱਚ ਸਨ। ਆਪਣੇ ਭਵਿੱਖ ਦੇ ਸੁਪਨਿਆਂ ਦੀ ਮਿੱਟੀ ਨੂੰ ਚਾਦਰ ਵਿੱਚ ਲਪੇਟ ਆਪਣੀ ਪਿੱਠ 'ਤੇ ਬੰਨ੍ਹ ਕੇ ਸੁੰਨ ਸਾਨ ਰਾਹਾਂ 'ਤੇ ਲੁੱਟੇ ਹੋਏ ਵਪਾਰੀ ਵਾਂਗ ਕੁਝ ਪਲ ਖੜ੍ਹੇ ਹੋ ਇੱਕ ਨਜ਼ਰ ਅਕਾਸ਼ ਵੱਲ ਮਾਰੀ, ਫੇਰ ਧੀਆਂ ਅਤੇ ਮਾਂ ਦਾ ਖਿਆਲ ਆਇਆ।

"ਰਾਤ ਕਾ ਹਨ੍ਹੇਰਾ ਹੋ ਰਹਾ ਹੈ...ਜਲਦੀ ਘਰ ਪਹੁੰਚ ਜਾਏਂ... ਵਰਨਾ ਮੁੰਨਾ ਕੀ ਲ਼ਾਸ਼ ਸੇ ਬਦਬੂ ਆਨੇ ਲਗੇਗੀ...?" ਮੁੰਨਾ ਨੂੰ ਪਿੱਠ 'ਤੇ ਬੰਨ੍ਹ ਭੁੱਖੇ-ਤਿਹਾਏ ਦੁੱਖ ਨਾਲ ਨੱਕੋ-ਨੱਕ ਭਰੇ ਹੋਏ, ਭਾਰੀ ਕਦਮਾਂ ਨਾਲ ਅੱਗੇ ਤੁਰ ਪਏ।.....
"ਅਰੇ....!! ਯੇਹ ਤੋਂ ਮ...ਰ... ਗਿਆ...ਲਗਤਾ...?" ਸੇਵਾਦਾਰ ਦੇ ਮੁੰਹ ਤੋਂ ਚੀਕ ਜਿਹੀ ਨਿਕਲੀ, ਜਦੋਂ ਭੂਰਾ ਮੱਲ ਨੇ ਪਿੱਠ ਤੋਂ ਗੰਢੜੀ ਖੋਲ੍ਹ ਕੇ ਜ਼ਮੀਨ 'ਤੇ ਰੱਖੀ ਤਾਂ ਮੁੰਨਾ ਦੀ ਲ਼ਾਸ਼ ਲੁੜਕ ਕੇ ਮੂਧੀ ਹੋ ਗਈ।
"ਹਾਂ....ਬਾਬੂ ਜੀ .... ਮੇਰਾ ਮੁੰਨਾ ਮਰ ਗਿਆ ਹੈ....!" ਭੂਰਾ ਮੱਲ ਭੁੱਬਾਂ ਮਾਰ ਰੋਣ ਲੱਗ ਪਿਆ।
"ਠੰਢ ਰੱਖ ਭਾਈ....ਕੀ ਹੂਆ ਥਾ ਇਸ ਕੋ....ਕੇਸੈ ਮਰਾ ਯੇਹ ਬੱਚਾ...?" ਪਾਣੀ ਫ਼ੜਾਉਂਦੇ ਹੋਏ ਸੇਵਾਦਾਰ ਨੇ ਹੌਂਸਲਾ ਦਿੱਤਾ।
"ਹੁਆ ਕਿਯਾ ਥਾ...? ....ਯੇਹ ਤੋਂ ਹਮੇਂ ਭੀ ਨਹੀਂ ਪਤਾ ਚਲਾ, ਪਰ .... ਯੇਹ ਜੋ ਬਿਮਾਰੀ 'ਕਰੋਨਾ' ਚੱਲ ਰਹੀ ਹੈ, ਉਸ ਸੇ ਤੋਂ ਨਹੀਂ .... ਪਰ ਇਨ ਹਾਲਾਤੋਂ ਕੇ ਕਾਰਣ ਮਰ ਗਿਆ, ਮੇਰਾ ਮੁੰਨਾ....!" ਭੂਰਾ ਮੱਲ ਅਵਾਜ਼ਾਰ ਹੋ ਸੇਵਾਦਾਰ ਨੂੰ ਹੀ ਆਪਣਾ ਮਸੀਹਾ ਸਮਝ, ਆਪਣਾ ਦੁੱਖ ਫ਼ਰੋਲਣ ਲੱਗ ਪਿਆ। ਕਿਉਂਕਿ ਅਜੇ ਤੱਕ ਤਾਂ ਝਿੜ੍ਹਕਾਂ ਅਤੇ ਡੰਡੇ ਹੀ ਮਿਲੇ ਸੀ ਰਾਹ ਵਿੱਚ।

"....ਬਾਬੂ ਜੀ...ਮੇਰੇ ਤੀਨ ਛੋਰ੍ਹੀਓ ਕੇ ਬਾਅਦ ਯੇਹ ਮੁੰਨਾ ਆਠ ਸਾਲ ਬਾਅਦ ਹੂਆ ਥਾ... ਅਰੇ ਮੇਰੇ ਭਗਵਾਨ.... ਜਬ ਬੇਟਾ ਦਿਆ ਤੋ ਵਾਪਿਸ ਕਿਯੋਂ ਲੇ ਲਿਅੋ....!" ਹਮਦਰਦੀ ਦੀ ਆਸ ਵਿੱਚ ਭੁਰਾ ਮੱਲ ਦੀ ਘਰਵਾਲੀ ਅੱਖਾਂ ਵਿੱਚੋਂ ਸੁਨਾਮੀ ਵਗਾਉਂਦੀ ਹੋਈ ਬੋਲ ਪਈ। ਜਮੁਨਾ ਦੇਵੀ ਇਸ ਪਹਾੜ ਵਰਗੇ ਦੁੱਖ ਥੱਲੇ ਦੱਬੀ ਹੋਈ ਮਹਿਸੂਸ ਕਰਦੀ ਹਟਕੋਰੇ ਲੈ ਰਹੀ ਸੀ। ਸ਼ਾਇਦ ਇਸ ਦੁੱਖ ਨੇ ਦੋਹਾਂ ਨੂੰ ਅੰਦਰੋਂ ਹੀ ਤੋੜ ਦਿੱਤਾ ਸੀ। ਸੇਵਾਦਾਰ ਵੀ ਇਸ ਵੇਦਨਾ ਭਰੇ ਹੋਏ ਮਾਹੌਲ ਨੂੰ ਸਹਾਰ ਨਾ ਸਕਿਆ ਅਤੇ ਅੰਦਰੋ-ਅੰਦਰ ਭੁੱਬੀਂ ਰੋ ਪਿਆ।
"....ਦੇਖੋ....ਭਾਈ... ਅਬ ਰੱਬ ਕਾ 'ਭਾਣਾ' ਤੋਂ ਮੰਨਣਾ ਹੀ ਪੜੇਗਾ.... ਕਿਆ ਕਰ ਸਕਤੇ ਹੈ...?" ਭੂਰਾ ਮੱਲ ਦੇ ਪੁੱਤ ਦੇ ਦੁੱਖ ਦਾ ਭਾਰ 'ਭਾਣੇ' 'ਤੇ ਸੁੱਟ ਕੇ ਸੇਵਾਦਾਰ ਨੇ ਉਨ੍ਹਾਂ ਨੂੰ ਹੌਂਸਲਾ ਜਿਹਾ ਦਿੱਤਾ।

"ਕਰ ਹੀ ਤੋਂ ਕੁਛ ਨਹੀਂ ਸਕਤੇ....ਬਾਬੂ ਜੀ....!! ਹਮੇਂ ਤੋਂ ਯੇਹ ਭੀ ਨਹੀਂ ਪਤਾ ਚਲਾ ਕਿ... ਕੁਦਰਤ ਨੇ 'ਲਾਠੀ' ਮਾਰੀ ਹੈ....? ਜਾਂ ਕਾਨੂੰਨ ਕਾ 'ਡੰਡਾ' ਚਲ ਗਯਾ ਹੈ... ਮੇਰੇ ਲਾਲ਼... ਔਰ... ਹਮ ਗਰੀਬ, ਮਜਬੂਰੋਂ ਪਰ...?" ਭੂਰਾ ਮੱਲ ਨੂੰ ਅਜੇ ਤੱਕ ਸਮਝ ਨਹੀਂ ਲੱਗੀ ਸੀ ਕਿ ਕੁਦਰਤ ਦੇ 'ਕਰੋਨਾ' ਦੀ ਮਾਰ ਝੱਲਦਿਆਂ, ਮੁੰਨਾ ਦੀ ਮੌਤ ਭੁੱਖ ਅਤੇ ਗਰਮੀ ਦੇ ਵਾਰ ਨਾਲ ਹੋਈ ਸੀ, ਜਾਂ ਕਾਨੂੰਨ ਦੀ ਡਾਂਗ, ਕਿੱਤੇ ਕੁਵੱਲੀ ਵੱਜ ਗਈ ਸੀ ਉਸ ਦੇ ਇੱਕਲੌਤੇ ਪੁੱਤ ਦੇ...? ਭੂਰਾ ਮੱਲ ਅਤੇ ਜਮੁਨਾ ਦੇਵੀ ਆਪਣੇ ਹਨ੍ਹੇਰੇ ਭਵਿੱਖ ਨੂੰ ਰੋ-ਰੋ ਕੇ ਥੱਕੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ। ਭੂਰਾ ਮੱਲ ਆਪਣੇ ਪੁੱਤ ਮੁੰਨਾ ਦੇ ਸਦੀਵੀ ਸ਼ਾਂਤ ਪਏ ਸ਼ਰੀਰ ਨੂੰ ਮੁੜ ਚਾਦਰ ਵਿੱਚ ਲਪੇਟਣ ਲੱਗ ਪਿਆ, ਆਪਣੇ 'ਮੋਏ' ਭਵਿੱਖ ਨੂੰ ਸਮੇਟ ਕੇ ਆਪਣੀ ਮਜਬੂਰ ਗਰੀਬੀ ਦੇ ਮੋਢਿਆਂ 'ਤੇ ਚੁੱਕਣ ਲਈ।.......

 

ਸਵੇਰ ਦੇ ਚੜ੍ਹਦੇ ਸੂਰਜ ਦੀ ਦਸਤਕ ਦੇ ਨਾਲ ਹੀ ਇੱਕ ਨਵੇਂ ਦਿਨ ਨੇ ਲੰਗਰ ਲਾਣ ਵਾਲਿਆਂ ਨੂੰ ਜਿਵੇਂ "ਹਾਕ" ਮਾਰੀ ਹੋਵੇ। ਸਾਰੇ ਸੇਵਾਦਾਰ ਲੰਗਰ ਦੇ ਸਾਮਾਨ ਦਾ ਸਹੀ ਬੰਦੋਬਸਤ ਕਰਨ ਵਿੱਚ ਬੜੇ ਉਤਸਾਹ ਨਾਲ ਜੁਟੇ ਹੋਏ ਸਨ। ਮਜਬੂਰ ਅਤੇ ਗਰੀਬ ਮਜਦੂਰ ਲੋਕ ਵੀ ਪਤਾ ਨਹੀਂ ਕਿਹੜੀਆਂ ਕੁੰਦਰਾਂ ਵਿੱਚੋਂ ਨਿਕਲ ਕੇ ਤੁਰੇ ਆ ਰਹੇ ਸਨ। ਧੰਨ ਜਿਗਰਾ ਹੁੰਦਾ ਹੈ ਸੇਵਾ ਭਾਵ ਵਾਲਿਆਂ ਦਾ ਜੋ ਲੋਕਾਂ ਨੂੰ ਰੋਕ-ਰੋਕ ਕੇ ਲੋੜ ਮੁਤਾਬਿਕ ਖਾਣਾ ਦੇ ਰਹੇ ਸਨ।

ਵੀਹ ਕੁ ਦਿਨ ਹੋ ਗਏ ਸਨ ਤਾਲਾਬੰਦੀ ਸ਼ੁਰੂ ਹੋਇਆਂ। ਸਟੋਰਾਂ ਅਤੇ ਫੈਕਟਰੀਆਂ ਦੇ ਮਾਲਕ 'ਲੌਕਡਾਊਨ' ਵਿੱਚ "ਕਰੋਨਾ" ਦੀ ਬਿਮਾਰੀ ਤੋਂ ਬਚਣ ਲਈ ਆਪਣੀ ਜਾਨ ਦੀ ਸੁੱਖ ਮੰਗਦੇ ਹੋਏ, ਪ੍ਰੀਵਾਰਾਂ ਨਾਲ ਘਰਾਂ ਵਿੱਚ ਬੰਦ ਹੋ ਗਏ ਸਨ। ਪਰ ਜਿਹਨਾਂ ਦੀ ਬਦੌਲਤ ਕਰ ਕੇ ਓਹ ਮਾਲਕਪੁਣੇ ਦਾ "ਤਿਲਕ" ਮੱਥੇ 'ਤੇ ਸਜਾਈ ਬੈਠੇ ਸੀ, ਓਹ ਵਿਚਾਰੇ ਮਜਦੂਰ ਘਰਾਂ ਤੋਂ ਬੇਘਰ ਹੋਏ ਦੂਜੇ ਰਾਜਾਂ ਵਿੱਚ ਰੋਟੀ ਦੀ ਬੁਰਕੀ ਲਈ ਮੁਹਤਾਜ ਹੋਏ ਪਏ ਸਨ। ਉਪਰੋ ਸਰਕਾਰ ਨੇ ਆਉਣ-ਜਾਣ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਸੀ। ਭਲਾ ਹੋਏ ਇਹਨਾਂ ਦਿਆਲੂ ਅਤੇ ਦਾਨੀ ਲੋਕਾਂ ਦਾ, ਜਿਹਨਾਂ ਕਰ ਕੇ ਬਹੁਤ ਸਾਰੇ ਗਰੀਬ ਭੁੱਖੇ ਪੇਟ ਨਹੀਂ ਸੌਂਦੇ ਸਨ।

"...ਰੁਕ ਜਾਓ ਭਾਈਆ...ਲੰਗਰ ਖਾ-ਲੋ...!" ਭੂਰਾ ਮੱਲ ਨੂੰ ਲੰਗਰ ਵੰਡਣ ਵਾਲੇ ਸੇਵਾਦਾਰ ਨੇ ਹਾਕ ਮਾਰੀ।
"...ਨਹੀਂ...ਬਾਬੂ ਜੀ, ਹਮ ਕੋ ਜਲਦੀ ਜਾਨਾ ਹੈ...!" ਭੂਰਾ ਮੱਲ ਬਹੁਤ ਉਦਾਸ ਹੋ ਕੇ ਪੈਰਾਂ ਦੀ ਗਤੀ ਹੋਰ ਤੇਜ਼ ਕਰਦਾ ਹੋਇਆ ਬੋਲਿਆ। ਹਾਲਾਂਕਿ ਉਸ ਦੇ ਬੁੱਲ੍ਹ ਪਿਆਸ ਨਾਲ ਤਿੜਕੇ ਹੋਏ ਦਿਸ ਰਹੇ ਸੀ।
"...ਦੂਰ-ਦੂਰ ਤੱਕ ਕੁਛ ਨਹੀਂ ਹੈ, ਪਾਣੀ-ਸ਼ਾਣੀ ਪੀ-ਲੋ!!...ਇਸ ਬੱਚੇ ਕੋ ਭੀ ਨੀਚੇ ਉਤਾਰ ਕੇ ਕੁਛ ਖਿਲਾ ਦੋ...ਭਾਈ...!" ਸੇਵਾਦਾਰ ਨੇ ਪਿੱਠ 'ਤੇ ਬੰਨ੍ਹੀ ਚਾਦਰ ਵਿੱਚੋਂ ਇੱਕ ਬੱਚੇ ਦੀ ਬਾਂਹ ਲਟਕਦੀ ਦੇਖ ਕੇ ਕਿਹਾ। ਭੂਰਾ ਮੱਲ ਨੇ ਆਪਣੀ ਘਰਵਾਲੀ ਵੱਲ ਦੇਖਿਆ, ਜੋ ਹੰਝੂਆਂ ਨੂੰ ਲਗਾਤਾਰ ਪੂੰਝ ਰਹੀ ਸੀ।
"....ਏ ਕੁੱਛ ਨਹੀਂ ਖਾਏਗਾ....ਬਾਬੂ ਜੀ....!"  ਉਸ ਦੇ ਅੰਦਰੋਂ ਹਾਉਕਾ ਨਿਕਲਿਆ।
"ਅਰ੍ਹੇ, ਨੀਚੇ ਤੋਂ ਉਤਾਰ ਉਸੇ....!" ਭੂਰਾ ਮੱਲ ਨੇ ਆਪਣੀ ਘਰਵਾਲੀ ਜਮੁਨਾ ਦੇਵੀ ਦੀ ਮੱਦਦ ਨਾਲ ਪਿੱਠ 'ਤੇ ਬੱਧੀ ਚਾਦਰ ਦੀ ਗੰਢੜੀ ਨੂੰ ਖੋਲ੍ਹਣਾ ਸ਼ੁਰੂ ਕੀਤਾ।....

...ਭੂਰਾ ਮੱਲ ਅਤੇ ਉਸ ਦੀ ਘਰਵਾਲੀ ਜਮੁਨਾ ਦੇਵੀ ਨੇ ਜਦੋਂ ਸੁਣਿਆ ਕਿ ਹੁਣ ਤਾਂ ਕਰਫ਼ਿਊ ਵੀ ਲੱਗ ਗਿਆ, ਇਸ ਦਾ ਮਤਲਬ ਆਹ ਲੌਕਡਾਊਨ  ਲੰਬਾ ਚੱਲੇਗਾ ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਆਪਣੇ ਪਿੰਡ ਵਾਪਸ ਚੱਲਦੇ ਹਾਂ। ਇੱਥੇ ਹੁਣ ਕੰਮ ਧੰਦੇ ਬੰਦ ਹੋ ਗਏ ਸਨ। ਕਮਾਈ ਦੇ ਤਮਾਮ ਸਾਧਨ ਠੱਪ ਹੋ ਗਏ ਸੀ। ਪਿੱਛੇ ਪਿੰਡ ਵਿੱਚ ਤਿੰਨ ਧੀਆਂ ਨੂੰ ਬਜੁਰਗ ਮਾਂ ਕੋਲ ਛੱਡ ਚਾਰ ਪੈਸੇ ਕਮਾਉਣ ਦੀ ਉਮੀਦ ਲੈ ਕੇ ਪ੍ਰਦੇਸ ਵਿੱਚ ਡੇਰਾ ਲਾਈ ਬੈਠੇ ਸੀ। ਆਪਣੇ ਤਿੰਨ ਕੁ ਸਾਲ ਦੇ ਪੁੱਤ ਨੂੰ ਆਪਣੀ ਪਿੱਠ 'ਤੇ ਚਾਦਰ ਨਾਲ ਬੰਨ੍ਹ ਲਿਆ ਅਤੇ ਨਾਲ ਕੁਝ ਜਰੂਰੀ ਖਾਣ ਦਾ ਸਮਾਨ ਲੈ, ਗੂੜ੍ਹੀ ਅੱਧੀ ਰਾਤ ਨੂੰ ਦੋਹਾਂ ਨੇ ਘਰ ਨੂੰ ਤਾਲਾ ਲਾ, ਆਪਣੇ ਪਿੰਡ ਨੂੰ ਚਾਲੇ ਪਾ ਲਏ। ਚਾਹੇ ਪੈਂਡਾ ਬੜਾ ਲੰਬਾ ਸੀ, ਪਰ ਉਹਨਾਂ ਕੋਲ਼ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹ ਉੱਡ ਕੇ ਆਪਣੇ ਪਿੰਡ, ਆਪਣੇ ਪ੍ਰੀਵਾਰ ਵਿੱਚ ਜਾ ਬੈਠਣਾ ਚਾਹੁੰਦੇ ਸਨ।

ਤੁਰਦੇ-ਤੁਰਦੇ ਪੂਰੀ ਰਾਤ ਅਤੇ ਇੱਕ ਦਿਨ ਪੂਰਾ ਲੱਥ ਗਿਆ ਸੀ। ਉਹ ਥੱਕ-ਟੁੱਟ ਕੇ ਚਕਨਾਚੂਰ ਹੋਏ ਪਏ ਸਨ। ਜੋ ਥੋੜ੍ਹਾ ਬਹੁਤ ਖਾਣਾ-ਪੀਣਾ ਪੱਲੇ ਬੰਨ੍ਹਿਆ ਸੀ, ਭੂਰਾ ਮੱਲ ਨੇ ਆਪਣੇ ਬੱਚੇ ਅਤੇ ਘਰਵਾਲੀ ਜਮੁਨਾ ਨੂੰ ਖੁਆ ਪਿਆ ਦਿੱਤਾ ਸੀ। ਅੱਧੀ ਰਾਤ ਇੱਕ ਆਸਰਾ ਜਿਹਾ ਭਾਲ ਕੇ ਦੋਵੇਂ ਭੁੱਖੇ ਅਤੇ ਅਣੀਂਦਰੇ ਢਾਸਣਾ ਲਾ ਕੇ ਆਰਾਮ ਕਰਨ ਲੱਗ ਪਏ। ਆਪਣੇ ਪੁੱਤ ਨੂੰ ਥੋੜਾ ਖੁਆ ਕੇ ਗੋਡਿਆਂ 'ਤੇ ਪਾ, ਪ੍ਰਭਾਤ ਦੀ ਉਡੀਕ ਕਰਨ ਲੱਗ ਪਏ। ਨਿੰਮ੍ਹੀ ਜਹੀ ਲੋਅ ਫੁੱਟੀ ਤਾਂ ਫ਼ੇਰ ਆਪਣੇ ਰਸਤੇ ਤੁਰ ਪਏ ਆਪਣੀਆਂ ਧੀਆਂ ਦੇ ਫ਼ਿਕਰ ਵਿੱਚ ਜਲਦੀ ਘਰ ਪਹੁੰਚਣ ਲਈ।

"....ਓਏ....ਕਿੱਧਰ ਨੂੰ ਭੱਜੇ ਜਾਂਦੇ ਓਂ....?" ਦੋ ਗਾਲਾਂ ਨਾਲ ਚਾਰ ਡੰਡੇ ਵਰ੍ਹਾ ਕੇ ਪੁਲਸੀਏ ਨੇ ਰੋਕਿਆ।
"....ਘਰ ਜਾ ਰਹੇ ਹੈਂ... ਸਾਹਬ ਜੀ...!" ਭੂਰਾ ਮੱਲ ਘਬਰਾ ਕੇ ਬੋਲਿਆ।
"ਕਿੱਥੇ ਹੈ ਤੇਰਾ ਘਰ...?"
"....ਫ਼ਿਰੋਜ਼ਾਬਾਦ ਮੇਂ ....ਸਾਹਬ...ਜੀ...!"
"ਤੇਰੇ ਲਈ ਕੋਈ ਵੱਖਰਾ ਕਨੂੰਨ ਬਣੇਗਾ, ਮੇਰਿਆ ਸਾ...? ਤੈਨੂੰ ਪਤਾ ਨਹੀਂ ਬਾਹਰ ਜਾਣਾ ਮਨ੍ਹਾਂ ਹੈ...! ਸਮਝ ਨਹੀਂ ਆਉਂਦੀ....??"
"....ਮੇਰੀ ਤੀਨ ਬੇਟੀਆਂ ਫ਼ਿਰੋਜ਼ਾਬਾਦ ਮੇਂ ਅਕੇਲੀ....ਹੈਂ....!" ਭੂਰਾ ਮੱਲ ਕੁੜਿੱਕੀ ਵਿੱਚ ਫ਼ਸੇ ਚੂਹੇ ਵਾਂਗ ਕੰਬ ਰਿਹਾ ਸੀ।
"ਤੇਰੀ ਬੇਟੀਆਂ... ਸਾਥ ਮੇਂ ਰਖਨਾ ਥਾ ਉਂਨ ਕੋ...ਹਮਾਰੇ ਕੋ ਵਖ਼ਤ ਮੇਂ ਡਾਲਾ ਹੈ ਤੁਮ ਲੋਗੋ ਨੇ...!" ਪੁਲਸੀਏ ਨੇ ਬੇਵਸੇ ਭੂਰਾ ਮੱਲ ਨੂੰ ਗਾਲਾਂ ਕੱਢਦੇ ਹੋਏ, ਦੋ ਚਾਰ ਹੋਰ ਡੰਡੇ ਵਰ੍ਹਾ ਦਿੱਤੇ। ਪਿੱਠ 'ਤੇ ਬੱਧੀ ਚਾਦਰ ਦੀ ਗੰਢੜੀ 'ਤੇ ਵੀ ਦੋ ਡੰਡੇ ਲਾ ਦਿੱਤੇ ਜਿਵੇਂ ਹੱਥ ਵਿੱਚ ਫੜੇ ਡੰਡੇ ਨੂੰ 'ਭੋਗ' ਲਵਾਉਣਾ ਜਰੂਰੀ ਹੋਵੇ।

"....ਆਏ....ਏ...ਸਾਹਬ ....!!...ਮੇਰਾ ਬੱਚਾ ਹੈ ਚੱਦਰ ਮੇਂ.... ਮਾਫ਼ ਕਰ ਦੋ....ਸਾਹਬ....ਜੀ...!" ਮੱਛਲੀ ਵਾਂਗ ਤੜਫਦਾ ਭੂਰਾ ਮੱਲ ਜ਼ਮੀਨ ਉਤੇ ਹੀ ਦੋਹਰਾ ਹੋ ਗਿਆ। ਚਾਰ ਸਿਪਾਹੀਆਂ ਵਿੱਚ ਘਿਰੇ ਭੂਰਾ ਮੱਲ ਦੇ ਵੱਸ ਵੀ ਕੁਝ ਨਹੀਂ ਸੀ। ਬਿਨਾ ਕੋਈ ਹੱਲ ਕੱਢੇ, ਧਮਕੀਆਂ ਅਤੇ ਚੇਤਾਵਨੀਆਂ ਦੇ ਕੇ ਓਹ ਸਾਰੇ ਕਾਨੂੰਨ ਦੇ ਰਖਵਾਲੇ ਵਰਦੀ ਦੀ ਤਾਕਤ ਵਿੱਚ ਭੂਸਰੇ ਹੋਏ ਦੂਜੇ ਪਾਸੇ ਨੂੰ ਚਲੇ ਗਏ। ਭੂਰਾ ਮੱਲ ਨੇ ਆਪਣੀ ਪੀੜ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਘਰਵਾਲੀ ਦੇ ਮੋਢੇ 'ਤੇ ਬੇਵਸੀ ਭਰਿਆ ਹੱਥ ਧਰਿਆ। ਭੂਰਾ ਮੱਲ ਨੇ ਜਮੁਨਾ ਦੇਵੀ ਨਾਲ ਵਿਚਾਰ ਕਰ ਕੇ ਰਾਤ ਦੇ ਹਨ੍ਹੇਰੇ ਵਿੱਚ ਤੁਰਨ ਦਾ ਫ਼ੈਸਲ਼ਾ ਕੀਤਾ। ਜੀ ਟੀ ਰੋਡ 'ਤੇ ਦੂਰ-ਦੂਰ ਕੁਝ ਦਿਸ ਨਹੀਂ ਰਿਹਾ ਸੀ। ਰਾਤ ਗੂੜ੍ਹੀ ਹੋਣ ਦੀ ਉਡੀਕ ਵਿੱਚ ਦੋਵੇ, ਆਪਣੇ ਬੱਚੇ ਨਾਲ ਇੱਕ ਵੱਡੇ ਦਰੱਖ਼ਤ ਦਾ ਓਹਲਾ ਦੇਖ ਕੇ ਬੈਠ ਗਏ। ਗਰਮੀ ਕਰ ਕੇ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ। ਗੰਢੜੀ ਵਿੱਚ ਦਿੱਤੀ ਪਾਣੀ ਦੀ ਬੋਤਲ ਅੱਧੀ ਰਹਿ ਗਈ ਸੀ। ਖਾਣ ਨੂੰ ਕੋਲ ਸਿਰਫ਼ ਇੱਕ ਬਿਸਕੁਟਾਂ ਦਾ ਪੈਕੇਟ ਸੀ, ਜੋ ਆਪਣੇ ਬੱਚੇ ਨੂੰ ਖੁਆਣ ਲਈ ਕੱਢ ਲਿਆ।

"ਹਾਏ...!! ਮੁੰਨਾ ਹਿੱਲ ਕਿਉਂ ਨਹੀਂ ਰਹਾ....?"
"....ਇਸ ਕੀ.... ਸਾਂਸ ਤੋਂ ਰੁਕੀ ਪੜੀ ਹੈ...ਮੁੰਨਾ...! ਮੁੰ....ਨਾ....!!"
"ਮੇਰੋ....ਲਾਲ਼...ਅੋ ਰੇ....ਮੁੰਨਾ....!"

ਜਨੁਮਾ ਦੇਵੀ ਦਾ ਕਲੇਜਾ ਦੋਫ਼ਾੜ ਹੋ ਗਿਆ ਸੀ। ਉਸ ਨੂੰ ਆਪਣੇ ਲਾਲ ਨੂੰ ਇੰਜ ਨਿਸ਼ਬਦ ਪਏ ਵੇਖ ਕੇ ਮੁੰਨਾ ਦੀ ਪਹਿਲੀ ਕਿਲਕਾਰੀ ਯਾਦ ਆ ਗਈ। ਤਿੰਨ ਬੇਟੀਆਂ ਹੋਣ ਦੇ ਅੱਠ ਸਾਲ ਬਾਅਦ ਜਦੋਂ ਕੋਈ ਹੋਰ ਔਲਾਦ ਨਾ ਹੋਈ ਤਾਂ ਦੋਵੇਂ ਪਤੀ-ਪਤਨੀ, ਪੁੱਤ ਹੋਣ ਦੀ ਆਸ ਤਕਰੀਬਨ ਲਾਹ ਹੀ ਬੈਠੇ ਸੀ। ਜਮੁਨਾ ਦੇਵੀ ਨੇ ਵਰਤ ਰੱਖੇ, ਅਰਦਾਸਾਂ ਕੀਤੀਆ। ਫ਼ੇਰ ਅੱਠ ਸਾਲ ਦੀ ਤਪੱਸਿਆ ਤੋਂ ਬਾਅਦ ਮੁੰਨਾ ਦਾ ਜਨਮ ਹੋਇਆ। ਮੁੰਨਾ ਦੇ ਜਨਮ ਤੋਂ ਬਾਅਦ ਭੂਰਾ ਮੱਲ ਨੂੰ ਬੁਢਾਪਾ ਸੁਖਾਲਾ ਦਿਸਣ ਲੱਗ ਪਿਆ....। ਅੱਜ ਉਸ ਦੀ ਵਿਰਲਾਪ ਭਰੀ ਚੀਕ ਇਸ ਸੁੰਨ-ਮਸਾਣ ਸਥਾਨ 'ਤੇ ਕੋਈ ਸੁਨਣ ਵਾਲਾ ਨਹੀਂ ਸੀ। ਦੋਹਾਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਜੱਫ਼ੀ ਵਿੱਚ ਭਰ ਕੇ ਆਪਣੇ ਲਾਲ ਦੀ ਲ਼ਾਸ਼ ਨੂੰ ਦੋਵੇ ਜਾਰੋ-ਜਾਰ ਰੋ ਰਹੇ ਸਨ। ਦਿਨ ਜਿਵੇਂ ਲੰਘਣ 'ਤੇ ਨਹੀਂ ਆ ਰਿਹਾ ਸੀ। ਭੈਅ ਵਿੱਚ ਦੋਵੇਂ ਦਿਸ਼ਾਹੀਣ ਅਤੇ ਪਾਗਲ ਜਿਹੇ ਹੋਏ ਪਏ ਸਨ। ਆਪਣੇਂ ਮੁੰਨਾ ਦੀ ਲ਼ਾਸ਼ ਨੂੰ ਉਹ ਰੋਲਣਾ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਬੇਆਬਾਦ ਜਗਾਹ 'ਤੇ ਸਸਕਾਰ ਕਰਨਾ ਚਾਹੁੰਦੇ ਸਨ। ਇਸ ਲਈ ਉਹ ਖੰਭ ਲਾ ਕੇ ਪਿੰਡ ਅੱਪੜਨ ਦੀ ਕਾਹਲੀ ਵਿੱਚ ਸਨ। ਆਪਣੇ ਭਵਿੱਖ ਦੇ ਸੁਪਨਿਆਂ ਦੀ ਮਿੱਟੀ ਨੂੰ ਚਾਦਰ ਵਿੱਚ ਲਪੇਟ ਆਪਣੀ ਪਿੱਠ 'ਤੇ ਬੰਨ੍ਹ ਕੇ ਸੁੰਨ ਸਾਨ ਰਾਹਾਂ 'ਤੇ ਲੁੱਟੇ ਹੋਏ ਵਪਾਰੀ ਵਾਂਗ ਕੁਝ ਪਲ ਖੜ੍ਹੇ ਹੋ ਇੱਕ ਨਜ਼ਰ ਅਕਾਸ਼ ਵੱਲ ਮਾਰੀ, ਫੇਰ ਧੀਆਂ ਅਤੇ ਮਾਂ ਦਾ ਖਿਆਲ ਆਇਆ।

"ਰਾਤ ਕਾ ਹਨ੍ਹੇਰਾ ਹੋ ਰਹਾ ਹੈ...ਜਲਦੀ ਘਰ ਪਹੁੰਚ ਜਾਏਂ... ਵਰਨਾ ਮੁੰਨਾ ਕੀ ਲ਼ਾਸ਼ ਸੇ ਬਦਬੂ ਆਨੇ ਲਗੇਗੀ...?" ਮੁੰਨਾ ਨੂੰ ਪਿੱਠ 'ਤੇ ਬੰਨ੍ਹ ਭੁੱਖੇ-ਤਿਹਾਏ ਦੁੱਖ ਨਾਲ ਨੱਕੋ-ਨੱਕ ਭਰੇ ਹੋਏ, ਭਾਰੀ ਕਦਮਾਂ ਨਾਲ ਅੱਗੇ ਤੁਰ ਪਏ।.....
"ਅਰੇ....!! ਯੇਹ ਤੋਂ ਮ...ਰ... ਗਿਆ...ਲਗਤਾ...?" ਸੇਵਾਦਾਰ ਦੇ ਮੁੰਹ ਤੋਂ ਚੀਕ ਜਿਹੀ ਨਿਕਲੀ, ਜਦੋਂ ਭੂਰਾ ਮੱਲ ਨੇ ਪਿੱਠ ਤੋਂ ਗੰਢੜੀ ਖੋਲ੍ਹ ਕੇ ਜ਼ਮੀਨ 'ਤੇ ਰੱਖੀ ਤਾਂ ਮੁੰਨਾ ਦੀ ਲ਼ਾਸ਼ ਲੁੜਕ ਕੇ ਮੂਧੀ ਹੋ ਗਈ।
"ਹਾਂ....ਬਾਬੂ ਜੀ .... ਮੇਰਾ ਮੁੰਨਾ ਮਰ ਗਿਆ ਹੈ....!" ਭੂਰਾ ਮੱਲ ਭੁੱਬਾਂ ਮਾਰ ਰੋਣ ਲੱਗ ਪਿਆ।
"ਠੰਢ ਰੱਖ ਭਾਈ....ਕੀ ਹੂਆ ਥਾ ਇਸ ਕੋ....ਕੇਸੈ ਮਰਾ ਯੇਹ ਬੱਚਾ...?" ਪਾਣੀ ਫ਼ੜਾਉਂਦੇ ਹੋਏ ਸੇਵਾਦਾਰ ਨੇ ਹੌਂਸਲਾ ਦਿੱਤਾ।
"ਹੁਆ ਕਿਯਾ ਥਾ...? ....ਯੇਹ ਤੋਂ ਹਮੇਂ ਭੀ ਨਹੀਂ ਪਤਾ ਚਲਾ, ਪਰ .... ਯੇਹ ਜੋ ਬਿਮਾਰੀ 'ਕਰੋਨਾ' ਚੱਲ ਰਹੀ ਹੈ, ਉਸ ਸੇ ਤੋਂ ਨਹੀਂ .... ਪਰ ਇਨ ਹਾਲਾਤੋਂ ਕੇ ਕਾਰਣ ਮਰ ਗਿਆ, ਮੇਰਾ ਮੁੰਨਾ....!" ਭੂਰਾ ਮੱਲ ਅਵਾਜ਼ਾਰ ਹੋ ਸੇਵਾਦਾਰ ਨੂੰ ਹੀ ਆਪਣਾ ਮਸੀਹਾ ਸਮਝ, ਆਪਣਾ ਦੁੱਖ ਫ਼ਰੋਲਣ ਲੱਗ ਪਿਆ। ਕਿਉਂਕਿ ਅਜੇ ਤੱਕ ਤਾਂ ਝਿੜ੍ਹਕਾਂ ਅਤੇ ਡੰਡੇ ਹੀ ਮਿਲੇ ਸੀ ਰਾਹ ਵਿੱਚ।

"....ਬਾਬੂ ਜੀ...ਮੇਰੇ ਤੀਨ ਛੋਰ੍ਹੀਓ ਕੇ ਬਾਅਦ ਯੇਹ ਮੁੰਨਾ ਆਠ ਸਾਲ ਬਾਅਦ ਹੂਆ ਥਾ... ਅਰੇ ਮੇਰੇ ਭਗਵਾਨ.... ਜਬ ਬੇਟਾ ਦਿਆ ਤੋ ਵਾਪਿਸ ਕਿਯੋਂ ਲੇ ਲਿਅੋ....!" ਹਮਦਰਦੀ ਦੀ ਆਸ ਵਿੱਚ ਭੁਰਾ ਮੱਲ ਦੀ ਘਰਵਾਲੀ ਅੱਖਾਂ ਵਿੱਚੋਂ ਸੁਨਾਮੀ ਵਗਾਉਂਦੀ ਹੋਈ ਬੋਲ ਪਈ। ਜਮੁਨਾ ਦੇਵੀ ਇਸ ਪਹਾੜ ਵਰਗੇ ਦੁੱਖ ਥੱਲੇ ਦੱਬੀ ਹੋਈ ਮਹਿਸੂਸ ਕਰਦੀ ਹਟਕੋਰੇ ਲੈ ਰਹੀ ਸੀ। ਸ਼ਾਇਦ ਇਸ ਦੁੱਖ ਨੇ ਦੋਹਾਂ ਨੂੰ ਅੰਦਰੋਂ ਹੀ ਤੋੜ ਦਿੱਤਾ ਸੀ। ਸੇਵਾਦਾਰ ਵੀ ਇਸ ਵੇਦਨਾ ਭਰੇ ਹੋਏ ਮਾਹੌਲ ਨੂੰ ਸਹਾਰ ਨਾ ਸਕਿਆ ਅਤੇ ਅੰਦਰੋ-ਅੰਦਰ ਭੁੱਬੀਂ ਰੋ ਪਿਆ।
"....ਦੇਖੋ....ਭਾਈ... ਅਬ ਰੱਬ ਕਾ 'ਭਾਣਾ' ਤੋਂ ਮੰਨਣਾ ਹੀ ਪੜੇਗਾ.... ਕਿਆ ਕਰ ਸਕਤੇ ਹੈ...?" ਭੂਰਾ ਮੱਲ ਦੇ ਪੁੱਤ ਦੇ ਦੁੱਖ ਦਾ ਭਾਰ 'ਭਾਣੇ' 'ਤੇ ਸੁੱਟ ਕੇ ਸੇਵਾਦਾਰ ਨੇ ਉਨ੍ਹਾਂ ਨੂੰ ਹੌਂਸਲਾ ਜਿਹਾ ਦਿੱਤਾ।

"ਕਰ ਹੀ ਤੋਂ ਕੁਛ ਨਹੀਂ ਸਕਤੇ....ਬਾਬੂ ਜੀ....!! ਹਮੇਂ ਤੋਂ ਯੇਹ ਭੀ ਨਹੀਂ ਪਤਾ ਚਲਾ ਕਿ... ਕੁਦਰਤ ਨੇ 'ਲਾਠੀ' ਮਾਰੀ ਹੈ....? ਜਾਂ ਕਾਨੂੰਨ ਕਾ 'ਡੰਡਾ' ਚਲ ਗਯਾ ਹੈ... ਮੇਰੇ ਲਾਲ਼... ਔਰ... ਹਮ ਗਰੀਬ, ਮਜਬੂਰੋਂ ਪਰ...?" ਭੂਰਾ ਮੱਲ ਨੂੰ ਅਜੇ ਤੱਕ ਸਮਝ ਨਹੀਂ ਲੱਗੀ ਸੀ ਕਿ ਕੁਦਰਤ ਦੇ 'ਕਰੋਨਾ' ਦੀ ਮਾਰ ਝੱਲਦਿਆਂ, ਮੁੰਨਾ ਦੀ ਮੌਤ ਭੁੱਖ ਅਤੇ ਗਰਮੀ ਦੇ ਵਾਰ ਨਾਲ ਹੋਈ ਸੀ, ਜਾਂ ਕਾਨੂੰਨ ਦੀ ਡਾਂਗ, ਕਿੱਤੇ ਕੁਵੱਲੀ ਵੱਜ ਗਈ ਸੀ ਉਸ ਦੇ ਇੱਕਲੌਤੇ ਪੁੱਤ ਦੇ...? ਭੂਰਾ ਮੱਲ ਅਤੇ ਜਮੁਨਾ ਦੇਵੀ ਆਪਣੇ ਹਨ੍ਹੇਰੇ ਭਵਿੱਖ ਨੂੰ ਰੋ-ਰੋ ਕੇ ਥੱਕੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ। ਭੂਰਾ ਮੱਲ ਆਪਣੇ ਪੁੱਤ ਮੁੰਨਾ ਦੇ ਸਦੀਵੀ ਸ਼ਾਂਤ ਪਏ ਸ਼ਰੀਰ ਨੂੰ ਮੁੜ ਚਾਦਰ ਵਿੱਚ ਲਪੇਟਣ ਲੱਗ ਪਿਆ, ਆਪਣੇ 'ਮੋਏ' ਭਵਿੱਖ ਨੂੰ ਸਮੇਟ ਕੇ ਆਪਣੀ ਮਜਬੂਰ ਗਰੀਬੀ ਦੇ ਮੋਢਿਆਂ 'ਤੇ ਚੁੱਕਣ ਲਈ।.......

