ਪਿੱਪਲ ਪੱਤੀ ਝੂਮੱਕੇ





 
 
 
ਪਿੱਪਲ ਪੱਤੀ ਝੁਮਕੇ
ਅਜੀਤ ਸਤਨਾਮ ਕੌਰ, ਲੰਡਨ     
 (05/07/2019)
ajit satnam

pippal
 
ਅੱਜ ਭਾਗ ਕੌਰ ਵੀ ਚਲੀ ਗਈ, ਸਾਰੀ ਉਮਰ ਆਪਣੇ ਭਾਗ ਨਾਲ ਲੜਦੀ! ਆਪਣੇ ਨਾਮ ਨੂੰ ਯਥਾਰਥ ਕਰਦੀ…!!

"ਨਹੀਂ… ਮੇਰੀ ਮਾਂ ਦੇ ਕੰਨਾਂ 'ਚੋਂ ਉਸ ਦੇ ਪਿੱਪਲ ਪੱਤੀ ਝੁਮਕੇ ਨਾ ਲਾਹਵੋ…|" ਬਹੁਤ ਹੀ ਦੁਖੀ ਮਨ ਨਾਲ ਰੌਸ਼ੀ ਨੇ ਇੱਕ ਅਧੇੜ ਉਮਰ ਦੀ ਔਰਤ ਨੂੰ ਆਪਣੀ ਮਰੀ ਮਾਂ ਭਾਗ ਕੌਰ ਦੇ ਕੰਨਾਂ ਤੋਂ ਸੋਨੇ ਦੇ ਝੁਮਕੇ ਲਾਹੁੰਣੋਂ ਰੋਕਿਆ।

"ਪਰ ਗਹਿਣੇਂ ਮੋਏ ਹੋਏ ਲੋਕਾਂ ਦੇ ਸਰੀਰ ਤੋਂ ਲਾਹ ਕੇ ਮੁਰਦੇ ਨੁੰ 'ਸ਼ਨਾਨ ਕਰਵਾ ਕੇ ਹੀ ਕੋਰੇ ਕੱਪੜੇ ਪਾਏ ਜਾਂਦੇ ਹਨ… ਆਹੀ ਰੀਤ ਹੈ।" ਉਸ ਬੀਬੀ ਨੇ ਆਪਣੀ ਸਿਆਣਪ ਵਿਖਾਈ।

"ਪਤਾ ਹੈ ਮੈਨੂੰ ਵੀ! ਪਰ ਜਿਉਂਦੇ ਜੀਅ ਮੇਰੀ ਵਿਚਾਰੀ ਮਾਂ ਦੀ ਨਾ ਕੋਈ ਰੀਤ ਪੂਰੀ ਹੋਈ ਤੇ ਨਾ ਕੋਈ ਰੀਝ…! ਅੱਜ ਤੋਂ ਬਾਅਦ ਆਹ ਮਿੱਟੀ ਵੀ ਨਹੀ ਰਹਿਣੀ…।" ਆਖਦਾ ਹੋਇਆ ਰੌਸ਼ੀ ਉਚੀ-ਉਚੀ ਭੁੱਬਾਂ ਮਾਰ ਰੋਣ ਲੱਗ ਪਿਆ।

"…ਮਾਂ ਸਾਨੂੰ ਮਾਫ਼ ਕਰ ਦਵੀਂ, ਅਸੀਂ ਬਹੁਤ ਦੁੱਖ ਦਿੱਤਾ ਤੈਨੂੰ… ਮੇਰੀਏ ਮਾਏ ਤੇਰੇ ਤੋਂ ਸਿਵਾ ਕੋਈ ਹੋਰ ਇਸ ਦੁਨੀਆਂ ਵਿੱਚ ਨਹੀ, ਜੋ ਮੇਰੇ ਵਰਗੇ ਨਲਾਇਕ ਬੇਟੇ ਨੂੰ ਹਿੱਕ ਨਾਲ ਲਾਉਗਾ।" ਭਾਗ ਕੌਰ ਦਾ ਵੱਡਾ ਪੁੱਤ ਸੁੱਚਾ ਵੀ ਧਾਹਾਂ ਮਾਰਦਾ ਆਪਣੀ ਮੋਈ ਮਾਂ ਦੇ ਚਰਨਾਂ ਨੂੰ ਫ਼ੜ ਕੇ ਬੈਠ ਗਿਆ।

ਦੋਵੇ ਭਰਾ ਹਾਰੇ ਹੋਏ ਜੁਆਰੀਏ ਵਾਂਗ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਸਨ। ਪਰ ਅੱਜ ਦੋਵੇਂ ਭਰਾ ਆਪਣੀ ਸਾਰੀ ਉਮਰ ਭਾਗ ਕੌਰ ਨਾਲ ਕੀਤੀਆ ਜ਼ਿਆਦਤੀਆਂ 'ਤੇ ਸ਼ਰਮਿੰਦਾ ਸਨ, ਇਸ ਲਈ ਦੁਨੀਆਂ ਤੋਂ ਵਿਦਾਅ ਹੁੰਦੀ ਮਾਂ ਨੂੰ ਉਸ ਦੀਆਂ ਪਿਆਰੀਆਂ ਪਿੱਪਲ ਪੱਤੀ ਝੁਮਕਿਆਂ ਨਾਲ ਹੀ ਵਿਦਾਅ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਰਹੇ ਸਨ। ਅੱਜ ਰੌਸ਼ੀ ਅਤੇ ਸੁੱਚੇ ਦੇ ਵਿਰਲਾਪ ਵਿੱਚ ਘਰ ਦੀਆਂ ਕੰਧਾਂ ਵੀ ਸਾਥ ਦੇ ਰਹੀਆਂ ਪ੍ਰਤੀਤ ਹੋ ਰਹੀਆਂ ਸਨ, ਕਿਉਂਕਿ ਬੱਸ ਇੱਕ ਆਹ ਘਰ ਹੀ ਸੀ, ਜਿੱਥੇ ਭਾਗ ਕੌਰ ਅਣਥੱਕ ਮਿਹਨਤ ਕਰ ਕੇ ਸਾਰੀ ਉਮਰ ਪਰਿਵਾਰ ਨੂੰ ਬੰਨ੍ਹੀ ਬੈਠੀ ਰਹੀ।

