My nazm "BSTE VICHLE SUFANEH" has published in various newspapers.
ਬਸਤੇ ਵਿਚਲੇ ਸੁਫ਼ਨੇ
ਬਸਤੇ ਮੇਰੇ ਵਿੱਚ
ਕਿਤਾਬਾਂ ਰੱਖਦਿਆਂ
ਮੇਰੀ ਅਨਪੜ੍ਹ ਮਾਂ,
ਫ਼ਰੋਲ਼ ਕੇ ਵਰਕੇ,
ਵੇਖਦੀ ਸੀ ਉਨ੍ਹਾਂ ਕਿਤਾਬਾਂ ਵਿੱਚ,
ਆਪਣੇ ਸੁਫ਼ਨੇ
ਪੁੱਤ ਦੇ "ਵੱਡਾ ਬੰਦਾ" ਬਣਨ ਦੇ।
ਰੱਖ ਦਿੰਦੀ ਸੀ ਸਾਂਭ,
ਕਿਤਾਬਾਂ ਨਾਲ ਹੀ
ਆਪਣੇ ਸੁਫ਼ਨਿਆਂ ਨੂੰ
ਮੇਰੇ ਬਸਤੇ ਵਿੱਚ।
ਜਦ ਵੀ ਸਕੂਲ ਤੁਰਨ ਲੱਗਿਆਂ
ਬਾਪੂ ਅੱਗੇ ਤਲ਼ੀ ਅੱਡੀ,
ਪੈਸਿਆਂ ਦੇ ਭਾਰ ਤੋਂ
ਖਾਲੀ ਹੋਈ ਜੇਬ ਨੂੰ ਟੋਂਹਦੇ ਹੋਏ
ਕੁਝ ਟੁੱਟੇ ਪੈਸੇ,
ਮੇਰੀ ਤਲ਼ੀ 'ਤੇ ਰੱਖਦੇ ਹੋਏ
ਬਾਪੂ ਵੇਖਣ ਲੱਗ ਪੈਂਦਾ
ਮੇਰੇ ਹੱਥ ਵਿਚ,
ਅਮੀਰੀ ਦੀ ਰੇਖਾ ਨੂੰ।
ਪਰ ਮੈਂ ਸਤਰੰਗੀ ਦੁਨੀਆਂ ਵਿਚ
ਵਿਚਰ ਰਿਹਾ ਸਾਂ।
ਮੂੰਹ ਲੱਗਿਆ ਨਸ਼ਾ
ਦੋਸਤਾਂ ਦੀ ਮਹਿਫ਼ਲ ਵਿੱਚ ਬੇਪਰਵਾਹ
ਚਿੱਟੇ ਧੂੰਏਂ ਦੇ ਛੱਲੇ
ਉਡਾਣ ਬੈਠਦਾ
ਉਸ ਧੂੰਏਂ ਵਿਚ ਹੀ ਉਡਾ ਦਿੰਦਾ
ਮਾਂ ਦੇ ਸੁਫ਼ਨੇ ਦਾ "ਵੱਡਾ ਬੰਦਾ"
ਅਤੇ ਪਿਓ ਦੇ ਅਰਮਾਨਾਂ ਦਾ
"ਅਮੀਰ ਬੰਦਾ"
*****
ਅੱਜ ਆਪਣੀ ਪਤਨੀ ਨੂੰ
ਵੇਖਿਆ ਆਪਣੇ ਪੁੱਤ ਦਾ
ਬਸਤਾ ਰੱਖਦੇ ਹੋਏ,
...ਤੇ ਟੋਹਣ ਲੱਗ ਪਿਆ
ਆਪਣੀ ਜੇਬ ਵਿੱਚੋਂ
ਆਪਣੇ ਹੀ ਅਤੀਤ ਨੂੰ...
ਗਿਆ ਵਕਤ ਕਿਉਂ ਨਹੀਂ
ਮੁੜ ਆਉਂਦਾ
ਪਛਤਾਵਾ ਕਰਨ ਨੂੰ??
-ਅਜੀਤ ਸਤਨਾਮ ਕੌਰ
Comments
Post a Comment