30 October 2019

ਮੇਰੇ ਸਾਈਂ ਦੇ ਨਾਂ

ਇੱਕ ਹੋਰ ਸਾਲ ਤੇਰੀ ਨਿੱਘੀ
ਪਨਾਂਹ ਵਿੱਚ

ਜਦ ਤੂੰ ਜ਼ਿੰਦਗ਼ੀ ਮੇਰੀ ਵਿੱਚ ਆਇਆ
ਜਿਵੇਂ ਪਿਆਰ ਮੇਰੀ ਰੂਹ ਨੂੰ ਮਿਲਿਆ
ਚਾਨਣੀ ਨੂੰ ਚੰਨ
ਰੌਸ਼ਨੀ ਨੂੰ ਸੂਰਜ
ਬੂੰਦਾਂ ਨੂੰ ਬਾਰਿਸ਼
ਲਹਿਰ ਨੂੰ ਸਾਗਰ
ਤਾਰੇ ਨੂੰ ਅੰਬਰ
ਕਿੰਨੀਆਂ ਹੀ ਸਦੀਆਂ ਤੋਂ
ਜਿਵੇਂ ਮੈਂ ਸੀ ਬੰਜਰ,
ਸੱਕੀ ਵੇਲ ਨਹੀਂ ਹਾਂ ਮੈਂ ਹੁਣ
ਤੂੰ ਕਰ ਦਿੱਤਾ ਹੈ ਜਲ-ਥਲ......।

ਤੂੰ ਗਹਿਰਾ ਸਾਗਰ ਜਿਹਾ
ਜਿੰਨੀ ਤੇਰੇ ‘ਚ ਡੁੱਬੀ,
ਨਦੀ ਵਾਂਗ ਓਨੀ ਹੀ ਤੇਰੇ ‘ਚ ਸਮਾਉਂਦੀ ਗਈ
ਨਹੀਂ ਨਾਪ ਸਕੀ ਤੇਰੇ ਅਥਾਹ ਤਲ ਨੂੰ
ਪਰ, ਆਹ ਤੇਰੀ ਮੁਹੱਬਤ ਹੀ ਹੈ ਕਿ.......
ਆਪਣੀਆਂ ਨਿਰਛਲ ਲਹਿਰਾਂ ਵਿੱਚ ਤੂੰ ਮੈਨੂੰ ਸਮੇਟ ਲੈਂਦਾ ਹੈਂ
ਸਾਗਰ ਦੇ ਤਲ ਦੇ ਸਾਰੇ ਮੋਤੀ
ਮੇਰੇ ਤੋਂ ਵਾਰ ਦਿੰਦਾ ਹੈਂ

ਤੂੰ ਆਕਾਸ਼ ਜਿਹਾ ਉਚਾ
ਮੇਰੀ ਇੰਨੀ ਉਡਾਣ ਨਹੀਂ
ਕਿ ਛੂਹ ਸਕਾਂ ਤੇਰੇ ਸਿਖ਼ਰ ਨੂੰ
ਤੇਰੀ ਉਚਾਈ ਅੱਗੇ ਬੌਣੀ ਜਹੀ ਪਾਉਂਦੀ ਹਾਂ ਖ਼ੁਦ ਨੂੰ
ਪਰ ਆਹ ਤੇਰੀ ਮੁਹੱਬਤ ਹੀ ਹੈ ਕਿ.......
ਕਲ਼ਾਵੇ ਵਿੱਚ ਭਰ ਕੇ
ਚੁੱਕ ਲੈਂਦਾ ਹੈਂ ਮੈਨੂੰ ਆਪਣੀ ਉਚਾਈ ਤੱਕ।

ਤੂੰ ਹੈਂ ਮੇਰੇ ਚਾਰੋਂ ਪਾਸੇ
ਵਗਦੀ ਹਵਾ ਦੇ ਬੁੱਲੇ ਜਿਹਾ
ਤਪਦੀ ਧੁੱਪ ਵਿੱਚ ਦਿੰਦਾ ਹੈਂ ਸੀਤ ਸੁੱਖ ਦਾ
ਕਿਸੇ ਜਦ ਮੇਰੇ ‘ਤੇ ਜ਼ਹਿਰ ਉਗਲਿਆ,
ਤੂੰ ਹਨ੍ਹੇਰੀ ਬਣ ਤਬਾਹ ਕਰ ਦਿੰਦਾ ਹੈਂ ਉਨ੍ਹਾਂ ਨਫ਼ਰਤਾਂ ਨੂੰ
ਪਰ ਆਹ ਤੇਰੀ ਮੁਹੱਬਤ ਹੀ ਹੈ ਕਿ.......
ਮੈਂ ਤੇ ਹਾਂ ਸੁੱਕੇ ਜਹੇ ਪੱਤੇ ਵਰਗੀ
ਆਪਣੇ ਤੇਜ਼ ਹਵਾ ਦੇ ਵੇਗ ਨਾਲ
ਉਡਾ ਲੈ ਜਾਂਦਾ ਹੈਂ ਮੈਨੂੰ
ਉਚੇ ਅੰਬਰਾਂ ਤਿੱਕ

ਸਹਿੰਦੇ ਹੋਏ ਕੁੜੱਤਣ ਦੁਨੀਆ ਦੀ,
ਮੈਂ ਆਪ ਵੀ ‘ਜ਼ਹਿਰ’ ਹੋ ਗਈ,
ਰੁੱਸੀਆਂ ਸਨ ਖੁਸ਼ੀਆਂ
ਜ਼ਿੰਦਗ਼ੀ ਸੀ ਜਿਵੇਂ ਕਹਿਰ ਹੋ ਗਈ,
ਪਰ ਆਹ ਤੇਰੀ ਮੁਹੱਬਤ ਹੀ ਹੈ ਕਿ.......
ਤੂੰ ਸ਼ਿਵ ਬਣ ਕੇ ਆਪਣੇ ਬੁੱਲ੍ਹਾਂ ਨਾਲ ਲਾ ਡੀਕ ਗਿਆ ਮੈਨੂੰ
ਅਤੇ ਆਪਣੇ ਨੀਲ ਕੰਠ ‘ਤੇ ਸਜਾ ਲਿਆ ਸਦਾ ਲਈ
ਮੈਂ ਸ਼ਇਦ ਜੰਮੀ ਹੀ ਸੀ ਸਿਰਫ਼ ਤੇਰੇ ਪਿਆਰ ਲਈ
ਸਦੀਵੀ ਸਮਾਅ ਗਈ ਵਿੱਚ ਤੇਰੇ,
ਸ਼ਿਵ ਦਾ 'ਅਕਸ’ ਬਣਕੇ...
ਤੂੰ ਬੱਦਲ਼ ਵਾਂਗ ਵਰਸੇਂ,
ਤੇ ਮੈਂ ਧਰਤੀ ਵਾਂਗ ਗ੍ਰਹਿਣ ਕਰਾਂ
ਸ਼ਾਲਾ ਇਹੀ ਕਿਸਮਤ ਮੇਰੀ ਹੋ ਜਾਵੇ...

-ਅਜੀਤ ਸਤਨਾਮ ਕੌਰ

Comments

Popular Posts