"ਬਾਕੀ ਰਸਮਾਂ ਵਾਸਤੇ ਦੇਰ ਹੋ ਰਹੀ ਹੈ, ਤੁਸੀ ਦੋਵੇਂ ਭਰਾ ਪਾਸੇ ਹਟੋ ਤੇ ਬੀਬੀਆਂ ਨੂੰ ਆਪਣਾ ਕੰਮ ਕਰ ਲੈਣ ਦਵੋ!" ਇੱਕ ਸਿਆਣੇ ਬਜ਼ੁਰਗ ਨੇ ਆ ਕੇ ਸਮਾਜਿਕ ਰਸਮਾਂ ਨੂੰ ਸੰਪੂਰਨ ਕਰਨ ਲਈ ਸਲਾਹ ਦਿੱਤੀ।

ਕੁਝ ਔਰਤਾਂ ਭਾਗ ਕੌਰ ਨੂੰ ਗੁਸਲਖਾਨੇ ਵਿੱਚ ਲਿਜਾ ਕੇ ਅੰਤਿਮ ਇਸ਼ਨਾਨ ਕਰਵਾਉਣ ਲੱਗ ਪਈਆਂ। ਕੁਝ ਦੇਰ ਬਾਅਦ ਭਾਗ ਕੌਰ ਨੂੰ ਨਵਾਂ ਸੂਟ ਪਾ ਕੇ ਅਤੇ ਸਿਰ 'ਤੇ ਦੁਪੱਟਾ ਦੇ ਕੇ ਵਿਹੜੇ ਵਿੱਚ ਅਖੀਰੀ ਦਰਸ਼ਨਾਂ ਹਿਤ ਲਿਟਾ ਦਿੱਤਾ। ਮੁਹੱਲੇ ਦੇ ਸਾਰੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਜਤਾ ਰਹੀਆ ਸਨ ਕਿ ਆਹ ਸਾਰਾ ਪਿਆਰ ਭਾਗ ਕੌਰ ਨੇ ਖੁਦ ਆਪਣੇ ਨੇਕ ਅਤੇ ਮਿੱਠੇ ਸੁਭਾਅ ਕਰ ਕੇ ਖੱਟਿਆ ਹੈ, ਨਹੀਂ ਤਾਂ ਇਸ ਘਰ ਵਿੱਚ ਰਹਿਣ ਵਾਲਿਆਂ ਨੂੰ ਮੁਹੱਲੇ ਵਾਲਾ ਕੋਈ ਬੁਲਾ ਕੇ ਰਾਜ਼ੀ ਨਹੀਂ ਸੀ।

ਆਪਣੀ ਜ਼ਿੰਮੇਵਾਰੀ ਤੋਂ ਇਨਸਾਨ ਕਿੰਨ੍ਹਾਂ ਵੀ ਕਿਉਂ ਨਾ ਭੱਜ ਲਵੇ, ਪਰ ਆਪਣੇ ਨਫ਼ੇ ਨੁਕਸਾਨ ਦਾ ਅਹਿਸਾਸ ਸਭ ਨੂੰ ਭਲੀ-ਭਾਂਤ ਹੁੰਦਾ ਹੈ। ਸ਼ਾਇਦ ਇਸ ਕਰ ਕੇ ਹੀ ਰੌਸ਼ੀ ਅਤੇ ਉਸ ਦਾ ਭਰਾ ਸੁੱਚਾ ਆਪਣੀ ਮੋਈ ਮਾਂ ਲਈ ਰੋ-ਰੋ ਆਪੇ ਤੋਂ ਬਾਹਰ ਹੋ ਰਹੇ ਸਨ। ਸੁੱਚਾ ਮਾਂ ਦੇ ਪੈਰਾਂ ਨੂੰ ਆਪਣੇ ਹੰਝੂਆਂ ਨਾਲ ਧੋਂਦਾ ਹੋਇਆ ਹੌਲੀ-ਹੌਲੀ ਪੈਰਾਂ ਨੂੰ ਪਲੋਸ ਰਿਹਾ ਸੀ, ਜਿੰਨ੍ਹਾਂ ਚਰਨਾਂ ਦੀ ਜਿਉਂਦੇ ਜੀਅ ਉਸ ਨੇ ਕੋਈ ਕਦਰ ਨਹੀਂ ਸੀ ਜਾਣੀਂ। ਛੋਟਾ ਪੁੱਤਰ ਰੌਸ਼ੀ ਮਾਂ ਦੇ ਸਿਰ ਨੂੰ ਗੋਦ ਵਿੱਚ ਰੱਖੀ ਮੁਆਫ਼ੀ ਮੰਗਦਾ ਮਾਂ ਦੇ ਕੁਮਲਾਏ ਚਿਹਰੇ 'ਤੇ ਹੱਥ ਫੇਰ ਰਿਹਾ ਸੀ ਕਿ ਅਚਾਨਕ ਮਾਂ ਦੇ ਵਾਲਾਂ ਨੂੰ ਸਹਿਲਾਉਂਦੇ ਹੋਏ ਮਾਂ ਦੇ ਕੰਨਾਂ 'ਤੇ ਹੱਥ ਲੱਗਿਆ ਤੇ ਇੱਕ ਦਮ ਓਹ ਦਿਨ ਯਾਦ ਆ ਗਿਆ, ਜਦ ਮਾਂ ਨੂੰ ਸਾਰੀ ਉਮਰ ਦੀ ਅਣਥੱਕ ਸੇਵਾ ਅਤੇ ਤ੍ਰਿਸਕਾਰ ਦੇ ਬਦਲੇ ਆਹ ਪਿੱਪਲ ਪੱਤੀ ਝੁਮਕੀਆਂ ਨਸੇੜੀ ਪਿਓ ਵੱਲੋਂ ਮਿਲੀਆਂ ਸਨ। ਓਹ ਵੀ ਜਦ ਬਾਪੂ ਦੀ ਜਿੰਦਗੀ ਦੇ ਆਖਰੀ ਦਿਨ ਚੱਲ ਰਹੇ ਸੀ…..
….."ਜਾ ਵੇਖ ਤੇਰੀ ਮਾਂ ਦੇ ਕੰਨਾਂ ਨੂੰ, ਕਿਵੇਂ ਲਿਸ਼ਕਾਂ ਮਾਰਦੇ ਪਏ ਨੇ….।" ਬਾਪੂ ਕਰਮ ਸਿੰਘ ਨੇ ਮੰਜੇ 'ਤੇ ਪਏ-ਪਏ ਘਰ ਵੜਦੇ ਪੁੱਤ ਰੋਸ਼ੀ ਨੂੰ ਕਿਹਾ।

