ਕਿੰਨੀ ਤਰ੍ਹਾਂ ਦੇ ਹੁੰਦੇ ਨੇ ਰਿਸ਼ਤੇ
ਉਂਗਲੀਆਂ ਦੇ ਪੋਟਿਆਂ ‘ਤੇ ਗਿਣਨਾ ਚਾਹ ਰਹੀ ਸਾਂ
ਸਾਰੀ ਉਮਰ ਜਤਾਇਆ ਹੱਕ ਜਿੰਨ੍ਹਾਂ ਨੇ
ਉਨ੍ਹਾਂ ਦੇ ਪਿਆਰ ਨੂੰ ਮਿਣਨਾ
ਚਾਹ ਰਹੀ ਸਾਂ
ਦੁਨੀਆ ‘ਚ ਜਨਮ ਲੈ ਕੇ
ਪੁੱਟਦੀਆਂ ਹੀ ਅੱਖ
ਤੈਨੂੰ ਮਿਲ ਜਾਂਦੇ ਨੇ ਤਮਾਮ ਰਿਸ਼ਤੇ
ਜਦ ਉਚਿਆਂ ਨਾਲ ਆ ਬੈਠੇ
ਉਹ ਵਧਾ ਦੇਂਦੇ ਨੇ ਤੇਰੀ ਸ਼ਾਨ ਰਿਸ਼ਤੇ
ਜੋ ਕਰਕੇ ਤੇਰਾ, ਸਾਰੀ ਉਮਰ ਨਹੀਂ ਭੁੱਲਦੇ
ਹੁੰਦੇ ਨੇ ਉਹ ਸਿਰਫ਼ ਅਹਿਸਾਨ ਦੇ ਰਿਸ਼ਤੇ
ਤੇਰੀ ਗਲਤੀਆਂ ਨੂੰ ਸ਼ਰੇ-ਬਜ਼ਾਰ ਕਹਿੰਦੇ
ਉਹ ਹੁੰਦੇ ਨੇ ਤਮਾਸ਼ਬੀਨ ਜੇ ਰਿਸ਼ਤੇ
ਹੱਥ ਹੋਏ ਸ਼ਰਾਬ ‘ਤੇ ਸੱਜੇ ਸ਼ਬਾਬ
ਇਹ ਮੈਖ਼ਾਨੇ ‘ਚ ਵਿਕਦੇ ਨੇ ਬਦਨਾਮ ਜੇ ਰਿਸ਼ਤੇ
ਚਾਰ ਕਦਮ ਵੀ ਤੇਰੇ ਨਾਲ ਨਾ ਚੱਲੇ
ਏਸੇ ਹੁੰਦੇ ਨੇ ਉਹ ਮਹਿਮਾਨ ਜਹੇ ਰਿਸ਼ਤੇ
ਤੇਰੇ ਔਖੇ ਵੇਲੇ ਜਿੰਨ੍ਹਾਂ ਕਰ ਲਈ ਕੰਡ
ਇਸ ਨੂੰ ਕਹੀਏ ਬੇਜਾਨ ਜਹੇ ਰਿਸ਼ਤੇ
ਜਦੋਂ ਕੱਢ ਲਏ ਗੰਡਾਸੇ, ਕਰ ਲਈ ਕੰਧ
ਵੰਡੀਆ ‘ਚ ਮਿਲਦੇ ਲਹੂ-ਲੁਹਾਣ ਜਹੇ ਰਿਸ਼ਤੇ
ਹੱਦਾਂ ਬੰਨ੍ਹ ਦਿੱਤੀਆਂ ਤੇਰੇ ਲਈ
ਉਹ ਹੱਕ ਦੇ ਨਹੀਂ ਹੁੰਦੇ ਫ਼ੁਰਮਾਨ ਜਿਹੇ ਰਿਸ਼ਤੇ
ਡਿੱਗਣ ਤੋਂ ਪਹਿਲਾਂ ਫੜ ਲਿਆ ਤੇਰਾ ਹੱਥ
ਉਮਰਾਂ ਨਾਲ ਹੰਢੇ ਉਹ ਸੂਝਵਾਨ ਜਿਹੇ ਰਿਸ਼ਤੇ
ਚੰਦ ਘੜੀਆਂ ਜੋ ਬੈਠ ਕੁਝ ਦੂਰ ਚਲਦੇ
ਸਫ਼ਰ ਵਿੱਚ ਬਣ ਜਾਂਦੇ ਇਹ ਅਣਜਾਣ ਜਿਹੇ ਰਿਸ਼ਤੇ
ਜੋ ਰੋਇਆ ਮੇਰੇ ਨਾਲ ਮੇਰੇ ਦਰਦ ‘ਚ
ਕੀ ਨਾਮ ਦਿਆਂ?
ਕੁਝ ਹੁੰਦੇ ਨੇ ਬੇਨਾਮ ਜਹੇ ਰਿਸ਼ਤੇ
ਇਹ ਖੱਟੇ ਨੇ, ਮਿੱਠੇ ਨੇ, ਕੌੜੇ ਨੇ ਕਸੈਲ਼ੇ ਨੇ
ਜਿਉਂਦੇ ਜੀ ਨਾ ਜਾਣ ਭੁਲਾਣ ਰਿਸ਼ਤੇ
ਮਤਲਬੀ ਤੇ ਬੇਮਤਲਬ ਜਹੇ
ਘੇਰਦੇ ਰਹੇ ਮੈਨੂੰ ਉਮਰ ਸਾਰੀ
ਇਹ ਨਾਮੀ, ਬੇਨਾਮ ਤੇ ਤਮਾਮ ਰਿਸ਼ਤੇ
ਇਹ ਤਮਾਮ ਰਿਸ਼ਤੇ...
ਇਹ ਤਮਾਮ ਰਿਸ਼ਤੇ ...
ਅਜੀਤ ਸਤਨਾਮ ਕੌਰ
ਮਈ 2014
Comments
Post a Comment