Geet...
30 October 2016
ਤੇਰੇ ਬੋਲ
ਤੇਰੀ ਯਾਦ ਬਥੇਰੀ ਆਉਂਦੀ ਐ
ਜਦ ਕੋਠੇ ਬੋਲੇ ਕਾਂ ਵੀਰਾ...
ਵੇ ਹੁਣ ਬੁੱਕ-ਬੁੱਕ ਹੰਝੂ ਸੁੱਟਦੀ ਐ
ਮੰਜੇ 'ਤੇ ਬੈਠੀ ਮਾਂ ਵੀਰਾ...
ਕਦੇ ਵਤਨ ਨੂੰ ਫ਼ੇਰਾ ਪਾਇਆ ਕਰ,
ਨਾ ਏਨਾਂ ਤੂੰ ਤੜਫ਼ਾਇਆ ਕਰ,
ਸਾਡਾ ਵੀ ਫ਼ਿਕਰ ਜਤਾਇਆ ਕਰ,
ਘਰ ਲੱਗਦਾ ਏ ਸੁੰਨ-ਸਾਂ ਵੀਰਾ...
ਵੇ ਹੁਣ ਬੁੱਕ-ਬੁੱਕ ਹੰਝੂ ਸੁੱਟਦੀ ਐ,
ਮੰਜੇ 'ਤੇ ਬੈਠੀ ਮਾਂ ਵੀਰਾ...
ਦਿਨ ਰਾਤ ਤੇਰਾ ਰਾਹ ਤੱਕਦੀ ਦੀ
ਅੱਖਾਂ ਦੀ ਜੋਤ ਵੀ ਜਾਂਦੀ ਰਹੀ
ਤੂੰ ਵਾਅਦਾ ਕਰ ਕੇ ਨਾ ਆਇਆ
ਮੱਥੇ ਹੱਥ ਧਰ ਉਹ ਕੁਰਲਾਂਦੀ ਰਹੀ
ਉਹਨੂੰ ਦਰਸ ਦਿਖਾ ਜਾਹ ਇੱਕ ਵਾਰੀ
ਇੰਨਾਂ ਕਰ ਤੂੰ ਦੇਹ ਅਹਿਸਾਂ' ਵੀਰਾ...
ਹੁਣ ਬੁੱਸ-ਬੁੱਸ ਕਰਦੀ ਰਹਿੰਦੀ ਐ,
ਮੰਜੇ 'ਤੇ ਬੈਠੀ ਮਾਂ ਵੀਰਾ...
ਰੋਟੀ ਲਾਹ ਕੇ ਓਹੋ ਰੱਖ ਦੇਂਦੀ
ਸੋਚੇ ਆ ਕੇ ਪੁੱਤਰ ਖਾਊਗਾ
ਕਦੇ ਪੱਗ ਧੋਣ ਤੇਰੀ ਬਹਿ ਜਾਂਦੀ
ਸੋਚੇ ਬੰਨ੍ਹ ਕੇ ਪੁੱਤ ਦਿਖਾਊਗਾ
ਤੈਨੂੰ ਦੇਖ-ਦੇਖ ਜੋ ਖਿੜਦੀ ਸੀ
ਮੁਰਝਾ ਗਈ ਆਪਣੀ ਛਾਂ ਵੀਰਾ...
ਵੇ ਹੁਣ ਬੁੱਕ-ਬੁੱਕ ਹੰਝੂ ਕੇਰਦੀ ਐ,
ਮੰਜੇ 'ਤੇ ਬੈਠੀ ਮਾਂ ਵੀਰਾ...
ਜਿਹੜੇ ਰਾਹੀਂ ਤੁਰਿਆ ਸੀ 'ਜੱਗੀ',
ਰਹਿੰਦੀ ਤੱਕਦੀ ਉਹਨਾਂ ਰਾਹਵਾਂ ਨੂੰ
ਜਿਹਨਾਂ ਨਾਲ਼ ਤੈਨੂੰ ਹਿੱਕ ਲਾਉਂਦੀ ਸੀ
ਅੱਜ ਕੋਸੇ ਸੱਖਣੀਆਂ ਬਾਂਹਵਾਂ ਨੂੰ
ਕੀ ਵੱਸ ਹੈ ਮਾਂ ਦੇ ਵੀਰਾ ਵੇ
'ਪਿੰਡ' ਕਰੇ 'ਭਾਂ-ਭਾਂ' ਵੀਰਾ...
ਵੇ ਹੁਣ ਬੁੱਕ-ਬੁੱਕ ਹੰਝੂ ਕੇਰਦੀ ਐ,
ਮੰਜੇ 'ਤੇ ਬੈਠੀ ਮਾਂ ਵੀਰਾ.....।।
Comments
Post a Comment