"ਲੈ ਵੇਖ, ਮੇਰੇ ਕੰਨ ਕਿੰਨੇ ਸੋਹਣੇ ਲੱਗਦੇ ਨੇ?" ਮਾਂ ਖੁਸ਼ੀ ਵਿੱਚ ਚੌੜੀ ਹੋਈ ਚੌਂਕੇ ਵਿੱਚੋਂ ਬਾਹਰ ਆ ਗਈ।

"ਵਾਹ ਮਾਂ! ਤੇਰੀ ਚੜ੍ਹਾਈ ਹੈ!!" ਮਾਂ ਨੂੰ ਇੰਨਾਂ ਚਹਿਕਦਾ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਪਰ ਨਾਲ ਹੀ ਮਨ ਬੇਈਮਾਨ ਹੋ ਗਿਆ ਸੀ ਕਿ ਜੋ ਪੱਨੂੰ ਦੇ ਉਧਾਰੇ ਪੇਸੈ ਦੇਣੇ ਨੇ, ਜੇ ਮਾਂ ਆਪਣੇ ਆਹ ਪਿੱਪਲ ਪੱਤੀ ਵਾਲੇ ਝੁਮਕੇ ਮੈਨੂੰ ਦੇ ਦੇਵੇ, ਤੇ ਮੇਰਾ ਘੱਟੋ-ਘੱਟ ਇੱਕ ਬੰਦੇ ਦਾ ਫ਼ਾਹਾ ਤੇ ਵੱਢਿਆ ਜਾਊਗਾ? ਮਾਂ ਦੇ ਝੁਮਕਿਆਂ ਨੂੰ ਦੇਖਦੇ ਹੀ ਰੌਸ਼ੀ ਦਾ ਦਿਲ ਬੇਈਮਾਨ ਹੋ ਗਿਆ। ਕਿਉਂਕਿ ਸਾਰੀ ਉਮਰ ਉਹਨਾਂ ਨੇ ਮਾਂ ਦੀ ਨਾ ਕਦੇ ਕਦਰ ਪਾਈ ਅਤੇ ਨਾ ਹੀ ਉਸ 'ਤੇ ਕਦੇ ਤਰਸ ਕੀਤਾ। ਹਮੇਸ਼ਾ ਬਾਪੂ ਨੂੰ ਮਾਂ 'ਤੇ ਤਸ਼ਦੱਦ ਕਰਦੇ ਹੀ ਵੇਖਿਆ ਸੀ। ਨਾ ਬਾਪੂ ਨੇ ਕਦੇ ਮਾਂ ਦੀ ਸੁਣੀ ਤੇ ਨਾ ਕਦੇ ਪੁੱਤਾਂ ਨੇ ਕੋਈ ਗੌਰ ਕੀਤੀ।

ਥੋੜੀ ਦੇਰ ਬਾਅਦ ਵੱਡਾ ਪੁੱਤ ਸੁੱਚਾ ਵੀ ਆ ਗਿਆ। ਮਾਂ ਨੂੰ ਝੁਮਕਿਆਂ ਦੀਆਂ ਗੱਲਾਂ ਕਰਦੇ ਵੇਖ ਬੋਲ ਪਿਆ, "ਕਿੰਨੀ ਕੁ 'ਭੁੱਕੀ' ਆ ਜਾਊ ਇਹਨਾਂ ਸੋਨੇ ਦੀ ਝੁਮਕਿਆਂ ਵੱਟੇ?" ਬਿਨਾ ਕੁਝ ਸੋਚੇ ਸਮਝੇ ਟਿੱਚਰ ਕਰਦਾ ਬੋਲ ਪਿਆ।

"ਜਾਹ… ਜਾਹ ਵੇ! ਸੁਪਨੇ ਵਿੱਚ ਵੀ ਨਾ ਸੋਚੀਂ, ਤੇਰੀ ਛਾਂ ਵੀ ਨਹੀਂ ਪੈਣ ਦੇਣੀ ਮੈਂ ਆਪਦੇ ਝੁਮਕਿਆਂ 'ਤੇ….। ਮਸਾਂ ਸਾਰੀ ਉਮਰ 'ਚ ਇੱਕ ਵਾਰ ਤੇਰੇ ਪਿਉ ਨੇ ਮੈਨੂੰ ਕੋਈ ਟੂੰਮ ਬਣਾ ਕੇ ਦਿੱਤੀ ਹੈ, ਇਹ ਤਾਂ ਹੁਣ ਮੇਰੇ ਨਾਲ ਮੱਚੂ ਸਿਵੇ 'ਚ!" ਆਖਦੇ ਹੋਏ ਭਾਗ ਕੌਰ ਨੇ ਮੋਹ ਨਾਲ ਆਪਣੇ ਦੋਵੇਂ ਹੱਥ ਆਪਣੇ ਕੰਨਾਂ 'ਤੇ ਰੱਖ ਲਏ।