 



                             

*********************************************

  ਚੁੰਨੀ ਲੜ ਬੱਧੇ ਸੁਪਨੇ

ਅਜੀਤ ਸਤਨਾਮ ਕੌਰ, ਲੰਡਨ         (24/05/2020)                    ajit satnam

                                                                                                           


ਬਾਪੂ ਜਵਾਲਾ ਪ੍ਰਸਾਦ ਨੇ ਅਕਾਸ਼ ਵਿੱਚ ਜਾ ਰਹੇ ਜਹਾਜ਼ ਵੱਲ ਤੱਕਿਆ ਅਤੇ ਉਦਾਸ ਮਨ ਨਾਲ ਬੁੱਲ੍ਹਾਂ ਵਿੱਚ ਬੁੜਬੁੜਾਇਆ....."ਤੂੰ ਜਹਾਜ਼ ਚੜ੍ਹਨ ਦੀ ਕਾਹਲੀ ਕੀਤੀ ਏ, ਮੇਰੀਏ ਭਾਨੋ...!! ਆਪਾਂ ਤਾਂ ਇਕੱਠਿਆਂ ਨੇ ਪੰਧ ਮਾਰਨਾ ਸੀ, ਐਨੀ ਨਿਰਮੋਹੀ ਕਿਉਂ ਹੋ ਗਈ....?"                                                                                  chunni
                                                              
....ਬਾਪੂ ਜਵਾਲਾ ਪ੍ਰਸਾਦ ਪਰਿਵਾਰ ਵਿੱਚ ਸਾਰਿਆਂ ਲਈ ਹੀ "ਬਾਪੂ" ਸੀ। ਭਾਵੇਂ ਪੁੱਤਰ ਹੋਣ ਜਾਂ ਪੋਤਰੇ। ਉਮਰ ਦੇ ਹਿਸਾਬ ਨਾਲ ਉਸ ਦੀ ਦਿਮਾਗੀ ਹਾਲਤ ਬਹੁਤ ਤੰਦਰੁਸਤ ਸੀ। ਸਾਰਾ ਦਿਨ ਸਿਰਹਾਣੇ ਰੇਡੀਓ ਵੱਜਣਾ, ਉਸ ਦਾ ਹਰ ਰੋਜ਼ ਦਾ ਨਿਯਮ ਬਣ ਗਿਆ ਸੀ। ਬਾਪੂ ਗੱਲ-ਗੱਲ ਨਾਲ ਆਪਣੀ ਘਰਵਾਲੀ ਭਾਨੋਂ ਦੇ ਨਾਲ ਕੁਝ ਨਾ ਕੁਝ "ਟੱਕ-ਮਟੱਕਾ" ਲਾਈ ਰੱਖਦਾ ਸੀ। ਉਸ ਦਾ ਭਾਨੋ ਬਿਨਾ ਜਿਵੇਂ ਸਰਦਾ ਹੀ ਨਹੀਂ ਸੀ। ਪਰ ਭਾਨੋ ਦੇ ਮਨ ਦੀਆਂ ਕੁਝ ਰੀਝਾਂ ਹਜੇ ਵੀ ਸੱਖਣੀਆ ਹੀ ਸਨ, ਜਿਸ ਦਾ ਅਹਿਸਾਸ ਭਾਨੋਂ ਗੱਲੀਂ-ਬਾਤੀਂ ਕਰਵਾ ਹੀ ਦੇਦੀਂ ਸੀ। ਉਂਜ ਵੀ ਜਦੋਂ ਦੋ ਜੀਅ ਜੀਵਨ ਸਾਥੀ ਬਣ, ਇੱਕ-ਦੂਜੇ ਨਾਲ ਆ ਵਸਦੇ ਹਨ, ਤਾਂ ਬਹੁਤ ਸੁਭਾਵਿਕ ਹੈ ਕਿ ਉਨ੍ਹਾਂ ਦੀ ਪਸੰਦ, ਰੀਝਾਂ, ਮੁੱਦੇ ਵੱਖ-ਵੱਖ ਹੋਣ...ਪ੍ਰੰਤੁ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੇ ਮਨ ਨੂੰ ਫਰੋਲਿਆ ਹੀ ਨਹੀਂ ਜਾਂਦਾ। ਔਰਤ ਵਹਿੰਦੀ ਨਦੀ ਵਾਂਗ ਸਭ ਨੂੰ ਆਪਣੇ ਨਾਲ ਲਈ ਤੁਰੀ ਜਾਂਦੀ ਹੈ।

ਹਾਂ...!! ਪਰ ਘਰ ਵਿੱਚ ਬਾਪੂ ਨੇ ਆਪਣੀ "ਬੜ੍ਹਕ" ਵਾਲੀ ਪਛਾਣ ਜਰੂਰ ਬਣਾਈ ਹੋਈ ਸੀ। ਉਸ ਦੇ ਸਾਰੇ ਪਰਿਵਾਰ ਨੂੰ ਪਤਾ ਸੀ ਕਿ ਜੇ ਬਾਪੂ ਨੇ ਕੁਝ ਆਖ ਦਿੱਤਾ ਤਾਂ ਉਸ ਗੱਲ ਨੂੰ ਮੋੜਿਆ ਨਹੀਂ ਜਾ ਸਕਦਾ, ਕਿਉਂਕਿ ਬਾਪੂ ਨੇ ਜਵਾਨੀ ਵੇਲੇ ਮਿਹਨਤ ਕਰਕੇ ਬਹੁਤ ਜ਼ਮੀਨ ਜਇਦਾਦ ਬਣਾ ਲਈ ਸੀ। ਇਸ ਲਈ ਔਲਾਦ ਨੂੰ ਸਭ ਬਣਿਆ ਬਣਾਇਆ ਮਿਲ ਗਿਆ ਸੀ। ਇੰਜ ਪਰਿਵਾਰ 'ਤੇ ਰੋਅਬ ਪਾਉਣ ਦਾ ਪੂਰਾ ਇੰਤਜ਼ਾਮ ਬਾਪੂ ਜਵਾਲਾ ਪ੍ਰਸਾਦ ਨੇ ਕਰ ਰੱਖਿਆ ਸੀ। ਬਾਪੂ ਜੀ ਦਾ ਟੱਬਰ ਹਰਿਆ-ਭਰਿਆ ਸੀ। ਸਾਰੇ ਇੱਕ ਵੱਡੇ ਵਿਹੜੇ ਨਾਲ ਜੁੜੇ ਕਮਰਿਆਂ ਵਿੱਚ ਆਪਣੇ-ਆਪਣੇ ਪਰਿਵਾਰ ਨਾਲ ਅਨੰਦ ਅਤੇ ਸਕੂਨ ਵਿੱਚ ਬਸਰ ਕਰ ਰਹੇ ਸੀ। ਬਾਪੂ ਵੇਹੜੇ ਵਿੱਚ ਆਪਣੇ ਆਸਣ 'ਤੇ ਬਿਰਾਜ-ਮਾਨ ਹੋ, ਰੌਣਕ ਲਾਈ ਰੱਖਦਾ ਸੀ। ਆਪਣੇ ਪੋਤੇ-ਪੋਤੀਆਂ ਨਾਲ ਲਾਡ-ਪਿਆਰ ਕਰਦਿਆ, ਇੱਧਰ-ਉਧਰ ਦੀਆ ਸੁਣਾਈ ਜਾਣੀਆਂ, ਬਾਪੂ ਦਾ ਸੁਭਾਅ ਸੀ। ਸਾਰਾ ਦਿਨ ਬੇਬੇ ਨੂੰ ਅਵਾਜ਼ਾਂ ਮਾਰ-ਮਾਰ ਬਾਪੂ ਨੇ ਆਪਣੇ ਦੁਆਲੇ ਹੀ ਗੇੜੇ ਲੁਆਈ ਜਾਣੇ।

"...ਬਈ ਕੋਈ ਮੈਨੂੰ ਦੱਸੋ ਕਿ ਆਹ ਰੇਡੀਓ ਆਲੇ "ਕਰੋਨਾ-ਕਰੋਨਾ" ਦਾ ਰੌਲਾ ਪਾਈ ਜਾਂਦੇ ਨੇ...ਭਲਾ ਕੀ ਕਰੋ ਨਾ?  ਕਾਸ ਨੂੰ ਕਰਨ ਲਈ ਰੋਕੀ ਜਾਂਦੇ ਨੇ?" ਕਰੋਨਾ ਵਾਇਰਸ ਦੀ ਖ਼ਬਰ ਸੁਣ ਬਾਪੂ ਨੇ ਆਪਣੀ ਸ਼ੰਕਾ ਦੂਰ ਕਰਨ ਲਈ ਸਾਂਝਾ ਜਿਹਾ ਸਵਾਲ ਵੇਹੜੇ ਵਿੱਚ ਲਿਆ ਮਾਰਿਆ।

"ਚੱਲ ਬਾਪੂ ਤੇਰੇ ਰੇਡੀਓ ਸੁਣਨ ਦਾ ਆਹ ਇੱਕ ਫਾਇਦਾ ਤਾਂ ਹੈ ਕਿ ਤੈਨੂੰ ਖ਼ਬਰ ਸਾਰੀ ਪਤਾ ਹੁੰਦੀ ਹੈ, ਭਾਵੇਂ ਅੱਧੀ ਹੀ ਸਮਝ ਆਵੇ!!" ਬਾਪੂ ਦੇ ਸਭ ਤੋਂ ਵੱਡੇ ਪੁੱਤਰ ਸੋਮ ਨੇ, ਸਿਰ ਵਾਹ ਕੇ, ਕੰਘੀ ਸਾਫ਼ ਕਰਦੇ ਨੇ ਵਿਅੰਗ ਨਾਲ ਕਿਹਾ।

".....ਜਦੋਂ ਤਿੱਕ ਸਾਹ ਹਨ, ਆਲੇ-ਦੁਆਲੇ ਦਾ ਪਤਾ ਤਾਂ ਹੋਣਾ ਹੀ ਚਾਹੀਦੈ, ਬਈ...!" ਬਾਪੂ ਨੇ ਆਪਣੇ ਦਿਮਾਗ ਦੀ ਠੀਕ-ਠਾਕ ਚੱਲਣ ਦੀ ਸੂਚਨਾ ਜਿਹੀ ਦਿੱਤੀ। ਗੱਲ ਤਾਂ ਬਾਪੂ ਦੀ ਸਹੀ ਵੀ ਸੀ। ਛੋਟੇ ਪੁੱਤਰ ਬੁੱਧ ਨੇ ਚਾਹ ਪੀਂਦੇ ਹੋਏ ਗੱਲ-ਬਾਤ ਵਿੱਚ ਆਪਣੀ ਹਾਜ਼ਰੀ ਲੁਆਈ "ਬਾਪੂ ਜੀ, ਕੋਈ "ਵਾਇਰਸ" ਵਾਲੀ ਬਿਮਾਰੀ ਫ਼ੈਲ ਰਹੀ ਹੈ, ਇਸ ਲਈ ਕੋਈ ਕਿਸੇ ਨੂੰ ਨਾ ਮਿਲੋ-ਗਿਲੋ ਅਤੇ ਨਾ ਹੀ ਘਰਾਂ ਤੋਂ ਬਾਹਰ ਨਿਕਲੋ...!"

"...ਫੇਰ ਘਰ ਬੈਠ ਕੇ ਸਮਾਂ ਕਿਮੇ ਲੰਘੂ...?" ਆਹ ਪਾਬੰਦੀ ਸੁਣ ਕੇ ਬਾਪੂ ਨੂੰ  ਅੱਚਵੀ ਜਿਹੀ ਲੱਗ ਗਈ ਸੀ, ਸਿਰ 'ਤੇ ਬੱਧੇ ਸਾਫ਼ੇ ਨੂੰ ਖੋਲ੍ਹ ਕੇ ਦੁਬਾਰਾ ਬੰਨ੍ਹਦੇ ਹੋਏ ਜਵਾਲਾ ਪ੍ਰਸਾਦ ਨੇ ਪੁੱਛਿਆ। ਦਿਨ ਵਿੱਚ ਕਈ-ਕਈ ਵਾਰ ਘਰੋਂ ਬਾਹਰ ਗੇੜਾ ਮਾਰ ਕੇ ਪਿੰਡ ਦੀ, ਸ਼ਹਿਰ ਦੀਆਂ ਤਾਜ਼ਾ ਖ਼ਬਰਾਂ ਲਿਆ ਕੇ ਵੇਹੜੇ ਵਿੱਚ ਆ ਸੁਣਾਉਣੀਆਂ ਅਤੇ ਇੰਜ ਕਰਕੇ ਬਾਪੂ ਆਪਣੇ ਹਿੱਸੇ ਦਾ ਜਿਵੇਂ ਬਹੁਤ ਜਰੂਰੀ ਕੰਮ ਕਰੀ ਆਉਂਦਾ ਸੀ।

"...ਘਰੇ ਸਮਾਂ ਕਿਵੇਂ ਲੰਘੂ ਦਾ ਭਲਾ ਕੀ ਮਤਲਬ ਹੈ? ਜੇ ਬਿਮਾਰੀ ਫ਼ੈਲਦੀ ਹੈ ਤਾਂ ਤੇਰੀਆ ਟੰਗਾਂ ਨੂੰ ਜਿਆਦਾ ਖੁਰਕ ਹੁੰਦੀ ਹੈ...ਬਾਹਰ ਫ਼ਿਰਨ ਦੀ...?" ਬੇਬੇ ਨੇ ਬਾਪੂ ਦੀ ਗੱਲ ਤੋਂ ਖਿਝਦੇ ਹੋਏ ਕਿਹਾ ਅਤੇ ਆਪਣੀ ਮਲਮਲ ਦੀ ਚੁੰਨੀ ਦੀ ਕੰਨੀ ਨੂੰ ਗੰਢ ਲਾਈ। ਭਾਨੋ ਹਮੇਸ਼ਾ ਚੁੰਨੀ ਦੀ ਕੰਨੀ ਨੂੰ ਗੰਢ ਲਾ ਕੇ ਰੱਖਦੀ ਸੀ, ਪੁੱਛਣ 'ਤੇ ਬੇਬੇ ਆਖਦੀ ਸੀ ਕਿ ਆਹ ਮੇਰੇ ਕੁਝ ਸੁਪਨੇ ਹਨ, ਜੋ ਮੈਂ ਆਪਣੀ ਕੰਨੀ ਨਾਲ ਬੰਨ੍ਹ ਕੇ ਰੱਖਦੀ ਹਾਂ, ਕਿਸੇ ਦਿਨ ਪੂਰੇ ਹੋਏ ਤਾਂ ਕੰਨੀ ਖੋਲ੍ਹ ਦੇਊਂਗੀ।
 
"...ਪਰ ਦਿਨ-ਰਾਤ ਘਰੇ ਬੱਕਰੀਆਂ ਵਾਂਗ ਬੱਧੀ ਰਹਿ, "ਮੈਂ-ਮੈਂ" ਕਰੀ ਜਾਣਾ ਤਾਂ ਬਹੁਤ ਹੀ ਔਖਾ ਹੈ, ਬਈ...!!" ਬਾਪੂ ਨੂੰ ਸੋਚ ਕੇ ਹੀ ਗਸ਼ੀਆਂ ਪੈਣ ਲੱਗ ਪਈਆਂ।

ਬੇਬੇ ਨੇ ਆਪਣੀ ਕਿਸੇ ਦੱਬੀ ਇੱਛਾ ਤੋਂ ਢੱਕਣ ਲਾਹ ਬਾਪੂ ਨੂੰ ਕਟਾਕਸ਼ ਕੀਤਾ..."ਨਾ ਦੱਸੀਂ ਭਲਾਂ, ਜਦ ਦੀ ਤੇਰੇ ਘਰੇ ਆਈ ਹਾਂ, ਇਸੇ ਚਾਰ-ਦੁਆਰੀ ਵਿੱਚ ਹੀ ਸਾਰੀ ਉਮਰ ਕੱਟ ਦਿੱਤੀ, ਤਾਂ ਮੈਂ ਕੀ "ਬੱਕਰੀ" ਸਾਂ? ਤੂੰ ਮਹੀਨਾ, ਦੋ ਮਹੀਨੇ ਨਹੀਂ ਟਿਕ ਸਕਦਾ ਘਰੇ...ਹੂੰਅ....?" ਬੇਬੇ ਦੀ ਉਮਰ ਬਾਪੂ ਤੋਂ ਨੌਂ ਕੁ ਵਰ੍ਹੇ ਛੋਟੀ ਸੀ, ਕਿਉਂਕੀ ਭਾਨੋਂ ਜਵਾਲਾ ਪ੍ਰਸਾਦ ਦੀ ਦੂਜੀ ਘਰਵਾਲੀ ਸੀ। ਪਹਿਲੀ ਇੱਕ ਪੁੱਤਰ ਜੰਮਣ ਤੋਂ ਬਾਅਦ ਪ੍ਰਲੋਕ ਸਿਧਾਰ ਗਈ ਸੀ। ਭਾਨੋਂ ਸੌਹਰੇ ਘਰ ਵਿੱਚ ਪਹਿਲੀ ਔਰਤ ਸੀ, ਜਿਸ ਨੂੰ ਚਿੱਠੀ ਲਿਖਣੀ-ਪੜ੍ਹਨੀ ਆਉਂਦੀ ਸੀ। ਭਾਨੋਂ ਚਾਰ ਜਮਾਤਾ ਤੱਕ ਪੜ੍ਹੀ ਸੀ, ਇਸ ਲਈ ਕਿਸੇ ਚੰਗੇ ਨੌਕਰੀ ਵਾਲੇ ਨਾਲ ਵਿਆਹ ਚਾਹੁੰਦੀ ਸੀ। ਪਰ ਮਾਪਿਆਂ ਨੇ ਜਮੀਨ-ਜਾਇਦਾਦ ਵੇਖ ਕੇ ਜਵਾਲਾ ਪ੍ਰਸਾਦ ਨਾਲ ਵਿਆਹ ਦਿੱਤੀ। ਦੇਵਰ, ਜੇਠ, ਨਣਦਾਂ, ਪਹਿਲੀ ਸੌਕਣ ਤੋਂ ਇੱਕ ਪੁੱਤਰ, ਫ਼ੇਰ ਆਪਣੇ ਤਿੰਨ ਪੁੱਤਰ ਅਤੇ ਦੋ ਧੀਆਂ...ਸੱਸ-ਸੌਹਰਾ...ਨਵੀਂ ਵਿਆਹੀ ਖਿੜੀ ਭਾਨੋਂ, ਕਦੋਂ ਮੁਰਝਾ ਗਈ, ਉਸ ਨੂੰ ਵੀ ਪਤਾ ਨਹੀਂ ਲੱਗਿਆ? ਪਰ ਭਾਨੋਂ ਆਪਣੇ ਸੁਪਨਿਆਂ ਨੂੰ ਮਾਨਸਿਕ ਤੌਰ 'ਤੇ ਕਦੇ ਤਿਆਗ ਨਹੀਂ ਸਕੀ ਸੀ, ਜਿਸ ਦੀ ਕੁੜੱਤਣ ਉਸ ਦੀਆਂ ਗੱਲਾਂ ਚੋਂ ਅਕਸਰ ਝਲਕਦੀ ਸੀ।

"...ਭਾਨੋਂ, ਅੱਜ ਤੈਨੂੰ ਕੀ ਸੁੱਝਿਆ, ਤੀਮੀਆਂ ਨੇ ਕਿੱਥੇ ਜਾਣਾਂ ਹੁੰਦੈ?" ਇਤਨਾ ਆਖ ਕੇ ਬਾਪੂ ਬੜੀ ਗੌਰ ਨਾਲ ਆਪਣੀ ਘਰਵਾਲੀ ਭਾਨੋਂ ਵੱਲ ਵੇਖਣ ਲੱਗ ਪਿਆ। ਸ਼ਾਇਦ ਪਹਿਲੀ ਵਾਰ ਇਸ ਛੋਟੀ ਜਹੀ ਚਰਚਾ ਨੇ ਇੱਕ ਅਹਿਸਾਸ ਕਰਵਾ ਦਿੱਤਾ ਸੀ ਕਿ ਚਾਰ-ਦੀਵਾਰੀ ਕਿਸੇ ਲਈ ਵੀ "ਕੈਦ" ਦਾ ਅਹਿਸਾਸ ਕਰਵਾ ਸਕਦੀ ਹੈ, ਭਾਵੇਂ "ਆਹ ਤੇਰਾ ਘਰ ਹੈ" ਦਾ ਰਾਗ ਸਾਰੀ ਉਮਰ ਅਲਾਪੀ ਜਾਈਏ। ਸਾਰੇ ਜੁਆਕ ਘਰ ਦੀ ਚਾਰ-ਦੀਵਾਰੀ ਵਿੱਚ ਪਾਲ-ਪਲੋਸ ਕੇ ਵਿਆਹ ਦਿੱਤੇ, ਪਰ ਬਾਹਰ ਦੀ ਦੁਨੀਆਂ ਨੂੰ ਜਿਉਣ ਦੀ ਖ਼ਾਹਿਸ਼ ਹਜੇ ਵੀ ਕਿਤੇ ਬੇਬੇ ਦੇ ਮਨ ਵਿੱਚ ਬਾਕੀ ਸੀ। ਅੱਜ ਬਾਪੂ ਨੂੰ ਵੀ ਅਹਿਸਾਸ ਹੋ ਰਿਹਾ ਸੀ ਕਿ ਭਾਨੋਂ ਨੇ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਜੀਵਿਆ ਹੀ ਨਹੀਂ ਹੈ! ਬਾਪੂ ਜਿਵੇਂ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸੀ। ਉਹ ਖ਼ਾਮੋਸ਼ ਹੋ ਆਪਣੇ ਹੱਥਾਂ ਨੂੰ ਬੇਵਜ੍ਹਾ ਰਗੜਨ ਲੱਗ ਪਿਆ, ਜਿਵੇਂ ਬੀਤੇ ਸਮੇਂ ਦਾ ਮਲਾਲ ਕਰ ਰਿਹਾ ਹੋਵੇ।

"ਮੈਂ ਜ਼ਰਾ ਬਾਹਰ ਜਾਣਾ, ਆਪਣੇ ਮੋਟਰਸਾਈਕਲ ਨੂੰ ਗੇੜਾ ਦੇਣ ਲਈ।" ਬਾਬੇ ਦੇ ਸਭ ਤੋਂ ਛੋਟੇ ਪੋਤੇ ਮੰਗਲੂ ਨੇ ਕਿਹਾ।

"ਟਿਕ ਕੇ ਘਰੇ ਰਹੋ...! ਕਿਤੇ ਨਹੀਂ ਜਾਣਾ, ਆਈ ਸਮਝ?" ਮੰਗਲੂ ਦੇ ਪਿਉ ਨੇ ਡੱਕਿਆ, "ਜਦ ਮੈਂ ਪਹਿਲਾਂ ਕਹਿੰਦਾ ਸੀ ਤਾਂ ਤੁਸੀਂ ਰੋਕਦੇ ਸੀ ਕਿ ਭੀੜ-ਭਾੜ ਹੁੰਦੀ ਹੈ, ਮੋਟਰਸਾਈਕਲ ਕਿਤੇ ਵੱਜ ਜਾਵੇਗਾ, ਪਰ ਹੁਣ ਤਾਂ ਸਾਰੇ ਪਾਸੇ ਸੜਕਾਂ ਖਾਲੀ ਨੇ...?" ਮੰਗਲੂ ਦੀ ਫੁੱਟਦੀ ਮੁੱਛ ਦੱਸਦੀ ਸੀ ਕਿ ਉਸ ਦੀ ਜ਼ਿਦ ਵਾਲੀ ਉਮਰ ਸੀ।

"ਹੁਣ ਸਰਕਾਰੀ ਫ਼ੁਰਮਾਨ ਹੈ ਕਿ ਬਾਹਰ ਨਹੀਂ ਜਾਣਾ, ਤੇਰੀ ਮੋਟਰਸਾਈਕਲ ਫੜ ਕੇ ਰੱਖ ਲੈਣਾ ਹੈ ਉਨ੍ਹਾਂ ਨੇ, ਫੇਰ ਝਾਕਦਾ ਫਿਰੀਂ।" ਮੰਗਲੂ ਦੇ ਪਿਉ ਨੇ ਝਿੜ੍ਹਕ ਕੇ ਚੁੱਪ ਕਰਵਾਇਆ। ਬਾਪੂ ਬਦਲੇ ਹਾਲਾਤ ਦੇਖ ਸੋਚ ਰਿਹਾ ਸੀ ਕਿ ਆਪਣੀ ਸਾਰੀ ਉਮਰ ਇਵੇਂ ਦਾ ਸਮਾਂ ਨਹੀਂ ਦੇਖਿਆ ਕਿ ਸਾਰੀ ਦੁਨੀਆਂ ਘਰਾਂ ਵਿੱਚ ਡੱਕੀ ਹੋਈ ਹੈ ਅਤੇ ਬਾਹਰ ਸਾਰੇ ਪਾਸੇ ਸੁੰਨ-ਵੈਰਾਨ ਪਈ ਹੈ।

....ਕੋਰੋਨਾ ਦੀ ਦਹਿਸ਼ਤ ਕਾਰਨ ਘਰਾਂ ਵਿੱਚ ਸੁਰੱਖਿਅਤ ਰਹਿਣ ਦਾ ਇਹ ਦੂਜਾ ਹਫ਼ਤਾ ਚੱਲ ਰਿਹਾ ਸੀ। ਸਮਾਂ ਬਹੁਤ ਧੀਮੀ ਗਤੀ ਨਾਲ ਬੀਤ ਰਿਹਾ ਸੀ, ਜਿਸ ਦਾ ਅਸਰ ਵੇਹਲੇ ਬੈਠੇ ਸਾਰੇ ਮਰਦਾਂ ਦੇ ਚਿਹਰਿਆ 'ਤੇ ਦਿਸਣ ਲੱਗ ਪਿਆ ਸੀ। ਬਾਪੂ ਦੇ ਸਾਰੇ ਪੁੱਤਰ ਸੌਂ-ਬੈਠ ਕੇ ਦਿਨ ਟਪਾ ਰਹੇ ਸਨ। ਬੱਚੇ ਦਿਨ ਵਿੱਚ ਕਈ-ਕਈ ਵਾਰ ਲੜ-ਝਗੜ ਕੇ ਫ਼ੇਰ ਇੱਕ-ਮਿੱਕ ਹੋ ਜਾਂਦੇ ਸਨ, ਪ੍ਰੰਤੂ ਸਭ ਤੋਂ  ਔਖਾ ਘਰ ਦੀਆਂ ਨੂੰਹਾਂ ਨੂੰ ਹੋ ਰਿਹਾ ਸੀ, ਕਿਉਂਕਿ ਘਰ ਵਿੱਚ ਸਾਰਾ ਦਿਨ ਮਰਦਾਂ ਦਾ ਹਾਜ਼ਰ ਰਹਿਣਾ "ਸੈਨਾਂ ਸਾਸ਼ਨ" ਵਾਂਗ ਹੀ ਔਖਾ ਸੀ। ਕੁਝ ਜ਼ਰੂਰੀ ਸਮਾਨ ਲੈਣ ਲਈ ਸਿਰਫ਼ ਬਾਪੂ ਦਾ ਵੱਡਾ ਪੁੱਤਰ ਸੋਮ ਹੀ ਬਾਹਰ ਜਾਂਦਾ ਅਤੇ ਸੁੱਚਾ ਜਿਹਾ ਹੋਣ ਲਈ ਵਾਪਸ ਆ ਕੇ ਪਹਿਲਾਂ ਸੁਆਰ ਕੇ ਹੱਥ ਧੋਂਦਾ ਅਤੇ ਫ਼ੇਰ ਇਸ਼ਨਾਨ ਕਰਦਾ।

ਵੀਹ ਕੁ ਦਿਨ ਹੋ ਗਏ ਸੀ, ਘਰ ਵਿੱਚ "ਕੈਦ" ਹੋਏ।
ਹੁਣ ਬਾਪੂ ਨੂੰ ਵੀ ਸੋਮ ਪੁੱਤਰ ਵਾਂਗ ਬਾਹਰ ਜਾਣ ਦੀ ਹਿੜਕ ਜੇਹੀ ਜਾਗੀ।

"...ਮੈਂ ਸੋਚਦਾ ਹਾਂ ਕਿ ਅੱਜ ਨੇੜੇ ਤੇੜੇ ਗੇੜਾ ਮਾਰ ਹੀ ਆਉਦਾ ਹਾਂ? ਬਈ ਮੇਰਾ ਤਾਂ ਘਰੇ ਦਮ ਘੁੱਟਦੈ...!" ਬਾਪੂ ਨੇ ਜਿਵੇਂ ਪਰਿਵਾਰ ਦੀ ਸਹਿਮਤੀ ਲੈਣ ਲਈ ਕਿਹਾ। 
"ਨਹੀਂ! ਕਿਸੇ ਨੇ, ਕਿਤੇ ਵੀ ਬਾਹਰ ਨਹੀਂ ਜਾਣਾ, ਬਾਅਦ 'ਚ ਡਾਕਟਰਾਂ ਦੇ ਗੇੜੇ ਨਹੀਂ ਕੱਢੇ ਜਾਣੇ ਸਾਥੋਂ...!" ਬਾਪੂ ਦੇ ਵਿਚਕਾਰਲੇ ਪੁੱਤ ਜੁਗਨੂੰ ਨੇ ਬੜੇ ਕੁਰੱਖ਼ਤ ਸ਼ਬਦਾਂ ਵਿੱਚ ਕਿਹਾ।

"ਸੋਮ ਵੀ ਤਾਂ ਜਾਂਦੈ ਬਾਹਰ ਸੌਦਾ ਪੱਤਾ ਲੈਣ...?" ਬਾਪੂ ਦਾ ਬੁਢੇਪਾ ਜਵਾਨੀ ਦੀ ਰੀਸ ਕਰ ਰਿਹਾ ਸੀ। ਆਪਣੇ ਬਾਪੂ ਦੀ ਬੇਵਸਾਹੀ ਨੂੰ ਸਮਝਦੇ ਹੋਏ ਸੋਮ ਨੇ ਕਿਹਾ, "ਠੀਕ ਹੈ, ਮੋਟਰਸਾਈਕਲ ਉੱਤੇ ਮੇਰੇ ਨਾਲ ਰਾਸ਼ਣ ਲੈਣ ਲਈ ਚਲੇ ਚੱਲੋ, ਪਰ ਮੂੰਹ ਉਤੇ "ਮਾਸਕ" ਪਾਉਣਾ ਪੈਣਾ ਅਤੇ ਬਾਹਰ ਕਿਸੇ "ਸ਼ੈਅ" ਨੂੰ ਹੱਥ ਨਹੀਂ ਲਾਉਣਾ...!" ਸੋਮ ਪੁੱਤਰ ਨੇ ਹਦਾਇਤ ਕੀਤੀ।

"ਠੀਕ ਹੈ ਬਈ!!" ਬਾਪੂ ਦੀਆਂ ਗੱਲ੍ਹਾਂ ਉਤੇ ਰੌਣਕ ਆ ਗਈ। ਮਿੰਨ੍ਹਾਂ ਜਿਹਾ ਮੁਸਕੁਰਾਉਂਦੇ ਹੋਏ ਬਾਪੂ ਨੇ ਹਦਾਇਤ ਮਨਜੂਰ ਕੀਤੀ। ਇੱਕ ਘੰਟੇ ਵਿੱਚ ਸੋਮ ਬਾਪੂ ਨੂੰ ਵਾਪਸ ਲੈ ਘਰ ਮੁੜ ਆਇਆ। "ਲਵੋ, ਪਹਿਲਾਂ ਹੱਥਾਂ ਨੂੰ "ਸੈਨੇਟਾਇਜ਼ਰ" ਨਾਲ ਸਾਫ਼ ਕਰੋ, ਫ਼ੇਰ ਘਰੇ ਕਿਸੇ ਚੀਜ਼ ਨੂੰ ਹੱਥ ਲਾਇਓ...!" ਘਰ ਵੜਦਿਆਂ ਹੀ ਸਭ ਤੋਂ ਵੱਡੀ ਪੋਤੀ ਕਮਲ ਨੇ ਕਿਹਾ।
"ਮੈਂ ਬਾਹਰ ਕਾਸੇ ਨੂੰ ਹੱਥ ਤਾਂ ਲਾਇਆ ਨਹੀਂ, ਕੁੜ੍ਹੇ...!" ਬਾਪੂ ਨੇ ਸਫ਼ਾਈ ਦਿੱਤੀ।

"ਮੈਂ ਕਹਿਦਾਂ ਹਾਂ ਬਾਪੂ ਜੀ, ਇੱਕ ਵਾਰ ਫ਼ੇਰ ਇਸ਼ਨਾਨ ਕਰ ਲਵੋ, ਇਹ ਬਾਹਰ ਜਾਣ ਦੀ ਸਜ਼ਾ ਹੈ...!!" ਛੋਟੇ ਪੁੱਤ ਦੇ ਬੇਟੇ ਦੀਨੂ ਨੇ ਬਾਪੂ ਦਾ ਮਜ਼ਾਕ ਬਣਾਇਆ। ਸਾਰੇ ਹਾਂਮ੍ਹੀ ਭਰਦੇ ਹੱਸਣ ਲੱਗ ਪਏ। ਭਾਨੋਂ ਵੀ ਵੱਡੀ ਨੂੰਹ ਕੋਲੋਂ ਪੀੜ੍ਹੀ ਤੋਂ ਉੱਠ ਕੇ ਜਵਾਲਾ ਪ੍ਰਸਾਦ ਨੇੜੇ ਆ ਗਈ। "ਹੁਣ ਤਾਂ ਠੰਡ ਪੈ ਗਈ ਹੋਣੀ ਹੈ? ਬਾਹਰ ਗੇੜਾ ਮਾਰ ਕੇ...??" ਭਾਨੋ ਦੀ ਗੱਲ ਵਿੱਚ ਤਿੱਖਾਪਣ ਸੀ। ਸ਼ਾਇਦ ਵੱਡੀ ਉਮਰੇ ਸੁਭਾਅ ਚਿੜਚਿੜਾ ਹੋ ਗਿਆ ਸੀ, ਜਾਂ ਜੀਵਨ ਵਿੱਚ ਕੁਝ ਖੁੰਝ ਜਾਣ ਦਾ ਮਲਾਲ ਸੁਭਾਅ ਦਾ ਹਿੱਸਾ ਬਣ ਗਿਆ ਸੀ?

"...ਪਰ੍ਹਾਂ ਮਾਰ ਆਹ "ਮਾਸਕ" ਅੱਧਾ ਮੂੰਹ ਢਕ ਕੇ ਮੇਰਾ ਤਾਂ ਮਨ ਹੀ ਕਾਹਲਾ ਪੈ ਗਿਆ, ਮੈਨੂੰ ਤਾਂ ਸਾਹ ਵੀ ਔਖਾ ਆਉਂਦਾ ਲੱਗਦੈ ਇਸ ਨਾਲ਼...!" ਬਾਪੂ ਨੇ ਮਾਸਕ ਲਾਹ ਕੇ ਬੇਬੇ ਨੂੰ ਖਿਝਦੇ ਹੋਏ ਫੜਾਇਆ।

ਬੇਬੇ ਨੂੰ ਬੜਾ ਵਧੀਆ ਮੌਕਾ ਮਿਲਿਆ ਕਿ ਕੁਝ ਆਪਣੇ ਮਨ ਦੀ ਕਹਿ ਲੈਣ ਦਾ, ਤਾਂ ਕਰਕੇ ਝੱਟ ਬੋਲੀ, "ਕੁਝ ਚਿਰ ਲਈ ਅੱਧਾ ਮੂੰਹ ਢਕਣ 'ਤੇ ਖਿਝ ਰਿਹਾ ਏਂ? ਮੇਰੀ ਤਾਂ ਸਾਰੀ ਜਵਾਨੀ ਹੀ ਘੁੰਡ ਵਿੱਚ ਮੂੰਹ ਢਕ ਕੇ ਗੁਜ਼ਰੀ ਹੈ...!" ਭਾਵੇਂ ਗੱਲ ਬੀਤੇ ਸਮੇਂ ਦੀ ਸੀ। ਪਰ ਬਾਪੂ ਨੂੰ ਅੰਦਰ ਕਿਤੇ ਫੱਟੜ ਕਰ ਗਈ ਸੀ। ਵਾਕਿਆ ਹੀ ਕਿੰਨੀ ਔਖਿਆਈ ਹੁੰਦੀ ਹੋਣੀ ਹੈ ਭਾਨੋ ਨੂੰ ਮੂੰਹ ਕੱਜ ਕੇ ਸਾਰੇ ਕੰਮ-ਕਾਜ ਕਰਦਿਆ? ਬਾਪੂ ਨੂੰ ਆਪਣੀ ਘਰਵਾਲੀ ਭਾਨੋਂ ਦੀ ਬੀਤੀ ਜਿੰæਦਗੀ ਦੀਆਂ ਔਕੜਾਂ ਕਾਰਨ ਮੋਹ-ਤੇਹ ਜਿਹਾ ਆਇਆ।

ਸਾਰੀ ਰਾਤ ਬਾਪੂ ਨੂੰ ਨੀਂਦ ਨਹੀਂ ਆਈ। ਮੈਂ ਏਸ ਉਮਰੇ ਭਾਨੋ ਨੂੰ ਕੀ ਖੁਸ਼ੀ ਦੇ ਸਕਦਾ ਹਾਂ...? ਬਾਪੂ ਪਾਸੇ ਮਾਰਦਾ ਸਵੇਰ ਹੋਣ ਦਾ ਇੰਤਜ਼ਾਰ ਕਰਦਾ, ਭਾਨੋ ਦੀਆਂ ਰੀਝਾਂ ਦਾ ਤਾਣਾ-ਬਾਣਾ ਬੁਣਨ ਲੱਗ ਪਿਆ...।

"ਭਾਈ ਮੈਨੂੰ ਆਹ ਦੱਸੋ, ਕਿ ਹਵਾਈ ਜਹਾਜ਼ 'ਤੇ ਸੈਰ ਕਿਵੇਂ ਕਰੀਦੀ ਆ? ਤੇਰੀ ਬੇਬੇ ਨੂੰ ਮੈਂ ਕਿਤੇ ਬਾਹਰ ਹੀ ਨੀ ਲੈ ਕੇ ਗਿਆ, ਸੋਚਦਾਂ ਕਿ ਇੱਕ "ਵਧੀਆ" ਸੈਰ ਕਰਵਾ ਦੇਵਾਂ...!" ਜਿਸ ਕਰਕੇ ਬਾਪੂ ਨੇ ਸਾਰੀ ਰਾਤ ਬੇਚੈਨੀ ਵਿੱਚ ਕੱਟੀ ਸੀ, ਉਸ ਦੀ ਯੋਜਨਾ ਵੇਹੜੇ ਵਿੱਚ ਬੈਠ ਸਵੇਰ ਦੀ ਚਾਹ ਦਾ ਮਜ਼ਾ ਲੈਂਦੇ ਹੋਏ ਪਰਿਵਾਰ ਨਾਲ ਸਾਂਝੀ ਕੀਤੀ। ਸਾਰੇ ਆਲੇ-ਦੁਆਲੇ ਬੈਠੇ ਆਪਣੀ-ਆਪਣੀ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ।

....ਮਾਹੌਲ ਵਿੱਚ ਅਜੀਬ ਜਹੀ ਖਾਮੋਸ਼ੀ ਛਾ ਗਈ, ਕਿਉਂਕਿ ਬਾਪੂ ਬੇਬੇ ਨਾਲ ਏਸ ਉਮਰੇ ਘੁੰਮਣ-ਫ਼ਿਰਨ ਦੀ "ਬਾਤ" ਪਾ ਰਿਹਾ ਸੀ।
"ਪਰ ਜਾਣਾ ਕਿੱਥੇ ਹੈ...?" ਛੋਟੇ ਪੁੱਤਰ ਨੇ ਬਾਪੂ ਦੀ ਇੱਛਾ ਨੂੰ ਵੇਲ ਵਾਂਗ ਅੱਗੇ ਤੋਰਿਆ।

"ਮੇਰਾ ਮਿੱਤਰ ਬਲਵੰਤ ਹੈਗਾ ਕਨੇਡਾ। ਓਹ ਜੋ ਨੀਲੀ ਕੋਠੀ ਦੇ ਨੁੱਕਰ 'ਤੇ ਘਰ ਹੈ, ਜਦ ਵੀ ਪਿੰਡ ਆਉਂਦਾ ਹੈ, ਆਖ ਕੇ ਜਾਂਦਾ ਹੈ ਕਿ ਕਦੇ ਮੇਰੇ ਕੋਲ ਗੇੜਾ ਮਾਰ....ਮੈਂ ਕੱਲ੍ਹ ਰਾਤ ਸੋਚ ਲਿਆ ਕਿ ਤੇਰੀ ਬੇਬੇ ਨੂੰ ਕਨੇਡਾ ਘੁੰਮਾ ਦੇਵਾਂ, ਤਾਂ ਉਸ ਦੀਆਂ ਕੁਝ ਰੀਝਾਂ ਦੀ ਪੂਰਤੀ ਹੋ ਜਾਊਗੀ...!" ਬਾਪੂ ਨੇ ਆਸ਼ਕਾਂ ਵਾਲੀ ਅੱਖ ਨਾਲ ਆਪਣੀ ਘਰਵਾਲੀ ਭਾਨੋਂ ਵੱਲ ਨਜ਼ਰ ਮਾਰੀ। ਬਾਪੂ ਨੇ ਸ਼ਾਇਦ ਸਾਰੀ ਉਮਰੇ ਪਹਿਲੀ ਵਾਰ ਹੀ ਭਾਨੋਂ ਬਾਰੇ ਸੋਚਿਆ ਸੀ। ਇਸ ਲਈ ਰਾਤੋ-ਰਾਤ ਸਾਰੀ ਰੂਪ-ਰੇਖਾ ਹੀ ਉਲੀਕ ਦਿੱਤੀ। ਭਾਨੋਂ ਮੋਹ ਵਿੱਚ ਗੋਤੇ ਲਾਉਂਦੀ, ਬੀਤੀ ਜਿੰਦਗੀ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਮੇਟਦੀ ਹੋਈ, ਬਾਪੂ ਨੂੰ ਇੱਕ ਟੱਕ ਨਿਹਾਰ ਰਹੀ ਸੀ, ਜਿਵੇਂ ਅੱਜ ਹੀ ਸੌਹਰੇ ਘਰ ਆਈ ਹੋਵੇ।

"ਇੰਨਾ ਸੋਚ ਲਿਆ ਹੈ!!.... ਫ਼ੇਰ ਤਾਂ ਬਾਪੂ ਕਨੇਡਾ ਜਾ ਕੇ ਛੱਡੂ, ਪਰ ਹਜੇ "ਕੋਵੇਂਟਾਇਨ" ਚੱਲ ਰਿਹਾ ਹੈ, ਇਸ ਲਈ ਸਭ ਕੁਝ ਠੀਕ ਹੋਣ ਦਾ ਇੰਤਜ਼ਾਰ ਕਰੋ।" ਭੀਮਾ ਛੋਟੇ ਪੁੱਤਰ ਦਾ ਵੱਡਾ ਬੇਟਾ ਬੋਲਿਆ। ਜੋ ਇਸ ਵੇਲੇ ਕਾਲਜ ਵਿੱਚ ਪੜ੍ਹ ਰਿਹਾ ਸੀ।

"...ਆਹ "ਕੋਵੇਂਟਾਇਨ" ਕੀ ਹੁੰਦੀ ਹੈ ਹੁਣ...? ਪਹਿਲਾਂ ਤਾਂ "ਕਰੋਨਾ" ਗਾਈ ਜਾਂਦੇ ਸੀ?" ਬਾਪੂ ਆਪਣੀ ਕੈਨੇਡਾ ਯਾਤਰਾ ਦਾ ਲੰਮਾ ਇੰਤਜ਼ਾਰ ਨਹੀਂ ਸੀ ਚਾਹੁੰਦਾ। ਬਾਪੂ ਨੇ ਆਪਣੀ ਐਨਕ ਨੂੰ ਨੀਂਵਾਂ ਜਿਹਾ ਕਰ ਭੀਮੇ ਨੂੰ ਸਿੱਧਾ ਝਾਕਦੇ ਹੋਏ ਪੁੱਛਿਆ।

"ਬਾਪੂ, ਬਾਹਰ ਨਹੀਂ ਜਾਣਾ, ਇਸ ਲਈ "ਘਰ ਵਿੱਚ ਰਹੋ ਅਤੇ ਸੁਰੱਖਿਅਤ ਰਹੋ" ਦੇ ਕਾਨੂੰਨ ਨੂੰ "ਕੋਵੇਂਟਾਇਨ" ਆਖਦੇ ਹਨ। "ਕਰੋਨਾ" ਦੀ ਬਿਮਾਰੀ ਕਰਕੇ ਸਰਕਾਰ ਨੇ ਇਹ ਆਦੇਸ਼ ਦਿੱਤਾ ਹੈ...!" ਜੁਗਨੂੰ ਪੁੱਤਰ ਦੇ ਬੇਟੇ ਚੰਨੇ ਨੇ ਸਮਝਾਇਆ ਅਤੇ ਬਾਪੂ ਦੇ ਪਿੱਛੇ ਖਲੋਅ ਉਸ ਦੇ ਮੋਢੇ ਘੁੱਟਣ ਲੱਗ ਪਿਆ।

"...............।" ਬਾਪੂ ਨੇ ਸਿਰਫ਼ ਸਿਰ ਹਿਲਾ ਕੇ ਗੱਲ ਸਮਝਣ ਦੀ ਸਹਿਮਤੀ ਦਿੱਤੀ ਅਤੇ ਫੇæਰ ਸੋਚਣ ਲੱਗ ਪਿਆ, "ਚੱਲ, ਜਿੱਥੇ ਸਾਰੀ ਉਮਰ ਇੰਤਜ਼ਾਰ ਕੀਤਾ ਹੈ, ਤਾਂ ਆਹ ਕੁਝ ਚਿਰ ਹੋਰ ਸਹੀ।"

..... ਹੁਣ ਤਾਂ "ਕੋਰੋਨਾ" ਦੀ ਕੈਦ ਦੇ ਸਮੇਂ ਨੂੰ ਬਾਪੂ ਸੁਪਨਿਆਂ ਵਿੱਚ ਆਪਣੇ ਨਾਲ ਬੇਬੇ ਭਾਨੋਂ ਨੂੰ, ਕਦੇ ਜਹਾਜ਼ ਵਿੱਚ ਤਾਂ ਕਦੇ ਕੈਨੇਡਾ ਵਿੱਚ ਵੇਖ, ਆਪਣੇ ਮਨ ਦੇ ਫੁਰਨਿਆਂ ਨੂੰ ਮਾਣ ਰਿਹਾ ਸੀ। ਬਾਪੂ ਦੀਆਂ ਅੱਖਾਂ ਦੀ ਚਮਕ ਤੋਂ ਇੰਜ ਲੱਗਦਾ ਸੀ ਕਿ ਇਨਸਾਨ ਦੀਆਂ ਇੱਛਾਵਾਂ ਦਾ ਕੱਦ ਉਮਰ ਨਾਲੋਂ ਕਿਤੇ ਵੱਡਾ ਹੁੰਦਾ ਹੈ, ਬੱਸ ਕੋਸ਼ਿਸ਼ ਦੀ ਲੋੜ ਹੁੰਦੀ ਹੈ।  ਸ਼ਾਇਦ ਸਾਰੀ ਉਮਰ ਬਾਪੂ ਜਵਾਲਾ ਪ੍ਰਸਾਦ ਨੂੰ ਨਹੀਂ ਪਤਾ ਲੱਗਿਆ ਕਿ ਸਿਰਫ਼ 'ਮਨ' ਕਰਕੇ ਘੁੰਮਣਾ-ਫ਼ਿਰਨਾ ਵੀ ਜ਼ਿੰਦਗੀ ਦਾ ਹਿੱਸਾ ਹੋ ਸਕਦਾ ਹੈ?

....ਚਿੱਟਾ ਦਿਨ ਚੜ੍ਹ ਆਇਆ, ਪਰ ਅੱਜ ਭਾਨੋ ਜਾਗੀ ਨਹੀਂ ਸੀ। ਬਾਪੂ ਨੇ ਬੇਬੇ ਕੋਲ ਜਾ ਉਸ ਦਾ ਮੋਢਾ ਹਿਲਾ ਕੇ ਜਗਾਉਣਾ ਚਾਹਿਆ। ਪਰ ਭਾਨੋਂ ਦੇ ਪ੍ਰਾਣ-ਪੰਖੇਰੂ ਵਾਲਾ ਜਹਾਜ਼ "ਉਡਾਰੀ ਮਾਰ" ਚੁੱਕਿਆ ਸੀ। ਬਾਪੂ ਜਵਾਲਾ ਪ੍ਰਸਾਦ ਨੇ ਧਾਹ ਮਾਰੀ...."ਨੀ....ਮੇਰੀਏ ....ਭਾ...ਅ....ਨੋਂ....!!"

