ਸਾਡੇ ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਕਦੇ ਬਣਦੇ ਤੇ ਕਦੇ ਢਹਿੰਦੇ ਨੇ
ਜਿੰਨਾ ਚਿਰ ਨਾਲ ਨਿਭਦੇ
ਆਪਣਾ ਹੱਕ ਜਤਾਉਂਦੇ ਨੇ
ਮਾਪੇ ਵਾਂਗ ਫੌਲਾਦੀ ਨੇ
ਕਦੇ ਡੋਲਣ ਨਾ ਉਹ ਦੇਂਦੇ ਨੇ
ਨੀਹਾਂ ਵਾਂਗ ਉਹ ਗਹਿਰੇ ਹੁੰਦੇ ਨੇ
ਸਾਰੇ ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਓਸ ਦੀ ਮਜਬੂਤੀ ਲਈ
ਮੈਂ ਲਾ ਕੇ ਬਾਲੇ ਠੱਲਿਆ ਵੀ
ਕੁਝ ਭੈਣ ਅਤੇ ਭਰਾ
ਵਾਂਗ ਕੱਚੀ ਕੰਧ ਦੇ
ਜਲਦੀ ਹੀ ਢਹਿ ਪੈਂਦੇ ਨੇ
ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਮੁੜ ਗਏ ਉਹ ਔਕੜ ਵੇਖ ਕੇ
ਸ਼ਰੀਕੇ ਵਾਂਗ ਫੋਕੇ ਹੁੰਦੇ ਨੇ
ਬੁਰਜ ਵਾਂਗ ਖੜ੍ਹੇ ਨਹੀਂ ਰਹਿੰਦੇ ਨੇ
ਕੁਝ ਬੇਮੋਹੇ ਸੱਜਣ ਵਰਗੇ
ਲਿੱਪਿਆ ਜਿਸਨੂੰ ਰੰਗ ਪੱਕਾ ਸਮਝ ਕੇ
ਬੱਦਲ ਪੈਂਦਿਆਂ ਹੀ ਰੰਗ ਢਹਿੰਦੇ ਨੇ
ਕਦੇ ਬੋਡੀ ਹੋਈ ਸ਼ਤੀਰੀ ਵਾਂਗ
ਜਰਜ਼ਰ ਛੱਤ ਨੂੰ ਥੰਮ੍ਹੀ ਰੱਖਦੇ ਨੇ
ਇਸ ਜੀਵਨ ‘ਚ ਕਦੋਂ ਤੋੜ੍ਹ ਨਿਭਾਇਆ ਕੋਈ
ਪੁਰਾਣੀ ਹਵੇਲੀ ਦੇ ਖੰਡਰ
ਇਸ ਸੱਚ ਦੀ ਗਵਾਹੀ ਦੇਂਦੇ ਨੇ
ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਕਦੇ ਬਣਦੇ ਤੇ ਕਦੇ ਢਹਿੰਦੇ ਨੇ...

ਅਜੀਤ ਸਤਨਾਮ ਕੌਰ
ਜੁਲਾਈ 2014

Comments

Popular Posts