ਕਰਮ ਸਿੰਘ ਦੀ ਪਤਨੀ ਭਾਗ ਕੌਰ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਕੋਈ ਸੁਖ ਨਹੀ ਸੀ ਵੇਖਿਆ। ਪਤੀ ਨਸ਼ੇੜੀ ਅਤੇ ਜੁਆਰੀ ਸੀ। ਪਤੀ ਦੀ ਕੁਸੰਗਤ ਦਾ ਅਸਰ ਦੋਵੇਂ ਪੁੱਤਰਾਂ 'ਤੇ ਵੀ ਹੋਣਾ ਸ਼ੁਰੂ ਹੋ ਗਿਆ ਸੀ। ਉਹ ਵੀ ਸਿੱਧੇ ਅਸਿੱਧੇ ਪਿਉ ਵਾਲੇ ਕਾਰਨਾਵਿਆਂ ਦੀ ਲੀਹ ਉਪਰ ਤੁਰ ਪਏ ਸਨ।

"ਅੱਜ ਖਾਣ ਨੂੰ ਘਰ ਕੁਛ ਨਹੀ ਸੀ, ਤੁਸੀ ਕੁਝ ਇੰਤਜਾਮ ਕਰ ਕੇ ਲਿਆਓ…।" ਭਾਗ ਕੌਰ ਦੀ ਗੱਲ ਹਜੇ ਪੂਰੀ ਵੀ ਨਹੀਂ ਹੋਈ ਸੀ ਕਿ ਕਰਮ ਸਿੰਘ ਨੇ ਬਾਲਟੀ ਨੂੰ ਜੋਰ ਦੀ ਠੁੱਡ ਮਾਰ ਕੇ ਦੂਰ ਵਗਾਹ ਮਾਰਿਆ ਤੇ ਭਖੀਆਂ ਹੋਈਆਂ ਅੱਖਾਂ ਕੱਢ ਕੇ ਦਹਾੜਿਆ, "…..ਓਹ ਦੋਵੇ ਮੇਰੀ ਛਾਤੀ 'ਤੇ ਸੱਪ ਬਣੇ ਬੈਠੇ ਨੇ …. ਆਖ ਓਹਨਾਂ …. ਕਮੀਨਿਆਂ ਨੂੰ….?" ਇਸ ਦੇ ਨਾਲ ਹੀ ਕਈ ਗਾਲ੍ਹਾਂ ਕੱਢ ਕੇ ਬਾਹਰ ਨੂੰ ਟੁਰ ਪਿਆ। ਜਿਵੇਂ ਘਰ ਨਾਲ ਕਰਮ ਸਿੰਘ ਦਾ ਕੋਈ ਵਾਸਤਾ ਹੀ ਨਾ ਹੋਵੇ।

ਘਰ ਦੇ ਕਲੇਸ਼ਾਂ ਅਤੇ ਗਰੀਬੀ ਕਰ ਕੇ ਭਾਗ ਕੌਰ ਦਾ ਸਰੀਰ ਟਾਂਡੇ ਵਾਂਗ ਸੁੱਕ ਗਿਆ ਸੀ। ਪਰ ਨਿਕੰਮੇਂ ਜਵਾਨ ਪੁੱਤਾਂ ਨੂੰ ਭੁੱਖੇ ਸੁਆਉਣ ਲਈ ਮਾਂ ਦੀ ਮਮਤਾ ਹਾਮ੍ਹੀਂ ਨਹੀਂ ਸੀ ਭਰਦੀ। ਇਸ ਲਈ ਨਾਲ ਦੇ ਖੇਤਾਂ ਵਿੱਚ ਭਾਗ ਕੌਰ ਦਿਹਾੜੀ 'ਤੇ ਆਲੂ ਚੁਗਣ ਚਲੀ ਗਈ।

ਸ਼ਾਮ ਦਾ ਹਨ੍ਹੇਰਾ ਚੜ੍ਹਿਆ ਆ ਰਿਹਾ ਸੀ। ਘਰ ਪਹੁੰਚ ਕੇ ਚੁੱਲ੍ਹੇ-ਚੌਂਕੇ ਦਾ ਵੀ ਫ਼ਿਕਰ ਸੀ। ਇਸ ਲਈ ਭਾਗ ਕੌਰ ਤੇਜ਼ ਕਦਮਾਂ ਨਾਲ ਘਰ ਵੱਲ ਟੁਰ ਰਹੀ ਸੀ। ਝੋਲੇ ਵਿੱਚ ਆਲੂ ਪਾਈ ਮੋਢੇ 'ਤੇ ਰੱਖ ਟੁਰਦੀ ਸੋਚ ਰਹੀ ਸੀ ਕਿ ਇਕ  ਦਿਨ ਉਸ ਦੇ ਬੇਟੇ ਜਰੂਰ ਉਸ ਦੀ ਕਦਰ ਕਰਨਗੇ ਅਤੇ ਸਹਿਯੋਗੀ ਬਣਨਗੇ।

"ਆਹ!!! ….ਹਾਏ ਰੱਬਾ …. !" ਬੋਲਦੀ ਅਤੇ ਤੁਰਦੀ ਘੜੀ ਮੁੜੀ ਆਪਣੇ ਮੋਢੇ ਦਾ ਭਾਰ ਬਦਲ ਰਹੀ ਸੀ। ਘਰ ਦੀ ਸਰਦਲ ਪਾਰ ਕਰ ਸੁਖ ਦਾ ਸਾਹ ਲਿਆ। ਆਲੂ ਚੌਂਕੇ ਕੋਲ ਰੱਖ, ਨਲਕਾ ਗੇੜ ਪਾਣੀ ਪੀਤਾ। ਭਾਗ ਕੌਰ ਦਾ ਵੱਡਾ ਪੁੱਤ ਸੁੱਚਾ ਜਿਵੇਂ ਮਾਂ ਦਾ ਹੀ ਇੰਤਜ਼ਾਰ ਕਰ ਰਿਹਾ ਸੀ। ਭਾਗ ਕੌਰ ਦੀ ਮਲਮਲ ਦੀ ਪੁਰਾਣੀ ਅਤੇ ਮਿੱਟੀ ਨਾਲ ਲਿਬੜੀ ਚੁੰਨੀ ਦੀ ਕੰਨੀ ਨਾਲ ਅੱਜ ਦੀ ਮਿਲੀ ਦਿਹਾੜੀ ਦੇ ਪੈਸਿਆਂ ਨੂੰ ਲਲਚਾਈਆਂ ਨਜ਼ਰਾਂ ਨਾਲ਼ ਬੜੀ ਨੀਝ ਲਾ ਕੇ ਵੇਖ ਰਿਹਾ ਸੀ।