ਧਾਹ ਸੁਣ ਕੇ ਸਾਰਾ ਪਰਿਵਾਰ ਦੌੜਿਆ ਆਇਆ। ਬੇਬੇ ਸਦੀਵੀ ਚੁੱਪ ਧਾਰ, ਇੱਕ ਲਾਸ਼ ਬਣੀ ਪਈ ਸੀ। ਕਮਰੇ ਦੇ ਦ੍ਰਿਸ਼ ਨੇ ਸਾਰੇ ਪਰਿਵਾਰ ਨੂੰ ਝਟਕਾ ਦਿੱਤਾ....ਬੇਬੇ ਤੁਰ ਗਈ ਸੀ.....!

"ਕੋਵੇਂਟਇਨ" ਦੇ ਚੱਲਦਿਆਂ ਅਖ਼ੀਰੀ ਰੀਤੀ-ਰਿਵਾਜਾਂ ਨੂੰ ਬਹੁਤਾ ਖਿੱਚਿਆ ਨਹੀਂ ਸੀ ਜਾ ਸਕਦਾ। ਪੂਰੇ ਪਰਿਵਾਰ ਵਿੱਚ ਰੋਣਾ-ਧੋਣਾ ਮੱਚਿਆ ਹੋਇਆ ਸੀ। ਦਿਨ ਢਲਣ ਦੇ ਨਾਲ-ਨਾਲ ਅੰਤਿਮ ਸਸਕਾਰ ਦੀ ਤਿਆਰੀ ਚੱਲ ਰਹੀ ਸੀ। ਪਰ ਪਤਾ ਨਹੀਂ ਕਿਵੇਂ ਆਹ ਟੀ ਵੀ ਅਤੇ ਅਖਬਾਰਾਂ ਵਾਲਿਆਂ ਨੂੰ ਪਤਾ ਲੱਗ ਗਿਆ। "ਕਰੋਨਾ" ਦੇ ਚੱਲਦਿਆਂ ਹਰ ਮੌਤ ਦਾ ਵੇਰਵਾ ਲੈ, ਰਿਕਾਰਡ ਬਣਾਏ ਜਾ ਰਹੇ ਸਨ। ਬਾਪੂ ਆਪਣੀ ਘਰਵਾਲੀ ਭਾਨੋਂ ਦੇ ਸਿਰਹਾਣੇ ਬੈਠਾ ਵਿਰਲਾਪ ਕਰ ਰਿਹਾ ਸੀ, ਰੋ-ਰੋ ਨਿਢਾਲ ਹੋ ਰਿਹਾ ਸੀ। ਮੀਡੀਆ ਵਾਲਿਆਂ ਨੇ ਆ ਕੇ ਸਾਰੇ ਪਰਿਵਾਰ ਤੋਂ ਭਾਨੋ ਦੀ ਮੌਤ ਦੀ ਜਾਣਕਾਰੀ ਲਈ। ਫੇæਰ ਆਪਣਾ ਵੇਰਵਾ ਕੱਢ ਬਾਪੂ ਜਵਾਲਾ ਪ੍ਰਸਾਦ ਨੂੰ ਸੁਣਾਇਆ....

"ਬਾਪੂ ਜੀ ਤੁਸੀਂ ਤਿੰਨ ਦਿਨ ਪਹਿਲਾਂ ਬਾਹਰ ਗਏ ਸੀ, ਆ ਕੇ ਆਪਣਾ "ਮਾਸਕ" ਬੇਬੇ ਭਾਨੋ ਨੂੰ ਦਿੱਤਾ...ਤੁਹਾਡੇ ਤੋਂ ਹੀ ਆਹ "ਕਰੋਨਾ" ਦਾ ਵਾਇਰਸ ਭਾਨੋਂ ਜੀ ਕੋਲ ਪਹੁੰਚਿਆ। ਕੀ ਕਹਿਣਾ ਚਾਹੋਗੇ ਤੁਸੀਂ....?" ਗੋਲੀ ਵਰਗਾ ਸਵਾਲ ਬਾਪੂ ਦੇ ਸੀਨੇ ਨੂੰ ਚੀਰ ਗਿਆ। ਹੰਝੂਆਂ ਕਰਕੇ ਲਾਲ ਹੋਈਆਂ ਅੱਖਾਂ ਨੂੰ ਬਾਪੂ ਜੀ ਨੇ ਉਪਰ ਚੁੱਕਿਆ। ਭਾਨੋ ਦੇ ਖਾਮੋਸ਼ ਪਏ ਸਰੀਰ ਨੂੰ ਵੇਖਦਾ ਹੋਇਆ ਜਾਰੋ-ਜਾਰ ਧਾਹਾਂ ਮਾਰਨ ਲੱਗ ਪਿਆ....

"ਹਾਂ....ਹਾਂ.... ਮੈਂ ਆਪਣੀ ਭਾਨੋ ਦਾ ਗੁਨਾਂਹਗਾਰ ਹਾਂ.... ਪਰ ਆਹ "ਕਰੋਨਾ" ਤਾਂ ਮੈਂ ਉਸ ਬਿਚਾਰੀ ਨੂੰ ਪੰਜਾਹ ਸਾਲ ਪਹਿਲਾਂ ਹੀ ਦੇ ਦਿੱਤਾ ਸੀ। ਘੁੰਡ ਵਰਗੇ ਮਾਸਕ ਵਿੱਚ....ਦੋ-ਚਾਰ ਮਹੀਨੇ ਨਹੀਂ, ਬਲਕਿ ਆਪਣੀ ਸਾਰੀ ਜਵਾਨੀ ਕੱਢ ਗਈ। ਮੇਰੀ ਭਾਨੋਂ ਐਨੇ ਵੱਡੇ ਟੱਬਰ ਦੇ ਪੇਟ ਨੂੰ ਭਰਨ ਲਈ ਚੁੱਲ੍ਹੇ ਮੂਹਰੇ ਬੈਠ ਪਕਾਉਂਦੀ ਰਹੀ ਅਤੇ ਧੂੰਏ ਨਾਲ ਲਗਾਤਾਰ 'ਖੰਘਦੀ' ਹੋਈ ਅੱਖਾਂ ਦੇ ਪਾਣੀ ਨੂੰ ਪੂੰਝਦੀ ਰਹੀ।....ਹਾਏ!! ਮੇਰੀ ਭਾਨੋ ਤਾਂ ਸਾਰੀ ਉਮਰੇ ਇਸ ਚਾਰ-ਦੀਵਾਰੀ ਵਿੱਚ "ਕੋਵੇਂਟਾਇਨ" ਹੀ ਰਹੀ। ਲੋਕਾਂ ਨੇ ਤਾਂ ਹੁਣ ਰੌਲਾ ਪਾਇਆ 'ਕਰੋਨਾ' ਦਾ,... ਮੈਂ ਚਾਰ ਦਿਨ ਪਹਿਲਾਂ ਨਹੀਂ, ਬਲਕਿ ਨਵੀਂ ਵਿਆਹੀ ਆਈ ਭਾਨੋਂ ਨੂੰ ਕਰੋਨਾ ਦੇ ਦਿੱਤਾ ਸੀ ....ਹਾਏ ਓਏ... ਭਾਨੋ ਮੈਨੂੰ ਮਾਫ਼ ਕਰ ਦੇਵੀਂ....

 ਮੇ...ਰਿ...ਆ ...ਰੱਬਾ...!!!" ਬਾਪੂ ਨੂੰ ਸੰਭਾਲਣਾ ਬਹੁਤ ਔਖਾ ਹੋ ਰਿਹਾ ਸੀ। ਕੋਈ ਪਾਣੀ ਪਿਲਾ ਰਿਹਾ ਸੀ, ਤੇ ਕੋਈ ਸਹਾਰਾ ਦੇ ਰਿਹਾ ਸੀ। ਪਰ ਅੱਜ ਬਾਪੂ ਜਵਾਲਾ ਪ੍ਰਸਾਦ ਕਿਸੇ ਪਛਤਾਵੇ ਦੀ ਅਗਨੀ ਵਿੱਚ ਤਪ ਰਿਹਾ ਸੀ, ਜਿਸ ਦਾ ਸੇਕ ਸਿਰਫ਼ ਉਹੀ ਮਹਿਸੂਸ ਕਰ ਸਕਦਾ ਸੀ...। ਬਾਪੂ ਨੇ ਆਪਣਾ ਹੱਥ ਵਧਾ ਭਾਨੋਂ ਦੀ ਚੁੰਨੀ ਦੀ ਕੰਨੀ ਨਾਲ ਲੱਗੀ ਗੰਢ ਨੂੰ ਖੋਲ੍ਹ ਕੇ ਭਾਨੋਂ ਦੇ "ਸੁਪਨੇ" ਨੂੰ ਅਜ਼ਾਦ ਕਰ ਦਿੱਤਾ....।

ਅਗਲੇ ਦਿਨ ਨੂੰ ਚੜ੍ਹਣ ਤੋਂ ਕੌਣ ਰੋਕ ਸਕਦਾ ਸੀ? ਬਾਪੂ ਜੀ ਨੂੰ ਬਾਹਰ ਫੱਟੇ 'ਤੇ ਬਿਠਾਇਆ, ਕਿਉਂਕਿ ਕਮਰੇ ਦੇ "ਕਰੋਨਾ" ਨੂੰ "ਸੇਨੇਟਾਈਜ਼" ਕਰਨਾ ਸੀ। ਹਮੇਸ਼ਾ ਵਾਂਗ ਰੇਡੀਓ 'ਤੇ ਖ਼ਬਰਾਂ ਚੱਲ ਰਹੀਆਂ ਸਨ....

"....ਪਿੰਡ ਸਨੌਰ ਵਿੱਚ ਇੱਕ ਔਰਤ ਭਾਨੋਂ ਦੀ "ਕਰੋਨਾ" ਨਾਲ ਮੌਤ.... ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ "ਕਰੋਨਾ" ਉਸ ਨੂੰ ਆਪਣੇ ਪਤੀ ਜਵਾਲਾ ਪ੍ਰਸਾਦ ਤੋਂ ਮਿਲਿਆ ਸੀ.... ਤੇ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ....!!" ਖ਼ਬਰ ਸੁਣ ਕੇ ਉਸ ਦੇ ਨਿਰਬਲ ਕੰਨ ਬੋਲੇ ਹੋਣ ਵਾਲੇ ਹੋਏ ਪਏ ਸਨ। ਬਾਪੂ ਨੇ ਹੰਝੂਆਂ ਨਾਲ ਨੱਕੋ-ਨੱਕ ਭਰੀਆਂ ਅੱਖਾਂ ਨਾਲ ਰੇਡੀਓ ਵੱਲ ਵੇਖਿਆ। ਫ਼ੇਰ ਦੁਬਾਰਾ ਅੱਖਾਂ ਚੁੱਕ ਅਕਾਸ਼ ਵੱਲ ਤੱਕਿਆ। ਪਰ ਭਾਨੋਂ ਦਾ ਜਹਾਜ਼ ਅਲੋਪ ਹੋ ਗਿਆ ਸੀ, ਪ੍ਰੰਤੂ ਇੱਕ ਪਤਲੀ ਜਹੀ ਯਾਦਾਂ ਦੀ ਲੀਕ ਅਕਾਸ਼ ਵਿੱਚ ਛੱਡ ਗਿਆ ਸੀ...। ਅਸਮਾਨ ਵਿੱਚ ਦਿਸਦੀ ਉਸ ਲੀਕ ਵਰਗੀ ਹੀ ਇੱਕ ਹੋਰ ਲੀਕ ਉਸ ਦੇ ਦਿਲ ਉਪਰ ਉਕਰੀ ਜਾ ਰਹੀ ਸੀ ਅਤੇ ਹਰ ਦੁੱਖ-ਸੁਖ ਵਿੱਚ ਸਾਥ ਰਹੀ ਜੀਵਣ ਸਾਥਣ ਦੇ ਵਿਛੋੜੇ ਦੇ ਸੰਤਾਪ ਨਾਲ ਉਸ ਅੰਦਰੋਂ ਵੈਰਾਗ ਦੀਆਂ ਹੂਕਾਂ ਉਠ ਰਹੀਆਂ ਸਨ। ਉਸ ਦਾ ਖੰਭ ਲਾ ਕੇ ਆਪਣੀ ਭਾਨੋਂ ਕੋਲ ਉਡ ਜਾਣ ਨੂੰ ਜੀਅ ਕਰਦਾ ਸੀ। ਪਰ ਕਿੱਧਰ ਨੂੰ...? ਭਾਨੋਂ ਕੋਈ ਪਤਾ ਜਾਂ ਸਿਰਨਾਵਾਂ ਤਾਂ ਦੇ ਕੇ ਹੀ ਨਹੀਂ ਗਈ ਸੀ...! ਉਹ ਭਾਨੋਂ ਦੀ ਘਸਮੈਲੀ ਜਿਹੀ ਚੁੰਨੀ ਨੂੰ ਲੱਭ ਰਿਹਾ ਸੀ, ਜਿਸ ਦੀ ਕੰਨੀ ਨਾਲ ਉਹ ਆਪਣੇ ਸਿਰਜੇ ਸੁਪਨਿਆਂ ਨੂੰ ਗੰਢ ਮਾਰ ਕੇ ਰੱਖਦੀ ਸੀ...!


    


  ***********************************************************************

ਬੋਲਦੇ ਅੱਥਰੂ
ਅਜੀਤ ਸਤਨਾਮ ਕੌਰ   
 (05/05/2019)
ajit satnam

athru"ਹਾਏ…! ਆਹ ਕੀ…? ਮਾਂ ਤਾਂ ਜਿੰਦਾ ਹੈ…!" ਨੂੰਹ ਦੇ ਆਚੰਭਾ ਭਰੇ ਸ਼ਬਦਾਂ ਨਾਲ ਹੀ ਘਰ ਵਿੱਚ ਛਾ ਗਈ ਨਿਰਾਸ਼ਾ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਪਈ ਸਵਿੰਦ ਕੌਰ ਬੰਦ ਅੱਖਾਂ ਵਿੱਚੋਂ ਵੀ ਸਾਫ਼ ਦੇਖ ਰਹੀ ਸੀ।  ਬੱਚਿਆਂ ਨੂੰ ਮੇਰੀ ਜਿਉਂਦੀ ਦਾ ਇਤਨਾ ਦੁੱਖ ਕਿਉਂ ਹੈ…? ਕੀ ਇਹ ਮੈਨੂੰ ਮਰੀ  ਹੀ ਚਾਹੁੰਦੇ ਨੇ…? ਪਰ ਮੈਂ ਤਾਂ ਇਹਨਾਂ ਦਾ ਕਦੇ ਕੋਈ ਮਾੜਾ ਨਹੀਂ ਸੀ ਕੀਤਾ…! ਨਿੱਤ ਇਹਨਾਂ ਦੇ ਸੌ ਕੰਮ ਸੰਵਾਰਦੀ ਸੀ। ਕੀ ਹੋ ਗਿਆ ਹੁਣ ਮੈਂ ਬਿਰਧ ਹੋ ਗਈ…? ਜੇ ਕੁਝ ਹੋਰ ਨਹੀਂ ਕਰ ਸਕਦੀ, ਮੰਜੇ 'ਤੇ ਬੈਠੀ ਇਹਨਾਂ ਲਈ ਅਰਦਾਸਾਂ ਤਾਂ ਕਰਦੀ ਹਾਂ ਨ੍ਹਾਂ…?

"ਜਾਨ ਛੁੱਟਦੀ, ਕੰਮ ਨਿਬੜਦਾ…! ਨਾਲ਼ੇ ਆਪ ਤੰਗ ਹੁੰਦੀ ਹੈ ਨਾਲ਼ੇ ਸਾਨੂੰ ਕਰਦੀ ਹੈ…!"

"ਮੈਂ ਤਾਂ ਲੱਕੜਾਂ ਲਈ ਵੀ ਆਖ ਆਇਆ ਸੀ…!" ਪੁੱਤ ਦੇ ਮੂੰਹੋਂ ਕੁਪੱਤੇ ਬੋਲ ਸੁਣ ਕੇ ਉਸ ਦੇ ਦਿਲ ਵਿੱਚੋਂ ਉਠੀ ਟੀਸ ਸਾਰੇ ਸਰੀਰ ਵਿੱਚ ਕੈਂਸਰ ਵਾਂਗ ਫ਼ੈਲ ਗਈ! ਆਪਣੀ ਜੰਮੀ ਔਲਾਦ ਨੂੰ ਮਾਂ ਤੋਂ ਬੇਹਤਰ ਕੌਣ ਜਾਣ ਸਕਦਾ ਹੈ?  ਜ਼ਰਾ ਅੱਖ ਫ਼ਰਕੀ ਅਤੇ ਅੱਖਾਂ ਹੰਝੂਆਂ ਨਾਲ ਭਰ ਗਈਆਂ । ਹੰਝੂਆਂ ਨਾਲ ਭਰੀਆਂ ਅੱਖਾਂ ਵਿੱਚੋਂ ਕੋਲ ਖੜ੍ਹਾ ਪਰਿਵਾਰ ਧੁੰਦਲ਼ਾ ਦਿਸਣ ਲੱਗ ਪਿਆ, ਪਰ ਅਤੀਤ ਸ਼ੀਸ਼ੇ ਵਾਂਗ ਸਾਫ਼, ਬਿਲਕੁਲ ਸਪੱਸ਼ਟ ਹੋ ਸਾਹਮਣੇ ਆ ਖੜ੍ਹਿਆ।…

"ਚੱਲ ! ਬੱਸ ਕਰ ਹੁਣ ਰੋਣਾਂ ਧੋਣਾਂ, ਅੱਜ ਤੂੰ ਡੋਲੀ ਚੜ੍ਹ ਮੇਰੇ ਘਰ ਆਈ ਹੈਂ ਤੇ ਹੁਣ ਆਪਾਂ ਮਿਲ ਕੇ ਇੱਕ ਨਵਾਂ ਜੀਵਨ ਸ਼ੁਰੂ ਕਰੀਏ!" ਮੋਹਣ ਸਿੰਘ, ਉਸ ਦਾ ਘਰਵਾਲਾ, ਜੋ ਅੱਜ ਹੀ ਡੋਲੀ ਲੈ ਸਵਿੰਦ ਨੂੰ "ਆਪਣੀ" ਬਣਾ ਕੇ ਆਪਦੇ ਘਰ ਲਿਆਇਆ ਸੀ, ਨੇ ਆਪਦਾ ਹੱਕ ਜਿਹਾ ਜਤਾਉਂਦੇ ਹੋਏ ਕਿਹਾ। ਅੱਖਾਂ ਦੀ ਬਰਸਾਤ ਜਿਵੇਂ ਖ਼ਤਮ ਹੀ ਨਹੀਂ ਸੀ ਹੋਣਾ ਚਾਹੁੰਦੀ। ਧੁੰਦਲ਼ਾ ਜਿਹਾ ਅੱਲ੍ਹੜ ਉਮਰ ਦਾ ਇੱਕ ਵਾਕਿਆ ਯਾਦ ਆ ਗਿਆ।….

"ਵੇਖ ਸਵਿੰਦ, ਹੁਣ ਤੂੰ ਸਿਆਣੀ ਹੋ ਰਹੀ ਹੈਂ, ਕੱਲ੍ਹ ਆਪਣੇ ਘਰ ਜਾਵੇਂਗੀ, ਸਾਡੀ ਜਿੰਮੇਵਾਰੀ ਤੇਰੇ ਵਿਆਹ ਤਿੱਕ ਹੀ ਹੈ, ਜਦੋਂ ਤੇਰੀ ਡੋਲੀ ਐਸ ਘਰ ਤੋਂ ਚਲੀ ਗਈ, ਤੇ ਮੁੜ ਕੋਈ ਸ਼ਿਕਾਇਤ ਨਾ ਆਵੇ, ਸਾਡੇ ਕੋਲ ਖੁਸ਼ ਹੋ ਕੇ ਹੀ ਮਿਲਣ ਗਿਲਣ ਆਈਂ। ਜਿਸ ਘਰ ਗਈ, ਓਥੋਂ ਤੇਰੀ ਅਰਥੀ ਹੀ ਨਿਕਲੇ!" ਜਵਾਨ ਹੁੰਦੀ ਸਵਿੰਦ ਨੂੰ ਮਾਂ ਦੀਆਂ ਸਾਰੀਆਂ ਗੱਲਾਂ ਓਸ ਵੇਲੇ ਸਮਝ ਨਹੀ ਸੀ ਆ ਰਹੀਆਂ। ਪਰ ਅੱਜ ਮੋਹਣ ਸਿੰਘ ਦੇ ਦੋ ਬੋਲਾਂ ਨਾਲ ਹੀ ਮਾਂ ਦੀ ਓਸ ਵੇਲੇ ਕਹੀਆਂ ਗਈਆਂ ਬੇਤੁਕੀਆਂ ਜਿਹੀਆਂ ਗੱਲਾਂ ਦਾ ਸਾਰਾ ਮਤਲਬ ਸਮਝ ਆ ਰਿਹਾ ਸੀ। ….ਮੇਰੇ ਮਾਪੇ, ਭੈਣ, ਭਰਾ, ਉਹ ਘਰ, ਸਭ ਮੇਰੇ ਨਹੀਂ ਸੀ… ਮੇਰਾ ਸਫ਼ਰ ਤਾਂ ਹੁਣ ਸ਼ੁਰੂ ਹੋ ਰਿਹਾ ਸੀ। ਭਾਵੇਂ ਅੱਖਾਂ ਵਿੱਚ ਹੰਝੂ ਸੀ, ਪਰ ਮਨ ਨੂੰ ਸਕੂਨ ਆ ਗਿਆ ਕਿ ਆਪਣਾ ਕਹਿਣ ਨੂੰ ਹੁਣ ਮੇਰਾ ਵੀ ਘਰ ਹੋਊਗਾ। ਹਾਲਾਂਕਿ ਕਿਸੇ ਵੀ ਧੀ ਲਈ ਇਹ ਗੱਲ ਬਹੁਤ ਹੀ ਪੀੜਾਦਾਇਕ ਹੁੰਦੀ ਹੈ ਕਿ ਕਿਵੇਂ ਪਿਛਲੇ ਸਾਰੇ ਰਿਸ਼ਤੇ ਚਾਰ "ਫ਼ੇਰਿਆਂ" ਨਾਲ ਹੀ ਆਪਣਾ ਹੱਕ ਬਦਲ ਲੈਂਦੇ ਹਨ। ਪਰ ਸਮਾਜਿਕ ਪ੍ਰੰਪਰਾਵਾਂ ਨੂੰ ਚਲਾਣ ਲਈ ਖਾਮੋਸ਼ੀ ਨਾਲ ਸਭ ਸਵੀਕਾਰਨਾ ਹੀ ਪੈਦਾ ਹੈ।

ਮੋਹਣ ਸਿੰਘ ਨੇ ਧੀਮੇ ਜਹੀ ਸਵਿੰਦ ਦਾ ਹੱਥ ਦੱਬਿਆ ….ਤੇ ਜਿਵੇਂ ਉਹ ਪੇਕਿਆਂ ਤੋਂ ਸਿੱਧੀ ਸਹੁਰੇ ਘਰ ਆ ਡਿੱਗੀ ਹੋਵੇ। ਵਿਆਹ ਦੇ ਢੋਲ-ਢਮੱਕੇ ਦੇ ਨਾਲ ਹੀ ਆਪਣੇ ਨਵੇਂ ਜੀਵਨ ਵਿੱਚ ਵੀ ਸੰਗੀਤ ਵੱਜਣ ਲੱਗ ਪਿਆ। ਇਸ ਸੰਗੀਤ ਵਿੱਚ ਕਦੋਂ ਕਿਲਕਾਰੀਆਂ ਅਤੇ ਲੋਰੀਆਂ ਦੇ ਸੁਰ ਰਲ ਗਏ, ਸਵਿੰਦ ਕੌਰ ਨੂੰ ਪਤਾ ਹੀ ਨਹੀਂ ਲੱਗਿਆ। ਉਹ ਤਾਂ ਹਜੇ ਆਪਣੇ ਆਪ ਨੂੰ ਵੀ ਬਾਲੜੀ ਜਿਹੀ ਹੀ ਮਹਿਸੂਸ ਕਰਦੀ ਸੀ। ਘਰ ਦੇ ਢੇਰ ਸਾਰੇ ਚੁੱਲ੍ਹੇ-ਚੌਂਕੇ ਦੇ ਕੰਮ ਨਾਲ ਨਾਲ ਵੱਡੇ ਪਰਿਵਾਰ ਦੀ ਸਾਰ ਸੰਭਾਲ, ਸਭ ਨੂੰ ਖੁਸ਼ ਰੱਖਣਾ, ਮੰਜੇ 'ਤੇ ਪਏ ਦਾਦੇ ਸਹੁਰੇ ਦੀ ਦੇਖ-ਭਾਲ ਤਾਂ ਦਿਨ ਰਾਤ ਹੀ ਕਰਨੀ ਪੈਂਦੀ ਸੀ। ਸੁੱਖ ਨਾਲ ਆਪਦੇ ਵੀ ਚਾਰ ਜੁਆਕ ਹੋ ਗਏ ਸੀ। ਸਵਿੰਦ ਨੂੰ ਪਤਾ ਹੀ ਨਹੀਂ ਚੱਲਿਆ ਕਿ ਜ਼ਿੰਦਗੀ ਜੀਵੀਂ ਹੈ? ਯਾਂ ਕੀ ਬੀਤੀ ਹੈ?? ਆਪਦੇ ਨਿਆਣੇ ਪਾਲ਼ਦੇ-ਪਾਲ਼ਦੇ ਮੱਥੇ ਦੀ ਲੱਟ ਚਿੱਟੀ ਹੋ ਗਈ, ਜਿਸ ਨੂੰ ਅੱਜ ਸ਼ੀਸ਼ੇ ਵਿੱਚ ਵੇਖ ਕੇ ਉਸ ਨੇ ਇੱਕ ਠੰਢਾ ਜਿਹਾ ਸਾਹ ਭਰਿਆ ਅਤੇ ਹੱਥ ਜੋੜ ਕੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਨਿਆਣੇ ਹੁਣ ਸਿਆਣੇ ਹੋ ਚੱਲੇ ਹਨ। ਬੱਚਿਆਂ ਦੇ ਵਿਆਹਾਂ ਦੀਆਂ ਗੱਲਾਂ ਘਰ ਵਿੱਚ ਚੱਲ ਰਹੀਆਂ ਸਨ।

"ਸਵਿੰਦ, ਮੈਨੂੰ ਤੇ ਆਪਣੇ ਵੱਡੇ ਮੁੰਡੇ ਦਾ ਰਿਸ਼ਤਾ ਪਸੰਦ ਆਇਆ ਹੈ, ਤੂੰ ਕਿ ਕਹਿੰਦੀ ਹੈਂ?" ਪਤੀਦੇਵ ਨੇ ਹਾਂਮ੍ਹੀਂ ਭਰਵਾਉਣ ਦੇ ਮਕਸਦ ਨਾਲ ਗੁਰਦਿੱਤੇ ਪੁੱਤਰ ਦੇ ਆਏ ਰਿਸ਼ਤੇ ਦੀ ਗੱਲ ਸਾਂਝੀਂ ਕੀਤੀ।

"ਹਾਂਜੀਂ, ਰਿਸ਼ਤਾ ਉਹਨਾਂ ਨੇ ਆਪ ਹੀ ਮੰਗਿਆ ਹੈ, ਸਾਡੇ ਲਈ ਤੇ ਮਾਣ ਦੀ ਗੱਲ ਹੈ।" ਚਿਹਰੇ 'ਤੇ ਚਮਕ ਜਿਹੀ ਆ ਗਈ। ਸਵਿੰਦ ਦੇ ਜਿਵੇਂ ਆਪਣੇ ਸੱਸ ਹੋਣ ਦੀ ਰਾਹ ਤੱਕ ਰਹੀ ਸੀ । ਜਲਦ ਹੀ ਘਰ ਦਾ ਮਾਹੌਲ ਸ਼ਹਿਨਾਈ ਵਿੱਚ ਬਦਲ ਗਿਆ। ਨੂੰਹ ਘਰ ਆਈ ਤੇ ਜਿਵੇਂ ਸਵਿੰਦ ਨੂੰ ਆਪਣੀ ਵਿਦਾਈ ਯਾਦ ਆ ਗਈ। ਨਾਲ ਹੀ ਨੂੰਹ ਵਾਸਤੇ ਮੋਹ ਨਾਲ ਮਨ ਭਰ ਆਇਆ। ਮੈਂ ਵੀ ਆਪਦੇ ਸਾਰੇ ਪਰਿਵਾਰ ਨੂੰ ਛੱਡ ਕੇ ਆਈ ਸੀ ਤੇ ਅੱਜ ਇਹ ਵੀ ਮੇਰੇ ਪੁੱਤ ਦਾ ਘਰ ਵਸਾਉਣ ਆ ਗਈ ਹੈ। ਬਹੁਤ ਖੁਸ਼ ਸੀ, ਉਡੀ ਫ਼ਿਰਦੀ ਸੀ ਆਪਣੇ ਪੁੱਤ ਦਾ ਘਰ ਵਸਾ ਕੇ!

"ਸੁਣਦੇ ਹੋ, ਮੇਰਾ ਜੋ ਸੋਨਾਂ ਹੈ, ਓਸ ਵਿੱਚੋਂ ਮੈਂ ਸੋਨੇ ਦੀ ਗਾਂਨੀ ਤੇ ਕਾਂਟੇ ਬਹੂ ਨੂੰ "ਮੱਥਾ ਟਿਕਾਈ" ਦੀ ਰਸਮ ਵਿੱਚ ਦੇ ਦਵਾਂ? ਬਾਕੀ ਦਾ ਦੂਜੇ ਬੱਚਿਆਂ ਵਿੱਚ ਵੰਡ-ਦੂੰਗੀ?" ਖੁਸ਼ੀ ਨਾਲ ਅੱਜ ਸਭ ਕੁਝ ਨਿਛਾਵਰ ਕਰਨ ਨੂੰ ਜਿਵੇਂ ਤਿਆਰ ਹੀ ਬੈਠੀ ਸੀ।

"ਕਮਲੀ ਨਾ ਬਣ…! ਬਹੂ ਦੇ ਨਿਵੇਤ ਦਾ ਸੋਨਾ ਉਹਨੂੰ ਪਾ ਦਿੱਤਾ ਹੈ, ਤੂੰ ਆਪਣਾ ਆਪਦੇ ਕੋਲ ਰੱਖ, ਤੇਰੇ ਔਖੇ ਵੇਲੇ ਕੰਮ ਆਉਗਾ", ਮੋਹਣ ਸਿੰਘ ਜਿਵੇਂ ਕੁਝ ਇਸ਼ਾਰੇ ਵਿੱਚ ਸਮਝਾਉਣਾ ਚਾਹੁੰਦਾ ਸੀ ਕਿ ਨੂੰਹਾਂ ਨੂੰ ਕਾਬੂ ਰੱਖਣ ਦੇ ਵੀ ਕੁਝ ਅਸੂਲ ਹੁੰਦੇ ਹਨ। ਇਸ ਪਾਸਿਓਂ ਸਵਿੰਦ ਭੋਲ਼ੀ ਹੀ ਸੀ, "ਜੋ ਕੁਝ ਹੈ, ਇਹਨਾਂ ਦਾ ਹੀ ਤੇ ਹੈ! ਅੱਜ ਕੀ ਤੇ ਕੱਲ੍ਹ ਕੀ, ਮੈਨੂੰ ਰੀਝ ਆਉਂਦੀ ਹੈ!" ਪਤੀਦੇਵ ਨੇ ਸੁਆਲੀਆ ਨਜ਼ਰਾਂ ਨਾਲ ਸਵਿੰਦ ਨੂੰ ਵੇਖਦੇ ਹੋਏ ਸਲਾਹ ਦਿੱਤੀ, "ਭਾਗਵਾਨੇ ਜੇ ਮੈਨੂੰ ਕੁਝ ਹੋ ਗਿਆ, ਤੇ ਐਸ ਸੋਨੇ ਨੇ ਹੀ ਤੇਰੀ ਕਦਰ ਪਵਾਉਣੀ ਹੈ ਘਰ ਵਿੱਚ!" ਸਵਿੰਦ ਨੇ ਮੂੰਹ 'ਤੇ ਹੱਥ ਰੱਖ ਦਿੱਤਾ, "ਅੱਜ ਤੇ ਆਹ ਗੱਲ ਕਹਿ ਦਿੱਤੀ, ਅੱਗੋਂ ਕਦੇ ਨਾ ਕਿਹੋ, ਮੈਂ ਤੁਹਾਡੇ ਹੱਥੀਂ ਹੀ ਜਾਣਾ ਹੈ ਇਸ ਦੁਨੀਆਂ ਤੋਂ!" ਉਸ ਦੀਆਂ ਅੱਖਾਂ ਭਰ ਆਈਆਂ ਤੇ ਪਤੀ-ਪ੍ਰਮੇਸ਼ਰ ਦੇ ਮੋਢੇ 'ਤੇ ਸਿਰ ਲਾ ਲਿਆ, "ਮੈਨੂੰ ਮੇਰੇ ਬੱਚਿਆਂ ਤੋਂ ਆਹ ਸੋਨਾ ਜ਼ਿਆਦਾ ਪਿਆਰਾ ਨਹੀਂ, ਹੱਥੀ ਦੇ ਦਿਊਂਗੀ ਤੇ ਖੁਸ਼ ਹੋਣਗੀਆਂ, ਪਿੱਛੋਂ ਕਿਸ ਨੇ ਦੇਖਿਆ ਹੈ?"

"ਚੱਲ ਬਾਬਾ, ਜਿਵੇਂ ਤੂੰ ਖੁਸ਼!" ਸਵਿੰਦ ਦੇ ਹੰਝੂ ਪੂੰਝਦੇ ਹੋਏ ਮੋਹਣ ਬੋਲਿਆ। ਜਦ ਬਹੂ ਨਿਰਮਲ ਕੌਰ ਮੱਥਾ ਟੇਕਣ ਆਈ, ਆਪਣੀ ਬੁੱਕਲ਼ ਵਿੱਚ ਲਕੋਏ ਸੋਨੇ ਦੇ ਗਹਿਣੇ ਬਹੂ ਦੀ ਝੋਲੀ ਵਿੱਚ ਪਾ ਦਿੱਤੇ ਅਤੇ ਅਸੀਸਾਂ ਅਤੇ ਦੁਆਵਾਂ ਦਾ ਹੜ੍ਹ ਲਿਆ ਦਿੱਤਾ। ਘਰ ਵਿੱਚ ਚਹਿਲ-ਪਹਿਲ ਵਧ ਗਈ ਸੀ। ਸਾਲ ਲਾਡ ਪਿਆਰ ਵਿੱਚ ਹੀ ਗੁਜ਼ਰ ਗਿਆ। ਲੱਗਦੇ ਸਾਲ ਨੂੰ ਨਿਰਮਲ ਦਾ ਪੈਰ ਭਾਰੀ ਹੋ ਗਿਆ। ਮੂਲ਼ ਨਾਲੋਂ ਵਿਆਜ਼ ਜ਼ਿਆਦਾ ਪਿਆਰਾ ਹੁੰਦਾ ਹੈ, ਅਤੇ ਹੁਣ ਸਵਿੰਦ ਦਾ ਸਾਰਾ ਸਮਾਂ ਬਹੂ ਦੇ ਇਰਦ- ਗਿਰਦ ਪ੍ਰਕਰਮਾਂ ਕਰਦਿਆਂ ਹੀ ਗੁਜਰਦਾ। ਕੀ ਖਾਣੈਂ? ਕਦੋਂ ਖਾਣੈਂ? ਸੌਣਾ, ਉਠਣਾ, ਬੈਠਣਾ, ਸਭ ਦਾ ਖਿਆਲ ਰੱਖਦੀ, ਜਿਵੇਂ ਨਵੇਂ 'ਜੀਅ' ਦੇ "ਸੁਆਗਤ" ਦੀ ਹਰ ਵੇਲੇ ਤਿਆਰੀ ਕਰ ਰਹੀ ਹੋਵੇ। ਭਾਗਾਂ ਭਰਿਆ ਦਿਨ ਆਇਆ, ਤੇ ਨੌਂ ਮਹੀਨੇ ਦੀ ਸੇਵਾ ਤੋਂ ਬਾਅਦ ਸਵਿੰਦ ਨੂੰ ਇੱਕ ਗੁਲਾਬੀ ਹੱਥਾਂ ਵਾਲੀ ਕੋਮਲ ਜਿਹੀ ਰਾਜਕੁਮਾਰੀ ਦੀ ਦਾਦੀ ਬਣਨ ਦਾ ਸੁਭਾਗ ਮਿਲਿਆ।

ਦਿਨ ਗੁਜ਼ਰਦਿਆਂ ਆਪਣਾ ਪਰਿਵਾਰ ਵਧਣ-ਫ਼ੁੱਲਣ ਲੱਗ ਪਿਆ। ਨਿੱਕੀ ਜਿਹੀ ਜੁਆਕੜੀ ਪੋਤੀ ਪਾਲ਼ਦੇ ਹੋਏ ਆਪਣੀ ਧੀ ਦੇ ਵਿਆਹ ਦਾ ਖ਼ਿਆਲ ਆਉਣ ਲੱਗ ਪਿਆ। ਤਿੰਨੋਂ ਪੁੱਤਰ ਆਪਣੇ-ਆਪਣੇ ਕੰਮ ਧੰਦੇ ਲੱਗੇ ਸੀ। ਪਰ ਕੋਮਲ ਵੀ ਪੜ੍ਹ ਰਹੀ ਸੀ। ਘਰ ਵਿਚ ਲਾਡਲੀ ਸੀ ਤੇ ਜ਼ਿਆਦਾ ਕੋਈ ਕੁਝ ਆਖਦਾ ਵੀ ਨਹੀਂ ਸੀ। ਪਰ ਸਵਿੰਦ ਸੋਚ ਕੇ ਬੈਠੀ ਸੀ ਕਿ ਇਸ ਵਾਰ ਕੋਮਲ ਨਾਲ ਵਿਆਹ ਦਾ ਜ਼ਿਕਰ ਜ਼ਰੂਰ ਕਰੇਗੀ। ਦਿਵਾਲੀ ਦੀ ਛੁੱਟੀਆਂ 'ਤੇ ਜਦ ਕੋਮਲ ਘਰ ਆਈ ਤਾਂ ਮਾਂ ਨੇ ਮੌਕਾ ਦੇਖ ਕੇ ਉਸ ਨੂੰ ਟਹਿਆ ।

"ਦੇਖ ਪੁੱਤ, ਹਰ ਕੰਮ ਆਪਦੇ ਸਮੇਂ 'ਤੇ ਹੀ ਸੋਭਦੇ ਹਨ, ਤੇਰੇ ਹੱਥ ਪੀਲੇ ਕਰਣ ਦਾ ਵੀ ਸਮਾਂ ਆ ਗਿਆ ਹੈ, ਆਹੀ ਸਾਲ ਪੂਰਾ ਕਰ, ਤੇ ਅਸੀ ਵੀ ਸੁਰਖਰੂ ਹੋਈਏ!"

"ਕੀ ਮਤਲਬ ਹੈ ਤੇਰਾ ਮਾਂ…? ਮੇਰੇ ਵਿਆਹ ਬਾਰੇ ਤੇ ਸੋਚਿਓ ਜੇ ਵੀ ਨਾਂ…! ਮੇਰੀ ਡਿਗਰੀ ਪੂਰੀ ਹੋਣ ਤੋਂ ਬਾਅਦ ਮੈਂ ਪ੍ਰਰੈਕਟਿਸ ਕਰਕੇ ਕੈਰੀਅਰ ਬਣਾਉਣੈ, ਨਾ ਕਿ ਵਿਆਹ ਕਰਵਾ ਕੇ ਕਿਸੇ ਦੀ ਗੁਲਾਮ ਬਣਨਾ ਹੈ!" ਸਾਰਾ "ਫ਼ਿਊਚਰ ਪਲਾਨ" ਕੋਮਲ ਨੇ ਇੱਕ ਸਾਹ ਵਿਚ ਮਾਂ ਨੂੰ ਦੱਸ ਮਾਰਿਆ। ਆਪਣੀ ਧੀ ਦੇ ਜ਼ਿੱਦੀ ਸੁਭਾਅ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਰਾਤ ਨੂੰ ਸਾਰੀ ਗੱਲ ਪਤੀਦੇਵ ਨੂੰ ਦੱਸੀ। ਸੁਣਕੇ ਮੋਹਣ ਸਿੰਘ ਉਦਾਸ ਹੋ ਗਿਆ ਸੀ। ਪਰ ਹਾਉਕਾ ਜਿਹਾ ਭਰ ਕੇ ਬੋਲਿਆ, "ਧੀ ਦਾ ਧਨ ਹੈ, ਘਰੋਂ ਧੱਕੇ ਨਾਲ ਤਾਂ ਨਹੀਂ ਕੱਢ ਸਕਦੇ? ਕਰ ਲੈਣ ਦੇ ਜੋ ਕਰਨਾ ਚਾਹੁੰਦੀ ਹੈ।" ਅੱਖਾਂ ਬੰਦ ਕਰ ਕੇ ਕਿਸੇ ਗਹਰੀ ਸੋਚ ਵਿੱਚ ਖੋਅ ਗਿਆ। ਪਰ ਕੋਲ ਪਈ ਸਵਿੰਦ ਟਿਕ-ਟਿਕੀ ਲਗਾਏ ਛੱਤ ਵੱਲ ਵੇਖਦੀ ਹੋਈ ਇੱਕ ਅਣਜਾਣ ਜਿਹੀ ਚਿੰਤਾ ਵਿੱਚ ਖੁੱਭ ਗਈ। ਪੋਤੀ ਦੋ ਸਾਲ ਦੀ ਹੋ ਗਈ ਸੀ। ਹੁਣ ਦੂਜੇ ਪੁੱਤਰ ਦੇ ਵਿਆਹ ਬਾਰੇ ਫ਼ਿਕਰ ਕਰਨ ਲੱਗ ਪਈ। ਭੂਆ ਸੱਸ ਆਈ ਨੂੰ ਵੇਖ ਕੇ ਸਵਿੰਦ ਨੂੰ ਲੱਗਿਆ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ। ਖਾਣੇਂ ਤੋਂ ਵਿਹਲੀ ਹੋ ਕੇ ਉਹ ਲੰਮੀ ਪਈ ਭੂਆ ਸੱਸ ਦੇ ਪੈਰਾਂ ਵੱਲ ਆ ਬੈਠ ਗਈ ਅਤੇ ਮੰਨ ਦੀ ਗੰਢ ਖੋਲ੍ਹ ਦਿੱਤੀ।

"ਤੂੰ ਫ਼ਿਕਰ ਕਾਹਦੀ ਕਰਦੀ ਏਂ? ਰਿਸ਼ਤਿਆਂ ਦਾ ਕਿਹੜਾ ਕਾਲ ਪਿਆ ਏ??"
"ਮੇਰੇ ਮਨ ਤੋਂ ਤਾਂ ਤੁਸਾਂ ਬੋਝ ਹੀ ਲਾਹ ਦਿੱਤਾ ਭੂਆ ਜੀ!"
"ਬੱਸ, ਤੂੰ ਤਿਆਰੀ ਖਿੱਚ ਕੁੜ੍ਹੇ!"

ਮਹੀਨੇ ਵਿੱਚ ਹੀ ਬਹੁਤ ਉੱਚੇ ਘਰ ਦਾ ਰਿਸ਼ਤਾ ਭੂਆ ਨੇ ਵਿਚੋਲਣ ਬਣ ਕਰਵਾ ਦਿੱਤਾ। ਭੁਆ ਦਾ ਪਰਤਾਪ ਸੀ, ਗੱਲ ਬਿਨਾ ਕਿਸੇ ਮੀਣ-ਮੇਖ ਤੋਂ ਸਿਰੇ ਲੱਗ ਗਈ। ਮੁੜ ਇੱਕ ਵਾਰ ਫੇਰ ਘਰ ਵਿੱਚ ਧੂੰਮ-ਧੜੱਕਾ ਮੱਚਿਆ ਅਤੇ ਵੱਡੇ ਘਰ ਦੀ ਕੁੜੀ ਨੂੰਹ ਬਣ ਆ ਗਈ। ਦੂਜੇ ਪੁੱਤ ਦਾ ਘਰ ਵਸਾਉਣ ਲਈ। ਸਵਿੰਦ ਨੇ ਬੜੇ ਚਾਅ ਨਾਲ ਬੁੱਕਲ਼ ਵਿੱਚ ਦੂਜੀ ਨੂੰਹ ਦੇ "ਮੱਥਾ ਟਿਕਾਈ" ਵਾਸਤੇ ਦੇਣ ਲਈ ਆਪਦੇ ਕੁਝ ਗਹਿਣੇ ਲਕੋਈ ਖੜ੍ਹੀ, ਬੜੀ ਬੇਤਾਬੀ ਨਾਲ ਨੂੰਹ ਦੀ ਰਾਹ ਦੇਖ ਰਹੀ ਸੀ। ਬੇਸਬਰੀ ਨਾਲ ਕਦੇ ਪਤੀਦੇਵ ਵੱਲ ਵੇਖ ਲੈਦੀਂ ਸੀ ਅਤੇ ਕਦੇ ਬੂਹੇ ਵੱਲ। ਸੋਚ ਰਹੀ ਸੀ ਕਿ ਔਰਤ ਨੂੰ ਆਪਣੇ ਗਹਿਣੇ ਗੱਟੇ ਨਾਲ ਬਹੁਤ ਪਿਆਰ ਹੁੰਦਾ ਹੈ, ਪਰ ਔਲਾਦ ਦੇ ਸਾਹਮਣੇ ਉਸ ਦੀ ਵੀ ਚਮਕ ਘੱਟ ਜਾਂਦੀ ਹੈ। ਕਾਫ਼ੀ ਦੇਰ ਉਡੀਕਣ ਤੋਂ ਬਾਅਦ ਪੁੱਤ ਨੂੰ ਹਾਕ ਮਾਰੀ, "ਚੰਨਿਆਂ, ਵੇ ਤੇਰੀ ਬਹੂ ਕਿੱਥੇ ਆ? ਮੈਂ ਸ਼ਗਨ ਫੜੀ ਬੈਠੀ ਹਾਂ!"

