ਦਰਸ਼ਨ ਕਰਾਂ ਪ੍ਰਮਾਤਮਾ ਦਾ
ਮਨ ਤੜਪਿਆ ਅੱਜ ਜੀਵ ਆਤਮਾ
ਭਟਕ-ਭਟਕ ਸਾਰੇ ਜੱਗ ਵਿੱਚ
ਆਪਣੇ ਸ਼ੌਹ ਕੋਲ
ਮੈਂ ਅੱਜ ਆ ਬੈਠੀ ਹਾਂ
ਕੋਈ ਮੇਰਾ ਆਪਣਾ ਨਹੀਂ ਓ
ਤੇਰੇ ਆਗੋਸ਼ ‘ਚ ਆ ਬੈਠੀ ਹਾਂ
ਪ੍ਰੇਮ ਲੁਕਿਆ ਮੇਰੇ ਮਨ ਵਿੱਚ
ਤੇਰੇ ਨਾਲ ਨੇਹੁੰ ਲਾ ਬੈਠੀ ਹਾਂ

ਤੈਨੂੰ ਦੱਸਾਂ ਹਾਲੇ ਦਿੱਲ ਮੈਂ
ਪਰ ਤੂੰ ਆਪਣੇ ਦਿਲ ਦੀ ਦੱਸਦਾ ਨਹੀਂ ਓ
ਜਾਣਾ ਮੈਂ ਵੀ ਤੇਰੇ ਦੁੱਖ ਨੂੰ
ਤੇਰੀ ਹੁਣ ਕੋਈ ਸੁਣਦਾ ਨਹੀਂ ਓ
ਦਇਆ ਦਾ ਸਾਗਰ ਤੂੰ ਹੈ
ਕਿਸੇ ਨੂੰ ਕੁਝ ਵੀ ਕਹਿੰਦਾ ਨਹੀਂ ਓ
ਤੇਰੇ ਨਾਲ ਲੜਦੀ ਹਾਂ ਮੈਂ
ਕਦੇ ਮੰਨਦੀ ਕਦੇ ਰੁਸਦੀ ਹਾਂ ਮੈਂ
ਤੇਰੇ ਜੱਗ ਦਾ ਕੋਈ ਵੀ ਇੰਸਾਂ
ਇੱਕ ਬੋਲ ਵੀ ਜਰਦਾ ਨਹੀਂ ਓ

ਸਜੀ ਹਾਂ ਮੈਂ ਤੇਰੇ ਲਈ ਅੱਜ
ਲੁਕਿਆ ਹੈਂ ਤੂੰ ਕਿਹੜੇ ਵੇਸ਼ ਵਿੱਚ
ਸਾਹਮਣੇ ਆ ਕੇ ਤੱਕਦਾ ਨਹੀਂ ਓ
ਮਨ ਤੜਪੇ ਤੇਰੇ ਨਿੱਘ ਨੂੰ
ਮੈਨੂੰ ਬੁੱਕਲ਼ ਆਪਣੀ ‘ਚ ਭਰਦਾ ਨਹੀਂ ਓ

ਬਹੁਤ ਜਨਮ ਬਿਛੁਰੇ ਥੇ ਮਾਧਉ
ਮੁੱਕ ਜਾਏ ਇਸ ਵਾਰੀ ਲੇਖਾ
ਕਿਸੇ ਦੇ ਭੇੱਜੇ ਪੈਂਦਾ ਨਹੀਂ ਓ
ਮੈਂ ਤਾਂ ਹਾਰੀ ਜੱਗ ਤੋਂ
ਤੂੰ ਵੀ ਹਾਰਿਆ ਜੀਵਾਂ ਤੋਂ
ਕੂੜ ਵਾਪਰਿਆ ਹੈ ਜੱਗ ‘ਤੇ
ਹੁਣ ਤੇਰੀ ਕੋਈ ਮੰਨਦਾ ਨਹੀਂ ਓ

ਕਦੇ-ਕਦੇ ਇੰਜ ਜਾਪੇ ਮੈਨੂੰ
ਤੂੰ ਵੀ ਹੁਣ ਇੱਕ ਪੱਥਰ ਹੀ ਹੈਂ
ਮੰਦਰ ਮਸਜਿਦ ਵੱਸਦਾ ਨਹੀਂ ਓ
ਤੂੰ ਕੱਢ ਭੇਜੇਂ ਸੁੱਚੀਆਂ ਰੂਹਾਂ
ਸ਼ੈਤਾਨਾਂ ਦਾ ਨੰਗਾ ਤਾਂਡਵ
ਇੰਸਾਂ ਵੀ ਕੋਈ ਲੱਗਦਾ ਨਹੀਂ ਓ
ਦੁਨੀਆਂ ਨੂੰ ਜਾਪਾਂ ਮੈਂ ਝੱਲੀ
ਇੱਕ ਤੂੰ ਮੇਰਾ ਮਿੱਤਰ ਪਿਆਰਾ
ਜੋ ਮੁਝ ਕਮਲੀ ‘ਤੇ ਹੱਸਦਾ ਨਹੀਂ ਓ


-ਅਜੀਤ ਸਤਨਾਮ ਕੌਰ
ਜੁਲਾਈ 2014

Comments

Popular Posts