"ਮਾਂ, ਲਿਆ ਦੇਹ ਅੱਜ ਕੀ ਕਮਾ ਕੇ ਲਿਆਈ ਹੈਂ, ਕੱਲ੍ਹ ਤੈਨੂੰ ਮੋੜ ਦਿਊਂਗਾ?" ਸੁੱਚੇ ਦੀ ਅਵਾਜ਼ ਤੋਂ ਹੀ ਜਾਪਦਾ ਸੀ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ।

"ਵੇ…. ਸੁਣ ਲੈ! ਇਹਨਾਂ ਨੂੰ ਹੱਥ ਨਾ ਲਾਵੀਂ, ਮੈਂ ਮਸੀਂ ਦਿਹਾੜੀ ਲਾਈ ਹੈ, ਹਫ਼ਤਾ ਘਰ ਚੱਲੂ ਇਸ ਨਾਲ਼…।" ਭਾਗ ਕੌਰ ਨਾਲ ਇਹ ਪਹਿਲੀ ਵਾਰ ਨਹੀ ਸੀ ਹੋ ਰਿਹਾ। ਇਸ ਲਈ ਉਸ ਨੇ ਚੁੰਨੀ ਦੀ ਗੰਢ ਨੂੰ ਆਪਣੇ ਕਮਜੋਰ ਹੱਥਾਂ ਨਾਲ ਘੁੱਟ ਕੇ ਫ਼ੜ ਲਿਆ। ਪਰ ਜਵਾਨੀ ਦੇ ਅੱਗੇ ਵਿਚਾਰੀ ਦੇ ਹੱਥਾਂ ਦਾ ਕੀ ਜੋਰ? ਸੁੱਚੇ ਨੇ ਮਾਂ ਦਾ ਕੋਈ ਲਿਹਾਜ ਨਾ ਕੀਤਾ, ਅਤੇ ਛਾਲ ਮਾਰ ਕੇ ਮਾਂ ਨੂੰ ਪੈ ਗਿਆ। ਭਾਗ ਕੌਰ ਆਪਣੀ ਲੀਰੋ-ਲੀਰ ਹੋਈ ਚੁੰਨੀ ਨੂੰ ਖਿੱਚਦੀ ਰਹਿ ਗਈ। ਪਰ ਪੁੱਤ ਸੁੱਚਾ ਪੈਸੇ ਖੋਹਣ ਵਿੱਚ ਕਾਮਯਾਬ ਹੋ ਗਿਆ। ਭਾਗ ਕੌਰ ਕੱਚੇ ਫ਼ਰਸ਼ 'ਤੇ ਪਈ ਕੁਰਲਾਉਂਦੀ ਰਹਿ ਗਈ। ਫੇਰ ਉਸ ਨੂੰ ਚੇਤਾ ਆਇਆ ਕਿ ਪ੍ਰੀਵਾਰ ਨੇ ਆ ਕੇ ਰੋਟੀ ਟੁੱਕਰ ਵੀ ਖਾਣਾਂ ਹੈ। ਅੱਖਾਂ ਪੂੰਝ ਟੁੱਟੇ ਹੋਏ ਹੱਡਾਂ ਨੂੰ ਇਕੱਠਾ ਕਰ ਚੁੱਲ੍ਹੇ ਦੁਆਲੇ ਹੋ ਗਈ। ਰਾਤ ਘਿਰਦੇ ਹੀ ਇੱਕ ਇੱਕ ਕਰ ਕੇ ਸਾਰੇ ਮੁੜ ਆਏ। ਦੋਵੇਂ ਪੁੱਤਰਾਂ ਤੇ ਪਤੀ ਨੂੰ ਰੋਟੀ ਪਾ ਕੇ ਦਿੱਤੀ, ਪਰ ਕਿਸੇ ਨੇ ਨਾ ਪੁੱਛਿਆ ਕਿ ਖਾਣੇਂ ਦਾ ਇੰਤਜ਼ਾਮ ਕਿਸ ਨੇ ਕੀਤਾ ਹੈ?

ਬੜੀ ਹੀ ਉਦਾਸ ਅੱਖਾਂ ਨਾਲ ਤਿੰਨਾਂ ਨੂੰ ਵੇਖ ਕੇ ਸੋਚ ਰਹੀ ਸੀ ਕਿ …. ਸੱਚਮੁਚ ਹੀ ਪਤੀ ਕੋਲ ਪਤਨੀ ਬੇਫ਼ਿਕਰ, ਸੁਲੱਖਣੀ ਅਤੇ ਸੁਹਾਗਣ ਹੁੰਦੀ ਹੈ? ਕੀ ਪੁੱਤ ਜੰਮਣਾਂ ਵਾਕਿਆ ਹੀ ਮਾਣ ਦੀ ਗੱਲ ਹੁੰਦੀ ਹੈ? ਔਰਤ ਲਈ ਹੀ ਪ੍ਰੀਵਾਰ ਦੀ ਮਹਤੱਤਾ ਕਿਉਂ ਹੈ? ਸਵਾਲਾਂ ਦਾ ਪਹਾੜ ਬਣੀਂ ਜਾ ਰਿਹਾ ਸੀ, ਪਰ ਭਾਗ ਕੌਰ ਨੂੰ ਜਵਾਬ ਇੱਕ ਵੀ ਨਹੀਂ ਸੀ ਮਿਲ ਰਿਹਾ। ਭਾਗ ਕੌਰ ਆਪਣੇਂ ਆਪ ਤੋਂ ਹੀ ਜਿਵੇਂ ਹਾਰੀ ਪਈ ਆਪਣਾਂ ਮੂੰਹ ਚੁੰਨੀ ਵਿੱਚ ਵਲ੍ਹੇਟ ਕੇ ਸੌਂ ਗਈ।