"ਮਾਂ ਉਹ ਤਾਂ ਪੈਗੀ, ਥੱਕੀ ਪਈ ਸੀ!" ਮੁੰਡੇ ਨੇ ਮੀਸਣਾ ਜਿਹਾ ਬਣ ਕੇ ਉਤਰ ਦਿੱਤਾ।
ਮੋਹਣ ਸਿੰਘ ਦੇ ਕੁਝ ਬੋਲਣ ਤੋਂ ਪਹਿਲਾ ਹੀ ਬੋਲ ਪਈ।

"ਆਹੋ! ਬੰਦਾ ਥੱਕ ਤਾਂ ਜਾਂਦਾ ਹੀ ਹੈ, ਚਲ ਮੈਂ ਹੀ ਸ਼ਗਨ ਫੜਾ ਆਉਂਦੀ ਹਾਂ, ਆਖਰ ਮੇਰੀ ਨੂੰਹ ਹੈ!" ਆਖ ਕੇ ਉਹ ਨਵੀਂ ਨੂੰਹ ਸਵੀਟੀ ਦੇ ਕਮਰੇ ਵੱਲ ਟੁਰ ਪਈ ।
ਸਵੀਟੀ ਮੱਥੇ 'ਤੇ ਹੱਥ ਰੱਖ ਲੇਟੀ ਜਿਵੇਂ ਸਿਰਫ਼ ਆਪਣੇ ਪਤੀ ਚੰਨਣ ਸਿੰਘ ਦਾ ਇੰਤਜਾਰ ਕਰ ਰਹੀ ਸੀ ।

"ਕੀ ਗੱਲ ਪੁੱਤ, ਥੱਕ ਗਈ ਲੱਗਦੀ ਹੈਂ?" ਸੱਸ ਦਾ ਚਾਅ ਅਤੇ ਮਮਤਾ ਉਬਲ਼ ਉਬਲ਼ ਪੈਂਦੀ ਸੀ।
"ਹੂੰ…!" ਬੱਸ ਇਤਨਾ ਹੀ ਜਵਾਬ ਮਿਲਿਆ ਸਵੀਟੀ ਤੋਂ!
"ਮੈਂ ਉਡੀਕਦੀ ਸੀ ਸ਼ਗਨ ਦੇਣ ਲਈ ਮੱਥਾ ਟੇਕ…!" ਸ਼ਬਦ ਸਵਿੰਦ ਦੇ ਗਲੇ ਵਿੱਚ ਅਟਕ ਗਏ। ਕਿਉਂਕਿ ਬਹੂ ਨੇ ਤੇ ਉਠ ਕੇ ਬੈਠਣ ਦੀ ਵੀ ਤਕਲੀਫ਼ ਨਹੀਂ ਸੀ ਕੀਤੀ।
"ਲੈ ਪੁੱਤ, ਮੇਰੀ ਪੂੰਜੀ ਵਿੱਚੋਂ ਤੇਰਾ ਹਿੱਸਾ!"

"ਤੁਸੀਂ ਮੈਨੂੰ ਸੈੱਟ ਪਾਅ ਤਾਂ ਦਿੱਤਾ ਸੀ? ਮੇਰੇ ਮਾਪਿਆਂ ਨੇ ਬਥੇਰਾ ਦੇ ਦਿੱਤਾ ਮੈਨੂੰ, ਤੁਸੀ ਆਪਣਾ ਆਪਣੇ ਕੋਲ਼ ਰੱਖੋ!"
"ਮੈਂ ਹੁਣ ਬੁੱਢੇ ਬਾਰੇ ਕਿਸ ਨੂੰ ਵਖਾਉਣੇ ਨੇ? ਥੋਡੀ ਤਾਂ ਉਮਰ ਹੈ।" ਆਖ ਕੇ ਗਹਿਣੇ ਬਹੂ ਦੇ ਅੱਗੇ ਰੱਖ ਕੇ ਕਮਰੇ ਤੋਂ ਬਾਹਰ ਆ ਗਈ। ਮੋਹਣ ਸਿੰਘ ਨੇ ਕੁਝ ਸ਼ੱਕੀ ਨਜ਼ਰਾਂ ਨਾਲ ਵੇਖਿਆ, ਪਰ ਉਹ ਕੁਝ ਨਹੀਂ ਬੋਲੀ। ਪਰ ਉਸ ਦੀ ਖ਼ਾਮੋਸ਼ੀ ਨੇ ਸਭ ਬਿਆਨ ਕਰ ਦਿੱਤਾ ਸੀ।

ਵਕਤ ਜਿਵੇਂ ਖੰਭ ਲਾ ਕੇ ਉਡ ਰਿਹਾ ਸੀ।
ਤੀਜੇ ਪੁੱਤ ਦੇ ਵਿਆਹ ਦਾ ਖਿਆਲ ਆਇਆ ਤੇ ਸ਼ਾਮ ਦੇ ਵੇਲੇ ਜੀਵਨ ਸਿੰਘ ਕੋਲ ਬੈਠ ਕੇ ਵਿਆਹ ਲਈ ਟੋਹਿਆ ।
"ਹਾਂ ਮਾਂ ਮੈਂ ਵੀ ਸੋਚ ਹੀ ਰਿਹਾ ਸੀ ਕਿ ਤੇਰੇ ਨਾਲ ਗੱਲ ਕਰਾਂ? ਮੇਰੇ ਨਾਲ ਜੋ ਸ਼ਾਨੋ ਪੜ੍ਹਦੀ ਸੀ, ਮੇਰੀ ਤੇ ਓਸ ਦੀ ਦੋਸਤੀ ਹੈ, ਮੈਂ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ!" ਪੁੱਤ ਨੇ ਪਿਟਾਰੀ ਖੋਲ੍ਹ ਮਾਂ ਅੱਗੇ ਰੱਖ ਦਿੱਤੀ।

"ਤੂੰ ਤਾਂ ਮੈਨੂੰ ਬਾਹਲਾ ਹੀ ਸੁਖਾਲਾ ਕਰ ਦਿੱਤਾ ਪੁੱਤ! ਲੈ, ਮੈਂ ਕੱਲ੍ਹ ਹੀ ਤੇਰੇ ਬਾਪੂ ਨਾਲ ਗੱਲ ਕਰਦੀ ਹਾਂ।" ਆਖ ਕੇ ਉਸ ਨੇ ਸੁਖ ਦਾ ਸਾਹ ਲਿਆ ।
"ਕੁੜੀ ਵਾਲੇ ਪਹਿਲਾਂ ਹੀ ਤਿਆਰ ਨੇ, ਤੁਸੀ ਆਪਦਾ ਦੇਖ ਲਵੋ!" ਜੀਵਨ ਵੱਲੋਂ ਜਿਵੇਂ ਲੱਗਭੱਗ ਸਭ ਤੈਅ ਹੋਇਆ ਹੀ ਜਾਪਦਾ ਸੀ। ਪਤੀ ਦੀ ਤਬੀਅਤ ਜ਼ਿਆਦਾਤਰ ਖਰਾਬ ਹੀ ਰਹਿਣ ਕਰ ਕੇ ਸਭ ਨਿਆਣੇ ਜਲਦ ਹੀ ਵਿਆਹ ਕੇ ਫ਼ਾਰਗ ਹੋਣਾ ਚਾਹੁੰਦੀ ਸੀ। ਧੀ ਅਜੇ ਵੀ ਕੋਈ ਲੜ ਪੱਲਾ ਨਹੀ ਸੀ ਫੜਾ ਰਹੀ। ਉਸ ਦੀ ਵਿਆਹ ਵਿੱਚ ਕੋਈ ਰੁਚੀ ਨਹੀਂ ਲੱਗਦੀ ਸੀ। ਪਰ ਉਸ ਨੇ ਕਦੇ ਕੋਈ ਠੋਸ ਕਾਰਨ ਵੀ ਨਹੀ ਸੀ ਦੱਸਿਆ। ਤੀਜੇ ਪੁੱਤ ਦੇ ਵਿਆਹ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ। ਕਿੰਨੇ ਦਿਨਾਂ ਦੀ ਤਿਆਰੀ ਤੋਂ ਬਾਅਦ ਅੱਜ ਜੰਝ ਚੜ੍ਹਾAਣ ਦਾ ਦਿਨ ਆਇਆ ਕਿ ਅਚਾਨਕ ਪਤੀ ਮੋਹਣ ਸਿੰਘ ਦੀ ਤਬੀਅਤ ਪਹਿਲਾਂ ਨਾਸਾਜ਼ ਹੋਈ ਅਤੇ ਫ਼ਿਰ ਜ਼ਿਆਦਾ ਹੀ ਵਿਗੜ ਗਈ।
"ਜਾਹ, ਤੂੰ ਪਹਿਲਾਂ ਡਾਕਟਰ ਬੁਲਾ ਲਿਆ, ਜੰਝ ਥੋੜ੍ਹੀ ਦੇਰ ਨਾਲ ਚੜ੍ਹ ਜਾਉਗੀ।" ਪਤੀਦੇਵ ਵੱਲ ਵੇਖ ਕੇ ਉਸ ਨੇ ਫ਼ਿਕਰ ਨਾਲ ਕਿਹਾ।

"ਹਾਂਜੀ, ਤੋਰ ਦਿੱਤਾ ਮੁੰਡਾ।"

ਮੋਹਣ ਸਿੰਘ ਨੂੰ ਕੁਝ ਲੋੜੀਂਦੀਆਂ ਦੁਆਈਆਂ ਦੇ ਕੇ ਪੁੱਤ ਦੇ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ ਗਈਆਂ। ਡੋਲੀ ਘਰ ਆ ਗਈ। ਪਰ ਅੱਜ ਨੂੰਹ ਨੂੰ "ਮੱਥਾ ਟਿਕਾਈ" ਦੇਣ ਵਿੱਚ ਸਵਿੰਦ ਦਾ ਕੁਝ ਖ਼ਾਸ ਉਤਸ਼ਾਹ ਨਹੀਂ ਸੀ।

"ਦਿੱਲ ਕਿਉਂ ਢਾਹੀ ਬੈਠੀ ਹੈਂ? ਚੱਲ, ਕਢ ਉਹ ਨੂੰਹ ਦੇ ਹਿੱਸੇ ਦੇ ਗਹਿਣੇ!" ਸਵਿੰਦ ਦੇ ਮਨ ਦਾ ਮਾਹੌਲ ਬਦਲਣ ਲਈ ਮੋਹਣ ਸਿੰਘ ਨੇ ਕਿਹਾ।
"ਹੂੰ…! ਪਰ ਅੱਜ ਮੇਰਾ ਚਿੱਤ ਕਰਦਾ ਹੈ ਕਿ ਤੁਹਾਡੇ ਹੱਥੋਂ ਸ਼ਗਨ ਦੁਵਾਊਂ।" ਸਵਿੰਦ ਕੌਰ ਬੋਲੀ।
"ਬੱਸ਼….???? ਚੱਲ, ਬੁਲਾ ਬਹੂ ਨੂੰ, ਮਾਰ ਵਾਜ!" ਮੋਹਣ ਸਿੰਘ ਉਸ ਦਾ ਉਦਾਸ ਚਿਹਰਾ ਨਹੀਂ ਸੀ ਵੇਖ ਸਕਦਾ।

ਸਭ ਕੁਝ ਨਿੱਬੜ ਗਿਆ। ਮਹਿਮਾਨ ਵਾਪਿਸ ਮੁੜ ਗਏ। ਸਵਿੰਦ ਦਾ ਪਰਿਵਾਰ ਵੱਡਾ ਹੋ ਗਿਆ ਸੀ। ਬੱਚਿਆਂ ਦੇ ਫ਼ਿਕਰਾਂ ਵਿੱਚ ਸਮਾਂ ਤੇਜੀ ਨਾਲ ਭੱਜ ਰਿਹਾ ਸੀ। ਵੱਡੇ ਪੁੱਤ ਦੇ ਤਿੰਨ ਨਿਆਣੇ ਹੋ ਗਏ ਹਨ। ਵਿਚਲੇ ਦੇ ਦੋ ਅਤੇ ਨਿੱਕੇ ਦੇ ਵੀ ਤਿੰਨ ਨਿਆਣੇ ਸਨ। ਸਾਰਾ ਦਿਨ ਪੋਤੇ-ਪੋਤੀਆਂ ਦੇ ਕੰਮ ਤੋਂ ਵੇਹਲ ਹੀ ਨਹੀ ਸੀ ਮਿਲਦੀ।

"ਹਾਏ ਰੱਬਾ…..!! ਹਾਏ ਨੀ ਮੈਂ ਮਰ ਗਈ….!" ਅਚਾਨਕ ਇੱਕ ਚੀਖ ਜਿਹੀ ਆਈ ਬਹੂ ਦੇ ਕਮਰੇ ਵਿੱਚੋਂ!
"ਕੀ ਹੋਇਆ ਗੁੱਡੂ….?" ਸਵਿੰਦ ਦੀਆਂ ਅੱਖਾਂ ਡਰ ਨਾਲ਼ ਖੜ੍ਹ ਗਈਆਂ।

"ਜੀਵਨ ਜੀ ਦਾ ਐਕਸੀਡੈਂਟ ਹੋ ਗਿਆ, ਤੇ ਮੌਕੇ ਤੇ ਹੀ ਮੌਤ ਹੋ ਗਈ…! ਹਾਏ ਨੀ ਮੈਂ ਮਰ ਗਈ…!" ਗੁੱਡੂ ਨੇ ਬਿਨਾ ਕੋਈ ਭੂਮਿਕਾ ਬੰਨ੍ਹੇ ਕੀਰਨਿਆਂ ਦੇ ਪੱਥਰ ਵਗਾਹ ਮਾਰੇ।
"…………….।" ਸਾਰੇ ਘਰ ਵਿਚ ਭਾਜੜ ਪੈ ਗਈ। ਕੋਹਰਾਮ ਮੱਚ ਗਿਆ। ਪਰ ਮੋਏ ਹੋਏ ਨੂੰ ਕਿਸੇ ਨੇ ਕੀ ਬਚਾਣਾ ਸੀ?
"ਹਾਏ ਵੇ ਮੇਰੇ ਸ਼ੇਰਾ, ਆਹ ਕੀ ਹੋ ਗਿਆ…? ਮੇਰੀ ਜਾਨ ਕਿਉਂ ਨਾ ਚਲੀ ਗਈ…? ਮੈਂ ਕਿਉਂ ਨਾ ਮਰ ਗਿਆ ਓਏ ਮੇਰਿਆ ਰੱਬਾ…!" ਧਾਹਾਂ ਮਾਰਦੇ ਮੋਹਣ ਸਿੰਘ ਨੂੰ ਸਾਹ ਨਹੀਂ ਸੀ ਆ ਰਿਹਾ।
"ਵੇ ਮੇਰੇ ਜੀਵਣ ਜੋਗਿਆ, ਮੈਂ ਤੇ ਤੇਰਾ ਨਾਮ "ਜੀਵਨ" ਰੱਖਿਆ, ਤੇ ਤੂੰ ਓਹ ਵੀ ਨਹੀਂ ਨਿਭਾਇਆ…!" ਵਾਰੋ-ਵਾਰੀ ਦੋਵੇਂ ਮਾਂ ਬਾਪ ਨਿਹੱਥੇ ਜਿਹੇ ਹੋਏ ਤੜਫ਼ ਰਹੇ ਸਨ। ਘਰ ਦੀਆਂ ਕੰਧਾਂ ਵੀ ਕੁਰਲਾ ਰਹੀਆਂ ਸਨ। ਖਿੱਲਰੇ ਵਾਲ਼, ਰੋ-ਰੋ ਨਿਢਾਲ ਹੋਈਆਂ ਅੱਖਾਂ, ਪੱਤਝੜ ਰੁੱਤ ਦੇ ਪੱਤੇ ਵਾਂਗ ਸੁੱਕੇ ਬੁੱਲ੍ਹ, ਬੇਹਾਲ ਜਿਹੀ ਹੋ ਕੇ ਡਿੱਗੀ ਪਈ ਸੀ ਸ਼ਾਨੋ। ਜੀਵਨ ਬਿਨਾ ਹੁਣ ਕਾਹਦਾ ਜਿਉਣਾ?? ਭਵਿੱਖ ਦੇ ਖੌਫ਼ ਨਾਲ ਉਜੜੀਆਂ ਅੱਖਾਂ ਨਾਲ ਇੱਕ ਸਾਰ ਟਿਕਟਿਕੀ ਲਗਾ ਕੇ ਜਿਵੇਂ ਕੰਧ ਦੇ ਪਾਰ ਦੇਖਣਾ ਚਾਹੁੰਦੀ ਸੀ। ਗੋਦ ਲਈ ਬਾਲੜੀ ਨੂੰ ਤਾਂ ਆਹ ਵੀ ਨਹੀ ਸੀ ਪਤਾ ਕਿ ਓਸ ਦੇ ਬਾਪ ਨਾਲ ਕੀ ਭਾਣਾ ਵਾਪਰ ਗਿਆ ਸੀ?

ਵਿਗੜੇ ਹਾਲਾਤਾਂ ਦੇ ਕਸਾਅ ਕਾਰਨ ਪ੍ਰੇਮ ਦੀ ਤੰਦ ਟੁੱਟ ਗਈ।
ਅਗਲੇ ਦਿਨ ਜੀਵਨ ਦਾ ਸਸਕਾਰ ਕਰ ਦਿੱਤਾ ਗਿਆ।  ਘਰ ਦੇ ਬਨੇਰਿਆਂ ਉਪਰ ਕਹਿਰਾਂ ਦੀ ਮੌਤ ਕੂਕ ਰਹੀ ਸੀ।
ਪੁੱਤ ਦੀ ਮੌਤ ਤੋਂ ਬਾਅਦ ਮੋਹਣ ਸਿੰਘ ਢੇਰੀ ਢਾਹ ਗਿਆ ਸੀ। ਸਾਰਾ ਦਿਨ ਮੰਜੇ ਤੇ ਪਿਆ ਵਿਹੜ੍ਹੇ ਵਿਚ ਉਦਾਸ, ਨਿਰਾਸ਼ ਅੱਖਾਂ ਨਾਲ ਝਾਕਦਾ ਰਹਿੰਦਾ। ਪਰ ਸਵਿੰਦ ਕੌਰ ਕੋਲ਼ ਹੁਣ ਸਿਰ ਖੁਰਕਣ ਦੀ ਵੀ ਵੇਹਲ ਨਹੀਂ ਸੀ। ਸਵਿੰਦ ਨੂੰ ਸਾਰੀ ਉਮਰੇ ਅਰਾਮ ਦਾ ਸਾਹ ਨਹੀਂ ਮਿਲਿਆ। ਪਹਿਲਾਂ ਵੱਡੀ ਕਬੀਲਦਾਰੀ, ਫੇਰ ਆਪਦੇ ਨਿਆਣੇ, ਹੁਣ ਪੋਤੇ ਪੋਤੀਆਂ ਅਤੇ ਅੰਦਰ ਬਾਹਰ ਦੇ ਸੌ ਕੰਮ।

"ਸਵਿੰਦ, ਮੈਨੂੰ ਅੱਜ ਤੇਰੇ ਵੱਲ ਦੇਖ ਕੇ ਲੱਗਦਾ ਹੈ ਕਿ ਮੈਂ ਤੈਨੂੰ ਅਰਾਮ ਅਤੇ ਸੁਖ ਦੀਆਂ ਘੜ੍ਹੀਆਂ ਨਹੀਂ ਦੇ ਸਕਿਆ, ਮੈਨੂੰ ਮਾਫ਼ ਕਰ ਦੇਵੀ।" ਬੇਵੱਸ ਮੋਹਣ ਸਿੰਘ ਨੇ ਹੱਥ ਜਿਹੇ ਜੋੜ ਲਏ। ਅੱਜ ਪਹਿਲੀ ਵਾਰ ਆਪਣੀ ਘਰਵਾਲੀ ਅੱਗੇ ਉਸ ਨੇ ਤਰਲਾ ਜਿਹਾ ਕੀਤਾ ਸੀ।

ਪਤੀਦੇਵ ਦੇ ਦੋਵੇਂ ਹੱਥਾਂ ਨੂੰ ਫ਼ੜ ਉਸ ਨੇ ਘੁੱਟ ਕੇ ਆਪਣੇ ਕਲੇਜ਼ੇ ਨਾਲ਼ ਲਾ ਲਿਆ, "ਕੀ ਕਮਲ਼ੀਆਂ ਜਿਹੀਆਂ ਮਾਰੀ ਜਾਂਦੇ ਹੋ?" ਅੱਖਾਂ ਭਰ ਕੇ ਸਵਿੰਦ ਬੋਲੀ, "ਭਰਿਆ ਭਰਾਇਆ ਘਰ ਤੇ ਕਿੱਡਾ ਖਿੜਿਆ ਪਰਿਵਾਰ ਮੈਨੂੰ ਦਿੱਤਾ ਹੈ!" ਕਮਰੇ ਦੇ ਇੱਕ ਖੂੰਜੇ ਮੱਖੀ ਵਾਂਗ ਲੱਗਿਆ ਮੋਹਣ ਸਿੰਘ ਅੱਜ ਪੁਰਾਣੀਆਂ ਯਾਦਾਂ ਦੇ ਖੂਹ ਨੂੰ ਗੇੜ ਰਿਹਾ ਸੀ, ਜਿਵੇਂ ਇੱਕ ਵਾਰ ਫੇਰ ਸਵਿੰਦ ਨਾਲ ਬੀਤਿਆ ਵਕਤ ਯਾਦ ਕਰ ਮਨ ਨੂੰ ਸਮਝਾਉਣਾ ਚਾਹੁੰਦਾ ਹੋਵੇ?

ਸਵੇਰੇ ਜਦ ਪ੍ਰੀਵਾਰ ਉਠਿਆ ਤਾਂ ਮੋਹਣ ਸਿੰਘ ਦੇ ਜੁੜੇ ਹੋਏ ਹੱਥ ਛਾਤੀ 'ਤੇ ਪਏ ਸਨ ਅਤੇ ਗਰਦਨ ਸਿਰਹਾਣੇ ਤੋਂ ਥੱਲੇ ਲੁੜਕ ਗਈ ਸੀ। ਆਪਣਾ ਬਿਸਤਰਾ ਛੱਡਣ ਤੋਂ ਪਹਿਲਾ ਸਵਿੰਦ ਨੇ ਇੱਕ ਨਜ਼ਰ ਪਤੀ ਵੱਲ ਮਾਰੀ ਅਤੇ ਨਾਲ ਹੀ ਉਸ ਦੀ ਚੀਖ਼ ਨਿਕਲ ਗਈ, "ਵੇ ਨਿਆਣਿਓਂ….! ਦੇਖੋ ਵੇ ਤੁਹਾਡੇ ਬਾਪੂ ਨੂੰ ਕੀ ਹੋ ਗਿਆ…! ਭੱਜ ਕੇ ਆਓ ਤੇ ਵੇਖੋ ਜ਼ਰਾ…!" ਅਵਾਜ਼ਾਂ ਮਾਰਦੀ ਸਵਿੰਦ ਦੇ ਸਾਹ ਨਾਲ਼ ਸਾਹ ਨਹੀਂ ਸੀ ਰਲ਼ਦੇ। ਸਾਰੇ ਹਜੇ ਘਰ ਹੀ ਸੀ। ਭਾਵੇਂ ਸਵਿੰਦ ਬਿਮਾਰ ਪਤੀ ਦੀ ਸੇਵਾ ਕਰਦੀ ਸੀ, ਪਰ ਮੰਜੇ 'ਤੇ ਪਏ ਪਤੀ ਦਾ ਵੀ ਰੱਬ ਵਰਗਾ ਆਸਰਾ ਸੀ ਅਤੇ ਹੌਂਸਲੇ ਉਡਾਰੀ ਮਾਰਦੇ ਸੀ। ਪਰ ਅੱਜ ਜਿਵੇਂ ਕਿਸੇ ਨੇ ਖੰਭ ਕੱਟ ਕੇ ਅਸਮਾਨੋਂ ਜ਼ਮੀਨ 'ਤੇ ਤੜਫ਼ਣ ਲਈ ਸੁੱਟ ਦਿੱਤਾ ਹੋਵੇ। ਸੱਚ ਹੀ ਤੇ ਹੈ, ਕਿ ਕਦੇ ਕੁਝ ਰੁਕਿਆ ਹੈ ਕਿਸੇ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ? "ਜੀਅ" ਤਾਂ ਜਹਾਨੋਂ ਚਲਿਆ ਗਿਆ, ਪਰ ਕਿੰਨੀਆਂ ਹੀ ਰਸਮਾਂ ਕਰਨੀਆਂ ਪੈਂਦੀਆਂ ਹਨ ਉਸ ਦੀ "ਆਖਰੀ" ਵਿਦਾਈ ਲਈ। ਸਭ ਕੁਝ ਹੌਲੀ-ਹੌਲੀ ਨਿਬੜ ਰਿਹਾ ਸੀ। ਰੋ-ਰੋ ਸੁੱਜੀਆਂ ਅੱਖਾਂ ਨਾਲ ਦੇਖਦੀ ਸਵਿੰਦ ਨਾ ਜਾਣੇ ਕਿਹੜੀਆਂ ਸੋਚਾਂ ਵਿੱਚ ਡੁੱਬੀ ਜਾ ਰਹੀ ਸੀ? ਪਰਿਵਾਰ ਭਾਵੇਂ ਭਰਪੂਰ ਸੀ, ਪਰ ਮੋਹਣ ਸਿੰਘ ਜਿਵੇਂ ਉਸ ਦਾ ਸਾਰਾ ਉਤਸਾਹ ਆਪਣੇ ਨਾਲ ਹੀ ਲੈ ਗਿਆਂ ਸੀ।

ਇੱਕ ਦਿਨ !
"ਬੇਬੇ, ਮੈਂ ਨੌਕਰੀ ਕਰਨਾ ਚਾਹੁੰਨੀ ਹਾਂ, ਕੁਝ ਫ਼ਾਰਮ ਮੈਂ ਭਰੇ ਸੀ ਤੇ ਮੈਨੂੰ ਇੰਟਰਵਿਊ ਲਈ ਬੁਲਾਇਆ ਹੈ!" ਨੂੰਹ ਨੇ ਅਚਾਨਕ ਕੱਛ ਵਿੱਚੋਂ ਮੂੰਗਲ਼ੀ ਚਲਾਈ।
"ਜੇ ਤੂੰ ਫ਼ਾਰਮ ਭਰ ਕੇ ਪੁੱਛ ਰਹੀ ਹੈਂ, ਤੇ ਮਨ ਬਣਾ ਹੀ ਲਿਆ ਹੋਣਾ?" ਸਵਿੰਦ ਕੌਰ ਨੇ ਸੰਖੇਪ ਕਿਹਾ।
"ਹਾਂਜੀ, ਬੱਚਿਆਂ ਦੇ ਖਰਚੇ ਵਧ ਰਹੇ ਹਨ, ਮੈਂ ਚਾਰ ਦਿਵਾਰੀ ਵਿੱਚ ਵੀ ਰਹਿ ਕੇ ਅੱਕ ਗਈ ਹਾਂ। ਜਾਣ ਵਾਲੇ ਤੋਂ ਬਾਅਦ ਵੀ ਤੇ ਆਪਣੇ ਲਈ ਜਿਉਣਾਂ ਪੈਂਦਾ ਹੈ।"
"ਕਰੋ ਜੋ ਚੰਗਾ ਲੱਗਦਾ ਹੈ, ਪੁੱਤ!" ਆਪਣੀ ਬੇਬਸੀ ਨੂੰ ਸਵਿੰਦ ਜਾਣਦੀ ਸੀ।

ਅੱਜ ਤਿੰਨ ਦਿਨ ਤੋਂ ਸਿਰ ਵਾਹੁੰਣ ਦੀ ਵੇਹਲ ਨਹੀ ਮਿਲੀ ਸਵਿੰਦ ਕੌਰ ਨੂੰ। ਸ਼ਾਨੋ ਆਪਣੇ ਤਿੰਨੇ ਨਿਆਣੇ ਸੱਸ ਦੇ ਹਵਾਲੇ ਕਰ, ਨੌਕਰੀ ਨੂੰ ਖਿਸਕ ਜਾਂਦੀ ਸੀ। ਆਪਦੇ ਬੱਚੇ ਪਾਲ-ਪੋਸ ਕੇ ਸਿਰੇ ਲਾਏ ਤੇ ਹੁਣ ਨਵੇਂ ਸਿਰੇ ਤੋਂ ਫੇਰ ਜ਼ਿੰਮੇਵਾਰੀਆਂ ਵਿੱਚ ਪੈ ਗਈ ਸੀ। ਕਿਸੇ ਨੂੰ ਸਕੂਲ ਲਈ ਤਿਆਰ ਕਰਨਾ, ਕਿਸੇ ਲਈ ਖਾਣ ਲਈ ਬਨਾਉਣਾ, ਨਹਾਉਣਾ, ਸੁਆਉਣਾ ਸੌ ਕੰਮ ਚੁੱਪ-ਚਾਪ ਕਰਦੀ ਰਹਿੰਦੀ। ਆਖਦੀ ਵੀ ਤੇ ਕਿਸ ਨੂੰ….?? ਕਿਸ ਨੂੰ ਉਲਾਂਭਾ ਦਿੰਦੀ…?? ਮੋਏ ਪੁੱਤ ਦੇ ਜੁਆਕ ਸਨ। ਇਹਨਾਂ ਵਿੱਚੋਂ ਹੀ ਉਹ ਆਪਣੇ ਦੁਨੀਆਂ ਤੋਂ ਗਏ ਪੁੱਤ ਦੇ ਪਿਆਰ ਦੇ ਨਿੱਘ ਨੂੰ ਮਾਣ ਲੈਂਦੀ। ਜੀਵਨ ਦੇ ਬੱਚਿਆਂ ਦੀ ਸਾਰ ਸੰਭਾਲ ਹੁੰਦੀ ਵੇਖ ਹੁਣ ਦੂਜੀਆਂ ਨੂੰਹਾਂ ਵੀ ਆਪਣੇ ਨਿਆਣੇ ਦਾਦੀ ਕੋਲ ਟੋਰ ਦਿੰਦੀਆਂ।

"ਮੈਂ ਜ਼ਰਾ ਲੱਕ ਸਿੱਧਾ ਕਰ ਲਵਾਂ, ਬਾਹਰ ਧੁੱਪ ਬਹੁਤ ਹੈ ਬੇਬੇ, ਆਪਣੇ ਕੋਲ ਹੀ ਖਿਡਾ-ਲੋ!"
"ਸਕੂਲ ਦੀ ਛੁੱਟੀ ਹੋ ਗਈ ਹੈ, ਬੇਬੇ ਜ਼ਰਾ ਨਿਆਣਿਆਂ ਨੂੰ ਲੈ ਆਓ!"
"ਰੋਟੀ ਨੂੰ ਦੇਰ ਹੋ ਰਿਹਾ ਹੈ, ਬੇਬੇ ਇਹਨਾਂ ਨੂੰ ਸਾਂਭੋ ਥੋੜੀ ਦੇਰ!"

"ਅਸੀ ਦੋਵੇਂ ਬਾਹਰ ਜਾ ਰਹੇ ਹਾਂ ਬੇਬੇ, ਨਿਆਣੇ ਤੁਹਾਡੇ ਕੋਲ ਹਨ, ਟੈਮ ਸਿਰ ਕੁਝ ਖਾਣ ਨੂੰ ਦੇ ਦਿਓ ਜੇ!" ….ਤੇ ਸੁਣਦੀ-ਸੁਣਦੀ ਬੇਬੇ ਊਰੀ ਵਾਂਗ ਘੁੰਮਦੀ ਰਹਿੰਦੀ। ਨੂੰਹਾਂ ਉਸ ਨੂੰ ਗੇਵੇ ਪਾਈ ਰੱਖਦੀਆਂ। ਕਦੇ ਬਜ਼ਾਰ, ਕਦੇ ਆਹ, ਤੇ ਕਦੇ ਉਹ! ਨੂੰਹਾਂ ਨੇ ਜਿਵੇਂ ਰੀਸ ਬੰਨ੍ਹੀ ਸੀ ਕਿ ਕਿਹੜੀ ਆਪਦੇ ਨਿਆਣੇ ਜ਼ਿਆਦਾ ਦਾਦੀ ਕੋਲ ਰੱਖੇਗੀ?
"ਮੇਰੇ ਸਰੀਰ 'ਚ ਹੁਣ ਓਹ ਅਣਸ ਨਹੀਂ ਹੈ, ਆਪਦੇ ਨਿਆਣੇ ਆਪ ਸਾਂਭੋ ਭਾਈ!" ਆਪਣੇ ਬੁੱਢੇ ਹੁੰਦੇ ਸ਼ਰੀਰ 'ਤੇ ਤਰਸ ਜਿਹਾ ਖਾ ਕੇ ਅੱਜ ਸਵਿੰਦ ਨੇ ਹੌਂਸਲਾ ਕਰ ਬੋਲ ਹੀ ਦਿੱਤਾ।
"ਸ਼ਾਨੋ ਦੇ ਨਿਆਣੇ ਤਾਂ ਬੜੀ ਰੀਝ ਨਾਲ ਕਲੇਜੇ ਨਾਲ ਲਾਈ ਰੱਖਦੀ ਹੈ, ਸਾਡੇ ਤੇ ਕੁਝ ਲੱਗਦੇ ਹੀ ਨਹੀਂ ਐ ਜਿਵੇਂ!" ਵੱਡੀ ਨੂੰਹ ਭਰੀ-ਪੀਤੀ ਹੀ ਬੈਠੀ ਸੀ। ਵਿਚਲੀ ਨੂੰਹ ਨੇ ਵੀ ਆ ਹਾਜ਼ਰੀ ਲਾਈ, "ਆਹੋ, ਹੁਣ ਤੇਰੇ ਕੋਲ ਹੈ ਵੀ ਕੀ ਸਾਨੂੰ ਦੇਣ ਨੂੰ, ਇੱਕ ਨਿਆਣੇ ਹੀ ਤੇ ਸਾਂਭਣੇ ਹੁੰਦੇ ਨੇ!"

ਕੁਝ ਨਹੀਂ ਸੁੱਝਿਆ ਜਵਾਬ ਦੇਣ ਨੂੰ! ਬੱਸ ਚੇਤੇ ਆ ਗਿਆ ਆਪਣੇ ਸੋਹਣੇ ਸਰਦਾਰ ਦਾ ਚਿਹਰਾ! ਮੁਸਕੁਰਾ ਕੇ ਬੋਲਿਆ ਸੀ, "ਨਾ ਦੇਹ ਆਪਣੇ ਗਹਿਣੇ ਕਿਸੇ ਨੂੰਹ ਨੂੰ, ਉਹਨਾਂ ਦੇ ਕੋਲ ਆਪਦੇ ਹੈਗੇ ਨੇ…। ਸ਼ਾਇਦ ਨੂੰਹਾਂ ਕੋਲ ਕੀਮਤ ਪਾਉਣ ਲਈ ਸੱਸ ਕੋਲ ਕੁਝ ਹੋਣਾ ਹੀ ਚਾਹੀਦਾ ਹੈ…!"

ਪਰ ਚੱਲ ਕੋਈ ਨਾ, ਰੋਟੀ ਤੇ ਮਿਲੀ ਹੀ ਜਾਂਦੀ ਹੈ…। ਸੋਚ ਕੇ ਉਸ ਨੇ ਆਪਣੇ ਆਪ ਨੂੰ ਤਸੱਲੀ ਜਿਹੀ ਦੇ ਲਈ ਸੀ। ਆਪਦੀ ਸ਼ਕਤੀ ਤੋਂ ਜ਼ਿਆਦਾ ਕੰਮ ਕਰਕੇ ਨੂੰਹਾਂ ਨੂੰ ਖੁਸ਼ ਕਰਨ ਦੀ ਹਰ ਜੋਰ ਕੋਸ਼ਿਸ਼ ਕਰਦੀ ਕਿ ਮੇਰੇ ਦੁਨੀਆਂ ਤੋਂ ਜਾਣ 'ਤੇ ਅਫ਼ਸੋਸ ਕਰਨਗੀਆਂ ਕਿ ਬੇਬੇ ਆਹ ਕਰਦੀ ਸੀ, ਬੇਬੇ ਓਹ ਕਰਦੀ ਸੀ। ਇੱਕ ਮਿੱਠੀ ਜਿਹੀ ਮੁਸਕੁਰਾਹਟ ਛਾ ਗਈ ਅਣਵੇਖੇ ਜਿਹੇ ਭਵਿੱਖ ਨੂੰ ਸੋਚ ਕੇ, ਕਿ ਮਰਨ ਤੋਂ ਬਾਦ ਮੇਰੀ ਫੋਟੋ 'ਤੇ ਹਾਰ ਪਾ ਕੇ ਅਫ਼ਸੋਸ ਜ਼ਰੂਰ ਕਰਿਆ ਕਰਨਗੇ, ਕਿ ਮਾਂ ਸਾਡੇ ਕਿੰਨੇ ਕੰਮ ਸਵਾਰ ਦਿੰਦੀ ਸੀ। ਬੱਚੇ ਜੰਮੇ, ਪਾਲ਼ੇ, ਵਿਆਹੇ, ਫੇਰ ਸਾਰਾ ਕੁਝ ਵੀ ਦੇ ਦਿੱਤਾ, ਹਾਲੇ ਵੀ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਕੇ ਆਪਣਾ ਮੁੱਲ ਪਵਾਉਣ ਦੀ ਲੋੜ ਸੀ…
?
ਇਸ ਸਵਾਲ ਦਾ ਜਵਾਬ ਮਿਲ ਗਿਆ ਸੀ ਸਵਿੰਦ ਨੂੰ! ਅੱਖਾਂ ਬੰਦ ਸੀ। ਪਰ ਹੰਝੂਆਂ ਨਾਲ ਭਰੀਆਂ ਸੀ। ਬੰਦ ਅੱਖਾਂ ਵਿੱਚੋਂ ਵੀ ਔਲਾਦ ਵਿੱਚ ਫੈਲੀ ਨਿਰਾਸ਼ਾ ਨੂੰ ਸਾਫ਼ ਦੇਖ ਪਾ ਰਹੀ ਸੀ। ਅੱਖਾਂ ਖੋਲ੍ਹਣ ਦੀ ਹਿੰਮਤ ਨਹੀ ਜੁਟਾ ਪਾਈ ਕਿ ਆਪਣੇ ਜਿਉਂਦੇ ਹੋਣ ਦੀ ਖੁਸ਼ੀ ਕਿਸ ਨੂੰ ਜ਼ਾਹਿਰ ਕਰੇ….??? ਬੱਸ …!! ਉਸ ਦੇ ਜਿਉਂਦੇ ਹੋਣ ਦੇ ਅਫ਼ਸੋਸ ਵਿੱਚ ਇੱਕ ਹੰਝੂ ਅੱਖ ਦੇ ਕੋਨੇ ਤੋਂ ਖ਼ਾਮੋਸ਼ ਜਿਹਾ ਬਾਹਰ ਨਿਕਲ ਕੇ ਝੁਰੜੀਆਂ ਵਿੱਚ ਨੂੰ ਵਗ ਤੁਰਿਆ।






***************************************************************

ਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ     
 (05/07/2019)

ajit satnam
ਅੱਜ ਭਾਗ ਕੌਰ ਵੀ ਚਲੀ ਗਈ, ਸਾਰੀ ਉਮਰ ਆਪਣੇ ਭਾਗ ਨਾਲ ਲੜਦੀ! ਆਪਣੇ ਨਾਮ ਨੂੰ ਯਥਾਰਥ ਕਰਦੀ…!!
pippal
"ਨਹੀਂ… ਮੇਰੀ ਮਾਂ ਦੇ ਕੰਨਾਂ 'ਚੋਂ ਉਸ ਦੇ ਪਿੱਪਲ ਪੱਤੀ ਝੁਮਕੇ ਨਾ ਲਾਹਵੋ…|" ਬਹੁਤ ਹੀ ਦੁਖੀ ਮਨ ਨਾਲ ਰੌਸ਼ੀ ਨੇ ਇੱਕ ਅਧੇੜ ਉਮਰ ਦੀ ਔਰਤ ਨੂੰ ਆਪਣੀ ਮਰੀ ਮਾਂ ਭਾਗ ਕੌਰ ਦੇ ਕੰਨਾਂ ਤੋਂ ਸੋਨੇ ਦੇ ਝੁਮਕੇ ਲਾਹੁੰਣੋਂ ਰੋਕਿਆ।

"ਪਰ ਗਹਿਣੇਂ ਮੋਏ ਹੋਏ ਲੋਕਾਂ ਦੇ ਸਰੀਰ ਤੋਂ ਲਾਹ ਕੇ ਮੁਰਦੇ ਨੁੰ 'ਸ਼ਨਾਨ ਕਰਵਾ ਕੇ ਹੀ ਕੋਰੇ ਕੱਪੜੇ ਪਾਏ ਜਾਂਦੇ ਹਨ… ਆਹੀ ਰੀਤ ਹੈ।" ਉਸ ਬੀਬੀ ਨੇ ਆਪਣੀ ਸਿਆਣਪ ਵਿਖਾਈ।

"ਪਤਾ ਹੈ ਮੈਨੂੰ ਵੀ! ਪਰ ਜਿਉਂਦੇ ਜੀਅ ਮੇਰੀ ਵਿਚਾਰੀ ਮਾਂ ਦੀ ਨਾ ਕੋਈ ਰੀਤ ਪੂਰੀ ਹੋਈ ਤੇ ਨਾ ਕੋਈ ਰੀਝ…! ਅੱਜ ਤੋਂ ਬਾਅਦ ਆਹ ਮਿੱਟੀ ਵੀ ਨਹੀ ਰਹਿਣੀ…।" ਆਖਦਾ ਹੋਇਆ ਰੌਸ਼ੀ ਉਚੀ-ਉਚੀ ਭੁੱਬਾਂ ਮਾਰ ਰੋਣ ਲੱਗ ਪਿਆ।

"…ਮਾਂ ਸਾਨੂੰ ਮਾਫ਼ ਕਰ ਦਵੀਂ, ਅਸੀਂ ਬਹੁਤ ਦੁੱਖ ਦਿੱਤਾ ਤੈਨੂੰ… ਮੇਰੀਏ ਮਾਏ ਤੇਰੇ ਤੋਂ ਸਿਵਾ ਕੋਈ ਹੋਰ ਇਸ ਦੁਨੀਆਂ ਵਿੱਚ ਨਹੀ, ਜੋ ਮੇਰੇ ਵਰਗੇ ਨਲਾਇਕ ਬੇਟੇ ਨੂੰ ਹਿੱਕ ਨਾਲ ਲਾਉਗਾ।" ਭਾਗ ਕੌਰ ਦਾ ਵੱਡਾ ਪੁੱਤ ਸੁੱਚਾ ਵੀ ਧਾਹਾਂ ਮਾਰਦਾ ਆਪਣੀ ਮੋਈ ਮਾਂ ਦੇ ਚਰਨਾਂ ਨੂੰ ਫ਼ੜ ਕੇ ਬੈਠ ਗਿਆ।

ਦੋਵੇ ਭਰਾ ਹਾਰੇ ਹੋਏ ਜੁਆਰੀਏ ਵਾਂਗ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਸਨ। ਪਰ ਅੱਜ ਦੋਵੇਂ ਭਰਾ ਆਪਣੀ ਸਾਰੀ ਉਮਰ ਭਾਗ ਕੌਰ ਨਾਲ ਕੀਤੀਆ ਜ਼ਿਆਦਤੀਆਂ 'ਤੇ ਸ਼ਰਮਿੰਦਾ ਸਨ, ਇਸ ਲਈ ਦੁਨੀਆਂ ਤੋਂ ਵਿਦਾਅ ਹੁੰਦੀ ਮਾਂ ਨੂੰ ਉਸ ਦੀਆਂ ਪਿਆਰੀਆਂ ਪਿੱਪਲ ਪੱਤੀ ਝੁਮਕਿਆਂ ਨਾਲ ਹੀ ਵਿਦਾਅ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਰਹੇ ਸਨ। ਅੱਜ ਰੌਸ਼ੀ ਅਤੇ ਸੁੱਚੇ ਦੇ ਵਿਰਲਾਪ ਵਿੱਚ ਘਰ ਦੀਆਂ ਕੰਧਾਂ ਵੀ ਸਾਥ ਦੇ ਰਹੀਆਂ ਪ੍ਰਤੀਤ ਹੋ ਰਹੀਆਂ ਸਨ, ਕਿਉਂਕਿ ਬੱਸ ਇੱਕ ਆਹ ਘਰ ਹੀ ਸੀ, ਜਿੱਥੇ ਭਾਗ ਕੌਰ ਅਣਥੱਕ ਮਿਹਨਤ ਕਰ ਕੇ ਸਾਰੀ ਉਮਰ ਪਰਿਵਾਰ ਨੂੰ ਬੰਨ੍ਹੀ ਬੈਠੀ ਰਹੀ।

