ਕਾਗਜ਼ ਦੇ ਫੁੱਲ

ਕਾਗਜ਼ ਦੇ ਫੁੱਲ

ਪੱਤਝੜ ਦੀਆਂ ਰੁੱਤਾਂ ਵਿੱਚ
ਝੂਟਾਂ ਮੈਂ ਪੀਂਘਾਂ ਪਿਆਰ ਦੀਆਂ
ਮੈਨੂੰ ਵੀ ਰੀਝ ਆਈ
ਵੇਖ ਬਹਾਰਾਂ ਸੰਸਾਰ ਦੀਆਂ
ਅੱਜ ਮੈਂ ਵੀ ਮਨ ਬਹਿਲਾ ਰਹੀ ਸੀ
ਮੇਰਾ ਵੀ ਬਾਗ ਮਹਿਕੇ
ਮੈਂ ਕਾਗਜ਼ ਦੇ ਫੁੱਲ ਲਗਾ ਰਹੀ ਸੀ

ਹੋਈ ਬੰਜਰ ਜਮੀਨ ਤੋਂ
ਮੈਂ ਮਿੱਟੀ ਹਟਾ ਰਹੀ ਸੀ
ਮੇਰਾ ਵੀ ਬਾਗ ਮਹਿਕੇ
ਮੈਂ ਕਾਗਜ਼ ਦੇ ਫੁੱਲ ਲਗਾ ਰਹੀ ਸੀ...

ਕੜਕਦੀ ਧੁੱਪ
ਨਾ ਮੀਂਹ ਦਾ ਨਿਸ਼ਾਨ ਕੋਈ
ਪ੍ਰੇਮ ਮੀਂਹ ਵਰਸਾਉਣ ਲਈ
ਮੈਂ ਬਗਾਰੇ ਉਡਾ ਰਹੀ ਸੀ
ਮੇਰਾ ਵੀ ਬਾਗ.......

ਫੁੱਲ ਸੀ ਕਾਗਜ਼ ਦੇ
ਤੇ ਖੁਸ਼ਬੋਈ ਤੋਂ ਵੀ ਵਾਂਝੇ
ਖੌਰੇ ਕਿਸ ਵਹਿਮ ਵਿੱਚ
ਮੈਂ ਭੌਰਾ ਬੁਲਾ ਰਹੀ ਸੀ
ਮੇਰਾ ਵੀ ਬਾਗ.......

ਨਾ ਕੋਈ ਸੁਰ,
ਤੇ ਨਾ ਸਜਿਆ ਕੋਈ ਸਾਜ਼ ਹੈ
ਕੋਈ ਨਹੀਂ ਸਮਝਿਆ
ਮੈਂ ਕਿਹੜਾ ਗੀਤ ਗਾ ਰਹੀ ਸੀ
ਮੇਰਾ ਵੀ ਬਾਗ.......

ਨਾ ਓਹ ਆਇਆ
ਨਾ ਆਏਗਾ ਕਦੀ
ਮੈਂ ਕਮਲੀ ਹੋ
ਹਰ ਰੋਜ਼ ਸੇਜ ਸਜਾ ਰਹੀ ਸੀ
ਮੇਰਾ ਵੀ ਬਾਗ.......

ਜਦੋਂ ਸੋਚ ਆਈ ਮਨ ਵਿੱਚ
ਓਹ ਖਿੜਿਆ ਸਵੇਰਾ ਸੀ
ਫੁੱਲ ਵੇਖਦਿਆਂ ਠਿੱਲ੍ਹ ਆਇਆ
ਸ਼ਾਮ ਦਾ ਹਨ੍ਹੇਰਾ ਸੀ
ਮੈਂ ਆਪਣੀ ਕੋਸ਼ਿਸ਼ ‘ਤੇ
ਪਛਤਾ ਰਹੀ ਸੀ
ਮੇਰਾ ਵੀ ਬਾਗ ਮਹਿਕੇ
ਮੈਂ ਕਾਗਜ਼ ਦੇ ਫੁੱਲ
ਲਗਾ ਰਹੀ ਸੀ...


ਅਜੀਤ ਸਤਨਾਮ ਕੌਰ
ਮਈ 2014

Comments

Popular Posts