"ਲੈ ਮਾਂ, ਆਹ ਫ਼ੜ ਵੀਹ ਰੁਪਏ, ਚੀਨੀ ਪੱਤੀ ਲੈ ਆਵੀਂ!" ਛੋਟੇ ਪੁੱਤ ਰੌਸ਼ੀ ਨੇ ਭਾਗ ਕੌਰ ਨੂੰ ਰੁਪਏ ਦਿੱਤੇ। ਮਾਂ ਦੀ ਮਮਤਾ ਨੂੰ ਜਿਵੇਂ ਇੱਕੇ ਦਮ ਉਛਾਲ ਆਇਆ ਅਤੇ ਉਸ ਨੇ ਪੁੱਤ ਰੌਸ਼ੀ ਦਾ ਮੱਥਾ ਚੁੰਮ ਲਿਆ। ਆਪਣੇ ਨਸ਼ਿਆਂ ਲਈ ਤਿੰਨੋਂ ਪਿਉ-ਪੁੱਤ ਪੈਸੇ ਦਾ ਕੁਝ ਨਾ ਕੁਝ ਜੁਗਾੜ ਕਰ ਲੈਂਦੇ ਸੀ। ਜੇ ਕਿਸੇ ਦਿਨ ਦਿਲ ਵਿੱਚ ਰਹਿਮਤ ਆ ਜਾਂਦੀ ਤਾਂ ਭਾਗ ਕੌਰ ਨੂੰ ਕੁਝ ਘਰ ਲਈ ਮਿਲ ਜਾਂਦਾ ਸੀ, ਨਹੀ ਤੇ ਉਹ ਵਿਚਾਰੀ ਆਪਣੀਆਂ ਹੱਡੀਆਂ ਨੂੰ ਦਾਅ ਤੇ ਲਾ ਕੇ ਦਿਹਾੜ੍ਹੀ ਦਾ ਕੋਈ ਢਾਣਸ ਕਰ ਲੈਂਦੀ ਸੀ। ਜ਼ਿੰਦਗੀ ਦੀ ਪੂਰੀ ਖਿੱਚ-ਧੂਹ ਹੋ ਰਹੀ ਸੀ। ਪਰ ਹਜੇ ਹੋਰ ਕੁਝ ਵੀ ਬੜਾ ਕੁਝ ਬਾਕੀ ਸੀ ਭਾਗ ਕੌਰ ਲਈ। ਪਤੀ ਕਰਮ ਸਿੰਘ ਨੂੰ ਦਮੇਂ ਦੀ ਬਿਮਾਰੀ ਨੇ ਘੇਰ ਲਿਆ ਅਤੇ ਉਹ ਚਿੜਚਿੜਾ ਹੋ ਹਰ ਗੱਲ ਤੇ ਖਿਝਣ ਪਿੱਟਣ ਲੱਗ ਪਿਆ।

"ਜਾਹ ਜਾ ਕੇ ਦੁੱਧ ਲੈ ਆ, ਤੈਨੂੰ ਚਾਹ ਬਣਾ ਦਿਆਂ!" ਭਾਗ ਕੌਰ ਨੇ ਬੜੇ ਮੋਹ ਨਾਲ ਕਰਮ ਸਿੰਘ ਦੇ ਹੱਥ ਗੜਵੀ ਫ਼ੜਾਉਂਦਿਆਂ ਕਿਹਾ।

 "ਤੂੰ ਪਰ੍ਹੇ ਮਰ ਸਾਲੀਏ…।" ਪਤਾ ਨਹੀਂ ਕਿਸ 'ਤੇ ਖਿਝੇ ਹੋਏ ਕਰਮ ਸਿੰਘ ਨੇ ਗੜਵੀ ਭਾਗ ਕੌਰ ਵੱਲ ਚਲਾ ਕੇ ਮਾਰੀ, ਜੋ ਸਿੱਧੀ ਉਸ ਦੇ ਗੋਡੇ 'ਤੇ ਲੱਗੀ ਅਤੇ ਚੀਸ ਭਾਗ ਕੌਰ ਦੇ ਕਲੇਜੇ ਵਿੱਚ ਦੀ ਹੁੰਦੀ ਸਿੱਧੀ ਦਿਮਾਗ ਤੱਕ ਪਹੁੰਚੀ।

"ਹਾਏ ਵੇ ਮਰ ਗਈ ….!" ਚੀਕ ਮਾਰ ਕੇ ਜ਼ਮੀਨ 'ਤੇ ਹੀ ਦੂਹਰੀ ਹੋ ਗਈ। ਮਸੀਂ ਗੋਡਾ ਘੜ੍ਹੀਸਦੇ ਹੋਏ ਚੁੱਲ੍ਹੇ ਕੋਲ ਗਈ ਅਤੇ ਬੈਠ ਟਕੋਰ ਕਰਦਿਆਂ ਸੋਚ ਰਹੀ ਸੀ ਕਿ ਖਿਝਦੇ-ਖਪਦੇ ਪਤੀ ਦਾ ਇਲਾਜ ਕਿਵੇਂ ਕਰਵਾਏ? ਉਸ ਨੂੰ ਆਪਣੇ ਗੋਡੇ ਦੀ ਪੀੜ ਦੀ ਕੋਈ ਪ੍ਰਵਾਹ ਨਹੀਂ ਸੀ। ਪਤੀ ਉਸ ਦੇ ਸਿਰ ਦਾ ਸਰਦਾਰ ਸੀ। ਉਸ ਦਾ ਰਖਵਾਲਾ ਸੀ, ਉਸ ਦਾ ਮਾਲਕ ਸੀ। ….ਮਾੜੀ ਮਾਲੀ ਹਾਲਤ ਵਿੱਚ ਇਲਾਜ ਕਿੱਥੋਂ ਹੋਣਾ ਸੀ? ਭਾਗ ਕੌਰ ਦੋਵੇਂ ਪੁੱਤਰਾਂ ਦਾ ਮੂੰਹ ਤੱਕਣ ਲੱਗ ਪਈ। ਪਰ ਉਹਨਾਂ ਨੂੰ ਬਾਪ ਨਾਲ ਕੋਈ ਸਰੋਕਾਰ, ਕੋਈ ਲਗਾਓ ਹੀ ਨਹੀ ਸੀ।