"ਬਾਕੀ ਰਸਮਾਂ ਵਾਸਤੇ ਦੇਰ ਹੋ ਰਹੀ ਹੈ, ਤੁਸੀ ਦੋਵੇਂ ਭਰਾ ਪਾਸੇ ਹਟੋ ਤੇ ਬੀਬੀਆਂ ਨੂੰ ਆਪਣਾ ਕੰਮ ਕਰ ਲੈਣ ਦਵੋ!" ਇੱਕ ਸਿਆਣੇ ਬਜ਼ੁਰਗ ਨੇ ਆ ਕੇ ਸਮਾਜਿਕ ਰਸਮਾਂ ਨੂੰ ਸੰਪੂਰਨ ਕਰਨ ਲਈ ਸਲਾਹ ਦਿੱਤੀ।

ਕੁਝ ਔਰਤਾਂ ਭਾਗ ਕੌਰ ਨੂੰ ਗੁਸਲਖਾਨੇ ਵਿੱਚ ਲਿਜਾ ਕੇ ਅੰਤਿਮ ਇਸ਼ਨਾਨ ਕਰਵਾਉਣ ਲੱਗ ਪਈਆਂ। ਕੁਝ ਦੇਰ ਬਾਅਦ ਭਾਗ ਕੌਰ ਨੂੰ ਨਵਾਂ ਸੂਟ ਪਾ ਕੇ ਅਤੇ ਸਿਰ 'ਤੇ ਦੁਪੱਟਾ ਦੇ ਕੇ ਵਿਹੜੇ ਵਿੱਚ ਅਖੀਰੀ ਦਰਸ਼ਨਾਂ ਹਿਤ ਲਿਟਾ ਦਿੱਤਾ। ਮੁਹੱਲੇ ਦੇ ਸਾਰੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਜਤਾ ਰਹੀਆ ਸਨ ਕਿ ਆਹ ਸਾਰਾ ਪਿਆਰ ਭਾਗ ਕੌਰ ਨੇ ਖੁਦ ਆਪਣੇ ਨੇਕ ਅਤੇ ਮਿੱਠੇ ਸੁਭਾਅ ਕਰ ਕੇ ਖੱਟਿਆ ਹੈ, ਨਹੀਂ ਤਾਂ ਇਸ ਘਰ ਵਿੱਚ ਰਹਿਣ ਵਾਲਿਆਂ ਨੂੰ ਮੁਹੱਲੇ ਵਾਲਾ ਕੋਈ ਬੁਲਾ ਕੇ ਰਾਜ਼ੀ ਨਹੀਂ ਸੀ।

ਆਪਣੀ ਜ਼ਿੰਮੇਵਾਰੀ ਤੋਂ ਇਨਸਾਨ ਕਿੰਨ੍ਹਾਂ ਵੀ ਕਿਉਂ ਨਾ ਭੱਜ ਲਵੇ, ਪਰ ਆਪਣੇ ਨਫ਼ੇ ਨੁਕਸਾਨ ਦਾ ਅਹਿਸਾਸ ਸਭ ਨੂੰ ਭਲੀ-ਭਾਂਤ ਹੁੰਦਾ ਹੈ। ਸ਼ਾਇਦ ਇਸ ਕਰ ਕੇ ਹੀ ਰੌਸ਼ੀ ਅਤੇ ਉਸ ਦਾ ਭਰਾ ਸੁੱਚਾ ਆਪਣੀ ਮੋਈ ਮਾਂ ਲਈ ਰੋ-ਰੋ ਆਪੇ ਤੋਂ ਬਾਹਰ ਹੋ ਰਹੇ ਸਨ। ਸੁੱਚਾ ਮਾਂ ਦੇ ਪੈਰਾਂ ਨੂੰ ਆਪਣੇ ਹੰਝੂਆਂ ਨਾਲ ਧੋਂਦਾ ਹੋਇਆ ਹੌਲੀ-ਹੌਲੀ ਪੈਰਾਂ ਨੂੰ ਪਲੋਸ ਰਿਹਾ ਸੀ, ਜਿੰਨ੍ਹਾਂ ਚਰਨਾਂ ਦੀ ਜਿਉਂਦੇ ਜੀਅ ਉਸ ਨੇ ਕੋਈ ਕਦਰ ਨਹੀਂ ਸੀ ਜਾਣੀਂ। ਛੋਟਾ ਪੁੱਤਰ ਰੌਸ਼ੀ ਮਾਂ ਦੇ ਸਿਰ ਨੂੰ ਗੋਦ ਵਿੱਚ ਰੱਖੀ ਮੁਆਫ਼ੀ ਮੰਗਦਾ ਮਾਂ ਦੇ ਕੁਮਲਾਏ ਚਿਹਰੇ 'ਤੇ ਹੱਥ ਫੇਰ ਰਿਹਾ ਸੀ ਕਿ ਅਚਾਨਕ ਮਾਂ ਦੇ ਵਾਲਾਂ ਨੂੰ ਸਹਿਲਾਉਂਦੇ ਹੋਏ ਮਾਂ ਦੇ ਕੰਨਾਂ 'ਤੇ ਹੱਥ ਲੱਗਿਆ ਤੇ ਇੱਕ ਦਮ ਓਹ ਦਿਨ ਯਾਦ ਆ ਗਿਆ, ਜਦ ਮਾਂ ਨੂੰ ਸਾਰੀ ਉਮਰ ਦੀ ਅਣਥੱਕ ਸੇਵਾ ਅਤੇ ਤ੍ਰਿਸਕਾਰ ਦੇ ਬਦਲੇ ਆਹ ਪਿੱਪਲ ਪੱਤੀ ਝੁਮਕੀਆਂ ਨਸੇੜੀ ਪਿਓ ਵੱਲੋਂ ਮਿਲੀਆਂ ਸਨ। ਓਹ ਵੀ ਜਦ ਬਾਪੂ ਦੀ ਜਿੰਦਗੀ ਦੇ ਆਖਰੀ ਦਿਨ ਚੱਲ ਰਹੇ ਸੀ…..
….."ਜਾ ਵੇਖ ਤੇਰੀ ਮਾਂ ਦੇ ਕੰਨਾਂ ਨੂੰ, ਕਿਵੇਂ ਲਿਸ਼ਕਾਂ ਮਾਰਦੇ ਪਏ ਨੇ….।" ਬਾਪੂ ਕਰਮ ਸਿੰਘ ਨੇ ਮੰਜੇ 'ਤੇ ਪਏ-ਪਏ ਘਰ ਵੜਦੇ ਪੁੱਤ ਰੋਸ਼ੀ ਨੂੰ ਕਿਹਾ।

"ਲੈ ਵੇਖ, ਮੇਰੇ ਕੰਨ ਕਿੰਨੇ ਸੋਹਣੇ ਲੱਗਦੇ ਨੇ?" ਮਾਂ ਖੁਸ਼ੀ ਵਿੱਚ ਚੌੜੀ ਹੋਈ ਚੌਂਕੇ ਵਿੱਚੋਂ ਬਾਹਰ ਆ ਗਈ।

"ਵਾਹ ਮਾਂ! ਤੇਰੀ ਚੜ੍ਹਾਈ ਹੈ!!" ਮਾਂ ਨੂੰ ਇੰਨਾਂ ਚਹਿਕਦਾ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਪਰ ਨਾਲ ਹੀ ਮਨ ਬੇਈਮਾਨ ਹੋ ਗਿਆ ਸੀ ਕਿ ਜੋ ਪੱਨੂੰ ਦੇ ਉਧਾਰੇ ਪੇਸੈ ਦੇਣੇ ਨੇ, ਜੇ ਮਾਂ ਆਪਣੇ ਆਹ ਪਿੱਪਲ ਪੱਤੀ ਵਾਲੇ ਝੁਮਕੇ ਮੈਨੂੰ ਦੇ ਦੇਵੇ, ਤੇ ਮੇਰਾ ਘੱਟੋ-ਘੱਟ ਇੱਕ ਬੰਦੇ ਦਾ ਫ਼ਾਹਾ ਤੇ ਵੱਢਿਆ ਜਾਊਗਾ? ਮਾਂ ਦੇ ਝੁਮਕਿਆਂ ਨੂੰ ਦੇਖਦੇ ਹੀ ਰੌਸ਼ੀ ਦਾ ਦਿਲ ਬੇਈਮਾਨ ਹੋ ਗਿਆ। ਕਿਉਂਕਿ ਸਾਰੀ ਉਮਰ ਉਹਨਾਂ ਨੇ ਮਾਂ ਦੀ ਨਾ ਕਦੇ ਕਦਰ ਪਾਈ ਅਤੇ ਨਾ ਹੀ ਉਸ 'ਤੇ ਕਦੇ ਤਰਸ ਕੀਤਾ। ਹਮੇਸ਼ਾ ਬਾਪੂ ਨੂੰ ਮਾਂ 'ਤੇ ਤਸ਼ਦੱਦ ਕਰਦੇ ਹੀ ਵੇਖਿਆ ਸੀ। ਨਾ ਬਾਪੂ ਨੇ ਕਦੇ ਮਾਂ ਦੀ ਸੁਣੀ ਤੇ ਨਾ ਕਦੇ ਪੁੱਤਾਂ ਨੇ ਕੋਈ ਗੌਰ ਕੀਤੀ।

ਥੋੜੀ ਦੇਰ ਬਾਅਦ ਵੱਡਾ ਪੁੱਤ ਸੁੱਚਾ ਵੀ ਆ ਗਿਆ। ਮਾਂ ਨੂੰ ਝੁਮਕਿਆਂ ਦੀਆਂ ਗੱਲਾਂ ਕਰਦੇ ਵੇਖ ਬੋਲ ਪਿਆ, "ਕਿੰਨੀ ਕੁ 'ਭੁੱਕੀ' ਆ ਜਾਊ ਇਹਨਾਂ ਸੋਨੇ ਦੀ ਝੁਮਕਿਆਂ ਵੱਟੇ?" ਬਿਨਾ ਕੁਝ ਸੋਚੇ ਸਮਝੇ ਟਿੱਚਰ ਕਰਦਾ ਬੋਲ ਪਿਆ।

"ਜਾਹ… ਜਾਹ ਵੇ! ਸੁਪਨੇ ਵਿੱਚ ਵੀ ਨਾ ਸੋਚੀਂ, ਤੇਰੀ ਛਾਂ ਵੀ ਨਹੀਂ ਪੈਣ ਦੇਣੀ ਮੈਂ ਆਪਦੇ ਝੁਮਕਿਆਂ 'ਤੇ….। ਮਸਾਂ ਸਾਰੀ ਉਮਰ 'ਚ ਇੱਕ ਵਾਰ ਤੇਰੇ ਪਿਉ ਨੇ ਮੈਨੂੰ ਕੋਈ ਟੂੰਮ ਬਣਾ ਕੇ ਦਿੱਤੀ ਹੈ, ਇਹ ਤਾਂ ਹੁਣ ਮੇਰੇ ਨਾਲ ਮੱਚੂ ਸਿਵੇ 'ਚ!" ਆਖਦੇ ਹੋਏ ਭਾਗ ਕੌਰ ਨੇ ਮੋਹ ਨਾਲ ਆਪਣੇ ਦੋਵੇਂ ਹੱਥ ਆਪਣੇ ਕੰਨਾਂ 'ਤੇ ਰੱਖ ਲਏ।

ਕਰਮ ਸਿੰਘ ਦੀ ਪਤਨੀ ਭਾਗ ਕੌਰ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕੋਈ ਸੁਖ ਨਹੀ ਸੀ ਵੇਖਿਆ। ਪਤੀ ਨਸ਼ੇੜੀ ਅਤੇ ਜੁਆਰੀ ਸੀ। ਪਤੀ ਦੀ ਕੁਸੰਗਤ ਦਾ ਅਸਰ ਦੋਵੇਂ ਪੁੱਤਰਾਂ 'ਤੇ ਵੀ ਹੋਣਾ ਸ਼ੁਰੂ ਹੋ ਗਿਆ ਸੀ। ਉਹ ਵੀ ਸਿੱਧੇ ਅਸਿੱਧੇ ਪਿਉ ਵਾਲੇ ਕਾਰਨਾਵਿਆਂ ਦੀ ਲੀਹ ਉਪਰ ਤੁਰ ਪਏ ਸਨ।

"ਅੱਜ ਖਾਣ ਨੂੰ ਘਰ ਕੁਛ ਨਹੀ ਸੀ, ਤੁਸੀ ਕੁਝ ਇੰਤਜਾਮ ਕਰ ਕੇ ਲਿਆਓ…।" ਭਾਗ ਕੌਰ ਦੀ ਗੱਲ ਹਜੇ ਪੂਰੀ ਵੀ ਨਹੀਂ ਹੋਈ ਸੀ ਕਿ ਕਰਮ ਸਿੰਘ ਨੇ ਬਾਲਟੀ ਨੂੰ ਜੋਰ ਦੀ ਠੁੱਡ ਮਾਰ ਕੇ ਦੂਰ ਵਗਾਹ ਮਾਰਿਆ ਤੇ ਭਖੀਆਂ ਹੋਈਆਂ ਅੱਖਾਂ ਕੱਢ ਕੇ ਦਹਾੜਿਆ, "…..ਓਹ ਦੋਵੇ ਮੇਰੀ ਛਾਤੀ 'ਤੇ ਸੱਪ ਬਣੇ ਬੈਠੇ ਨੇ …. ਆਖ ਓਹਨਾਂ …. ਕਮੀਨਿਆਂ ਨੂੰ….?" ਇਸ ਦੇ ਨਾਲ ਹੀ ਕਈ ਗਾਲ੍ਹਾਂ ਕੱਢ ਕੇ ਬਾਹਰ ਨੂੰ ਟੁਰ ਪਿਆ। ਜਿਵੇਂ ਘਰ ਨਾਲ ਕਰਮ ਸਿੰਘ ਦਾ ਕੋਈ ਵਾਸਤਾ ਹੀ ਨਾ ਹੋਵੇ।

ਘਰ ਦੇ ਕਲੇਸ਼ਾਂ ਅਤੇ ਗਰੀਬੀ ਕਰ ਕੇ ਭਾਗ ਕੌਰ ਦਾ ਸਰੀਰ ਟਾਂਡੇ ਵਾਂਗ ਸੁੱਕ ਗਿਆ ਸੀ। ਪਰ ਨਿਕੰਮੇਂ ਜਵਾਨ ਪੁੱਤਾਂ ਨੂੰ ਭੁੱਖੇ ਸੁਆਉਣ ਲਈ ਮਾਂ ਦੀ ਮਮਤਾ ਹਾਮ੍ਹੀਂ ਨਹੀਂ ਸੀ ਭਰਦੀ। ਇਸ ਲਈ ਨਾਲ ਦੇ ਖੇਤਾਂ ਵਿੱਚ ਭਾਗ ਕੌਰ ਦਿਹਾੜੀ 'ਤੇ ਆਲੂ ਚੁਗਣ ਚਲੀ ਗਈ।

ਸ਼ਾਮ ਦਾ ਹਨ੍ਹੇਰਾ ਚੜ੍ਹਿਆ ਆ ਰਿਹਾ ਸੀ। ਘਰ ਪਹੁੰਚ ਕੇ ਚੁੱਲ੍ਹੇ-ਚੌਂਕੇ ਦਾ ਵੀ ਫ਼ਿਕਰ ਸੀ। ਇਸ ਲਈ ਭਾਗ ਕੌਰ ਤੇਜ਼ ਕਦਮਾਂ ਨਾਲ ਘਰ ਵੱਲ ਟੁਰ ਰਹੀ ਸੀ। ਝੋਲੇ ਵਿੱਚ ਆਲੂ ਪਾਈ ਮੋਢੇ 'ਤੇ ਰੱਖ ਟੁਰਦੀ ਸੋਚ ਰਹੀ ਸੀ ਕਿ ਇਕ  ਦਿਨ ਉਸ ਦੇ ਬੇਟੇ ਜਰੂਰ ਉਸ ਦੀ ਕਦਰ ਕਰਨਗੇ ਅਤੇ ਸਹਿਯੋਗੀ ਬਣਨਗੇ।

"ਆਹ!!! ….ਹਾਏ ਰੱਬਾ …. !" ਬੋਲਦੀ ਅਤੇ ਤੁਰਦੀ ਘੜੀ ਮੁੜੀ ਆਪਣੇ ਮੋਢੇ ਦਾ ਭਾਰ ਬਦਲ ਰਹੀ ਸੀ। ਘਰ ਦੀ ਸਰਦਲ ਪਾਰ ਕਰ ਸੁਖ ਦਾ ਸਾਹ ਲਿਆ। ਆਲੂ ਚੌਂਕੇ ਕੋਲ ਰੱਖ, ਨਲਕਾ ਗੇੜ ਪਾਣੀ ਪੀਤਾ। ਭਾਗ ਕੌਰ ਦਾ ਵੱਡਾ ਪੁੱਤ ਸੁੱਚਾ ਜਿਵੇਂ ਮਾਂ ਦਾ ਹੀ ਇੰਤਜ਼ਾਰ ਕਰ ਰਿਹਾ ਸੀ। ਭਾਗ ਕੌਰ ਦੀ ਮਲਮਲ ਦੀ ਪੁਰਾਣੀ ਅਤੇ ਮਿੱਟੀ ਨਾਲ ਲਿਬੜੀ ਚੁੰਨੀ ਦੀ ਕੰਨੀ ਨਾਲ ਅੱਜ ਦੀ ਮਿਲੀ ਦਿਹਾੜੀ ਦੇ ਪੈਸਿਆਂ ਨੂੰ ਲਲਚਾਈਆਂ ਨਜ਼ਰਾਂ ਨਾਲ਼ ਬੜੀ ਨੀਝ ਲਾ ਕੇ ਵੇਖ ਰਿਹਾ ਸੀ।

"ਮਾਂ, ਲਿਆ ਦੇਹ ਅੱਜ ਕੀ ਕਮਾ ਕੇ ਲਿਆਈ ਹੈਂ, ਕੱਲ੍ਹ ਤੈਨੂੰ ਮੋੜ ਦਿਊਂਗਾ?" ਸੁੱਚੇ ਦੀ ਅਵਾਜ਼ ਤੋਂ ਹੀ ਜਾਪਦਾ ਸੀ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ।

"ਵੇ…. ਸੁਣ ਲੈ! ਇਹਨਾਂ ਨੂੰ ਹੱਥ ਨਾ ਲਾਵੀਂ, ਮੈਂ ਮਸੀਂ ਦਿਹਾੜੀ ਲਾਈ ਹੈ, ਹਫ਼ਤਾ ਘਰ ਚੱਲੂ ਇਸ ਨਾਲ਼…।" ਭਾਗ ਕੌਰ ਨਾਲ ਇਹ ਪਹਿਲੀ ਵਾਰ ਨਹੀ ਸੀ ਹੋ ਰਿਹਾ। ਇਸ ਲਈ ਉਸ ਨੇ ਚੁੰਨੀ ਦੀ ਗੰਢ ਨੂੰ ਆਪਣੇ ਕਮਜੋਰ ਹੱਥਾਂ ਨਾਲ ਘੁੱਟ ਕੇ ਫ਼ੜ ਲਿਆ। ਪਰ ਜਵਾਨੀ ਦੇ ਅੱਗੇ ਵਿਚਾਰੀ ਦੇ ਹੱਥਾਂ ਦਾ ਕੀ ਜੋਰ? ਸੁੱਚੇ ਨੇ ਮਾਂ ਦਾ ਕੋਈ ਲਿਹਾਜ ਨਾ ਕੀਤਾ, ਅਤੇ ਛਾਲ ਮਾਰ ਕੇ ਮਾਂ ਨੂੰ ਪੈ ਗਿਆ। ਭਾਗ ਕੌਰ ਆਪਣੀ ਲੀਰੋ-ਲੀਰ ਹੋਈ ਚੁੰਨੀ ਨੂੰ ਖਿੱਚਦੀ ਰਹਿ ਗਈ। ਪਰ ਪੁੱਤ ਸੁੱਚਾ ਪੈਸੇ ਖੋਹਣ ਵਿੱਚ ਕਾਮਯਾਬ ਹੋ ਗਿਆ। ਭਾਗ ਕੌਰ ਕੱਚੇ ਫ਼ਰਸ਼ 'ਤੇ ਪਈ ਕੁਰਲਾਉਂਦੀ ਰਹਿ ਗਈ। ਫੇਰ ਉਸ ਨੂੰ ਚੇਤਾ ਆਇਆ ਕਿ ਪ੍ਰੀਵਾਰ ਨੇ ਆ ਕੇ ਰੋਟੀ ਟੁੱਕਰ ਵੀ ਖਾਣਾਂ ਹੈ। ਅੱਖਾਂ ਪੂੰਝ ਟੁੱਟੇ ਹੋਏ ਹੱਡਾਂ ਨੂੰ ਇਕੱਠਾ ਕਰ ਚੁੱਲ੍ਹੇ ਦੁਆਲੇ ਹੋ ਗਈ। ਰਾਤ ਘਿਰਦੇ ਹੀ ਇੱਕ ਇੱਕ ਕਰ ਕੇ ਸਾਰੇ ਮੁੜ ਆਏ। ਦੋਵੇਂ ਪੁੱਤਰਾਂ ਤੇ ਪਤੀ ਨੂੰ ਰੋਟੀ ਪਾ ਕੇ ਦਿੱਤੀ, ਪਰ ਕਿਸੇ ਨੇ ਨਾ ਪੁੱਛਿਆ ਕਿ ਖਾਣੇਂ ਦਾ ਇੰਤਜ਼ਾਮ ਕਿਸ ਨੇ ਕੀਤਾ ਹੈ?

ਬੜੀ ਹੀ ਉਦਾਸ ਅੱਖਾਂ ਨਾਲ ਤਿੰਨਾਂ ਨੂੰ ਵੇਖ ਕੇ ਸੋਚ ਰਹੀ ਸੀ ਕਿ …. ਸੱਚਮੁਚ ਹੀ ਪਤੀ ਕੋਲ ਪਤਨੀ ਬੇਫ਼ਿਕਰ, ਸੁਲੱਖਣੀ ਅਤੇ ਸੁਹਾਗਣ ਹੁੰਦੀ ਹੈ? ਕੀ ਪੁੱਤ ਜੰਮਣਾਂ ਵਾਕਿਆ ਹੀ ਮਾਣ ਦੀ ਗੱਲ ਹੁੰਦੀ ਹੈ? ਔਰਤ ਲਈ ਹੀ ਪ੍ਰੀਵਾਰ ਦੀ ਮਹਤੱਤਾ ਕਿਉਂ ਹੈ? ਸਵਾਲਾਂ ਦਾ ਪਹਾੜ ਬਣੀਂ ਜਾ ਰਿਹਾ ਸੀ, ਪਰ ਭਾਗ ਕੌਰ ਨੂੰ ਜਵਾਬ ਇੱਕ ਵੀ ਨਹੀਂ ਸੀ ਮਿਲ ਰਿਹਾ। ਭਾਗ ਕੌਰ ਆਪਣੇਂ ਆਪ ਤੋਂ ਹੀ ਜਿਵੇਂ ਹਾਰੀ ਪਈ ਆਪਣਾਂ ਮੂੰਹ ਚੁੰਨੀ ਵਿੱਚ ਵਲ੍ਹੇਟ ਕੇ ਸੌਂ ਗਈ।

"ਲੈ ਮਾਂ, ਆਹ ਫ਼ੜ ਵੀਹ ਰੁਪਏ, ਚੀਨੀ ਪੱਤੀ ਲੈ ਆਵੀਂ!" ਛੋਟੇ ਪੁੱਤ ਰੌਸ਼ੀ ਨੇ ਭਾਗ ਕੌਰ ਨੂੰ ਰੁਪਏ ਦਿੱਤੇ। ਮਾਂ ਦੀ ਮਮਤਾ ਨੂੰ ਜਿਵੇਂ ਇੱਕੇ ਦਮ ਉਛਾਲ ਆਇਆ ਅਤੇ ਉਸ ਨੇ ਪੁੱਤ ਰੌਸ਼ੀ ਦਾ ਮੱਥਾ ਚੁੰਮ ਲਿਆ। ਆਪਣੇ ਨਸ਼ਿਆਂ ਲਈ ਤਿੰਨੋਂ ਪਿਉ-ਪੁੱਤ ਪੈਸੇ ਦਾ ਕੁਝ ਨਾ ਕੁਝ ਜੁਗਾੜ ਕਰ ਲੈਂਦੇ ਸੀ। ਜੇ ਕਿਸੇ ਦਿਨ ਦਿਲ ਵਿੱਚ ਰਹਿਮਤ ਆ ਜਾਂਦੀ ਤਾਂ ਭਾਗ ਕੌਰ ਨੂੰ ਕੁਝ ਘਰ ਲਈ ਮਿਲ ਜਾਂਦਾ ਸੀ, ਨਹੀ ਤੇ ਉਹ ਵਿਚਾਰੀ ਆਪਣੀਆਂ ਹੱਡੀਆਂ ਨੂੰ ਦਾਅ ਤੇ ਲਾ ਕੇ ਦਿਹਾੜ੍ਹੀ ਦਾ ਕੋਈ ਢਾਣਸ ਕਰ ਲੈਂਦੀ ਸੀ। ਜ਼ਿੰਦਗੀ ਦੀ ਪੂਰੀ ਖਿੱਚ-ਧੂਹ ਹੋ ਰਹੀ ਸੀ। ਪਰ ਹਜੇ ਹੋਰ ਕੁਝ ਵੀ ਬੜਾ ਕੁਝ ਬਾਕੀ ਸੀ ਭਾਗ ਕੌਰ ਲਈ। ਪਤੀ ਕਰਮ ਸਿੰਘ ਨੂੰ ਦਮੇਂ ਦੀ ਬਿਮਾਰੀ ਨੇ ਘੇਰ ਲਿਆ ਅਤੇ ਉਹ ਚਿੜਚਿੜਾ ਹੋ ਹਰ ਗੱਲ ਤੇ ਖਿਝਣ ਪਿੱਟਣ ਲੱਗ ਪਿਆ।

"ਜਾਹ ਜਾ ਕੇ ਦੁੱਧ ਲੈ ਆ, ਤੈਨੂੰ ਚਾਹ ਬਣਾ ਦਿਆਂ!" ਭਾਗ ਕੌਰ ਨੇ ਬੜੇ ਮੋਹ ਨਾਲ ਕਰਮ ਸਿੰਘ ਦੇ ਹੱਥ ਗੜਵੀ ਫ਼ੜਾਉਂਦਿਆਂ ਕਿਹਾ।

 "ਤੂੰ ਪਰ੍ਹੇ ਮਰ ਸਾਲੀਏ…।" ਪਤਾ ਨਹੀਂ ਕਿਸ 'ਤੇ ਖਿਝੇ ਹੋਏ ਕਰਮ ਸਿੰਘ ਨੇ ਗੜਵੀ ਭਾਗ ਕੌਰ ਵੱਲ ਚਲਾ ਕੇ ਮਾਰੀ, ਜੋ ਸਿੱਧੀ ਉਸ ਦੇ ਗੋਡੇ 'ਤੇ ਲੱਗੀ ਅਤੇ ਚੀਸ ਭਾਗ ਕੌਰ ਦੇ ਕਲੇਜੇ ਵਿੱਚ ਦੀ ਹੁੰਦੀ ਸਿੱਧੀ ਦਿਮਾਗ ਤੱਕ ਪਹੁੰਚੀ।

"ਹਾਏ ਵੇ ਮਰ ਗਈ ….!" ਚੀਕ ਮਾਰ ਕੇ ਜ਼ਮੀਨ 'ਤੇ ਹੀ ਦੂਹਰੀ ਹੋ ਗਈ। ਮਸੀਂ ਗੋਡਾ ਘੜ੍ਹੀਸਦੇ ਹੋਏ ਚੁੱਲ੍ਹੇ ਕੋਲ ਗਈ ਅਤੇ ਬੈਠ ਟਕੋਰ ਕਰਦਿਆਂ ਸੋਚ ਰਹੀ ਸੀ ਕਿ ਖਿਝਦੇ-ਖਪਦੇ ਪਤੀ ਦਾ ਇਲਾਜ ਕਿਵੇਂ ਕਰਵਾਏ? ਉਸ ਨੂੰ ਆਪਣੇ ਗੋਡੇ ਦੀ ਪੀੜ ਦੀ ਕੋਈ ਪ੍ਰਵਾਹ ਨਹੀਂ ਸੀ। ਪਤੀ ਉਸ ਦੇ ਸਿਰ ਦਾ ਸਰਦਾਰ ਸੀ। ਉਸ ਦਾ ਰਖਵਾਲਾ ਸੀ, ਉਸ ਦਾ ਮਾਲਕ ਸੀ। ….ਮਾੜੀ ਮਾਲੀ ਹਾਲਤ ਵਿੱਚ ਇਲਾਜ ਕਿੱਥੋਂ ਹੋਣਾ ਸੀ? ਭਾਗ ਕੌਰ ਦੋਵੇਂ ਪੁੱਤਰਾਂ ਦਾ ਮੂੰਹ ਤੱਕਣ ਲੱਗ ਪਈ। ਪਰ ਉਹਨਾਂ ਨੂੰ ਬਾਪ ਨਾਲ ਕੋਈ ਸਰੋਕਾਰ, ਕੋਈ ਲਗਾਓ ਹੀ ਨਹੀ ਸੀ।

"ਭੈਣ, ਦੋ ਸੌ ਰੁਪਏ ਉਧਾਰ ਦੇ-ਦੇ, ਬੱਚਿਆਂ ਦੇ ਪਿਉ ਦੀ ਦਵਾ ਮੁੱਕੀ ਹੋਈ ਹੈ।" ਗਵਾਂਢਣ ਨੂੰ ਕਰਮ ਸਿੰਘ ਦੀ ਬਿਮਾਰੀ ਦੱਸ ਭਾਗ ਕੌਰ ਨੇ ਮੱਦਦ ਦੀ ਗੁਹਾਰ ਲਾਈ। ਭਾਗ ਕੌਰ ਦੀ ਨੇਕੀ ਨੂੰ ਸਭ ਜਾਣਦੇ ਸਨ। ਹਾਲਾਤ ਵੇਖਦੇ ਹੋਏ ਗਵਾਂਢਣ ਤੋਂ ਪੈਸੇ ਮਿਲ ਗਏ। ਸਵੇਰੇ ਡਾਕਟਰ ਦੇ ਜਾਊਂਗੀ, ਕੁਝ ਦਿਨ ਦੀ ਦਵਾਈ ਤੇ ਆਊ, ਸੋਚ ਕੇ ਹੀ ਭਾਗ ਕੌਰ ਦੇ ਮਨ ਨੂੰ ਸਕੂਨ ਜਿਹਾ ਹੋ ਰਿਹਾ ਸੀ। ਰਾਤ ਛੋਟਾ ਪੁੱਤ ਰੌਸ਼ੀ ਘਰ ਆਇਆ, ਪਰ ਵੱਡਾ ਪੁੱਤ ਸੁੱਚਾ ਨਹੀ ਸੀ ਬਹੁੜਿਆ। ਸ਼ਾਇਦ ਜੂਏ ਦੀ ਬਾਜ਼ੀ ਲੰਬੀ ਚੱਲੀ ਹੋਵੇ? ਪਰ ਮਾਂ ਦੀਆਂ ਆਂਦਰਾਂ ਸਾਰੀ ਰਾਤ ਮਰੋੜੇ ਖਾਂਦੀਆਂ ਰਹੀਆਂ। ਪੁੱਤ ਦੀ ਚਿੰਤਾ ਵਿੱਚ ਲੋਅ ਲੱਗੇ ਕਿਤੇ ਭਾਗ ਕੌਰ ਦੀ ਅੱਖ ਲੱਗ ਗਈ।

"ਸੁੱਤੀ ਹੈਂ ਕਿ ਮਰ ਗਈ?" ਪਤੀ ਕਰਮ ਸਿੰਘ ਦੇ ਕੁਰੱਖ਼ਤ ਬੋਲਾਂ ਨਾਲ ਭਾਗ ਕੌਰ ਤ੍ਰਭਕ ਕੇ ਉਠ ਖੜ੍ਹੀ। ਕਰਮ ਸਿੰਘ ਨੂੰ ਚਾਹ ਦਾ ਗਿਲਾਸ ਫੜਾ, ਬਾਰ ਬਹੁਕਰ ਮਾਰ ਕੇ ਦਵਾਈ ਲਿਆਉਣ ਲਈ ਝਾਰਨੇ ਵਿੱਚੋਂ ਪੈਸੇ ਕੱਢੇ ਤਾਂ ਹੈਰਾਨ ਰਹਿ ਗਈ। ਉਥੇ ਸਿਰਫ਼ ਇੱਕ ਸੌ ਦਾ ਹੀ ਨੋਟ ਸੀ। ਉਸ ਬੌਂਦਲੀ ਨੇ ਕਈ ਵਾਰ ਫਰੋਲ-ਫਰੋਲ ਕੇ ਵੇਖਿਆ। ਪਰ ਓਥੇ ਸਿਰਫ ਓਹੀ ਇੱਕ ਨੋਟ ਸੀ। ਉਸ ਨੂੰ ਸਭ ਸਮਝ ਆ ਗਿਆ ਕਿ ਛੋਟਾ ਪੁੱਤ ਬਿਨਾ ਕੁਝ ਕਹੇ ਸਵੇਰੇ-ਸਵੇਰੇ ਘਰੋਂ ਕਿਉਂ ਚਲਾ ਗਿਆ ਸੀ।

ਦਵਾਈ ਲਿਆ ਪਤੀ ਨੂੰ ਦੇ ਉਸ ਦੇ ਦੁਖਦੇ ਸਰੀਰ ਨੂੰ ਘੁੱਟਣ ਲੱਗ ਪਈ। ਦੁਪਿਹਰੇ ਪੁੱਤ ਮੁੜ ਆਏ ਤਾਂ ਭਾਗ ਕੌਰ ਹੌਂਸਲਾ ਕਰ ਪੁੱਛ ਬੈਠੀ। ਗਵਾਚੇ ਸੌ ਦੇ ਨੋਟ ਬਾਰੇ ਨਾਲ ਹੀ ਪਿਉ ਦੀ ਬਿਮਾਰੀ ਦਾ ਵਾਸਤਾ ਦੇਣ ਲੱਗ ਪਈ। ਆਪਦੇ ਗੁਨਾਂਹ ਨੂੰ ਢਕਣ ਲਈ ਰੌਸ਼ੀ ਨੇ ਗੁੱਸੇ ਨਾਲ ਬੁੱਢੀ ਮਾਂ ਦੇ ਨੱਕ 'ਤੇ ਇੱਕ ਘਸੁੰਨ ਮਾਰ ਚੀਕਣ ਲੱਗ ਪਿਆ, "ਆਹੋ ਮੈਂ ਹੀ ਤੇ ਚੋਰ ਹਾਂ ਇਸ ਘਰ ਵਿੱਚ…।" ਆਬੜ ਤਾਬੜ ਬੋਲਦਾ ਹੋਇਆ ਉਹ ਬਾਹਰ ਨੂੰ ਨਿਕਲ ਗਿਆ।

"ਊਹਹਹ…..ਊਹਹਹ….ਓਓਹਹ….।" ਕਰਮ ਸਿੰਘ ਦੀ ਖੰਘ ਲਗਾਤਾਰ ਵੱਧ ਰਹੀ ਸੀ।

"ਤੈਨੂੰ ਜਿਆਦਾ ਹੀ ਐਸ ਬੁੱਢੇ ਦਾ ਫਿਕਰ ਹੈ ਤਾਂ ਆਪਦੀ ਪਿੱਪਲ ਪੱਤੀ ਝੁਮਕੀ ਕਿਸੇ ਕੋਲ 'ਗਹਿਣੇ' ਰੱਖ ਆ…. ਆਹ ਰੋਜ਼ ਦਿਹਾੜੀ ਬੁੱਢੇ ਦੀ ਬਿਮਾਰੀ ਸਾਡੇ ਅੱਗੇ ਨਾ ਗਾਈ ਜਾਇਆ ਕਰ….।" ਵੱਡੇ ਪੁੱਤ ਸੁੱਚੇ ਨੇ ਮਾਂ ਦਾ ਦਿਲ ਦੋਫਾੜ ਕਰ ਦਿੱਤਾ। ਪਤੀ ਦਾ ਇਲਾਜ ਤੇ ਕਰਵਾਉਣਾਂ ਹੀ ਸੀ, ਇਸ ਲਈ ਭਾਗ ਕੌਰ ਆਪਦੇ ਝੁਮਕੇ ਗਹਿਣੇ ਰੱਖਣ ਲਈ ਕੋਈ ਸਹੀ ਘਰ ਪ੍ਰੀਵਾਰ ਦੀ ਦਿਮਾਗੀ ਤੌਰ 'ਤੇ ਖੋਜ ਕਰਨ ਲੱਗ ਪਈ। ਭਾਗ ਕੌਰ ਦੀ ਫ਼ਿਕਰਾਂ, ਸੋਚਾਂ ਵਿੱਚ ਹੀ ਰਾਤ ਨੇ ਆਪਣੀ ਕਾਲੀ ਚਾਦਰ ਫੈਲਾ ਦਿੱਤੀ….।

….."ਭਾਗ ਕੌਰੇ, ਉਰ੍ਹਾਂ ਤੇ ਆ….।" ਕਰਮ ਸਿੰਘ ਪਤਾ ਨਹੀ ਕਿਉਂ ਅੱਜ ਹਥਿਆਰ ਜਿਹੇ ਸੁੱਟੀ ਬੈਠਾ ਸੀ।

"ਜੀ…..ਤੁਸੀ ਫ਼ਿਕਰ ਨਾ ਕਰੋ, ਮੈਂ ਸਵੇਰੇ ਹੀ …..।" ਅਜੇ ਭਾਗ ਕੌਰ ਪਤੀ ਨੂੰ ਹੋਰ ਤਸੱਲੀ ਦੇਣਾ ਚਾਹੁੰਦੀ ਸੀ, ਪਰ ਕਰਮ ਸਿੰਘ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ।

"ਅੱਜ ਤੂੰ ਮੇਰੀ ਸੁਣ ਤੇ ਸਿਰਫ਼ ਮੇਰੀ ਹੀ ਮੰਨ…..ਉਹਹਹਹਹ….ਆਹ ਊਹਹਹ….।" ਇਕ ਲੰਮੀ ਖੰਘ ਤੋਂ ਬਾਅਦ ਕਰਮ ਸਿੰਘ ਅੱਗੇ ਬੋਲਿਆ ….."ਮੈਨੂੰ  ਤੂੰ ਵਾਅਦਾ…..ਇੱਕ ਵਾਅਦਾ ਕਰ …..ਊਹਹਹ…. ਵੇਖ ….ਸਾਰੀ ਉਮਰ 'ਚ ਮੈਂ ਸਿਰਫ਼ ਆਹ ਪਿਪਲ ਪੱਤੀ ਝੁਮਕੀ ਹੀ ਤੈਨੂੰ ਦਿੱਤੀ ਹੈ, ਇਸ ਨੂੰ ਮੇਰੀ ਆਖਰੀ ਨਿਸ਼ਾਨੀ ਮੰਨ ਕੇ ਸੰਭਾਲ ਕੇ ਰੱਖੀਂ, ਭਾਵੇਂ ਮੇਰਾ ਇਲਾਜ ਨਹੀਂ ਹੁੰਦਾ ਕੋਈ ਗੱਲ ਨਹੀਂ…… ਊਹਹਹ….."  ਅੱਜ ਕਰਮ ਸਿੰਘ ਨੂੰ ਆਪਣੇ ਕੀਤੇ ਬੁਰੇ ਸਲੂਕ ਅਤੇ ਅਥਾਹ ਕੀਤੇ ਤਸ਼ੱਦਦ 'ਤੇ ਪਛਤਾਵਾ ਹੋ ਰਿਹਾ ਸੀ। ਉਸ ਨੇ ਪਹਿਲੀ ਵਾਰ ਪਤਨੀ ਭਾਗ ਕੌਰ ਦੇ ਅੱਗੇ ਹੱਥ ਜੋੜ ਦਿੱਤੇ ਅਤੇ ਅੱਖਾਂ ਭਰ ਆਇਆ।

"ਤੁਸੀ ਕੀ….।" ਭਾਗ ਕੌਰ ਜਾਰ-ਜਾਰ ਰੋ ਪਈ।

"ਮੈਨੂੰ ….ਉਹਹਹ …..ਮੈਨੂੰ ਮੁਆਫ਼ ਕਰ ਦੇਵੀਂ ਭਾਗ ਕੌਰੇ….. ਊਹਹ…. ਆਹਹਹ   …..ਮੈਨੂੰ ਪਤਾ ਹੈ ਮੈਂ ਤੈਨੂੰ ਬਹੁਤ ਦੁੱਖ ਦਿੱਤੇ ਨੇ…. ਉਹਹਹ…..ਹਹਹ….ਮੇਰੇ ਜਾਣ 'ਤੇ ਕਿਤੇ ਦੂਜਾ ਵਿਆਹ ਤੇ ਨਹੀਂ ਕਰਵਾ ਲਵੇਂਗੀਂ?" ਕਰਮ ਸਿੰਘ ਅੱਜ ਭਾਗ ਕੌਰ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਝੱਲ ਰਿਹਾ ਸੀ।

"….ਹਾਏ ਰੱਬਾ !! ਆਹਾ ਕੀ ਬੋਲ ਰਹੇ ਹੋ….. ਤੁਹਾਡੇ ਆਸਰੇ ਹੀ ਮੈਂ ਉਡੀ ਫਿਰਦੀ ਹਾਂ।" ਭਾਗ ਕੌਰ ਨੇ ਪਤੀ ਦੇ ਸਾਰੇ ਜੁਲਮ ਜਰੇ ਸੀ। ਫਿਰ ਵੀ ਕਦੇ ਪਤੀ ਦੀ ਮੌਤ ਨਹੀ ਸੀ ਮੰਗੀ। ਕਰਮ ਸਿੰਘ ਨੇ ਭਾਗ ਕੌਰ ਨੂੰ ਅੱਜ ਬਹੁਤ ਕੁਝ ਕਹਿਣਾ ਸੀ, ਬਹੁਤ ਕੁਝ ਦੱਸਣਾ ਸੀ।

"ਤੂੰ ਅੱਜ ਮੈਨੂੰ ਸੁਣ…. ਤੂੰ ਅਣਥੱਕ ਸੇਵਾ ਕੀਤੀ ਹੈ ਸਭ ਦੀ…. ਬੱਸ …..ਬੱਸ ਤੇਰੀ ਸੇਵਾ ਦਾ ਬੱਸ ਆਹੀ ਇਨਾਮ ਦੇ….. ਸਕਿਆ…..ਊਹਹਹਹਹਹਹ….. ਊਹਹਹ….।" ਲੰਮੀ ਖੰਘ ਨਾਲ ਥੋੜ੍ਹਾ ਖੂਨ ਕਰਮ ਸਿੰਘ ਦੇ ਮੂੰਹ ਵਿੱਚ ਆ ਗਿਆ।

"ਹਾਏ ਰੱਬਾ….!! ਤੁਸੀ ਕੁਝ ਨਾ ਬੋਲੋ ਹੁਣ….!!" ਭਾਗ ਕੌਰ ਫਿਕਰਮੰਦ ਹੋ ਪਤੀ ਦੀ ਸੇਵਾ 'ਚ ਲੱਗ ਗਈ। ਉਸ ਨੂੰ ਭਰੋਸਾ ਸੀ ਕਿ ਦਿਨ ਚੜ੍ਹੇ ਕੋਈ ਨਾ ਕੋਈ ਹੱਲ ਨਿਕਲ ਹੀ ਆਊਗਾ। ……..ਪਰ ਲੱਗਦਾ ਕਰਮ ਸਿੰਘ ਨੂੰ ਅਹਿਸਾਸ ਹੋ ਗਿਆ ਸੀ, ਇਸ ਲਈ ਉਹ ਰਾਤ ਆਪਣੇ ਮਨ ਦਾ ਭਾਰ ਹੌਲਾ ਕਰ ਗਿਆ ਸੀ ਅਤੇ ਦਿਨ ਚੜ੍ਹੇ ਪੰਛੀ "ਉਡ" ਗਿਆ ਸੀ।

……..ਹੁਣ ਦੋਵੇ ਪੁੱਤਾਂ ਨਾਲ ਜੀਵਨ ਗੁਜ਼ਰ ਰਿਹਾ ਸੀ। ਪਰ ਸੁਖਾਲਾ ਨਹੀ ਸੀ। ਕਦੇ ਕੁਝ ਪਕਾਣ ਲਈ ਪੁੱਤ ਕੁਝ ਦੇ ਦਿੰਦੇ, ਅਤੇ ਕਦੇ ਦੋਵੇਂ ਪੁੱਤ ਘਰ ਹੀ ਨਹੀ ਸੀ ਮੁੜਦੇ। ਇੰਜ ਦੇ ਹਾਲਾਤ ਵਿੱਚ ਭਾਗ ਕੌਰ ਪੁੱਤਾਂ ਦੇ ਵਿਆਹ ਬਾਰੇ ਵੀ ਕੀ ਸੋਚਦੀ??

