ਇੰਜ ਤਾਂ ਕਹਿਣ ਨੂੰ ਨਹੀਂ ਤਮੰਨਾਂ ਕੋਈ
ਬੈਠੀ ਹਾਂ ਵਿੱਚ ਦਰਿਆ
ਪਰ ਪਿਆਸ ਅਜੇ ਹੈ ਬਾਕੀ

ਸਮੇਟ ਲਏ ਨੇ ਭਾਵੇਂ ਲਫ਼ਜ਼ ਸਾਰੇ
ਖਾਮੋਸ਼ ਜਹੇ ਜ਼ਜ਼ਬਾਤ ਅਜੇ ਹੈ ਬਾਕੀ

ਆਸ਼ਿਕਾਂ ‘ਤੇ ਵਰ੍ਹਦਾ ਪ੍ਰੇਮ ਮੀਂਹ
ਮੇਰੇ ਹਿੱਸੇ ਦੀ ਬਰਸਾਤ ਅਜੇ ਹੈ ਬਾਕੀ

ਬਦਹਵਾਸ ਦੌੜ ਰਹੀ ਹੈ ਜ਼ਿੰਦਗ਼ੀ
ਪਿੱਛੇ ਛੁੱਟੇ ਹੋਏ ਦਾ ਅਹਿਸਾਸ ਅਜੇ ਹੈ ਬਾਕੀ

ਲਿਖਿਆ ਸੀ ਰੇਤ ‘ਤੇ ਜੋ ਦੋਹਾਂ ਦਾ ਨਾਂ
ਉਸ ਦੀ ਹਲਕੀ ਜਹੀ ਛਾਪ ਅਜੇ ਹੈ ਬਾਕੀ

ਹੋਵਾਂ ਤੇਰੀ ਆਗੋਸ਼ ਵਿੱਚ
ਨਾ ਮੁੜ ਹੋਵੇ ਸਵੇਰ ਮੇਰੀ
ਮੇਰੇ ਹਿੱਸੇ ਦੀ ਰਾਤ ਅਜੇ ਹੈ ਬਾਕੀ

ਚਲਾ ਗਿਆ ਨਾ ਮੁੜ ਵੇਖਿਆ ਮੈਨੂੰ
ਮੈਂ ਵੀ ਕਹਾਂ ਤੈਨੂੰ ਅਲਵਿਦਾ
ਉਹ ਆਖ਼ਿਰੀ ਮੁਲਾਕਾਤ ਅਜੇ ਹੈ ਬਾਕੀ

ਲੋਕ ਕਹਿੰਦੇ ਨੇ ਕਿ ਮਿਲ ਗਈ ਮੰਜ਼ਿਲ ਮੈਨੂੰ
ਪਰ ਜਾਣਦਾ ਹੈ ਮੇਰਾ ਦਿਲ
ਤਲਾਸ਼ ਅਜੇ ਹੈ ਬਾਕੀ
ਤਲਾਸ਼ ਅਜੇ ਹੈ ਬਾਕੀ...

ਅਜੀਤ ਸਤਨਾਮ ਕੌਰ
ਨਵੰਬਰ 2014

Comments

Popular Posts