"ਭੈਣ, ਦੋ ਸੌ ਰੁਪਏ ਉਧਾਰ ਦੇ-ਦੇ, ਬੱਚਿਆਂ ਦੇ ਪਿਉ ਦੀ ਦਵਾ ਮੁੱਕੀ ਹੋਈ ਹੈ।" ਗਵਾਂਢਣ ਨੂੰ ਕਰਮ ਸਿੰਘ ਦੀ ਬਿਮਾਰੀ ਦੱਸ ਭਾਗ ਕੌਰ ਨੇ ਮੱਦਦ ਦੀ ਗੁਹਾਰ ਲਾਈ। ਭਾਗ ਕੌਰ ਦੀ ਨੇਕੀ ਨੂੰ ਸਭ ਜਾਣਦੇ ਸਨ। ਹਾਲਾਤ ਵੇਖਦੇ ਹੋਏ ਗਵਾਂਢਣ ਤੋਂ ਪੈਸੇ ਮਿਲ ਗਏ। ਸਵੇਰੇ ਡਾਕਟਰ ਦੇ ਜਾਊਂਗੀ, ਕੁਝ ਦਿਨ ਦੀ ਦਵਾਈ ਤੇ ਆਊ, ਸੋਚ ਕੇ ਹੀ ਭਾਗ ਕੌਰ ਦੇ ਮਨ ਨੂੰ ਸਕੂਨ ਜਿਹਾ ਹੋ ਰਿਹਾ ਸੀ। ਰਾਤ ਛੋਟਾ ਪੁੱਤ ਰੌਸ਼ੀ ਘਰ ਆਇਆ, ਪਰ ਵੱਡਾ ਪੁੱਤ ਸੁੱਚਾ ਨਹੀ ਸੀ ਬਹੁੜਿਆ। ਸ਼ਾਇਦ ਜੂਏ ਦੀ ਬਾਜ਼ੀ ਲੰਬੀ ਚੱਲੀ ਹੋਵੇ? ਪਰ ਮਾਂ ਦੀਆਂ ਆਂਦਰਾਂ ਸਾਰੀ ਰਾਤ ਮਰੋੜੇ ਖਾਂਦੀਆਂ ਰਹੀਆਂ। ਪੁੱਤ ਦੀ ਚਿੰਤਾ ਵਿੱਚ ਲੋਅ ਲੱਗੇ ਕਿਤੇ ਭਾਗ ਕੌਰ ਦੀ ਅੱਖ ਲੱਗ ਗਈ।

"ਸੁੱਤੀ ਹੈਂ ਕਿ ਮਰ ਗਈ?" ਪਤੀ ਕਰਮ ਸਿੰਘ ਦੇ ਕੁਰੱਖ਼ਤ ਬੋਲਾਂ ਨਾਲ ਭਾਗ ਕੌਰ ਤ੍ਰਭਕ ਕੇ ਉਠ ਖੜ੍ਹੀ। ਕਰਮ ਸਿੰਘ ਨੂੰ ਚਾਹ ਦਾ ਗਿਲਾਸ ਫੜਾ, ਬਾਰ ਬਹੁਕਰ ਮਾਰ ਕੇ ਦਵਾਈ ਲਿਆਉਣ ਲਈ ਝਾਰਨੇ ਵਿੱਚੋਂ ਪੈਸੇ ਕੱਢੇ ਤਾਂ ਹੈਰਾਨ ਰਹਿ ਗਈ। ਉਥੇ ਸਿਰਫ਼ ਇੱਕ ਸੌ ਦਾ ਹੀ ਨੋਟ ਸੀ। ਉਸ ਬੌਂਦਲੀ ਨੇ ਕਈ ਵਾਰ ਫਰੋਲ-ਫਰੋਲ ਕੇ ਵੇਖਿਆ। ਪਰ ਓਥੇ ਸਿਰਫ ਓਹੀ ਇੱਕ ਨੋਟ ਸੀ। ਉਸ ਨੂੰ ਸਭ ਸਮਝ ਆ ਗਿਆ ਕਿ ਛੋਟਾ ਪੁੱਤ ਬਿਨਾ ਕੁਝ ਕਹੇ ਸਵੇਰੇ-ਸਵੇਰੇ ਘਰੋਂ ਕਿਉਂ ਚਲਾ ਗਿਆ ਸੀ।

ਦਵਾਈ ਲਿਆ ਪਤੀ ਨੂੰ ਦੇ ਉਸ ਦੇ ਦੁਖਦੇ ਸਰੀਰ ਨੂੰ ਘੁੱਟਣ ਲੱਗ ਪਈ। ਦੁਪਿਹਰੇ ਪੁੱਤ ਮੁੜ ਆਏ ਤਾਂ ਭਾਗ ਕੌਰ ਹੌਂਸਲਾ ਕਰ ਪੁੱਛ ਬੈਠੀ। ਗਵਾਚੇ ਸੌ ਦੇ ਨੋਟ ਬਾਰੇ ਨਾਲ ਹੀ ਪਿਉ ਦੀ ਬਿਮਾਰੀ ਦਾ ਵਾਸਤਾ ਦੇਣ ਲੱਗ ਪਈ। ਆਪਦੇ ਗੁਨਾਂਹ ਨੂੰ ਢਕਣ ਲਈ ਰੌਸ਼ੀ ਨੇ ਗੁੱਸੇ ਨਾਲ ਬੁੱਢੀ ਮਾਂ ਦੇ ਨੱਕ 'ਤੇ ਇੱਕ ਘਸੁੰਨ ਮਾਰ ਚੀਕਣ ਲੱਗ ਪਿਆ, "ਆਹੋ ਮੈਂ ਹੀ ਤੇ ਚੋਰ ਹਾਂ ਇਸ ਘਰ ਵਿੱਚ…।" ਆਬੜ ਤਾਬੜ ਬੋਲਦਾ ਹੋਇਆ ਉਹ ਬਾਹਰ ਨੂੰ ਨਿਕਲ ਗਿਆ।