ਕਰਮ ਸਿੰਘ ਦੇ ਪ੍ਰਲੋਕ ਸਿਧਾਰਣ ਤੋਂ ਬਾਅਦ ਆਹ ਪਹਿਲਾ ਦਿਵਾਲੀ ਦਾ ਤਿਉਹਾਰ ਆਇਆ ਸੀ। ਪੁੱਤ ਵੀ ਘਰ ਜਲਦੀ ਮੁੜ ਆਏ। ਸ਼ਾਇਦ ਜੂਏ ਵਿੱਚ ਹਾਰ ਆਏ ਸੀ। ਉਹ ਤਾਂ ਸੁੱਚਾ ਅਤੇ ਰੌਸ਼ੀ  ਦਿਹਾੜੀਆਂ ਲਾਉਂਦੇ ਸਨ। ਪਰ ਮਿਲੇ ਪੈਸਿਆਂ ਵਿੱਚ ਪੀਅ ਖਾ ਕੇ ਬਾਕੀ ਬਚੇ ਪੈਸੇ ਬਾਹਰ ਹੀ ਪੂਰੇ ਕਰ ਆਉਂਦੇ।

ਰੌਸ਼ੀ ਨੇ ਇੱਕ ਲਿਫ਼ਾਫਾ ਭਾਗ ਕੌਰ ਵੱਲ ਵਧਾਉਦੇ ਹੋਏ ਕਿਹਾ "ਲੈ ਫੜ ਮਾਂ, ਖਾ ਲੱਡੂ ਮੰਦਰ ਦੇ ਬਾਹਰ ਦਿਵਾਲੀ ਦੇ ਵੰਡਦੇ ਪਏ ਸੀ, ਤੂੰ ਵੀ ਬਾਹਰ ਜਾ ਆਉਂਦੀ, ਬਥੇਰਾ ਲੰਗਰ ਲੱਗਿਆ ਹੋਇਆ ਹੈ ਥਾਂ-ਥਾਂ 'ਤੇ।"

"ਏ ਮਾਏ, ਤੇਰੀ ਝੁਮਕਿਆਂ ਦੀ ਵੀ ਪੂਜਾ ਕਰ ਲੈਣੀਂ ਸੀ ਦਿਵਾਲੀ ਤੇ ਗਹਿਣੀਆਂ ਦੀ ਪੂਜਾ ਕਰਦੀ ਹੈ ਦੁਨੀਆਂ!" ਸੁੱਚੇ ਪੁੱਤ ਨੇ ਕਲੋਲ ਕੀਤੀ।

ਦੋਵੇਂ ਕੰਨਾਂ 'ਤੇ ਹੱਥ ਰੱਖ ਆਪਣੇ ਪਤੀ ਦਿਆਂ ਝੁਮਕਿਆਂ ਬਾਰੇ ਅਖੀਰੀ ਵਾਰੀ ਕੀਤੀਆਂ ਗੱਲਾਂ ਯਾਦ ਕਰ ਦੱਸਣ ਲੱਗ ਪਈ ਤੇ ਨਾਲ ਹੀ ਅੱਖਾਂ ਭਰ ਆਈ। ਛੋਟੇ ਪੁੱਤ ਰੌਸ਼ੀ ਨੇ ਮਾਂ ਨੂੰ ਜੱਫੇ ਵਿੱਚ ਲੈ ਲਿਆ ਅਤੇ ਬੋਲਿਆ, "ਲੈ ਅਗਲੀ ਦਿਵਾਲੀ 'ਤੇ ਤੈਨੂੰ ਗਲ ਦਾ ਹਾਰ ਬਣਵਾ ਦੇਣਾਂ ਮਾਏ, ਚੱਲ ਪੂੰਝ ਹੰਝੂ ਹੁਣ।" ਮੇਰੇ ਪੁੱਤ ਦਿਲ ਦੇ ਤੇ ਚੰਗੇ ਹਨ, ਬੱਸ ਸੰਗਤ ਹੀ ਭੈੜ੍ਹੀ ਪੈ ਗਏ। ਖੌਰੇ ਕਿਸੇ ਦਿਨ ਜ਼ਿੰਮੇਵਾਰ ਬਣ ਜਾਣ ਤੇ ਮੈਨੂੰ ਵੀ ਨੂੰਹ ਲਿਆ ਦੇਣ….? ਭਾਗ ਕੌਰ ਹਲੇ ਵੀ ਸੁਪਨਿਆਂ 'ਤੇ ਯਕੀਨ ਕਰ ਆਪਣੇ ਆਪ ਨੂੰ ਖੁਸ਼ ਕਰ ਰਹੀ ਸੀ।
 …..ਪ੍ਰੰਤੂ ਵਕਤ ਭਾਗ ਕੌਰ ਦੇ ਭਾਗ ਦਾ ਫ਼ੈਸਲਾ ਲੈ ਚੁੱਕਿਆ ਸੀ…..

……"ਚਲੋ, ਅਖੀਰੀ ਦਰਸ਼ਣ ਕਰ ਲਵੋ ਬੀਬੀ ਭਾਗ ਕੌਰ ਦੇ!" ਇੱਕ ਬੁਜੁਰਗ ਨੇ ਆਲੇ ਦੁਆਲੇ ਖੜ੍ਹੇ ਲੋਕਾਂ ਵਿੱਚ ਬੇਨਤੀ ਕੀਤੀ। ਇਸ ਬਜ਼ੁਰਗ ਦੀ ਅਵਾਜ਼ ਨਾਲ ਹੀ ਰੌਸ਼ੀ ਅਤੀਤ ਨੂੰ ਪਛਾੜ ਕੇ ਵਰਤਮਾਨ ਵਿੱਚ ਆ ਡਿੱਗਾ। ਭਾਗ ਕੌਰ ਦੀ ਨੇਕੀ ਨੂੰ ਲੋਕ ਵਾਰੀ-ਵਾਰੀ ਪ੍ਰਨਾਮ ਕਰ ਰਹੇ ਸਨ।

ਸਾਹਮਣੇ ਮਾਂ ਸਦੀਵੀ ਖਾਮੋਸ਼ ਪਈ ਵੀ ਜਿਵੇਂ ਬਹੁਤ ਕੁਝ ਕਹਿ ਰਹੀ ਸੀ। ਮਾਂ ਭਾਗ ਕੌਰ ਦੇ ਪੈਰਾਂ ਵੱਲ ਹੱਥ ਜੋੜੀ ਖੜ੍ਹੇ ਹੋਏ ਰੌਸ਼ੀ ਅਤੇ ਸੁੱਚੇ ਦੋਵੇਂ ਪੁੱਤਰਾਂ ਦੀਆਂ ਨਜ਼ਰਾਂ ਮਾਂ ਦੇ ਕੰਨਾਂ ਵਿੱਚ ਪਾਈਆਂ "ਪਿੱਪਲ ਪੱਤੀ ਝੁਮਕਿਆਂ" 'ਤੇ ਪਈਆਂ। ਹਰ ਇਨਸਾਨ ਵਾਂਗ ਸੁੱਚਾ ਅਤੇ ਰੌਸ਼ੀ ਵੀ ਜਾਣਦੇ ਸਨ ਕਿ ਇਹ ਪਿੱਪਲ ਪੱਤੀ ਝੁਮਕੇ ਕਿੱਥੇ ਨਾਲ ਜਾਣਗੇ? ਪਰ ਦੋਹਾਂ ਦੇ ਮਨਾਂ ਵਿੱਚ ਅੱਜ ਕੋਈ ਲਾਲਚ ਜਾਂ ਤਮਾਂ ਨਹੀਂ ਸੀ। ਭਾਵੇਂ ਸਾਰੀ ਉਮਰ ਮਾਂ ਕੋਲੋਂ ਇੱਕ-ਇੱਕ ਪਾਈ ਖੋਹ-ਖੋਹ ਕੇ ਖਾਂਦੇ ਰਹੇ ਸਨ। ਪਰ ਅੱਜ ਮਾਂ ਦੇ ਆਖਰੀ ਦਰਸ਼ਨਾਂ 'ਤੇ ਪਹਿਲੀ ਵਾਰ ਸ਼ਰਧਾ ਅਤੇ ਵੈਰਾਗ ਨਾਲ ਭਰੇ ਹੰਝੂ ਵਹਾ ਰਹੇ ਸਨ। ਭਰੀਆਂ ਅੱਖਾਂ ਨਾਲ ਕੰਨ ਵੀ ਮਾਂ ਦੇ ਬੋਲਾਂ ਨਾਲ ਗੂੰਜਣ ਲੱਗ ਪਏ, ਜੋ ਇਸ ਵਾਰ ਦਿਵਾਲੀ 'ਤੇ ਮਾਂ ਨੇ ਪਿਉ ਨੂੰ ਯਾਦ ਕਰਦੇ ਹੋਏ ਕਹੇ ਸੀ ……."ਮੈਂ ਇਹਨਾਂ ਪਿੱਪਲ ਪੱਤੀ ਝੁਮਕਿਆਂ ਦੀ ਦਿਵਾਲੀ 'ਤੇ ਪੂਜਾ ਕੀ ਕਰਨੀ ਹੈ, ਆਹ ਤੇ ਮੈਂ ਆਪਣੇ ਨਾਲ ਹੀ ਲੈ ਜਾਊਂਗੀ, ਉਤੇ ਜਾ ਕੇ ਤੇਰੇ ਪਿਉ ਨੂੰ ਵੀ ਤੇ ਜਵਾਬ ਦੇਣਾਂ ਹੈ ਕਿ ਦੇਖ, ਤੇਰੀ ਦਿੱਤੀ ਆਖਰੀ ਨਿਸ਼ਾਨੀ ਨੂੰ ਅਖ਼ੀਰ ਨਾਲ ਹੀ ਲੈ ਕੇ ਆਈਂ ਹਾਂ ਤੇਰੇ ਕੋਲ਼…..।" ਸੋਚਦੇ ਸੁੱਚੇ ਨੂੰ ਜਿਵੇਂ ਮਾਂ ਦਾ ਕੁਮਲਾਇਆ ਚਿਹਰਾ ਅਤੇ ਬੁਝੀਆਂ ਅੱਖਾਂ ਵੀ ਦੇਖ ਰਹੀਆਂ ਸਨ, "ਜੇ ਮਾਂ ਇੱਕ ਵਾਰ ਜਿਉਂਦੀ ਹੋ ਜਾਵੇ, ਮੈਂ ਸਾਰੀ ਜ਼ਿੰਦਗੀ ਦੇ ਗੁਨਾਂਹ ਆਪਣੇ ਹੰਝੂਆਂ ਨਾਲ ਚਰਨ ਧੋ ਕੇ ਬਖਸ਼ਾ ਲਵਾਂ….!" ਅਤੇ ਉਸ ਦਾ ਮਨ ਇੱਕ ਵਾਰ ਫ਼ਿਰ ਭਰ ਕੇ ਡੁੱਲ੍ਹ ਪਿਆ….! ਪਰ ਮਾਂ ਨੇ ਕਿੱਥੋਂ ਮੁੜਨਾ ਸੀ….? ਮਾਂ ਤਾਂ ਉਹ ਰਸਤੇ ਤੁਰ ਗਈ ਸੀ, ਜਿਸ ਰਸਤੇ ਤੋਂ ਅੱਜ ਤੱਕ ਕੋਈ ਮੁੜਿਆ ਨਹੀਂ ਸੀ…. ਸੋਚ ਕੇ ਸੁੱਚੇ ਦੀ ਇੱਕ ਵਾਰ ਫ਼ਿਰ ਧਾਹ ਨਿਕਲ ਗਈ ਅਤੇ ਉਹ ਪਛਤਾਵੇ ਅਤੇ ਵੈਰਾਗ ਨਾਲ ਲਿਬਰੇਜ਼ ਹੋਇਆ ਬੇਵੱਸੀ ਨਾਲ ਮਾਂ ਦੇ ਚਰਨਾਂ ਨੂੰ ਚਿੰਬੜ ਗਿਆ।





*************************************************************************
           

Jhudriya vicho jhalkadi mamta



http://www.5abi.com/kahani/kahani2013/035-jhurrian-ajit-satnamK-021116.htm


I'm Happy to share my story has published in 11 NEWSPAPERS in various COUNTRIES (USA, CANADA, NEW ZEALAND,  GERMANY, AUSTRALIA, UK and INDIA)
I hope you will enjoy it. I would like to hear your feedback. 
           

Ajit Satnam Kaur

ਝੁਰੜੀਆਂ ਵਿੱਚੋਂ ਝਲਕਦੀ ਮਮਤਾ
ਅਜੀਤ ਸਤਨਾਮ ਕੌਰ


ਬਾਨੋਂ ਅੱਜ ਕਾਫ਼ੀ ਉਦਾਸ ਸੀ।
ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ ਹੀ ਤਾਂ ਹੈ, ਮੈਨੂੰ ਇੰਤਜ਼ਾਰ ਹੈ ਮੋਹਣ ਬਾਬੂ ਦੇ ਆਉਣ ਦਾ! ਮੇਰੇ ਬੇਟੇ ਜਿੰਨੀ ਹੀ ਉਮਰ ਹੋਣੀ ਹੈ ਉਸ ਦੀ। ਪਰ ਉਸ ਨਾਲ ਰਿਸ਼ਤਾ ਕੀ ਹੈ? ਬੱਸ, ਸ਼ਾਮ ਨੂੰ ਆ ਕੇ ਮੇਰੀ ਰੇੜ੍ਹੀ 'ਤੇ ਫ਼ਲ ਲੈਣ ਦਾ? ਫ਼ਲ ਖਰੀਦਣ ਵਾਲੇ ਇੱਕ ਗਾਹਕ ਦਾ? ਉਹ ਚੁੱਪ ਚਾਪ ਸੋਚ ਰਹੀ ਸੀ। ਸੋਚ ਦੌਰਾਨ ਉਸ ਦੇ ਜ਼ਿਹਨ ਵਿਚ ਆਪਣੇ ਪੁੱਤਰ ਵਿਨੋਦ ਦੇ ਕੁਰੱਖ਼ਤ ਬੋਲ ਗੂੰਜੇ, "ਮਾਂ ਤੂੰ ਤਾਂ ਜਾਣਦੀ ਹੈਂ ਕਿ ਉਸ ਦਾ ਸੁਭਾਅ ਹੀ ਕੌੜਾ ਹੈ, ਘਰ ਵਿਚ ਤੂੰ ਸ਼ਾਂਤੀ ਕਿਉਂ ਨੀ ਬਣਾ ਕੇ ਰੱਖਦੀ?" ਤੇ ਬਾਨੋਂ ਬੋਲੀ ਸੀ, "ਬੇਟੇ ਅੱਜ ਮੈਂ ਸਾਰਾ ਕੰਮ ਕੀਤਾ ਘਰ ਵਿਚ। ਮੈਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੀ, ਤਾਂਹੀਂ ਮਾੜੇ ਜਿਹੇ ਕੰਮ ਨੂੰ ਤੇਰੀ ਵਹੁਟੀ ਨੂੰ ਕਹਿ ਬੈਠੀ, ਬੱਸ....!" ਬਾਨੋਂ ਮਜਬੂਰੀ ਦੀ ਮੂਰਤ ਬਣੀ ਖੜ੍ਹੀ ਸੀ।
"ਤਬੀਅਤ ਨਹੀਂ ਠੀਕ ਤਾਂ ਇਹਨੂੰ ਕਹੋ ਕਿ ਹਸਪਤਾਲ ਜਾ ਕੇ ਪੈ ਜਾਵੇ! ਐਥੇ ਕੀ ਇਹ ਸੁਆਹ ਕਰਦੀ ਹੈ? ਘਰੇ ਬੈਠੀ ਰਹਿੰਦੀ ਐ ਰੋਟੀਆਂ ਦਾ ਖੌਅ, ਵਿਹਲੜ!" ਇੱਕ ਖੂੰਜਿਓਂ ਬਘਿਆੜ੍ਹੀ ਨੂੰਹ ਦੀ ਅਵਾਜ਼ ਬਾਨੋਂ ਦੇ ਕੰਨਾਂ ਨਾਲ ਟਕਰਾਈ, ਤਾਂ ਉਸ ਦੇ ਪੁੱਤਰ ਵਿਨੋਦ ਨੇ ਖਿਝ ਕੇ ਕਿਹਾ, "ਮਾਂ, ਤੂੰ ਘਰ ਵਿਚ ਕਲੇਸ਼ ਦਾ ਮਾਹੌਲ ਈ ਬਣਾਈ ਰੱਖਦੀ ਹੈਂ, ਕਦੇ ਸ਼ਾਂਤੀ ਵੀ ਰੱਖ ਲਿਆ ਕਰ!" ਇਹ ਨਿੱਤ ਦਾ ਹੀ ਰਵੀਰਾ ਬਣ ਗਿਆ ਸੀ। ਅੱਜ ਵਿਨੋਦ ਨੇ ਫ਼ੈਸਲਾ ਕਰ ਲਿਆ ਸੀ, "ਮਾਂ ਤੂੰ ਆਪਣੇ ਭਰਾ ਦੇ ਘਰ ਚਲੀ ਜਾਹ, ਨਹੀਂ ਤਾਂ ਨਿੱਤ ਦੇ ਕੜ੍ਹੀ ਕਲੇਸ਼ ਨਾਲ ਮੈਂ ਪਾਗਲ ਹੋ ਜਾਊਂਗਾ!"
"ਨਹੀਂ ਬੇਟਾ! ਐਸ ਉਮਰ 'ਚ? ਮੈਂ ਤਾਂ ਤੇਰੇ ਨਾਲ ਰਹਿ ਕੇ ਆਪਣੇ ਪੋਤਰੇ ਨਾਲ ਪਰਚਣਾ ਚਾਹੁੰਦੀ ਆਂ, ਨਹੀਂ ਬੇਟਾ ਹਾੜ੍ਹੇ-ਹਾੜ੍ਹੇ ਇਉਂ ਨਾ ਕਰ! ਪੋਤਰੇ ਬਿਨਾ ਮੇਰਾ ਜੀਅ ਨੀ ਲੱਗਣਾ!" ਉਸ ਨੇ ਪੁੱਤਰ ਅੱਗੇ ਤਰਲਾ ਲਿਆ। ਪਰ ਵਿਨੋਦ ਸ਼ਾਇਦ ਗੁੱਸੇ ਤੋਂ ਡਰਦਾ ਵਹੁਟੀ ਅੱਗੇ ਗੋਡੇ ਟੇਕ ਚੁੱਕਿਆ ਸੀ।
"ਇਹ ਇਉਂ ਨੀ ਨਿਕਲਦੀ! ਲੱਤਾਂ ਦੇ ਭੂਤ ਬਾਤਾਂ ਨਾਲ ਨੀ ਮੰਨਦੇ ਹੁੰਦੇ, ਜਿਉਣਾ ਹਰਾਮ ਕੀਤਾ ਪਿਐ ਇਸ ਮਨਹੂਸ ਨੇ! ਚੁੱਕ ਆਪਣੇ ਕੱਪੜੇ ਤੇ ਦਫ਼ਾ ਹੋਜਾ ਏਥੋਂ! ਮੁੜ ਕੇ ਆਪਣੀ ਭੈੜ੍ਹੀ ਸ਼ਕਲ ਸਾਨੂੰ ਨਾ ਦਿਖਾਈਂ!" ਨੂੰਹ ਨੇ ਉਸ ਦੇ ਚਾਰ ਕੱਪੜੇ ਗੇਟੋਂ ਬਾਹਰ ਵਗਾਹ ਮਾਰੇ। ਪੁੱਤਰ ਮਾਂ ਨਾਲ ਹੁੰਦਾ ਸਾਰਾ ਦੁਰ-ਵਿਵਹਾਰ ਦੇਖ ਕੇ ਵੀ ਮੂਕ ਦਰਸ਼ਕ ਬਣਿਆਂ ਰਿਹਾ, ਕੁਸਕਿਆ ਤੱਕ ਨਾ। ਡਾਢੀ ਪਤਨੀ ਅੱਗੇ ਬੋਲਣ ਦੀ ਉਸ ਦੀ ਹਿੰਮਤ ਨਹੀਂ ਪਈ ਸੀ।
ਬਾਨੋਂ ਇਹ ਸਾਰੀ ਦੁਰਗਤੀ ਸਬਰ ਦੀ ਘੁੱਟ ਭਰ, ਪਾਣੀ ਵਾਂਗ ਪੀ ਗਈ ਅਤੇ ਆਪਣੇ ਪੁਰਾਣੇ ਕੱਪੜੇ ਚੁੱਕ ਆਪਣੀ ਸਹੇਲੀ ਉਰਮਿਲਾ ਕੋਲ ਜਾ ਬੈਠੀ। ਉਸ ਨੇ ਉਰਮਿਲਾ ਕੋਲ ਆਪਣਾ ਸਾਰਾ ਦੁੱਖੜਾ ਰੋਇਆ ਅਤੇ ਦੁਖੀ ਦਿਲ ਦਾ ਅਗਲਾ ਪਿਛਲਾ ਸਾਰਾ ਗੁੱਭ-ਗੁਭਾਟ ਕੱਢ ਮਾਰਿਆ। ਉਸ ਦੀਆਂ ਅੱਖਾਂ ਹੜ੍ਹ ਵਾਂਗ ਵਗੀ ਜਾ ਰਹੀਆਂ ਸਨ।
"ਤੂੰ ਚੁੱਪ ਕਰ! ਹੌਸਲਾ ਰੱਖ, ਰੱਬ ਭਲੀ ਕਰੂਗਾ!" ਉਰਮਿਲਾ ਨੇ ਉਸ ਨੂੰ ਧਰਵਾਸ ਦਿੱਤਾ।
ਸਮਾਂ ਆਪਣੀ ਚਾਲ ਚੱਲਦਾ ਰਿਹਾ।
ਸੂਰਜ ਚੜ੍ਹਦਾ ਅਤੇ ਛੁਪਦਾ ਰਿਹਾ। ਪ੍ਰਕਿਰਤੀ ਆਪਣੇ ਕਾਰੇ ਲੱਗੀ ਰਹੀ।
"ਉਰਮਿਲਾ, ਮੈਂ ਕਿੰਨੇ ਕੁ ਦਿਨ ਤੇਰੇ ਆਸਰੇ ਕੱਟੂੰਗੀ? ਘਰ 'ਚ ਇਕੱਲੀ ਸਾਰਾ ਦਿਨ ਮੱਖੀਆਂ ਮਾਰਦੀ ਰਹਿੰਦੀ ਆਂ।" ਕੁਝ ਦਿਨਾਂ ਬਾਅਦ ਬਾਨੋਂ ਨੇ ਉਰਮਿਲਾ ਨੂੰ ਕਿਹਾ।
"ਦੇਖ, ਤੇਰੇ ਲਈ ਮੈਂ ਇੱਕ ਵੱਖ ਰੇੜ੍ਹੀ ਦਾ ਇੰਤਜ਼ਾਮ ਕਰ ਲਿਆ ਹੈ। ਕੱਲ੍ਹ ਤੋਂ ਤੂੰ ਵੀ ਮੇਰੇ ਨਾਲ ਆਪਣੀ ਰੇੜ੍ਹੀ ਲਾ ਲਿਆ ਕਰ। ਜਗਾਹ ਦੀ ਗੱਲ ਵੀ ਮੈਂ ਨਬੇੜ ਲਈ ਹੈ।"
ਬਾਨੋਂ ਦੀਆਂ ਅੱਖਾਂ ਵਿਚ ਸ਼ੁਕਰਾਨੇਂ ਦੇ ਹੰਝੂ ਕੰਬ ਰਹੇ ਸਨ। ਉਸ ਨੇ ਉਰਮਿਲਾ ਦਾ ਹੱਥ ਫ਼ੜ ਕੇ ਘੁੱਟ ਲਿਆ। ਪਰ ਗਲ ਵਿਚ ਅਟਕੇ ਹੰਝੂਆਂ ਕਾਰਨ ਮੂੰਹੋਂ ਨਾ ਬੋਲ ਸਕੀ। ਭਾਵਨਾ ਦੇ ਸ਼ਬਦ ਹੰਝੂਆਂ ਦੀ ਭੇਂਟ ਚੜ੍ਹ ਗਏ।
ਜੱਗ ਜਹਾਨ ਖ਼ੁਸ਼ੀਆਂ ਵਿਚ ਆਪਣੇ ਸੋਹਿਲੇ ਗਾ ਰਿਹਾ ਸੀ। ਅਸਮਾਨ ਦੇ ਸਿਖ਼ਰ ਉਪਰ ਸੂਰਜ ਦੇਵਤਾ ਆਪਣੇ ਪੂਰੇ ਜੋਬਨ 'ਤੇ ਚਮਕ ਰਿਹਾ ਸੀ, ਪਰ ਬਾਨੋਂ ਦੀ ਆਪਣੀ ਜ਼ਿੰਦਗੀ ਕਾਲੀ ਬੋਲੀ ਰਾਤ ਵਾਂਗ ਧੁਆਂਖੀ ਜਾਪ ਰਹੀ ਸੀ।
ਘਰੇਲੂ ਕੰਮ ਨਬੇੜ ਕੇ ਬਾਨੋਂ ਉਰਮਿਲਾ ਨਾਲ ਅੱਜ ਪਹਿਲੀ ਵਾਰ ਅਧੇੜ ਉਮਰ ਵਿਚ ਰੁਜ਼ਗਾਰ ਲਈ ਰੇੜ੍ਹੀ ਨੂੰ ਧੱਕਾ ਲਾਉਂਦੀ ਤੁਰੀ ਜਾ ਰਹੀ ਸੀ। ਉਸ ਦੀ ਉਪਜੀਵਕਾ ਚੱਲ ਪਈ ਸੀ। ਚਾਹੇ ਪੈਂਡੇ ਬਿਖੜੇ ਹੀ ਸਨ, ਪਰ ਜ਼ਿੰਦਗੀ ਆਪਣੀ ਚਾਲ ਚੱਲ ਪਈ ਸੀ। ਉਸ ਨੇ ਆਪਣੇ ਹਿੱਸੇ ਦਾ ਖਰਚਾ ਉਰਮਿਲਾ ਨੂੰ ਦੇਣਾ ਸ਼ੁਰੂ ਕਰ ਦਿੱਤਾ। ਲੋੜ ਹਮਦਰਦੀ ਦਾ ਪੱਲਾ ਫ਼ੜ ਆਪਣੀ ਚਾਲ ਤੁਰ ਜ਼ਿੰਦਗੀ ਦਾ ਪੰਧ ਨਬੇੜਨ ਲੱਗ ਗਈ ਸੀ।
ਦਿਨ ਤਾਂ ਜਿਵੇਂ ਕਿਵੇਂ ਕੰਮ ਕਾਰ ਵਿਚ ਗੁਜ਼ਰ ਜਾਂਦਾ। ਪਰ ਜਦ ਰਾਤ ਪੈਂਦੀ ਤਾਂ ਮੰਜੇ ਉਪਰ ਪਈ ਬਾਨੋਂ ਦੇ ਇਕਲੌਤਾ ਪੁੱਤਰ ਅਤੇ ਪੋਤਰਾ ਹਿੱਕ ਉੱਤੇ ਆ ਚੜ੍ਹਦੇ, ਤਾਂ ਬਾਨੋਂ ਵੈਰਾਗ ਵਿਚ ਡੁਸਕ ਪੈਂਦੀ ਅਤੇ ਉਸ ਦੇ ਹੰਝੂ ਝੁਰੜ੍ਹੀਆਂ ਵਿਚ ਦੀ ਹੁੰਦੇ ਹੋਏ ਕੰਨਾਂ 'ਤੇ ਡੁੱਲ੍ਹਣ ਲੱਗ ਪੈਂਦੇ।
"ਉਰਮਿਲਾ!" ਇੱਕ ਸਵੇਰ ਬਾਨੋਂ ਨੇ ਕਿਹਾ।
"ਹਾਂ ਦੀਦੀ?"
"ਮੇਰਾ ਇੱਕ ਕੰਮ ਕਰ।"
"ਬੋਲ ਭੈਣਾਂ?"
"ਵਿਨੋਦ ਨੂੰ ਆਖ ਕਿ ਮੈਨੂੰ ਆ ਕੇ ਮਿਲ ਜਾਵੇ, ਤੇ ਨਾਲੇ ਪੋਤਰੇ ਨੂੰ ਮਿਲਾ ਲਿਜਾਵੇ। ਮੇਰਾ ਦੋਵਾਂ ਨੂੰ ਮਿਲਣ ਨੂੰ ਬਹੁਤ ਦਿਲ ਕਰਦੈ।" ਸ਼ਾਇਦ ਰਾਤ ਦੇ ਬਚੇ ਕੋਟੇ ਵਿਚੋਂ ਦੋ ਕੋਸੇ ਹੰਝੂ ਫ਼ਿਰ ਅੱਖਾਂ ਵਿਚੋਂ ਚੱਲ ਹਿੱਕ 'ਤੇ ਜਾ ਡਿੱਗੇ।
"ਠੀਕ ਹੈ! ਕੱਲ੍ਹ ਨੂੰ ਹੀ ਲੈ ਭੈਣਾਂ! ਇਹ ਕਿਹੜੀ ਵੱਡੀ ਗੱਲ ਹੈ?" ਉਰਮਿਲਾ ਨੇ ਕਿਹਾ ਤਾਂ ਸੁਣ ਕੇ ਬਾਨੋਂ ਹੌਲੀ ਫ਼ੁੱਲ ਵਰਗੀ ਹੋ ਗਈ। ਕੋਈ ਆਸ ਸੀ, ਜੋ ਉਸ ਨੂੰ ਜੀਣ ਦਾ ਧਰਵਾਸ ਬਣੀ ਹੋਈ ਸੀ। ਉਸ ਨੂੰ ਪਰਬਤ ਜਿੱਡਾ ਵਿਸ਼ਵਾਸ ਸੀ ਕਿ ਮੇਰਾ ਪੁੱਤਰ ਅਤੇ ਪੋਤਰਾ ਮੈਨੂੰ ਜ਼ਰੂਰ ਮਿਲਣ ਲਈ ਆਉਣਗੇ, ਚਾਹੇ ਨੂੰਹ ਤੋਂ ਚੋਰੀ ਹੀ ਆਉਣ। ਪਰ ਇਹ ਆਸ ਇੱਕ ਭਰਮ ਅਤੇ ਭੁਲੇਖਾ ਹੀ ਬਣੀ ਰਹੀ। ਉਰਮਿਲਾ ਦੇ ਸੁਨੇਹੇਂ ਵਾਰ-ਵਾਰ ਵਿਨੋਦ ਨੂੰ ਮਿਲਦੇ ਰਹੇ। ਪਰ ਥੰਧੇ ਘੜ੍ਹੇ ਉਪਰ ਕਿਸੇ ਵੀ ਸੁਨੇਹੇਂ ਦਾ ਕੋਈ ਅਸਰ ਤੱਕ ਨਾ ਹੋਇਆ ਅਤੇ ਨਾ ਹੀ ਕੋਈ ਉਸ ਨੂੰ ਮਿਲਣ ਆਇਆ। ਬਾਨੋਂ ਦੀਆਂ ਆਸਾਂ ਦਾ ਬੂਰ ਝੜ੍ਹ ਗਿਆ ਅਤੇ ਪੁੱਤ-ਪੋਤਰੇ ਨੂੰ ਹਿੱਕ ਨਾਲ ਲਾਉਣ ਦੀਆਂ ਸਧਰਾਂ ਮਰ ਮੁੱਕ ਗਈਆਂ ਸਨ। ਉਹ ਰੋ-ਧੋ ਕੇ ਚੁੱਪ ਕਰ ਗਈ ਸੀ। ਦਿਲ ਉਸ ਦਾ ਬੰਜਰ ਉਜਾੜ ਬਣਿਆਂ ਪਿਆ ਸੀ। ਪੋਤਰੇ ਨੂੰ ਖਿਡਾਉਣ ਦੀਆਂ ਰੀਝਾਂ ਝੁਲਸ ਗਈਆਂ ਸਨ।
"ਦੇਖ ਤੇਰਾ ਮੋਹਣ ਬਾਬੂ ਤੁਰਿਆ ਆਉਂਦਾ!" ਸੋਚਾਂ ਵਿਚ ਗ਼ਲਤਾਨ ਬਾਨੋਂ ਨੂੰ ਅਚਾਨਕ ਉਰਮਿਲਾ ਨੇ ਝੰਜੋੜ ਕੇ ਕਿਹਾ। ਉਰਮਿਲਾ ਦੇ ਸ਼ਬਦਾਂ ਨੇ ਬਾਨੋਂ ਨੂੰ ਅਤੀਤ ਵਿਚੋਂ ਬਾਹਰ ਘੜ੍ਹੀਸ ਲਿਆ। ਸੁਣ ਕੇ ਬਾਨੋਂ ਦਾ ਬੁਝਿਆ ਮਨ ਖਿੜ ਗਿਆ ਅਤੇ ਦੇਖ ਕੇ ਮਨ ਨੂੰ ਠੰਢਕ ਪੈ ਗਈ। ਮੋਹਣ ਨੂੰ ਤੱਕ ਕੇ ਬਾਨੋਂ ਨੂੰ ਕੋਈ ਅਜੀਬ ਖ਼ੁਸ਼ੀ ਹੁੰਦੀ। ਉਸ ਦੇ ਚਿਹਰੇ 'ਤੇ ਖੇੜਾ ਆ ਜਾਂਦਾ। ਮੋਹਣ ਉਸ ਦੀ ਜ਼ਿੰਦਗੀ ਦਾ ਕੋਈ ਵੱਡਾ ਖੱਪਾ ਪੂਰ ਉਸ ਨੂੰ ਅਧੂਰੀ ਤੋਂ ਭਰਪੂਰ ਬਣਾ, ਜਿਉਣ ਜੋਕਰੀ ਦਿੰਦਾ ਸੀ।
ਸ਼ਾਮ ਗੂੜ੍ਹੀ ਰਾਤ ਵਿਚ ਵਟਦੀ ਜਾ ਰਹੀ ਸੀ।
ਬਜ਼ਾਰ ਵਿਚ ਗਹਿਮਾਂ-ਗਹਿਮੀਂ ਸੀ।
ਮੋਹਣ ਬਾਬੂ ਆਪਣੀ ਪਤਨੀ ਅਤੇ ਦੋ ਨਿੱਕੀਆਂ ਬੱਚੀਆਂ ਸਮੇਤ ਬਾਨੋਂ ਦੀ ਰੇੜ੍ਹੀ ਕੋਲ ਆ ਗਿਆ।
ਹਮੇਸ਼ਾ ਵਾਂਗ ਹਾਲ-ਚਾਲ ਪੁੱਛ ਕੇ ਮੋਹਣ ਬਾਬੂ ਰੇੜ੍ਹੀ ਤੋਂ ਫ਼ਲ ਛਾਂਟਣ ਲੱਗ ਪਿਆ।
"ਦੇਖ ਅੰਮਾਂ, ਹੋ ਗਏ ਹੋਣੇ ਐਂ ਦੋ ਕਿੱਲੋ?" ਲਿਫ਼ਾਫ਼ਾ ਅੱਗੇ ਕਰਦਿਆਂ ਮੋਹਣ ਬਾਬੂ ਨੇ ਕਿਹਾ।
"ਲਿਆ ਬੇਟਾ, ਤੋਲਦੀ ਆਂ!" ਫ਼ਲਾਂ ਦਾ ਲਿਫ਼ਾਫ਼ਾ ਚੁੱਕ ਬਾਨੋਂ ਤੱਕੜੀ ਵਿਚ ਤੋਲਣ ਲੱਗ ਪਈ। ਨਾਲ ਦੀ ਰੇੜ੍ਹੀ ਕੋਲ ਖੜ੍ਹੀ ਉਰਮਿਲਾ ਰੋਜ਼ਾਨਾ ਵਾਂਗ ਉਹਨਾਂ ਦੇ ਪ੍ਰਤੀਕਰਮ ਨੂੰ ਦੇਖ ਅਤੇ ਘੋਖ ਰਹੀ ਸੀ। ਹਮੇਸ਼ਾ ਦੀ ਤਰ੍ਹਾਂ ਮੋਹਣ ਬਾਬੂ ਨੇ ਫ਼ਲਾਂ ਦੇ ਪੈਸੇ ਦਿੱਤੇ ਅਤੇ ਇੱਕ ਫ਼ਲ ਲਿਫ਼ਾਫ਼ੇ 'ਚੋਂ ਕੱਢ ਕੇ ਬਾਨੋਂ ਅੱਗੇ ਕੀਤਾ, "ਅੰਮਾਂ, ਇਹ ਤੇਰੇ ਲਈ ਹੈ!"
"ਬੇਟਾ, ਤੂੰ ਹਰ ਰੋਜ਼ ਹੀ ਇੱਕ ਫ਼ਲ ਮੈਨੂੰ ਦਿੰਨਾਂ ਹੈਂ।"
"ਅੰਮਾਂ, ਫ਼ੇਰ ਕੀ ਹੋਇਆ? ਫ਼ਲ ਵੇਚਣ ਦੇ ਲਾਲਚ ਵਿਚ ਤੂੰ ਆਪ ਤਾਂ ਖਾਂਦੀ ਨੀ ਹੋਣੀਂ?"
ਸੱਚੀ ਗੱਲ ਸੁਣ ਕੇ ਬਾਨੋਂ ਇੱਕ ਫ਼ੌਲਾਦੀ ਚੁੱਪ ਧਾਰ ਗਈ।
"ਅੰਮਾਂ, ਤੈਨੂੰ ਵੀ ਪਤਾ ਹੋਣਾ ਚਾਹੀਦੈ, ਬਈ ਤੇਰੇ ਫ਼ਲਾਂ ਦਾ ਸੁਆਦ ਕਿਹੋ ਜਿਐ!" ਕਹਿ ਕੇ ਦੋਨੋਂ ਪਤੀ ਪਤਨੀ ਹੱਸ ਪਏ।
ਬਾਨੋਂ ਨੇ ਮੁਸਕੁਰਾ ਕੇ ਸੇਬ ਮੋਹਣ ਕੋਲੋਂ ਫ਼ੜ ਲਿਆ। ਉਸ ਦੀਆਂ ਵੈਰਾਗਮਈ ਨਜ਼ਰਾਂ ਭਾਵਨਾ, ਅਸੀਸਾਂ ਅਤੇ ਸ਼ੁਕਰਾਨੇ ਨਾਲ ਲਬਰੇਜ਼ ਸਨ। ਇਹ ਵਰਤਾਰਾ ਹਰ ਰੋਜ਼ ਦਾ ਨਿਤਨੇਮ ਬਣ ਗਿਆ ਸੀ। ਇਹਨਾਂ ਫ਼ਲਾਂ ਦੇ ਰਸ ਵਾਂਗ ਹੀ ਇੱਕ ਗ਼ੈਬੀ ਰਿਸ਼ਤੇ ਦਾ ਆਨੰਦ ਬਾਨੋਂ ਦੀ ਜ਼ਿੰਦਗੀ ਵਿਚ ਘੁਲਦਾ ਜਾ ਰਿਹਾ ਸੀ। ਸਵੇਰੇ ਰੇੜ੍ਹੀ ਲਾਉਣ ਤੋਂ ਲੈ ਕੇ ਸ਼ਾਮ ਮੌਕੇ ਮੋਹਣ ਦੀ ਉਡੀਕ ਤੱਕ ਉਸ ਦੀ ਜ਼ਿੰਦਗੀ ਦਾ ਦਸਤੂਰ ਬਣ ਗਿਆ ਸੀ। ਨਾਲ ਦੀ ਰੇੜ੍ਹੀ ਕੋਲ ਖੜ੍ਹੀ ਉਰਮਿਲਾ ਨੂੰ ਵੀ ਇਹ ਸਾਰਾ ਦ੍ਰਿਸ਼ ਸੁਹਾਵਣਾ ਜਿਹਾ ਲੱਗਦਾ ਅਤੇ ਉਸ ਦੀ ਆਤਮਾ ਸਕੂਨ ਨਾਲ ਬਾਗੋ-ਬਾਗ ਹੋ ਜਾਂਦੀ। ਉਸ ਨੂੰ ਆਪਣੀ ਕੀਤੀ ਮੱਦਦ ਉਪਰ ਨਾਜ਼ ਅਤੇ ਖ਼ੁਸ਼ੀ ਮਹਿਸੂਸ ਹੁੰਦੀ। ਉਹ ਗ਼ੌਰ ਕਰਦੀ ਕਿ ਮੋਹਣ ਦੀ ਆਮਦ ਨਾਲ ਬਾਨੋਂ ਦੀ ਸਾਰੇ ਦਿਨ ਦੀ ਥਕਾਵਟ ਲੱਥ ਜਾਂਦੀ ਅਤੇ ਚਿਹਰਾ ਖਿੜ ਜਾਂਦਾ ਸੀ। ਇੱਕ ਹੋਰ ਗੱਲ ਮਹਿਸੂਸ ਕਰਦੀ ਉਰਮਿਲਾ ਨੇ ਹਿੰਮਤ ਕਰ ਕੇ ਅੱਜ ਬਾਨੋਂ ਨੂੰ ਸੁਆਲ ਕੀਤਾ, "ਬਾਨੋਂ, ਇੱਕ ਗੱਲ ਦੱਸ?"
"ਹਾਂ ਬੋਲ?"
"ਮੈਂ ਹਰ ਰੋਜ਼ ਤੈਨੂੰ ਬੜੀ ਗ਼ੌਰ ਨਾਲ਼ ਦੇਖਦੀ ਹਾਂ, ਕਿ ਤੂੰ ਮੋਹਣ ਬਾਬੂ ਨੂੰ ਉਸ ਦੀ ਮੰਗ ਤੋਂ ਜ਼ਿਆਦਾ ਫ਼ਲ ਤੋਲ ਕੇ ਦਿੰਦੀ ਹੈਂ, ਕਿਉਂ ਭਲਾ? ਇਸ ਦਾ ਕਾਰਨ?"
ਬਾਨੋਂ ਨੇ ਧੁਖ਼ਦੀ ਚਿਖ਼ਾ ਵਰਗਾ ਸਾਹ ਲਿਆ ਅਤੇ "ਹੂੰਅ" ਤੋਂ ਅੱਗੇ ਕੁਝ ਨਾ ਕਹਿ ਸਕੀ।
"ਬੋਲ? ਦੱਸ ਤਾਂ ਸਹੀ, ਕਿਉਂ ਜ਼ਿਆਦਾ ਤੋਲ ਕੇ ਦਿੰਦੀ ਹੈਂ?" ਉਰਮਿਲਾ ਨੇ ਆਪਣੀ ਗੱਲ ਦੁਹਰਾਈ।
"ਦੇਖ ਉਰਮਿਲਾ! ਉਹ ਮਾਂ ਸਮਝ ਕੇ ਮੈਨੂੰ ਹਰ ਰੋਜ਼ ਫ਼ਲ ਦਿੰਦਾ ਹੈ, ਤੇ ਮੈਂ ਵੀ ਉਸ ਨੂੰ ਪੁੱਤਰ ਸਮਝ ਕੇ ਕੁਝ ਜ਼ਿਆਦਾ ਤੋਲ ਕੇ ਦੇਣ ਦਾ ਫ਼ਰਜ਼ ਅਦਾ ਕਰਦੀ ਹਾਂ, ਉਹ ਵੀ ਕਬੀਲਦਾਰ ਹੈ, ਉਸ ਦੇ ਸਿਰ ਉਪਰ ਵੀ ਪ੍ਰੀਵਾਰਕ ਜ਼ਿੰਮੇਵਾਰੀਆਂ ਨੇ! ਮੈਂ ਉਸ ਦੇ ਬੱਚਿਆਂ ਦਾ ਹੱਕ ਕਿਉਂ ਲਵਾਂ?"
ਉਰਮਿਲਾ ਬਾਨੋਂ ਦੀ ਮਮਤਾ ਗੜੁੱਚੀ ਸੋਚ 'ਤੇ ਕੁਰਬਾਨ ਹੋਣ ਵਾਲੀ ਹੋਈ ਖੜ੍ਹੀ ਸੋਚ ਰਹੀ ਸੀ ਕਿ ਇੱਕ ਪਾਸੇ ਵਿਨੋਦ ਇਸ ਦਾ ਆਪਣਾ ਢਿੱਡੋਂ ਜਾਇਆ ਪੁੱਤਰ, ਜਿਸ ਨੇ ਇਸ ਨੂੰ ਮਿਲਣ ਤਾਂ ਕੀ ਆਉਣਾ ਸੀ, ਇਸ ਦੀ ਬਾਤ ਤੱਕ ਨਹੀਂ ਪੁੱਛਦਾ। ਦੂਜੇ ਪਾਸੇ ਕਿਸੇ ਬਿਗਾਨੀ ਮਾਂ ਦਾ ਜਾਇਆ ਮੋਹਣ ਬਾਬੂ ਹੈ, ਜੋ ਇਸ ਨੂੰ ਪੁੱਤਰਾਂ ਵਰਗਾ ਪਿਆਰ ਜਤਾ ਕੇ ਮਾਂ ਦਾ ਰੁਤਬਾ ਦੇ ਰਿਹਾ ਸੀ?? ਕਿਹੜੇ ਰਿਸ਼ਤੇ ਨੂੰ ਨਜ਼ਦੀਕੀ ਰਿਸ਼ਤਾ ਮੰਨਿਆਂ ਜਾਵੇ? ਧੱਕੇ ਮਾਰ ਕੇ ਘਰੋਂ ਕੱਢਣ ਵਾਲਿਆਂ ਨੂੰ, ਜਿੰਨ੍ਹਾਂ ਨੂੰ ਔਰਤ ਨੇ ਜੰਮਣ ਪੀੜਾਂ ਸਹਿ ਕੇ ਜਨਮ ਦਿੱਤਾ ਅਤੇ ਜੱਗ ਦਿਖਾਇਆ ਹੋਵੇ? ਜਾਂ ਉਹਨਾਂ ਨੂੰ, ਜਿਹਨਾਂ ਨਾਲ ਹੱਡ-ਮਾਸ ਅਤੇ ਖ਼ੂਨ ਦਾ ਕੋਈ ਨਾਤਾ ਤੱਕ ਨਹੀਂ, ਪਰ ਉਹ ਤੁਹਾਨੂੰ ਸਕੀ ਮਾਂ ਨਾਲੋਂ ਵੱਧ ਸਤਿਕਾਰ ਅਤੇ ਮਾਣ ਦਿੰਦੇ ਹੋਣ?? ਕਿਹੜਾ ਰਿਸ਼ਤਾ ਰੂਹ ਦੇ ਨੇੜੇ ਮੰਨਿਆਂ ਜਾਵੇ?? ਉਰਮਿਲਾ ਗੁੰਝਲਦਾਰ ਸੁਆਲਾਂ ਵਿਚ ਉਲਝੀ ਹੋਈ ਸੀ।
ਰਾਤ ਸ਼ਾਂਤਮਈ ਢੰਗ ਨਾਲ ਆਪਣੀ ਮਜਾਜਣ ਵਾਲੀ ਤੋਰ ਤੁਰ ਰਹੀ ਸੀ। ਬਾਨੋਂ ਦੀ ਜ਼ਿੰਦਗੀ ਵਿਚ ਅਸ਼ਾਂਤ ਹੋਏ ਰਿਸ਼ਤਿਆਂ ਦਾ ਉਲੇਖ, ਉਸ ਦੀਆਂ ਝੁਰੜੀਆਂ 'ਚੋਂ ਸਾਫ਼ ਪੜ੍ਹਿਆ ਜਾ ਸਕਦਾ ਸੀ।
02/11/2016



******************************************************************************

   
                     EH LAHOO MERA HAI


May 2019

This is my story based on the fresh issue of Kashmir. Which has published in newspapers of many countries.  Hope you like it.



ਇਹ ਲਹੂ ਮੇਰਾ ਹੈ
ਅਜੀਤ ਸਤਨਾਮ ਕੌਰ   
 (06/04/2019)
ajit satnam

ਟੀ ਵੀ  ਦੀਆਂ ਖ਼ਬਰਾਂ ਦੇਖਦੇ ਹੋਏ ਪੂਰਨ ਖੰਨਾ ਦੇ ਹੱਥ ਕੰਬ ਰਹੇ ਸੀ। ਜਦ ਦਾ ਉਸ ਦਾ ਪਰਿਵਾਰ ਕਸ਼ਮੀਰ ਹਮਲੇ ਵਿੱਚ ਮਾਰਿਆ ਗਿਆ, ਪੂਰਨ ਖੰਨਾ ਨੂੰ ਖ਼ਬਰਾਂ ਤੋਂ ਹੀ ਦਹਿਸ਼ਤ ਹੋ ਗਈ ਸੀ। ਕੋਲ ਬੈਠੀ ਪਤਨੀ ਕਨੇਰ ਖੰਨਾ ਨੇ ਛੇਤੀ ਨਾਲ ਵਧ ਕੇ ਪਤੀ ਨੂੰ ਸੰਭਾਲਿਆ। ਘਬਰਾਹਟ ਨਾਲ ਪੂਰਨ ਖੰਨਾ ਦੀਆਂ ਅੱਖਾਂ ਅੱਗੇ ਦੁਨੀਆਂ ਘੁੰਮਣ ਲੱਗ ਪਈ, ਤਸਵੀਰ ਦਾ ਦੂਜਾ ਰੁੱਖ ਸਾਹਮਣੇ ਆ ਗਿਆ ਅਤੇ ਸਾਰਾ ਵਾਕਿਆ ਇੱਕ ਵਾਰ ਫੇਰ ਤਾਜ਼ਾ ਹੋ ਗਿਆ। ....ਆਪਣੀ ਪਤਨੀ ਕਨੇਰ ਖੰਨਾ ਨਾਲ ਪੂਰਨ ਖੰਨਾ ਰਿਸ਼ਤੇਦਾਰੀ 'ਚ ਇੱਕ ਵਿਆਹ 'ਤੇ ਦੂਰ ਕਿਸੇ ਸ਼ਹਿਰ ਵਿੱਚ ਪੰਜ ਕੁ ਦਿਨਾਂ ਲਈ ਗਿਆ ਸੀ, ਪਿੱਛੇ ਦੋ ਜਵਾਨ ਬੇਟੇ ਅਤੇ ਇੱਕ ਜਵਾਨ ਬੇਟੀ ਨੂੰ ਘਰ ਛੱਡ ਕੇ। ਪਰ ਦੂਜੇ ਹੀ ਦਿਨ ਖ਼ਬਰਾਂ 'ਚ ਸੁਣਿਆ ਕਿ ਕੁਪਵਾੜਾ ਘਾਟੀ ਵਿੱਚ ਪਾਕਿਸਤਾਨ ਵੱਲੋਂ ਹਮਲਾ ਹੋਇਆ ਸੀ ਅਤੇ ਸ਼ਹਿਰ ਵਿੱਚ ਤਬਾਹੀ ਦਾ ਭੜਕੰਮ ਮੱਚ ਗਿਆ ਸੀ। ਆਪਣੇ ਸ਼ਹਿਰ ਦਾ ਨਾਮ ਸੁਣਕੇ ਪੂਰਨ ਦਾ ਦਿਲ "ਧਾੜ-ਧਾੜ" ਜੋਰ ਨਾਲ ਧੜ੍ਹਕਣ ਲੱਗ ਪਿਆ। ਸਾਰੇ ਸ਼ਹਿਰ 'ਚ ਤਬਾਹੀ ਮੱਚੀ ਹੋਈ ਸੀ, ਅਫ਼ਰਾ-ਤਫ਼ਰੀ ਵਿੱਚ ਲੋਕ ਭੱਜ ਰਹੇ ਸਨ, ਕਿਤੇ ਅੱਗ ਮੱਚ ਰਹੀ ਸੀ ਅਤੇ ਕਿਤੇ ਧੂੰਆਂ ਨਿਕਲ ਰਿਹਾ ਸੀ।
lahu
"ਹਾਏ ਰੱਬਾ, ਮੇਰੇ ਬੱਚੇ!!" ਪੂਰਨ ਦਾ ਦਿਲ ਕਿਸੇ ਅਣਜਾਣ ਜਿਹੇ ਡਰ ਅਤੇ ਦਹਿਸ਼ਤ ਨਾਲ ਕੰਬ ਗਿਆ।
"ਫ਼ੋਨ ਦੇ ਸਾਰੇ ਨੈੱਟ ਕੱਟ ਹੋ ਗਏ ਲੱਗਦੇ ਹਨ!" ਬੇਹਤਾਸ਼ਾ ਫ਼ੋਨ ਮਿਲਾਉਦੇਂ ਹੋਏ ਪੂਰਨ ਦੀ ਪਤਨੀ ਕਨੇਰ ਨੇ ਕਿਹਾ।

"ਇੱਕ ਮਿੰਟ ਵੀ ਬਿਨਾ ਗਵਾਏ ਤੂੰ ਵਾਪਿਸ ਮੁੜਨ ਦੀ ਤਿਆਰੀ ਕਰ...ਮੇਰਾ ਦਿਲ ਫ਼ੇਲ੍ਹ ਹੋਣ ਵਾਲਾ ਹੋਇਆ ਪਿਆ ਹੈ!" ਪੂਰਨ ਦੀ ਮਾਨਸਿਕ ਹਾਲਤ ਵਿਗੜ ਰਹੀ ਸੀ। ਠੰਡੇ ਮੌਸਮ ਵਿੱਚ ਵੀ ਮੱਥੇ ਤੋਂ ਪਸੀਨਾ ਚੋਈ ਜਾ ਰਿਹਾ ਸੀ। ਉਸ ਨੇ ਆਪਣਾ ਸਿਰ ਫੜ ਪਤਨੀ ਕਨੇਰ ਨੂੰ ਆਖਿਆ ਸੀ।

ਉਹਨਾਂ ਨੇ ਵਾਹੋ-ਦਾਹੀ ਸਮਾਨ ਕਾਰ ਵਿੱਚ ਸੁੱਟਿਆ ਅਤੇ ਕਾਰ ਆਪਣੇ ਸ਼ਹਿਰ ਵੱਲ ਦੌੜਾ ਲਈ।

ਥਾਂ-ਥਾਂ 'ਤੇ ਨਾਕੇ ਲੱਗੇ ਹੋਏ ਸੀ। ਆਪਣੇ ਪਰਿਵਾਰ ਦਾ ਬਿਓਰਾ ਦੇਣ ਤੋਂ ਬਾਅਦ ਪੂਰਨ ਅਤੇ ਕਨੇਰ ਨੂੰ ਬੜੀ ਮੁਸਿਕਲ ਨਾਲ ਸ਼ਹਿਰ 'ਚ ਦਾਖਲਾ ਮਿਲਿਆ। ਜਿਸ ਜਗਾਹ 'ਤੇ ਆਤੰਕ ਦੀ ਤਬਾਹੀ ਮੱਚੀ ਸੀ, ਬਦਕਿਸਮਤੀ ਨਾਲ ਪੂਰਨ ਖੰਨਾ ਦਾ ਘਰ ਵੀ ਇਸ ਦੀ ਚਪੇਟ 'ਚ ਆ ਗਿਆ ਸੀ। ਪੂਰਨ ਅਤੇ ਕਨੇਰ ਖੰਨਾ ਦੂਰੋਂ ਹੀ ਦੁਹੱਥੜਾਂ ਮਾਰਨ ਲੱਗ ਪਏ।

"ਆਹ ਏਰੀਆ ਬੈਨ ਹੈ, ਤੁਸੀ ਇਸ ਅੰਦਰ ਨਹੀ ਜਾ ਸਕਦੇ।" ਤਕਰੀਬਨ ਧੱਕਾ ਮਾਰਦੇ ਹੋਏ ਇੱਕ ਆਰਮੀ ਦੇ ਜਵਾਨ ਨੇ ਪੂਰਨ ਨੂੰ ਜਬਰੀ ਰੋਕਿਆ।

"ਮੇ...ਮੇਰਾ ਟੱਬਰ ਹੈ ਅੰਦਰ...ਹਾਏ ਓਏ ਮੈਨੂੰ ਜਾਣ ਦਿਓ ...।" ਚੀਕਾਂ ਮਾਰਦੇ ਹੋਏ ਪੂਰਨ ਜ਼ਮੀਨ 'ਤੇ ਬੈਠ ਗਿਆ। ਘਰ ਦੀ ਤਬਾਹੀ ਦੀ ਗਵਾਹੀ ਬਾਹਰੋਂ ਹੀ ਕੰਧਾਂ ਦੇ ਰਹੀਆ ਸੀ, ਜਿਸ ਨੂੰ ਵੇਖ ਕੇ ਕਨੇਰ ਖੰਨਾ ਦੇ ਵੈਣ ਨਹੀਂ ਸੀ ਰੁਕ ਰਹੇ..."ਅੋ ਮੇਰੇ ਸ਼ੇਰੋ ਪੁੱਤਰੋ, ਮੇਰੀ ਧੀ ਰਾਣੀ ਕਿੱਥੇ ਹੋ...? ਵੇ ਅਵਾਜ਼ ਤਾਂ ਦਿਓ....ਕੋਈ ਤੇ ਦੱਸੋ?"

"ਜੋ ਫੱਟੜ ਹੋਏ ਹਨ, ਓਹ ਸਰਕਾਰੀ ਹਸਪਤਾਲ ਵਿੱਚ ਹਨ, ਤੇ ਜੋ ਮਰ ਗਏ ਨੇ ਓਹ ਸਾਰੇ ਮੁਰਦਾ ਘਰ ਵਿੱਚ ਜਮ੍ਹਾਂ ਹਨ, ਸ਼ਨਾਖ਼ਤ ਲਈ ਤੁਸੀ ਓਥੇ ਜਾਵੋ ਤੇ ਸਾਨੂੰ ਆਪਣੀ ਕਾਰਵਾਈ ਕਰਨ ਦਵੋ!" ਸੇਨਾ ਦੇ ਇੱਕ ਜਵਾਨ ਨੇ ਮਾਹੌਲ ਨੂੰ ਸ਼ਾਂਤ ਰੱਖਣ ਦੇ ਨਜ਼ਰੀਏ ਨਾਲ ਕਿਹਾ। ਤੀਰ ਦੀ ਗਤੀ ਵਾਂਗ ਪੂਰਨ ਆਪਣੀ ਪਤਨੀ ਕਨੇਰ ਨਾਲ ਹਸਪਤਾਲ ਨੂੰ ਦੌੜ ਪਿਆ। ਹਾਦਸੇ ਦੇ ਸ਼ਿਕਾਰ ਹੋਏ ਮਰੀਜਾਂ ਦੇ ਇੱਕ ਵੱਡੇ ਵਰਾਂਡੇ ਵਿੱਚ ਹਾਉਕੇ ਲੈਂਦਾ ਪੂਰਨ ਖੰਨਾ ਹਰ ਬੈੱਡ ਦੇ ਕੋਲ ਜਾ ਫ਼ੱਟੜਾਂ ਨੂੰ ਡਰ ਅਤੇ ਸ਼ੱਕ ਭਰੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਆਪਣੇ ਤਿੰਨੋਂ ਬੱਚਿਆਂ ਨੂੰ ਭਾਲ ਰਿਹਾ ਸੀ। ਕਈ-ਕਈ ਵਾਰ ਵੇਖਣ ਤੋਂ ਬਾਅਦ ਵੀ ਜਦ ਪੂਰਨ ਖੰਨਾ ਨੂੰ ਆਪਣੇ ਬੱਚੇ ਨਹੀਂ ਮਿਲੇ ਤਾਂ ਹਾਰ ਕੇ ਹਸਪਤਾਲ ਦੇ ਮੁੱਖ ਦਰਵਾਜੇ 'ਤੇ ਆ ਦਰੱਖ਼ਤ ਥੱਲੇ ਨਿਢਾਲ ਹੋ ਕੇ ਬੈਠ ਗਿਆ।

"ਲਵੋ, ਪਾਣੀ ਪੀਓ!" ਕਨੇਰ ਨੇ ਕਿਸੇ ਕੋਲੋਂ ਪਾਣੀ ਲਿਆ ਆਪਣੇ ਪਤੀ ਦੇ ਮੂੰਹ ਨੂੰ ਲਾਇਆ। ਪੂਰਨ ਦੇ ਬੁੱਲ ਸੁੱਕੇ ਹੋਏ ਅਤੇ ਮੂੰਹ ਖੁੱਲ੍ਹਾ ਸੀ। ਉਸ ਦਾ ਸਾਹ ਧੌਂਕਣੀਂ ਵਾਂਗ ਚੱਲ ਰਿਹਾ ਸੀ।

"ਕਨੇਰ, ਮੇਰਾ ਮਨ ਡਰ ਰਿਹਾ ਹੈ, ਮੇਰਾ ਹੌਂਸਲਾ ਨਹੀਂ ਪੈ ਰਿਹਾ ਮੁਰਦਾ ਘਰ ਵਿੱਚ ਜਾ ਕੇ ਸ਼ਨਾਖ਼ਤ ਕਰਨ ਦਾ...! ਰੱਬ ਨਾ ਕਰੇ ਜੇ... ਵਾਹਿਗੁਰੂ ਵਾਹਿਗੁਰੂ ਤਰਸ ਕਰੀਂ...।" ਅੱਖਾਂ ਦੀ ਸੁਨਾਮੀ ਨੂੰ ਠੱਲ੍ਹ ਨਹੀਂ ਸੀ ਪੈ ਰਹੀ। ਪੂਰਨ ਦੀਆਂ ਅੱਖਾਂ ਲਾਲ ਬੇਰਾਂ ਵਾਂਗ ਭਖੀਆਂ ਹੋਈਆਂ ਸੀ।

"ਆਪਣੇ ਨਿਆਣਿਆਂ ਦੀ ਭਾਲ ਕਰਨਾ ਤੇ ਸਾਡੀ ਹੀ ਜਿੰਮੇਵਾਰੀ ਹੈ... ਇੰਜ ਬੈਠਿਆਂ ਤੇ ਕੋਈ ਮਦਦ ਕਰਨ ਨਹੀਂ ਆਉਣ ਲੱਗਾ।" ਕਨੇਰ ਅਜੇ ਵੀ ਨਤੀਜੇ 'ਤੇ ਪਹੁੰਚਣ ਦਾ ਹੌਂਸਲਾ ਸਾਂਭੀ ਬੈਠੀ ਸੀ" ਉਠੋ,  ਜ਼ਰਾ ਹੌਸਲਾ ਕਰੋ... ਰਾਤ ਘਿਰਦੀ ਆਉਦੀਂ ਹੈ।" ਆਪਣੇ ਪਤੀ ਨੂੰ ਲੱਗਭੱਗ ਖਿੱਚਦੇ ਹੋਏ ਕਨੇਰ ਬੋਲੀ।

ਜਿਵੇਂ ਹੀ ਮੁਰਦਾ ਖਾਨੇ ਪਹੁੰਚੇ ਤਾਂ ਦਰਵਾਜੇ 'ਤੇ ਹੀ ਇੱਕ ਡਿਊਟੀ ਵਾਲੇ ਬੰਦੇ ਨੇ ਰੋਕਦੇ ਹੋਏ ਕੁਝ ਜ਼ਰੂਰੀ ਕਾਰਵਾਈ ਕਰਨ ਨੂੰ ਕਿਹਾ। ਦੋਵੇ ਮੀਆਂ-ਬੀਵੀ ਅਵਾਕ ਜਿਹੇ ਗੇਟ ਕੀਪਰ  ਦਾ ਮੂੰਹ ਦੇਖਣ ਲੱਗ ਪਏ। ਪੂਰਨ ਖੰਨਾ ਅਤੇ ਕਨੇਰ ਖੰਨਾ ਕਾਗਜ਼ੀ ਕਾਰਵਾਈ ਵਾਲੇ ਕਮਰੇ ਵਿੱਚ ਜਾ ਕੇ ਕਰਮਚਾਰੀਆਂ ਕੋਲ ਕਾਗਜ਼ੀ ਕਾਰਵਾਈ ਕਰਵਾਉਣ ਲੱਗ ਪਏ, ਜਿਸ ਵਿੱਚ ਦੋ ਘੰਟੇ ਲੱਗ ਗਏ।

"ਉਏ, ਹੁਣ ਮੇਹਰਬਾਨੀ ਕਰਕੇ ਮੈਨੂੰ ਅੰਦਰ ਲੈ ਚਲੋ ਦੁਸ਼ਮਣੋਂ....! ਮੇਰੇ 'ਲਾਲ' ਕਿੱਥੇ ਗਵਾਚੇ ਨੇ...।" ਜਿਵੇਂ ਹੀ ਪੂਰਨ ਨੇ ਅੰਦਰ ਜਾਣ ਲਈ ਕਾਗਜ਼ ਮੇਜ਼ 'ਤੇ ਸੁੱਟ ਨਾਲ ਦੇ ਬੰਦੇ ਨੂੰ ਧੱਕਾ ਦਿੱਤਾ, ਪਰ ਦਰਵਾਜੇ ਤੇ ਖੜੇ ਓਸੇ ਗੇਟ ਕੀਪਰ  ਨੇ ਪੂਰਨ ਅਤੇ ਕਨੇਰ ਨੂੰ ਜ਼ਰਾ ਸਖ਼ਤੀ ਨਾਲ ਰੋਕਦੇ ਹੋਏ ਕਿਹਾ "ਮਾਫ਼ ਕਰਨਾ, ਪੰਜ ਵਜੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ, ਆਹ ਲੰਬਾ ਕੰਮ ਹੈ, ਹੁਣ ਤੁਸੀਂ ਕੱਲ੍ਹ ਆਓ।"

"....ਹਾਏ ਰੱਬਾ.....ਮੈਥੋਂ ਤੇ ਆਹ ਰਾਤ ਨਹੀਂ ਲੰਘਣੀ ...ਮੈਨੂੰ ਇੰਜ ਹੀ ਮਾਰ ਦਿਓ...! ਤਰਸ ਕਰੋ, ਰੱਬ ਦਾ ਖ਼ੌਫ਼ ਕਰੋ...।" ਪੂਰਨ ਬੇਵਸਾ ਜਿਹਾ ਹੋ ਉਚੀ-ਉਚੀ ਬੋਲਣ ਅਤੇ ਰੋ ਪਿਆ। ਪੂਰਨ ਨੂੰ ਹਮਦਰਦ ਲੋਕਾਂ ਨੇ ਸੰਭਾਲ ਕੇ ਪਾਸੇ ਬਿਠਾਇਆ ਅਤੇ ਸਮਝਾਇਆ, "ਹਰ ਕਾਰਵਾਈ ਕਾਨੂੰਨ ਮੁਤਾਬਿਕ ਹੀ ਹੋਣੀ ਹੈ,  ਤੁਸੀਂ ਸਬਰ ਕਰ ਕੇ ਰਾਤ ਕੱਟੋ!"

ਕੋਈ ਵਾਹ ਨਹੀਂ ਚੱਲ ਰਹੀ ਸੀ ਅਤੇ ਆਪਣੀ ਪਤਨੀ ਕਨੇਰ ਦੇ ਮੋਢੇ 'ਤੇ ਹੱਥ ਰੱਖ ਆਪਣੇ ਆਪ ਨੂੰ ਘਸੀਟਦਾ ਹੋਇਆ ਟੁਰ ਪਿਆ ਅਤੇ ਥੋੜ੍ਹੀ ਦੂਰ ਇੱਕ ਕੰਧ ਦਾ ਸਹਾਰਾ ਲੈ, ਨਿਢਾਲ ਹੋਇਆ, ਪੈ ਗਿਆ। ਉਸ ਨੂੰ ਭੁੱਖ, ਪਿਆਸ ਦੀ ਕੋਈ ਸੁਰਤ ਨਹੀਂ ਸੀ। ਪੂਰਨ ਖੰਨਾ ਨੇ ਅੱਖਾਂ ਉੱਪਰ ਅਕਾਸ਼ ਵੱਲ ਲਗਾ ਲਈਆਂ, ਜਿਵੇਂ ਕਾਲੀ ਭਿਆਨਕ ਰਾਤ ਨੂੰ ਜਲਦੀ ਬੀਤ ਜਾਣ ਦੀ ਅਰਦਾਸ ਕਰ ਰਿਹਾ ਹੋਵੇ। ਕਨੇਰ ਖੰਨਾ ਵੀ ਆਪਣੇ ਅੰਦਰ ਦੇ ਫੱਟਾਂ ਨੂੰ ਦੱਬੀ ਬੈਠੀ ਇੱਕ-ਇੱਕ ਘੜ੍ਹੀ ਨੂੰ ਇੱਕ-ਇੱਕ ਵਰ੍ਹੇ ਵਾਂਗ ਕੱਟ ਰਹੀ ਸੀ।

ਕੁਦਰਤ ਨੇ ਆਪਣਾ ਚੱਕਰ ਪੂਰਾ ਕੀਤਾ, ਸੂਰਜ ਆਪਣਾ ਸਿਰ ਚੁੱਕਣ ਲੱਗ ਪਿਆ। ਪੂਰਨ ਅਤੇ ਕਨੇਰ ਦੋਵੇਂ ਪਤੀ ਪਤਨੀ ਬਹੁਤ ਸਹਿਮੇ ਹੋਏ ਸੀ ਕਿ ਹਸਪਤਾਲ ਵਿੱਚ ਬੱਚੇ ਨਹੀਂ ਮਿਲੇ ਤੇ ਕਿਤੇ....? ਕਿਸੇ ਵੀ ਮਾਂ ਪਿਓ ਲਈ ਮੁਰਦੇ ਦੀ ਸ਼ਨਾਖ਼ਤ ਕਰਨਾ ਆਪਣੇ ਆਪ ਨੂੰ ਮੁਰਦਾ ਗਰਦਾਨਣ ਨਾਲੋਂ ਘੱਟ ਨਹੀਂ ਹੁੰਦਾ। ਅੱਠ ਵਜੇ ਦਰਵਾਜ਼ਾ ਖੁੱਲ੍ਹਦੇ ਹੀ ਪੂਰਨ ਨੇ ਕਲੇਜਾ ਫੜ ਅੰਦਰ ਕਦਮ ਰੱਖਿਆ ਅਤੇ ਨਾਲ-ਨਾਲ ਡਰੀ ਜਿਹੀ ਕਨੇਰ ਵੀ ਅਰਦਾਸ ਕਰਦੀ ਟੁਰ ਪਈ। ਸ਼ਨਾਖ਼ਤ ਕਰਦੇ ਹੋਏ ਦੋਹਾਂ ਦੇ ਕਲੇਜੇ ਮੂੰਹ ਨੂੰ ਆ ਰਹੇ ਸਨ। ਜਿਵੇਂ-ਜਿਵੇਂ ਬਕਸਿਆਂ ਕੋਲ ਲੈ ਜਾ ਕੇ ਲਾਸ਼ ਦੀ ਸ਼ਕਲ ਵਿਖਾਈ ਜਾਂਦੀ, ਪੂਰਨ ਅਤੇ ਕਨੇਰ ਦੇ ਸਾਹ ਰੁਕਣ ਵਰਗੇ ਹੋ ਜਾਂਦੇ। ਫ਼ੇਰ ਇੱਕ ....
"ਨਹੀਂ! ਨਹੀਂ! ਹਾਏ ਓਏ ਰੱਬਾ....! ਇਹ ਕੀ ਭਾਣਾ ਵਰਤਾ ਦਿੱਤਾ ਤੂੰ...?" ਆਪਣੇ ਛੋਟੇ ਪੁੱਤ ਦੀ ਲਾਸ਼ ਨੂੰ ਬਕਸੇ ਵਿੱਚ ਰੱਖਿਆ ਵੇਖ ਪੂਰਨ ਨੇ ਚੀਕ ਮਾਰੀ। ਕਨੇਰ ਭੁੱਬਾਂ ਮਾਰ ਪਿੱਟਣ ਲੱਗ ਪਈ।

"ਤੁਸੀ ਸ਼ਨਾਖ਼ਤ ਦੀ ਕਾਰਵਾਈ ਪੂਰੀ ਕਰੋ, ਸਬਰ ਰੱਖੋ।" ਕਰਮਚਾਰੀ ਨੇ ਹਮਦਰਦੀ ਨਾਲ ਪੂਰਨ ਦੇ ਮੋਢੇ 'ਤੇ ਹੱਥ ਰੱਖ ਕਿਹਾ। ਨਾਲ ਦੇ ਇੱਕ ਕਰਮਚਾਰੀ ਨੇ ਆਪਣੀ ਫਾਇਲ਼ ਵਿੱਚ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਬਹੁਤੀ ਦੇਰ ਅੰਦਰ ਰੁਕਣ ਦਾ ਹੁਕਮ ਨਹੀ ਸੀ। ਇਸ ਲਈ ਸਾਰੇ ਅੱਗੇ ਵਧਣ ਲੱਗ ਪਏ। ਅਗਲੀ ਸ਼ਨਾਖ਼ਤ ਲਈ।

"ਆ....ਆਹ ਤਾਂ ਮੇਰੀ ਧੀ? ....ਮੇਰੀ ਧੀ... ਦੀ ਲ਼ਾਸ਼ ਹੈ? .... ਤੁਸੀ ਵੇਖੋ, ਮੇਰੇ ਤੋਂ ਆਹ ਸਿਆਣੀ ਹੀ ਨਹੀਂ ਜਾ ਰਹੀ...!" ਇਕ ਕੁੜੀ ਦੀ ਲ਼ਾਸ਼ ਦੀ ਖ਼ਰਾਬ ਹਾਲਤ ਵੇਖ ਕਨੇਰ ਆਪਣੇ ਪਤੀ ਪੂਰਨ ਦੇ ਕੁੜਤੇ ਨੂੰ ਘੁੱਟ ਕੇ ਫੜ ਹਿਲਾਉਂਦਿਆਂ ਕਹਿਣ ਲੱਗੀ।

"ਹਾਏ ਲਾਡਲੀਏ ਮੇਰੀਏ ਧੀਏ...! ਆਹ ਕੀ ਜੁਲਮ ਹੋ ਗਿਆ...।" ਪੂਰਨ ਦੇ ਜਿਵੇਂ ਕਿਸੇ ਨੇ ਕੁਹਾੜ੍ਹਾ ਮਾਰਿਆ ਹੋਵੇ। ਹੁਣ ਦੋਹਾਂ ਦੇ ਪੈਰ ਜੰਮ ਗਏ ਸੀ। ਅੱਗੇ ਲਾਸ਼ਾਂ ਦੀ ਸ਼ਨਾਖਤ ਕਰਨ ਦਾ ਹੀਆਂ ਨਹੀਂ ਸੀ ਪੈ ਰਿਹਾ।

"ਮੇਰੇ ਰੱਬਾ! ਮੇਰੇ ਵੱਡੇ ਪੁੱਤ ਨੂੰ ਮੈਨੂੰ ਬਖਸ਼ੀ ਰੱਖੀਂ...।" ਘੁੱਟ ਕੇ ਕਲੇਜ਼ੇ ਨੂੰ ਫੜੀ ਕਨੇਰ ਵਰਾਂਡੇ ਵਿੱਚ ਤੇਜ਼ੀ ਨਾਲ ਨਜ਼ਰ ਦੌੜਾਂਦੀ ਅਰਦਾਸ ਕਰੀ ਜਾ ਰਹੀ ਸੀ। ਹਜੇ ਵੱਡੇ ਪੁੱਤ ਦੀ ਆਸ ਬਾਕੀ ਸੀ। ਸੰਕੋਚਵੇਂ ਕਦਮਾਂ ਨੂੰ ਘਸੀਟਦੇ ਹੋਏ ਦੋਵੇਂ ਪਤੀ-ਪਤਨੀ ਤਕਰੀਬਨ ਅਖੀਰਲੇ ਬਕਸੇ ਕੋਲ ਆ ਗਏ। ਚਿਹਰੇ ਤੋਂ ਚਾਦਰ ਹਟਾਉਂਦਿਆਂ ਹੀ ਪੂਰਨ ਚੀਕ ਮਾਰਕੇ ਡਿੱਗ ਪਿਆ ਅਤੇ ਕਨੇਰ ਸਿਰ ਪਿੱਟ ਕੇ ਫ਼ਰਸ਼ 'ਤੇ ਬੈਠ, ਵੈਣ ਪਾਉਣ ਲੱਗ ਪਈ।

"ਲੱਗਦਾ ਆਹ ਇਹਨਾਂ ਦਾ ਵੱਡਾ ਬੇਟਾ ਹੈ, ਓਹ ਡਾਢਿਆ ਰੱਬਾ ਕੀ ਕਹਿਰ ਢਾਹ ਦਿੱਤਾ ਤੂੰ ਇਹਨਾਂ ਗਰੀਬਾਂ 'ਤੇ?" ਕਰਮਚਾਰੀ ਨੇ ਨਾਲ ਦੇ ਨੂੰ ਆਪਣਾ ਸ਼ੱਕ ਪੁਖਤਾ ਕਰਦੇ ਹੋਏ ਕਿਹਾ।

"ਰਾਤ ਦੋ ਵਜੇ ਸ਼ਹਿਰ 'ਤੇ ਅਟੈਕ ਹੋਇਆ ਸੀ, ਖਵਰੈ ਸੁੱਤੇ ਪਏ ਹੀ ਰਹਿ ਗਏ ਹੋਣੇ ਬਿਚਾਰਿਆਂ ਦੇ ਬੱਚੇ" ਨਾਲ ਦੇ ਕਰਮਚਾਰੀ ਨੇ ਕਿਹਾ ਅਤੇ ਘੋਰ ਦੁੱਖ ਵਿੱਚ ਸਿਰ ਹਿਲਾਉਂਦੇ ਹੋਏ ਪੂਰਨ ਖੰਨਾ ਨੂੰ ਜੱਫੇ 'ਚ ਭਰ ਕੇ ਫ਼ਰਸ਼ ਤੋਂ ਚੁੱਕਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਪੂਰਾ ਇਲਾਕਾ ਪੂਰਨ ਅਤੇ ਕਨੇਰ ਦੀਆਂ ਧਾਹਾਂ ਨਾਲ ਗਮਗੀਨ ਹੋ ਗਿਆ ਸੀ। ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੂਰਨ ਨੂੰ ਸੌਂਪ ਦਿੱਤੀਆਂ ਗਈਆਂ। ਰੋ-ਰੋ ਦੋਵੇਂ ਪਤੀ-ਪਤਨੀ ਦੀਆਂ ਅੱਖਾਂ ਦਾ ਦਰਿਆ ਸੁੱਕ ਗਿਆ ਸੀ ਅਤੇ ਵੈਣ ਪਾ-ਪਾ ਗਲ ਬੈਠ ਗਿਆ ਸੀ।

ਅਖੀਰਲੀਆਂ ਸਾਰੀਆਂ ਰਸਮਾਂ ਤਾਂ ਕਰਨੀਆ ਹੀ ਸੀ। ਪੂਰਨ ਅਤੇ ਕਨੇਰ ਆਪਣੇ ਤਿੰਨੋਂ ਬੱਚਿਆਂ ਦੀਆਂ ਲ਼ਾਸ਼ਾਂ ਨੂੰ ਢੋਂਹਦੇ ਹੋਏ ਆਪ ਹੀ ਲ਼ਾਸ਼ ਬਣ ਗਏ ਜਾਪਦੇ ਸੀ।

.....ਵਕਤ ਆਪਣੀ ਚਾਲ ਤੁਰਨ ਲੱਗ ਪਿਆ। ਹਾਲਾਤ ਕੁਝ ਠੰਡੇ ਹੋਏ ਅਤੇ ਪੂਰਨ ਦੇ ਘਰ ਦੀ ਮੁਰੰਮਤ ਕਰਕੇ ਪਤੀ-ਪਤਨੀ ਨੂੰ ਆਪਦੇ ਘਰ ਵਾਪਸ ਭੇਜ ਦਿਤਾ ਗਿਆ।

"ਕਨੇਰ, ਮੇਰਾ ਜਿਗਰਾ ਨਹੀਂ ਪੈਂਦਾ ਹੁਣ ਇਸ ਘਰ ਵਿੱਚ ਰਹਿਣ ਦਾ...।" ਅੱਖਾਂ ਦੇ ਹੜ੍ਹ ਨੂੰ ਪਰਨੇ ਨਾਲ ਪੂੰਝਦੇ ਹੋਏ ਪੂਰਨ ਨੇ ਆਪਣੀ ਘਰਵਾਲੀ ਨੂੰ ਕਿਹਾ, "ਇਹੀ ਘਰ ਹੁਣ ਖਾਣ ਆਇਆ ਕਰੂਗਾ!"

"ਕਿੱਥੇ ਜਾਵਾਂਗੇ ਇਸ ਉਮਰੇ? ਇੱਥੇ ਘੱਟੋ ਘੱਟ ਆਪਣੇ ਬੱਚਿਆਂ ਦੀਆਂ ਯਾਦਾਂ ਹੀ ਮੈਨੂੰ ਜਿਉਂਦਾ ਰੱਖ ਸਕਦੀਆਂ ਨੇ, ਇਸ ਵਿਹੜ੍ਹੇ ਵਿੱਚ ਮੇਰੇ ਲਾਲ ਇੱਕ-ਇੱਕ ਦਿਨ ਵੱਡੇ ਹੋਏ ਸੀ....।" ਆਖਦੇ ਹੋਏ ਕਨੇਰ ਬਿਰਹੋਂ ਵਿੱਚ ਭਿੱਜ ਕੇ ਆਪਣੇ ਸਿਰ ਨੂੰ ਗੋਡਿਆਂ ਵਿੱਚ ਰੱਖ ਸੁਬਕਣ ਲੱਗ ਪਈ।

"ਮੈਨੂੰ ਵੀ 'ਮੇਰੇ ਸ਼ੇਰ' ਇੱਧਰ ਉਧਰ ਦੌੜਦੇ ਦਿਖਦੇ ਨੇ!" ਦੁੱਖ ਨਾਲ ਖਿੱਲਰੀ ਕਨੇਰ ਨੂੰ ਪੂਰਨ ਨੇ ਹਿੱਕ ਨਾਲ ਲਾ ਲਿਆ। ਜਿਵੇਂ ਆਪਣੇ ਆਪ ਨੂੰ ਹੀ ਤਸੱਲੀ ਦੇ ਰਿਹਾ ਹੋਵੇ।

.....ਵਕਤ ਬੜਾ ਬਲਵਾਨ ਹੁੰਦਾ ਹੈ। ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ। ਪਰ ਕੁਝ ਜ਼ਖਮ ਭਰਦੇ ਨਹੀਂ, ਪਰੰਤੂ ਖਰੀਂਢ ਬਣ ਢਕੇ ਜ਼ਰੂਰ ਜਾਂਦੇ ਹਨ। ਯਾਦਾਂ ਨੂੰ ਕਲੇਜੇ ਨਾਲ ਲਾਏ ਇੱਕ ਸਾਲ ਹੋ ਚੱਲਿਆ ਸੀ। ਪਰ ਅਜੇ ਵੀ ਕੱਲ੍ਹ ਹੀ ਵਾਪਰਿਆ ਹਾਦਸਾ ਲੱਗਦਾ ਸੀ। ਇੱਕ ਗੱਲ ਪੂਰਨ ਦੇ ਦਿਮਾਗ 'ਤੇ ਬੁਰੀ ਤਰ੍ਹਾਂ ਘਰ ਕਰ ਗਈ ਸੀ ਕਿ ਮੁਸਲਮਾਨਾਂ ਕਰਕੇ ਮੇਰੇ ਬੱਚੇ ਮਰੇ ਹਨ। ਹੁਣ ਓਹ ਮੁਸਲਮਾਨਾਂ ਤੋ ਬਹੁਤ ਨਫ਼ਰਤ ਕਰਨ ਲੱਗ ਪਿਆ ਸੀ। ਉਹ ਗੱਲ-ਗੱਲ 'ਤੇ ਨਸਲੀ ਗਾਲਾਂ ਕੱਢਦਾ ਅਤੇ ਖਿਝਦਾ।

"ਤੁਸੀ ਆਪਣੀ ਸੋਚ ਨੂੰ ਠੱਲ੍ਹ ਪਾਓ। ਓਹ ਪਾਕਿਸਤਾਨੀ ਲੋਕਾਂ ਦਾ ਹਮਲਾ ਸੀ। ਆਪਣੇ ਆਲੇ ਦੁਆਲੇ ਵੀ ਤੇ ਮੁਸਲਮਾਨ ਰਹਿੰਦੇ ਹਨ। ਸਾਰੇ ਚੰਗੇ ਲੋਕ ...।" ਕਨੇਰ ਕਿਸੇ ਭਵਿੱਖੀ ਡਰ ਤੋਂ ਸ਼ੰਕਿਤ ਹੋ ਕੇ ਬੋਲ ਰਹੀ ਸੀ।

"ਤੂੰ ਚੁੱਪ ਕਰ....! ਪਾਕਿਸਤਾਨ ਮੁਸਲਿਮ ਦੇਸ਼ ਹੀ ਤੇ ਹੈ, ਜੇ ਮੈਂ ਅੱਜ ਲ਼ਾਸ਼ ਬਣਿਆਂ ਫਿਰਦਾ ਹਾਂ ਤਾਂ ਇਹਨਾਂ ਦੀ ਹੀ ਦੇਣ ਹੈ।" ਆਪਣੀ ਪਤਨੀ ਦੀ ਗੱਲ ਵਿੱਚੋਂ ਹੀ ਕੱਟਦੇ ਹੋਏ ਪੂਰਨ ਨੇ ਰੋਸਾ ਕੀਤਾ।

"ਨਫ਼ਰਤ ਪਾਲ ਕੇ ਗੁਜਰ ਨਹੀਂ ਹੁੰਦੀ .... ਤੁਸੀ ਹੁਣ  ਦੁਆ ਸਲਾਮ ਦਾ ਵੀ ਜਵਾਬ ਨਹੀਂ ਦਿੰਦੇ ਕਿਸੇ ਨੂੰ।" ਕਨੇਰ ਕੁਝ ਪ੍ਰੇਸ਼ਾਨ ਵੀ ਸੀ ਕਿਉਂਕਿ ਸਾਰੀ ਉਮਰ ਨਿਕਲ ਗਈ ਇਹਨਾਂ ਲੋਕਾਂ ਵਿੱਚ ਵਿਚਰਦੇ ਹੋਏ।

"ਮੇਰਾ ਵੱਸ ਚੱਲੇ ਤੇ ਇੱਕ-ਇੱਕ ਨੂੰ ਮੁਲਕੋਂ ਬਾਹਰ ਕੱਢ ਦਿਆਂ... ਮੇਰਾ ਵਿਹੜਾ ਸੁੰਨਮ ਸੁੰਨਾ ਕਰ ਕੇ ਕੀ ਮਿਲ ਗਿਆ ਇਹਨਾਂ ਨੂੰ? ਮਿਲ ਗਿਆ ਕਸ਼ਮੀਰ? ਹੋ ਗਿਆ ਅਜ਼ਾਦ? ....ਹਾਏ ਓ... ਮੇਰੇ ਲਾਲ, ਮੇਰੇ ਸ਼ੇਰ, ਮੇਰੇ ਬੱਚੇ... ਮੈਨੂੰ ਮਾਰ ਦਿੰਦੇ ਬੰਬ ਜੋ ਮਾਰਨਾ ਸੀ... ਓਏ ਜ਼ਾਲਮੋਂ....!" ਪੂਰਨ ਖੰਨਾ ਧਾਹਾਂ ਮਾਰ ਉਚੀ-ਉਚੀ ਰੋਣ ਲੱਗ ਪਿਆ। ਕਨੇਰ ਨੂੰ ਪੂਰਨ ਦੇ ਅੰਦਰ ਦੱਬੇ ਗ਼ਮ ਦੇ ਫ਼ਟ ਜਾਣ ਦਾ ਪੂਰਾ ਯਕੀਨ ਸੀ।

"ਤੁਸੀਂ ਅੱਗੇ ਰੋਜ਼ ਗੁਰੁਦੁਆਰੇ ਜਾਂਦੇ ਸੀ, ਹੁਣ ਕਾਹਤੋਂ ਜਾਣਾ ਛੱਡ ਦਿੱਤਾ, ਗੁਰੂ ਘਰ ਜਾਇਆ ਕਰੋ, ਤੁਹਾਡਾ ਮਨ ਟਿਕੂਗਾ!" ਪਤਨੀ ਉਸ ਲਈ ਚਿੰਤਤ ਸੀ।

-"ਮੈਂ ਨੀ ਜਾਣਾ ਕਿਤੇ!" ਉਹ ਅੱਕਿਆ ਹੋਇਆ ਬੋਲਿਆ, "ਤੂੰ ਚੁੱਪ ਰਿਹਾ ਕਰ!"
"ਕੀ ਹੋ ਗਿਆ ਅੰਕਲ ਜੀ ਨੂੰ?" ਬੂਹਿਓਂ ਅੰਦਰ ਆਉਂਦੇ ਫ਼ਾਨੀ ਬਾਲਾ ਨੇ ਕਨੇਰ ਨੂੰ ਘਬਰਾ ਕੇ ਪੁੱਛਿਆ। ਫ਼ਾਨੀ ਬਾਲਾ ਨਾਲ ਦੇ ਘਰ ਵਿੱਚ ਰਹਿੰਦੀ ਉਹਨਾਂ ਦੀ ਗੁਆਂਢਣ ਸੀ। ਜਦ ਦਾ ਹਾਦਸਾ ਹੋਇਆ ਸੀ, ਅਕਸਰ ਹੀ ਉਹ ਹਮਦਰਦੀ ਜਤਾਉਣ ਆ ਜਾਂਦੀ।

"ਤੈਨੂੰ ਤੇ ਪਤਾ ਹੀ ਹੈ, ਤੇਰੇ ਅੰਕਲ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ ਹੁਣ ਮੈਂ ਇਹਨਾਂ ਦੀ ਚਿੰਤਾ 'ਚ ਘੁਲੀ ਜਾ ਰਹੀ ਹਾਂ!" ਕਨੇਰ ਨੇ ਪਾਣੀ ਪੂਰਨ ਦੇ ਮੂੰਹ ਨੂੰ ਲਾਉਂਦੇ ਹੋਏ ਕਿਹਾ ਅਤੇ ਪੂਰਨ ਦੇ ਲੱਕ ਤੇ ਹੱਥ ਫੇਰਨ ਲੱਗ ਪਈ।

"ਕੱਲ੍ਹ ਤੁਸੀ ਦੋਵੇ ਮੇਰੇ ਨਾਲ ਚੱਲਿਓ, ਮੈਂ ਦਿਖਾਵਾਂਗੀ ਤੁਹਾਨੂੰ ਜ਼ਿੰਦਗੀ ਦਾ ਦੂਸਰਾ ਰੂਪ ... ਨੌਂ ਵਜੇ ਮੈਂ ਤੁਹਾਨੂੰ ਲੈਣ ਆਉਗੀਂ!" ਫ਼ਾਨੀ ਬਾਲਾ ਉਹਨਾਂ ਦੀ ਮੱਦਦ ਕਰਨਾ ਚਾਹੁੰਦੀ ਸੀ। ਅਗਲੇ ਦਿਨ ਸਵੇਰੇ ਫ਼ਾਨੀ ਬਾਲਾ ਆ ਗਈ ਅਤੇ ਪੂਰਨ ਖੰਨਾ ਤੇ ਕਨੇਰ ਖੰਨਾ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਇੱਕ ਅਨਾਥ ਆਸ਼ਰਮ ਵਿੱਚ ਜਿੱਥੇ ਉਹ ਕੰਮ ਕਰਦੀ ਸੀ।

"ਆਹ ਇੱਕ ਇੰਜ ਤਰ੍ਹਾਂ ਦੀ ਦੁਨੀਆਂ ਹੈ, ਜਿਸ ਦਾ ਹਿੱਸਾ ਸਭ ਨੂੰ ਬਣਨਾ ਚਾਹੀਦਾ ਹੈ, ਇੱਥੇ ਉਹ ਅਨਾਥ ਬੱਚੇ ਨੇ, ਜਿੰਨ੍ਹਾਂ ਨੂੰ ਮਾਂ-ਪਿਉ ਦੇ ਪਿਆਰ ਦੀ ਘਾਟ ਹੈ ਅਤੇ ਮੇਰੇ-ਤੁਹਾਡੇ ਵਰਗੇ ਆ ਕੇ ਪਿਆਰ ਦੀ ਮੱਲ੍ਹਮ ਲਾ ਇਹਨਾਂ ਦੇ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਜੀਣ ਲਈ ਨਵੀਂ ਆਸ ਦੀ ਬਾਂਹ ਫੜਾਉਂਦੇ ਹਨ।" ਫ਼ਾਨੀ ਬਾਲਾ ਕੋਲ ਬਿਆਨ ਕਰਨ ਲਈ ਬਹੁਤ ਕੁਝ ਸੀ।

"ਹਾੜ੍ਹੇ ਵੇ ਮੇਰੇ ਡਾਢੇ ਰੱਬਾ, ਕਿਸੇ ਕੋਲੋਂ ਔਲਾਦ ਖੋਹ ਲਈ ਤੇ ਕਿਸੇ ਕੋਲੋ ਮਾਪੇ...?" ਕਨੇਰ ਦੀਆਂ ਅੱਖਾਂ ਭਰ ਆਈਆਂ। ਪੂਰਨ ਅਤੇ ਕਨੇਰ ਬੜੇ ਹੀ ਪਿਆਰ ਨਾਲ ਬੱਚਿਆਂ ਨੂੰ ਮਿਲ ਰਹੇ ਸਨ। ਕੁਝ ਬੱਚੇ ਇਹਨਾਂ ਦੀ ਉਂਗਲ਼ ਫੜ ਕਿਸੇ ਉਮੀਦ ਵਿੱਚ ਨਾਲ ਹੀ ਟਹਿਲਣ ਲੱਗ ਪਏ। ਪੂਰਨ ਅਤੇ ਕਨੇਰ ਹਰ ਮਿੰਟ ਬਾਦ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਲੈਂਦੇ ਸਨ, ਜਿਵੇਂ ਆਪਣੇ ਨਿਆਣਿਆਂ ਨੂੰ ਹੀ ਮਹਿਸੂਸ ਕਰ ਰਹੇ ਹੋਣ।

"ਫ਼ਾਨੀ ਪੁੱਤ, ਸਾਨੂੰ ਐਥੇ ਲਿਆ ਕੇ ਤੂੰ ਬੜਾ ਪੁੰਨ ਦਾ ਕੰਮ ਕੀਤਾ ਹੈ। ਦੁਨੀਆਂ ਵਿੱਚ ਕਿੰਨੇ ਲੋਕਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਹੈ।" ਪੂਰਨ ਨੇ ਫ਼ਾਨੀ ਬਾਲਾ ਦੇ ਸਿਰ 'ਤੇ ਹੱਥ ਰੱਖਦੇ ਹੋਏ ਕਿਹਾ।

"ਹੁਣ ਅਸੀਂ ਜ਼ਰੂਰ ਆਇਆ ਕਰਨਾ ਹੈ ਇਹਨਾਂ ਦੇ ਨਾਲ ਸਮਾਂ ਬਿਤਾਉਣ ਲਈ। ਅਸੀਂ ਇਹਨਾਂ ਦੀ ਮੱਦਦ ਕਰ ਕੇ ਆਪਣੇ ਬੱਚਿਆਂ ਦੀ ਰੂਹ ਨੂੰ ਸਕੂਨ ਦੇ ਸਕਾਂਗੇ।" ਕੋਲ ਖੜ੍ਹੇ ਇੱਕ ਬੱਚੇ ਦੀ ਪਿੱਠ ਸਹਿਲਾਉਦਿਆਂ ਕਨੇਰ ਬੋਲੀ। ਇਹਨਾਂ ਪੂਰਨ ਅਤੇ ਕਨੇਰ ਦੀਆਂ ਮੋਹ ਭਰੀਆ ਗੱਲਾਂ ਸੁਣ ਕੇ ਨੂੰ ਫ਼ਾਨੀ ਬਾਲਾ ਦੀਆਂ ਅੱਖਾਂ ਭਰ ਆਈਆਂ।

"ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣਾ ਨਜ਼ਰੀਆ ਬਦਲਿਆ, ਆਪਣੇ ਦੁੱਖ ਵਿੱਚੋਂ ਨਿਕਲਣ ਲਈ...।" ਕਨੇਰ ਨੇ ਅੱਖਾਂ ਪੂੰਝਦੇ ਹੋਏ ਆਪਣੇ ਪਤੀ ਵੱਲ ਵੇਖ ਕੇ ਰਾਹਤ ਦਾ ਸਾਹ ਲਿਆ। ਬਿਲਕੁਲ ਸੱਚ ਹੈ ਅਗਰ ਤੁਸੀਂ ਆਪਣਾ ਰਾਹ ਬਦਲੋ ਤੇ ਬਹੁਤ ਸਾਰੇ ਹੋਰ ਰਾਹ ਤੁਹਾਡੇ ਲਈ ਖੁੱਲ੍ਹ ਜਾਂਦੇ ਹਨ। ਅਗਲੇ ਹੀ ਦਿਨ ਤੋਂ ਪੂਰਨ ਖੰਨਾ ਅਤੇ ਉਸ ਦੀ ਪਤਨੀ ਕਨੇਰ ਖੰਨਾ ਨਿਰੰਤਰ ਅਨਾਥ ਆਸ਼ਰਮ ਜਾਣ ਲੱਗ ਪਏ। ਯਥਾ ਸੰਭਵ ਆਪਣਾ ਸਮਾਂ ਬੱਚਿਆਂ ਨਾਲ ਬਿਤਾਉਣ ਲੱਗ ਪਏ। ਕਦੇ-ਕਦੇ ਟੋਫ਼ੀਆਂ, ਚਾਕਲੇਟ, ਬਿਸਕੁਟ ਅਤੇ ਖਿਡੌਣੇਂ ਲਿਆ ਬੱਚਿਆਂ ਵਿੱਚ ਵੰਡਦੇ ਸੀ। ਦੋਵੇ ਪਤੀ-ਪਤਨੀ ਔਲਾਦ ਦੀ ਕਮੀ ਕਰਕੇ ਮੋਹ, ਵੈਰਾਗ ਅਤੇ ਪਿਆਰ ਨਾਲ ਭਰੇ ਹੋਏ ਸਨ। ਇਸ ਲਈ ਉਹਨਾਂ ਦਾ ਪਿਆਰ ਕੁਦਰਤੀ ਤੌਰ 'ਤੇ ਅਨਾਥ ਬੱਚਿਆਂ 'ਤੇ ਉਮੜ ਪੈਂਦਾ ਸੀ। ਸ਼ਾਇਦ ਇੰਨੇ ਸੱਚੇ ਮੋਹ ਪਿਆਰ ਕਰਕੇ ਬੱਚੇ ਵੀ ਸਾਰਾ ਦਿਨ ਆਲੇ-ਦੁਆਲੇ ਖੇਡਦੇ, ਖਾਂਦੇ, ਮਿੱਠੀਆਂ-ਪਿਆਰੀਆਂ ਗੱਲਾਂ ਕਰਦੇ। ਪੂਰਨ ਅਤੇ ਕਨੇਰ ਦਾ ਮੰਨ ਪ੍ਰਚਾਉਂਦੇ ਰਹਿੰਦੇ ਸਨ।

...ਵਕਤ ਨੂੰ ਵੀ ਜਿਵੇਂ ਕਲੋਲਾਂ ਕਰਨ ਦੀ ਆਦਤ ਹੁੰਦੀ ਹੈ। ਇੱਕ ਦਿਨ ਘਰ ਮੁੜਦੇ ਹੋਏ ਸੜਕ 'ਤੇ ਪੂਰਨ ਖੰਨਾ ਦੀਆਂ ਅੱਖਾਂ ਸਾਹਮਣੇ ਇੱਕ ਕਾਰ ਇੱਕ ਨੌਜਵਾਨ ਨੂੰ ਟੱਕਰ ਮਾਰ ਭੱਜ ਗਈ। ਪੂਰਨ ਨੇ ਬਥੇਰਾ ਰੌਲਾ ਪਾਇਆ, ਪਰ ਕਾਰ ਨਾ ਰੁਕੀ ਅਤੇ ਫੱਟੜ ਹੋਇਆ ਨੌਜਵਾਨ ਬੇਹੋਸ਼ ਹੋ ਗਿਆ। ਜ਼ਖਮੀਂ ਨੌਜਵਾਨ ਦੇ ਕੋਈ ਨਜ਼ਦੀਕ ਨਹੀਂ ਸੀ ਫਟਕ ਰਿਹਾ। ਪੂਰਨ ਨੂੰ ਉਸ ਨੌਜਵਾਨ ਵਿੱਚੋਂ ਜ਼ਖਮੀ ਹੋਇਆ ਆਪਣਾ ਪੁੱਤ ਪ੍ਰਤੱਖ ਦਿਸ ਰਿਹਾ ਸੀ। ਪੂਰਨ ਖੰਨਾ ਨੇ ਬੜੀ ਮੁਸ਼ਕਲ ਨਾਲ ਇੱਕ ਵੈਨ ਰੁਕਵਾਈ ਅਤੇ ਉਸ ਨੌਜਵਾਨ ਨੂੰ ਦੋ ਲੋਕਾਂ ਦੀ ਮੱਦਦ ਨਾਲ ਜੱਫੇ ਵਿੱਚ ਲੈ ਕੇ ਵੈਨ ਵਿੱਚ ਬੈਠ, ਹਸਪਤਾਲ ਵੱਲ ਟੁਰ ਪਿਆ....।

"ਤੁਸੀ ਲਵੋਗੇ ਇਸ ਕੇਸ ਦੀ ਜ਼ਿਮੇਵਾਰੀ?" ਰਿਸੈਪਸ਼ਨ ਤੋਂ ਇੱਕ ਬੀਬੀ ਬੋਲੀ।
"ਜਦ ਲੈ ਕੇ ਆਇਆ ਹਾਂ, ਤਾਂ ਹੁਣ ਮਰਨ ਲਈ ਤੇ ਨਹੀਂ ਛੱਡ ਸਕਦਾ, ਮੈਂ ਲਊਂਗਾ ਜਿੰਮੇਵਾਰੀ।" ਪੂਰਨ ਕਾਫ਼ੀ ਸਾਰੇ ਸਵਾਲਾਂ ਨੂੰ ਪੁੱਛੇ ਜਾਣ 'ਤੇ ਖਿਝ ਗਿਆ ਸੀ।

ਸਾਰੀ ਕਾਰਵਾਰੀ ਪੂਰੀ ਹੋਣ ਬਾਅਦ ਨੌਜਵਾਨ ਓਪਰੇਸ਼ਨ ਥੀਏਟਰ  ਵਿੱਚ ਲੈ ਜਾਇਆ ਗਿਆ।
ਕੁਝ ਘੰਟੇ ਦੀ ਜੱਦੋਜਹਿਦ ਬਾਅਦ ਪੂਰਨ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਇੱਕ ਨਰਸ ਨੇ ਆ ਕੇ ਕਿਹਾ।

"ਮੇਰਾ ਖੂਨ ਚੈਕ ਕਰੋ, ਸ਼ਾਇਦ ਮੈਚ ਹੋ ਜਾਏ?" ਪੂਰਨ ਨੇ ਉਸ ਅਣਜਾਣੇ ਨੌਜਵਾਨ ਦੀ ਜਾਨ ਬਚਾਉਣ ਦੀ ਜਿਵੇਂ ਸੌਂਹ ਖਾ ਲਈ ਸੀ। ਵਾਹ ਐ ਕੁਦਰਤ! ਪੂਰਨ ਦਾ ਖੂਨ ਗਰੁੱਪ ਫੱਟੜ ਨੌਜਵਾਨ ਦੇ ਖੂਨ ਨਾਲ ਮੈਚ ਹੋ ਗਿਆ। ਪੂਰਨ ਖੰਨਾ ਨੂੰ ਲਿਟਾ ਦਿੱਤਾ ਗਿਆ। ਓਸ ਵੇਲੇ ਤੱਕ ਕਨੇਰ ਵੀ ਹਸਪਤਾਲ ਪਹੁੰਚ ਗਈ ਸੀ।

"ਮੈਂ ਪੂਰਨ ਖੰਨਾ ਦੀ... ਪਤਨੀ ਹਾਂ, ....ਮੇ... ਮੇਹਰਬਾਨੀ ਕਰ ਮੈਨੂੰ ਉਹਨਾਂ ਤਿਕ ਲੈ ਚੱਲੋ...।" ਕਨੇਰ ਦਾ ਘਬਰਾਹਟ ਕਰਕੇ ਸਾਹ ਠੀਕ ਨਹੀ ਸੀ ਚੱਲ ਰਿਹਾ। ...."ਆਹ ਲਵੋ ਇਸ ਕੇਸ ਦੇ ਪੈਸੇ...।" ਝੋਲੇ ਵਿੱਚੋ ਕੱਢ ਕੇ ਪੈਸੇ ਕਨੇਰ ਨੇ ਡੈਸਕ ਤੇ ਰੱਖ ਦਿੱਤੇ। ਪੰਜ ਕੁ ਮਿੰਟ ਬਾਅਦ ਨਰਸ ਕਨੇਰ ਖੰਨਾ ਨੂੰ ਨਾਲ ਲੈ ਟੁਰੀ ਅਤੇ ਇੱਕ ਕਮਰੇ ਦੇ ਬੂਹੇ ਅੱਗੇ ਰੁਕ ਗਈ।

ਆਹ ਕੀ ਦੇਖ ਰਹੀ ਸੀ ਕਨੇਰ... ਇੱਕ ਬੈੱਡ 'ਤੇ ਉਸ ਦਾ ਪਤੀ ਪੂਰਨ ਪਿਆ ਸੀ ਅਤੇ ਦੂਜੇ ਬੈੱਡ 'ਤੇ ਇੱਕ ਫੱਟੜ ਨੌਜਵਾਨ... ਅਤੇ.... ਅਤੇ ਉਹਨਾਂ ਦੋਹਾਂ ਨੂੰ ਖੂਨ ਦੀਆਂ ਨਾਲੀਆਂ ਨੇ ਜੋੜਿਆ ਹੋਇਆ ਸੀ। ਕਨੇਰ ਨੂੰ ਇੱਕ ਪਲ ਜਾਪਿਆ, ਜਿਵੇਂ ਉਹ ਨੌਜਵਾਨ ਉਸ ਦਾ ਆਪਣਾ ਪੁੱਤ ਹੀ ਹੈ, ਜਿਸ ਦੀਆਂ ਨਾੜਾਂ ਵਿੱਚ ਆਪਣੇ ਪਤੀ ਪੂਰਨ ਦਾ ਖੂਨ ਜਾਂਦਾ ਵੇਖ ਰਹੀ ਸੀ। ਕਨੇਰ ਭਰੀਆਂ ਅੱਖਾਂ ਨਾਲ ਨੌਜਵਾਨ ਦੇ ਕੋਲ ਗਈ ਅਤੇ ਸਿਰ 'ਤੇ ਹੱਥ ਫੇਰ ਕੇ ਉਸ ਨੌਜਵਾਨ ਦੇ ਮੁੱਖ ਨੂੰ ਬੜੇ ਗੌਰ ਨਾਲ ਵੇਖਣ ਲੱਗ ਪਈ। ਕੁਝ ਪਲਾਂ ਬਾਅਦ ਆਪਣੇ ਪਤੀ ਪੂਰਨ ਕੋਲ ਸਟੂਲ ਲੈ ਕੇ ਬੈਠ ਗਈ।

"ਅਸੀ ਕਿਸ ਖੂਨ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਹਾਂ...? ਅੱਜ ਤੋਂ ਬਾਅਦ ਇਸ ਅਣਜਾਣੇ ਨੌਜਵਾਨ ਦੇ ਸਰੀਰ ਵਿੱਚ ਮੇਰੇ ਪਤੀ ਦਾ ਖੂਨ ਸਦਾ ਲਈ ਘੁਲ ਜਾਣਾਂ ਹੈ, ਭਾਵੇਂ ਮੈਂ ਇਸ ਨੂੰ ਜਨਮ ਨਹੀਂ ਦਿੱਤਾ ....ਸੰਸਾਰ ਵਿੱਚ ਖੂਨ ਦੇ ਰਿਸ਼ਤੇ...।" ਕਨੇਰ ਆਪਣੀ ਸੋਚ ਵਿੱਚ ਕਿਤੇ ਗਹਿਰੇ ਉਤਰ ਗਈ ਸੀ। ਪਤੀ ਦੀ ਕਰਾਹੁੰਣ ਨਾਲ ਸੋਚ ਦੇ ਖੂਹ ਵਿੱਚੋਂ ਬਾਹਰ ਆਈ।

"ਕੀ ਹੋਇਆ? ਮੈਂ ਨਰਸ ਬੁਲਾਵਾਂ?" ਕਨੇਰ ਨੇ ਪਤੀ ਨੂੰ ਪੁੱਛਿਆ।

"ਨਹੀਂ!! ਮੈਂ ਠੀਕ ਹਾਂ... ਆਹ ਤੇ ਮੇਰੇ ਅੰਦਰਲੇ ਜ਼ਖਮਾ ਦੀ ਪੀੜ ਹੈ।" ਆਪਣਾ ਹੌਸਲਾ ਬਰਕਰਾਰ ਰੱਖਦਿਆਂ ਪੂਰਨ ਨੇ ਕਿਹਾ। ਤੁਪਕਾ-ਤੁਪਕਾ ਕਰਕੇ ਸਾਰੀ ਖੂਨ ਦੀ ਬੋਤਲ ਪੂਰਨ ਖੰਨਾ ਦੀਆਂ ਨਾੜਾਂ ਵਿੱਚੋਂ ਇਸ ਫੱਟੜ ਨੌਜਵਾਨ ਦੀਆਂ ਨਾੜਾਂ ਵਿੱਚ ਜਾ ਇੱਕ-ਮਿੱਕ ਹੋ ਚੁੱਕੀ ਸੀ।

"ਸ਼ਾਮ ਨੂੰ ਤੁਸੀਂ ਆਪਣੇ ਘਰ ਜਾ ਸਕਦੇ ਹੋ, ਅਸੀ ਇਸ ਮਰੀਜ਼ ਦੇ ਹੋਸ਼ ਆਉਣ 'ਤੇ ਇਸ ਦੇ ਪਰਿਵਾਰ ਨੂੰ ਬੁਲਾ ਲਵਾਂਗੇ, ਖੂਨ ਦੇਣ ਕਰਕੇ ਤੁਹਾਨੂੰ ਅਰਾਮ ਦੀ ਜ਼ਰੂਰਤ ਹੈ, ਰਿਸੈਪਸ਼ਨ ' ਤੇ ਆਪਣਾ ਪੂਰਾ ਪਤਾ ਦੇ ਦਵੋ, ਜੇ ਲੋੜ ਹੋਈ ਤੇ ਤੁਹਾਨੂੰ ਬੁਲਾ ਸਕਦੇ ਹਾਂ।" ਹਸਪਤਾਲ ਦੀ ਕਾਰਵਾਈ ਨੂੰ ਜਾਰੀ ਰੱਖਦਿਆਂ ਨਰਸ ਨੇ ਕਿਹਾ।

ਕਨੇਰ ਨੂੰ ਪੂਰਨ ਦੀ ਸਿਹਤ ਦਾ ਫ਼ਿਕਰ ਸੀ। ਜਲਦੀ ਹੀ ਸਾਰੀ ਕਾਰਵਾਈ ਪੂਰੀ ਕਰ ਕਨੇਰ ਟੈਕਸੀ ਕਰ ਉਸ ਨੂੰ ਲੈ ਘਰ ਆ ਗਈ ਅਤੇ ਅਗਲੇ ਹੀ ਦਿਨ ਤੋਂ ਪੂਰਨ ਦੇ ਖਾਣ-ਪਾਣ ਦਾ ਖਿਆਲ਼ ਕਰਨ ਲੱਗ ਪਈ।

....ਕੁਝ ਦਿਨ ਦੇ ਇਲਾਜ ਤੋਂ ਬਾਅਦ ਨੌਜਵਾਨ ਠੀਕ ਹੋ ਗਿਆ ਅਤੇ ਰਿਸੈਪਸ਼ਨ  ਤੋਂ ਪੂਰਨ ਖੰਨਾ ਦੇ ਘਰ ਦਾ ਪਤਾ ਲੈ ਕੇ ਆਪਣੇ ਪਰਿਵਾਰ ਨਾਲ ਛੁੱਟੀ ਲੈ ਹਸਪਤਾਲ ਤੋਂ ਚਲਾ ਗਿਆ।

ਅੱਜ ਵੀਹ ਕੁ ਦਿਨ ਹੋ ਗਏ ਸੀ। ਕਨੇਰ ਆਪਣੇ ਪਤੀ ਪੂਰਨ ਨਾਲ ਉਸ ਨੌਜਵਾਨ ਦੀਆਂ ਗੱਲਾਂ ਕਰ ਰਹੀ ਸੀ ਕਿ ਅਚਾਨਕ ਦਰਵਾਜ਼ੇ 'ਤੇ ਦਸਤਕ ਹੋਈ। ਇੱਕ ਨੌਜਵਾਨ ਇੱਕ ਬੁੱਢੇ ਨਾਲ, ਜਿਹੜਾ ਦੇਖਣ ਤੋਂ ਮੁਸਲਿਮ ਲੱਗਦਾ ਸੀ, ਨੇ ਅਵਾਜ਼ ਮਾਰੀ, "ਘਰ ਕੋਈ ਹੈ ?" ਅਵਾਜ਼ ਸੁਣ ਕੇ ਕਨੇਰ ਨੇ ਤੁਰੰਤ ਦਰਵਾਜਾ ਜਾ ਖੋਲ੍ਹਿਆ। ਦੇਖਣ ਸਾਰ ਕਨੇਰ ਪਹਿਚਾਣ ਗਈ ਇਹ ਤਾਂ ਹਸਪਤਾਲ ਵਾਲਾ ਓਹੀ ਫੱਟੜ ਨੌਜਵਾਨ ਹੈ।

"ਬੈਠੋ ਮੈਂ ਇਹਨਾਂ ਨੂੰ ਬੁਲਾਉਨੀ ਆਂ।" ਕਨੇਰ ਨੇ ਕੁਰਸੀ ਵੱਲ ਇਸ਼ਾਰਾ ਕਰਕੇ ਕਿਹਾ। ਦੂਜੇ ਕਮਰੇ ਵਿੱਚੋਂ ਪੂਰਨ ਆਪ ਹੀ ਬਾਹਰ ਨਿਕਲ ਡਰਾਇੰਗ ਰੂਮ  ਵਿੱਚ ਆ ਗਿਆ। ਉਸ ਨੂੰ ਦੇਖ ਕੇ ਨੌਜਵਾਨ ਅਤੇ ਉਸ ਦਾ ਅੱਬੂ ਅਦਬ ਵਿੱਚ ਹੱਥ ਜੋੜ ਕੇ ਖੜ੍ਹੇ ਹੋ ਗਏ।

"ਸਲਾਮ ਅੰਕਲ, ਮੈਂ ਅੱਬਾਸ ਖ਼ਾਨ ਹਾਂ, ਜਿਸ ਦੀ ਤੁਸੀਂ ਜਾਨ ਬਚਾਈ ਸੀ।" ਸ਼ੁਕਰਾਨੇਂ ਵਜੋਂ ਅੱਬਾਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਝੁਕ ਕੇ ਪੂਰਨ ਦੇ ਪੈਰ ਛੂਹੇ ਅਤੇ ਹੱਥ 'ਚ ਫੜਿਆ ਫੁੱਲਾਂ ਦਾ ਗੁਲਦਸਤਾ ਪੂਰਨ ਦੇ ਪੈਰਾਂ 'ਤੇ ਰੱਖ ਦਿੱਤਾ। ਪਰ ਪੂਰਨ ਉਸ ਦਾ ਨਾਮ ਸੁਣ ਕੇ ਸੁੰਨ ਹੋ ਗਿਆ ਅਤੇ "ਆਸ਼ੀਰਵਾਦ" ਸ਼ਬਦ ਨਹੀਂ ਬੋਲ ਸਕਿਆ। ਉਸ ਦੇ ਦਿਮਾਗ ਵਿੱਚ ਬੰਬ ਚੱਲੀ ਜਾ ਰਹੇ ਸਨ....

"ਮੈਂ ....ਮੈਂ ਇੱਕ ਮੁਸਲਮਾਨ ਨੂੰ ਬਚਾਇਆ ਹੈ? ਇਸ ਨੂੰ ਆਪਣਾ ਖੂਨ ਦਿੱਤਾ ਹੈ? ਇਹਨਾਂ ਨੇ ਤਾਂ ਮੇਰਾ ਘਰ ਉਜਾੜਿਆ ਹੈ... ਪਤਾ ਹੁੰਦਾ ਤਾਂ ਸੜਕ 'ਤੇ ਹੀ ਮਰਨ ਲਈ ਪਿਆ ਰਹਿਣ ਦਿੰਦਾ...।" ਪੂਰਨ ਨੇ ਪੈਰਾਂ 'ਤੇ ਰੱਖੇ ਫ਼ੁੱਲਾਂ ਨੂੰ ਠੁੱਡ ਮਾਰ ਦੂਰ ਉਡਾ ਦਿੱਤਾ ਅਤੇ ਜਿਸ ਕਮਰੇ ਵਿੱਚੋਂ ਆਇਆ ਸੀ, ਅਵਾ-ਤਵਾ ਬੋਲਦਾ ਓਸੇ ਕਮਰੇ ਵਿੱਚ ਮੁੜ ਗਿਆ।

ਅੱਬਾਸ ਨੂੰ ਕੁਝ ਸਮਝ ਨਹੀਂ ਆਇਆ ਸੀ। ਅੱਬਾਸ ਦੇ ਪਿਉ ਦੇ ਮੱਥੇ ਉਰ ਨਿਰਾਸ਼ਾ ਫ਼ੈਲ ਗਈ। ਰੋਂਦੀ ਕਨੇਰ ਦੇ ਕੋਲ ਜਾ ਕੇ ਅੱਬਾਸ ਨੇ ਹੱਥ ਜੋੜੇ ਅਤੇ ਆਪਣੀ ਗਲਤੀ ਪੁੱਛੀ। ਕਨੇਰ ਨੇ ਲੰਬੀ ਕਹਾਣੀ ਨੂੰ ਛੋਟਾ ਕਰ ਪੂਰਨ ਖੰਨਾ ਦੀ ਨਫ਼ਰਤ ਦਾ ਅਸਲ ਕਾਰਣ ਦੱਸਿਆ। ਆਪਣੀ ਦੁੱਖਦੀ ਰਗ ਨੂੰ ਛੇੜ ਕੇ ਕਨੇਰ ਗਹਿਰੇ ਦੁੱਖ ਨਾਲ ਭਰ ਗਈ। ਅੱਬਾਸ ਸਾਰੀ ਕਹਾਣੀ ਸਮਝ ਗਿਆ ਅਤੇ ਪੂਰੀ ਹਮਦਰਦੀ ਨਾਲ ਭਰ ਵੀ ਗਿਆ ਸੀ। ਅੱਬਾਸ ਦਾ ਪਿਉ ਪੂਰਨ ਦੇ ਦੁੱਖ ਨੂੰ ਚੰਗੀ ਤਰ੍ਹਾਂ ਬੁੱਝ ਗਿਆ ਸੀ, ਇਸ ਲਈ ਉਸ ਨੇ ਅੱਬਾਸ ਦੇ ਮੋਢੇ ਨੂੰ ਘੁੱਟ ਕੇ ਅੱਗੇ ਵਧਣ ਦਾ ਇਸ਼ਾਰਾ ਕੀਤਾ।

"ਮੈਂ ਆਪ ਦੀ ਔਲਾਦ ਤਾਂ ਵਾਪਿਸ ਨਹੀਂ ਲਿਆ ਸਕਦਾ, ਪਰ ਮੇਰੇ ਸਿਰ 'ਤੇ ਤੁਸੀਂ ਰਹਿਮਤ ਦਾ ਹੱਥ ਰੱਖੋ, ਤਾਂ ਮੈਂ ਪੁੱਤ ਹੋਣ ਦਾ ਫ਼ਰਜ਼ ਨਿਭਾਉਣਾ ਚਾਹੁੰਦਾ ਹਾਂ...।" ਕਨੇਰ ਦੀਆਂ ਅੱਖਾਂ ਤੋਂ ਹੰਝੂ ਪੂੰਝਦੇ ਹੋਏ ਅੱਬਾਸ ਨੇ ਕਿਹਾ। ਕਨੇਰ ਖ਼ਾਮੋਸ਼ੀ ਨਾਲ ਪੂਰਨ ਦੇ ਕਮਰੇ ਵੱਲ ਦੇਖਣ ਲੱਗ ਪਈ। ਅੱਬਾਸ ਪੂਰਨ ਖੰਨਾ ਦੇ ਕਮਰੇ ਵੱਲ ਟੁਰ ਪਿਆ।

"ਦਫ਼ਾ ਹੋ ਜਾ ਮੇਰੇ ਘਰੋਂ...।" ਪੂਰਨ ਨੇ ਦਹਾੜ ਮਾਰੀ ਤੇ ਅੱਬਾਸ ਆਪਣੇ ਗੋਡੇ ਟੇਕ ਕੇ ਜ਼ਮੀਨ 'ਤੇ ਹੀ ਬੈਠ ਗਿਆ ਅਤੇ ਹੰਝੂ ਭਰ ਕੇ ਪੂਰਨ ਦੇ ਦੁੱਖ ਵਿੱਚ ਸਾਂਝ ਪਾਉਣ ਲੱਗਾ।

ਪੂਰਨ ਨੇ ਕਾਫ਼ੀ ਬੋਲ-ਕੁਬੋਲ ਕਰ ਕੇ ਅੱਬਾਸ ਨੂੰ ਜ਼ਲੀਲ ਕੀਤਾ। ਅਖੀਰ ਜਦ ਪੂਰਨ ਖੰਨਾ ਦੇ ਸ਼ਾਂਤ ਹੋਣ ਤੋਂ ਬਾਦ ਅੱਬਾਸ ਨੇ ਬੋਲਣ ਲਈ ਆਪਣੀ ਜ਼ੁਬਾਨ ਖੋਲੀ, "ਤੁਸਾਂ ਮੇਰੇ ਅੰਕਲ ਨਹੀਂ, ਹੁਣ ਤੁਸਾਂ ਮੇਰੇ ਅੱਬੂ ਜਾਨ ਹੋ! ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ ਤੇ "ਖੂਨ ਦਾ ਰਿਸ਼ਤਾ" ਬਣਦਾ ਹੈ, ਤੁਸਾਂ ਵੀ ਆਪਣਾਂ ਖੂਨ ਦੇ ਕੇ ਮੈਨੂੰ ਜੀਵਨ ਦਾਨ ਦਿੱਤਾ ਹੈ ... ਆਪ ਦਾ ਖੂਨ ਮੇਰੀਆਂ ਰਗਾਂ ਵਿੱਚ ਹੈ, ਅਗਰ ਹੁਣ ਤੁਸਾਂ ਕੱਢ ਸਕਦੇ ਹੋ, ਤੇ ਕੱਢ ਲਵੋ...।" ਅੱਬਾਸ ਬਹੁਤ ਭਾਵੁਕ ਹੋ ਕੇ ਪੂਰਨ ਖੰਨਾ ਦੇ ਪੈਰਾਂ 'ਤੇ ਡਿੱਗਿਆ ਵੈਰਾਗਮਈ ਬੋਲ ਰਿਹਾ ਸੀ।

"ਤੇਰੇ ਮਰਨ ਨਾਲ ਮੇਰਾ ਖੂਨ ਵਾਪਸ ਮਿਲ ਜਾਏਗਾ ... ਸਮਝਿਆ ਤੂੰ?" ਪੂਰਨ ਨੂੰ ਅਜੇ ਵੀ ਆਪਣਾ ਖੂਨ ਮੁਸਲਮਾਨ ਨੂੰ ਦੇਣ ਦਾ ਦੁੱਖ ਸੀ।

"ਅਗਰ ਮੇਰੀ ਜਾਨ ਲੈਣ ਨਾਲ ਆਪ ਦੀ ਔਲਾਦ ਵਾਪਸ ਆਉਦੀਂ ਹੈ, ਤੇ ਜ਼ਰੂਰ ਲੈ ਲਵੋ... ਤੁਸਾਂ ਹੀ ਇਸ ਜਾਨ ਨੂੰ ਬਚਾਇਆ ਹੈ... ਤੁਸਾਂ ਮੇਰੇ ਅੱਬੂ ਜਾਨ ਹੋ ਹੁਣ...।" ਅੱਬਾਸ ਦੇ ਨਾਲ ਉਸ ਦੇ ਆਪਣੇ ਪਿਉ ਦੀਆਂ ਅੱਖਾਂ ਵੀ ਜਾਰੋ-ਜਾਰ ਰੋ ਰਹੀਆਂ ਸਨ। ਪੂਰਨ ਖੰਨਾ ਨੇ ਅੰਗਿਆਰ ਭਰੀਆਂ ਅੱਖਾਂ ਨਾਲ ਕਨੇਰ ਨੂੰ ਵੇਖਿਆ ਤੇ ਸ਼ਾਂਤ ਹੋ ਗਿਆ। ਜਿਵੇਂ ਕਿ ਕਨੇਰ ਦੀ ਅੱਖਾਂ ਦੇ ਪਾਣੀ ਨੇ ਅੰਗਿਆਰਾਂ ਨੂੰ ਠੰਡਾ ਕਰ ਦਿੱਤਾ ਸੀ। ਪੂਰਨ ਦੇ ਮਨ ਨੂੰ ਵੀ ਪਤਾ ਸੀ ਕਿ ਅੱਬਾਸ ਦੀ ਹਰ ਗੱਲ ਵਿੱਚ ਸੱਚਾਈ ਸੀ। ਪੂਰਨ ਖੰਨਾ ਦੀਆਂ ਨਾੜਾਂ 'ਚੋਂ ਚੜ੍ਹਾਇਆ ਖੂਨ ਹੁਣ ਅੱਬਾਸ ਦੇ ਸਰੀਰ 'ਚੋਂ ਨਿਕਲ ਨਹੀਂ ਸਕਦਾ ਸੀ, ਅਤੇ ਨਾ ਹੀ ਪੂਰਨ ਦੀ ਮਰੀ ਹੋਈ ਔਲਾਦ ਵਾਪਸ ਆ ਸਕਦੀ ਸੀ। ਆਪਣੀਆਂ ਮੀਟੀਆਂ ਹੋਈਆਂ ਮੁੱਠੀਆਂ ਪੂਰਨ ਨੇ ਸਹਿਜ ਨਾਲ ਖੋਲ੍ਹ ਲਈਆਂ ਅਤੇ ਅੱਖਾਂ ਬੰਦ ਕਰ ਲਈਆਂ। ਅੱਬਾਸ ਦੇ ਪਿਤਾ ਨੇ ਪੂਰਨ ਖੰਨਾ ਨੂੰ ਸਹਾਰਾ ਦੇ ਕੇ ਬਿਠਾਇਆ। ਸਹਾਨਭੂਤੀ ਪਾ ਕੇ ਇੱਕ ਵਾਰ ਫੇਰ ਪੂਰਨ ਨੇ ਖੂਨ ਵਿੱਚ ਦੱਬੇ ਗੁੱਸੇ ਨੂੰ ਅੱਖਾਂ ਦੇ ਪਾਣੀ ਰਾਹੀਂ ਛੱਲ-ਛੱਲ ਕਰ ਬਾਹਰ ਕੱਢ ਦਿੱਤਾ।

"ਨਹੀਂ ਅੱਬੂ, ਅੱਜ ਤੋਂ ਬਾਅਦ ਇਹਨਾਂ ਹੰਝੂਆਂ ਦਾ ਆਪ ਦੀਆਂ ਅੱਖਾਂ 'ਚ ਕੋਈ ਕੰਮ ਨਹੀਂ। ਜਿੰਨੇ ਨਿਕਲਣੇ ਸੀ, ਅੱਜ ਤੱਕ ਨਿਕਲ ਗਏ...!" ਆਖਦੇ ਹੋਏ ਅੱਬਾਸ ਨੇ ਪੂਰਨ ਖੰਨਾ ਦੇ ਹੰਝੂ ਪੂੰਝ ਉਸ ਨੂੰ ਜੱਫ਼ੇ ਵਿੱਚ ਲੈ ਲਿਆ। ਪੂਰਨ ਖੰਨਾ ਨੂੰ ਇੱਕ ਪਲ ਭਰ ਨੂੰ ਲੱਗਿਆ ਕਿ ਜਿਵੇਂ ਉਸ ਦੇ ਆਪਣੇ ਪੁੱਤ ਨੇ ਹੀ ਆ ਕੇ ਜੱਫ਼ਾ ਭਰ ਲਿਆ ਸੀ। ਹੁਣ ਤੱਕ ਪੂਰਨ ਖੰਨਾ ਦਾ ਮਨ ਸੱਚਾਈ ਨੂੰ ਸਵੀਕਾਰ ਕਰ ਚੁੱਕਿਆ ਸੀ। ਕਨੇਰ ਖੰਨਾ ਸਾਰਿਆਂ ਲਈ ਪਾਣੀ ਲੈ ਕੇ ਆ ਗਈ। ਮਾਹੌਲ ਕਾਫ਼ੀ ਦੇਰ ਤੱਕ ਸ਼ਾਂਤ ਰਿਹਾ ਅਤੇ ਅੱਬਾਸ, ਪਿਤਾ ਰੂਪ 'ਚ ਸਵੀਕਾਰ ਕਰ ਚੁੱਕੇ ਪੂਰਨ ਖੰਨਾ ਦੇ ਨਾਲ ਬਹੁਤ ਅਪਣੱਤ ਅਤੇ ਮੁਹੱਬਤ ਨਾਲ ਗੱਲਾਂ ਕਰਦਾ ਰਿਹਾ।

"ਮੇਰੇ ਭਾਗ ਚੰਗੇ ਸੀ ਕਿ ਇੱਕ ਹੋਰ ਪਿਉ ਦਾ ਹੱਥ ਮੇਰੇ ਸਿਰ 'ਤੇ ਆ ਗਿਆ... ਹੁਣ ਮੈਂ ਹਮੇਸ਼ਾ ਆਪਦੇ ਕੋਲ ਹੀ ਹਾਂ।" ਅੱਬਾਸ ਨੇ ਭਰੋਸਾ ਦਿੱਤਾ।

"ਮੇਰੇ ਬੇਟੇ ਕਾ ਹਾਦਸਾ ਹੋਇਆ, ਤੇ ਆਪ ਨੇ ਮੇਰੇ ਬੇਟੇ ਨੂੰ ਇੱਕ ਨਵੀਂ ਜ਼ਿੰਦਗੀ ਬਖ਼ਸ਼ੀ, ਮਰਨੋਂ ਬਚਾਇਆ। ਸ਼ਾਇਦ ਇਹ ਅੱਲਾਹ ਪਾਕ ਦਾ ਹੀ ਤਾਣਾ ਬਾਣਾ ਸੀ, ਸ਼ਾਇਦ ਉਸ ਨੇ ਹੀ ਇਸ ਨਵੇਂ ਰਿਸ਼ਤੇ ਨੂੰ ਤਫ਼ਸੀਲ ਕਰਨਾ ਹੋਉਗਾ?" ਅੱਬਾਸ ਦੇ ਪਿਉ ਖ਼ਾਲਿਦ ਮੁਹੰਮਦ ਨੇ ਨਵੇਂ ਰਿਸ਼ਤੇ ਦੀ ਸਹਿਮਤੀ ਦਾ ਹੁੰਗਾਰਾ ਭਰਿਆ।

"...............।" ਪੂਰਨ ਖੰਨਾ ਚੁੱਪ ਸੀ।

"ਸਰਦਾਰ ਜੀ, ਗਲਤੀ ਇੱਕ ਇਨਸਾਨ ਕਰਦਾ ਹੈ ਅਤੇ ਦੋਸ਼ੀ ਸਾਰੀ ਕੌਮ, ਜਾਂ ਸਾਰਾ ਮੁਲਕ ਬਣ ਜਾਂਦਾ ਹੈ। ਹਰ ਬੰਦਾ ਔਰੰਗਜ਼ੇਬ ਨਹੀਂ ਹੁੰਦਾ, ਤੇ ਹਰ ਬੰਦਾ ਪੀਰ ਬੁੱਧੂ ਸ਼ਾਹ ਵੀ ਨਹੀਂ ਬਣ ਸਕਦਾ। ਜੇ ਕੌਮ ਵਿੱਚ ਗੰਗੂ ਵਰਗੇ ਦੁਸ਼ਟ ਸਨ, ਤਾਂ ਓਸੀ ਕੌਮ ਵਿੱਚ ਸਤਿਯੁਗੀ ਪੁਰਸ਼ ਦੀਵਾਨ ਕੌੜਾ ਮੱਲ ਵਰਗੇ ਵੀ ਜਿਉਂਦੇ ਜਾਗਦੇ ਸਨ। ਜੇ ਇੱਕ ਖ਼ਬੀਸ ਦੇ ਬੱਚੇ ਨੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਤਾਂ ਅਸੀਂ ਦੋਸ਼ੀ ਥੋੜ੍ਹੋ ਹੋ ਗਏ?" ਅੱਬਾਸ ਦੇ ਅੱਬੂ ਖ਼ਾਲਿਦ ਮੁਹੰਮਦ ਨੇ ਆਪਣੇ ਦਿਲ ਦੀ ਗੱਲ ਆਖੀ ਤਾਂ ਪੂਰਨ ਖੰਨਾ ਨੇ ਧਾਹ ਮਾਰ ਕੇ ਖ਼ਾਲਿਦ ਨੂੰ ਜੱਫ਼ੀ ਪਾ ਲਈ, "ਮੈਨੂੰ ਮੁਆਫ਼ ਕਰ ਭਾਈ ਜਾਨ, ਮੈਨੂੰ ਮੁਆਫ਼ ਕਰ! ਸਦਮੇਂ ਵਿੱਚ ਆ ਕੇ ਮੈਂ ਸਾਡੀ ਮਰਿਆਦਾ ਦੇ ਸਿਧਾਂਤ ਭੁੱਲ ਚੱਲਿਆ ਸੀ, ਮੁਆਫ਼ ਕਰ ਮੈਨੂੰ!" ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਛਰਾਟੇ ਪੈਣ ਲੱਗ ਪਏ। ਦੋ ਮਜ੍ਹਬਾਂ ਦੇ ਲੋਕ ਇੱਕ ਦੂਜੇ ਨੂੰ ਅਪਣੱਤ ਨਾਲ ਘੁੱਟੀ ਖੜ੍ਹੇ, ਰੋ ਰਹੇ ਸਨ। ਦਿਲਾਂ ਦਾ ਪਾੜਾ ਖਤਮ ਹੋ ਗਿਆ ਸੀ ਅਤੇ ਵੱਖੋ-ਵੱਖ ਮਾਵਾਂ ਦੇ ਜਾਏ ਇੱਕ-ਮਿੱਕ ਹੋਏ ਖੜ੍ਹੇ ਸਨ। ਖਾਰੇ ਹੰਝੂਆਂ ਨੇ ਵਿਤਕਰੇ ਅਤੇ ਈਰਖਾ ਵਾਲਾ ਕਲੰਕ ਧੋ ਮਾਰਿਆ ਸੀ। ਖ਼ਾਲਿਦ ਨਾਲੋਂ ਗਲਵਕੜੀ ਛੱਡ ਕੇ ਪੂਰਨ ਨੇ ਅੱਬਾਸ ਨੂੰ ਜੱਫ਼ੀ ਵਿੱਚ ਜਕੜ ਲਿਆ, "ਤੂੰ ਕਿਹੜਾ ਬਿਗਾਨਾ ਖ਼ੂਨ ਹੈਂ? ਮੇਰਾ ਹੀ ਤਾਂ ਲਹੂ ਹੈਂ! ਤੇਰੇ ਵਡੇਰਿਆਂ ਨੇ ਤਾਂ ਸਾਡੇ ਗੁਰੂ ਮਹਾਰਾਜ ਨੂੰ ਉਚ ਦਾ ਪੀਰ ਬਣਾ ਕੇ ਸਤਿਕਾਰ ਦਿੱਤਾ। ਬਾਬਾ ਮਰਦਾਨਾ ਸਾਰੀ ਉਮਰ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਨਾਲ ਰਿਹਾ। ਪਰ ਮੈਂ ਹੀ ਬੇਮੁੱਖ ਤੇ ਦਿਸ਼ਾਹੀਣ ਹੋ ਗਿਆ ਸੀ, ਪੁੱਤ! ਤੂੰ ਮੇਰਾ ਹੀ ਖ਼ੂਨ ਹੈਂ!" ਤੇ ਉਸ ਨੇ ਅੱਬਾਸ ਨੂੰ ਮੁੜ ਗਲਵਕੜੀ ਵਿੱਚ ਘੁੱਟ ਲਿਆ। ਸਭ ਦੀਆਂ ਅੱਖਾਂ ਨਮ ਸਨ। ਕਨੇਰ ਖੰਨਾ ਸਾਰਿਆਂ ਲਈ ਚਾਹ ਦੀ ਟਰੇਅ ਚੁੱਕੀ ਖੜ੍ਹੀ ਸੀ। ਉਸ ਦੀਆਂ ਅੱਖਾਂ ਵਿੱਚ ਵੀ ਵੈਰਾਗ ਦੇ ਅੱਥਰੂ ਕੰਬ ਰਹੇ






*************************************************************************













Comments

Popular Posts

Image