"ਊਹਹਹ…..ਊਹਹਹ….ਓਓਹਹ….।" ਕਰਮ ਸਿੰਘ ਦੀ ਖੰਘ ਲਗਾਤਾਰ ਵੱਧ ਰਹੀ ਸੀ।

"ਤੈਨੂੰ ਜਿਆਦਾ ਹੀ ਐਸ ਬੁੱਢੇ ਦਾ ਫਿਕਰ ਹੈ ਤਾਂ ਆਪਦੀ ਪਿੱਪਲ ਪੱਤੀ ਝੁਮਕੀ ਕਿਸੇ ਕੋਲ 'ਗਹਿਣੇ' ਰੱਖ ਆ…. ਆਹ ਰੋਜ਼ ਦਿਹਾੜੀ ਬੁੱਢੇ ਦੀ ਬਿਮਾਰੀ ਸਾਡੇ ਅੱਗੇ ਨਾ ਗਾਈ ਜਾਇਆ ਕਰ….।" ਵੱਡੇ ਪੁੱਤ ਸੁੱਚੇ ਨੇ ਮਾਂ ਦਾ ਦਿਲ ਦੋਫਾੜ ਕਰ ਦਿੱਤਾ। ਪਤੀ ਦਾ ਇਲਾਜ ਤੇ ਕਰਵਾਉਣਾਂ ਹੀ ਸੀ, ਇਸ ਲਈ ਭਾਗ ਕੌਰ ਆਪਦੇ ਝੁਮਕੇ ਗਹਿਣੇ ਰੱਖਣ ਲਈ ਕੋਈ ਸਹੀ ਘਰ ਪ੍ਰੀਵਾਰ ਦੀ ਦਿਮਾਗੀ ਤੌਰ 'ਤੇ ਖੋਜ ਕਰਨ ਲੱਗ ਪਈ। ਭਾਗ ਕੌਰ ਦੀ ਫ਼ਿਕਰਾਂ, ਸੋਚਾਂ ਵਿੱਚ ਹੀ ਰਾਤ ਨੇ ਆਪਣੀ ਕਾਲੀ ਚਾਦਰ ਫੈਲਾ ਦਿੱਤੀ….।

….."ਭਾਗ ਕੌਰੇ, ਉਰ੍ਹਾਂ ਤੇ ਆ….।" ਕਰਮ ਸਿੰਘ ਪਤਾ ਨਹੀ ਕਿਉਂ ਅੱਜ ਹਥਿਆਰ ਜਿਹੇ ਸੁੱਟੀ ਬੈਠਾ ਸੀ।

"ਜੀ…..ਤੁਸੀ ਫ਼ਿਕਰ ਨਾ ਕਰੋ, ਮੈਂ ਸਵੇਰੇ ਹੀ …..।" ਅਜੇ ਭਾਗ ਕੌਰ ਪਤੀ ਨੂੰ ਹੋਰ ਤਸੱਲੀ ਦੇਣਾ ਚਾਹੁੰਦੀ ਸੀ, ਪਰ ਕਰਮ ਸਿੰਘ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ।

"ਅੱਜ ਤੂੰ ਮੇਰੀ ਸੁਣ ਤੇ ਸਿਰਫ਼ ਮੇਰੀ ਹੀ ਮੰਨ…..ਉਹਹਹਹਹ….ਆਹ ਊਹਹਹ….।" ਇਕ ਲੰਮੀ ਖੰਘ ਤੋਂ ਬਾਅਦ ਕਰਮ ਸਿੰਘ ਅੱਗੇ ਬੋਲਿਆ ….."ਮੈਨੂੰ  ਤੂੰ ਵਾਅਦਾ…..ਇੱਕ ਵਾਅਦਾ ਕਰ …..ਊਹਹਹ…. ਵੇਖ ….ਸਾਰੀ ਉਮਰ 'ਚ ਮੈਂ ਸਿਰਫ਼ ਆਹ ਪਿਪਲ ਪੱਤੀ ਝੁਮਕੀ ਹੀ ਤੈਨੂੰ ਦਿੱਤੀ ਹੈ, ਇਸ ਨੂੰ ਮੇਰੀ ਆਖਰੀ ਨਿਸ਼ਾਨੀ ਮੰਨ ਕੇ ਸੰਭਾਲ ਕੇ ਰੱਖੀਂ, ਭਾਵੇਂ ਮੇਰਾ ਇਲਾਜ ਨਹੀਂ ਹੁੰਦਾ ਕੋਈ ਗੱਲ ਨਹੀਂ…… ਊਹਹਹ….."  ਅੱਜ ਕਰਮ ਸਿੰਘ ਨੂੰ ਆਪਣੇ ਕੀਤੇ ਬੁਰੇ ਸਲੂਕ ਅਤੇ ਅਥਾਹ ਕੀਤੇ ਤਸ਼ੱਦਦ 'ਤੇ ਪਛਤਾਵਾ ਹੋ ਰਿਹਾ ਸੀ। ਉਸ ਨੇ ਪਹਿਲੀ ਵਾਰ ਪਤਨੀ ਭਾਗ ਕੌਰ ਦੇ ਅੱਗੇ ਹੱਥ ਜੋੜ ਦਿੱਤੇ ਅਤੇ ਅੱਖਾਂ ਭਰ ਆਇਆ।

"ਤੁਸੀ ਕੀ….।" ਭਾਗ ਕੌਰ ਜਾਰ-ਜਾਰ ਰੋ ਪਈ।

"ਮੈਨੂੰ ….ਉਹਹਹ …..ਮੈਨੂੰ ਮੁਆਫ਼ ਕਰ ਦੇਵੀਂ ਭਾਗ ਕੌਰੇ….. ਊਹਹ…. ਆਹਹਹ   …..ਮੈਨੂੰ ਪਤਾ ਹੈ ਮੈਂ ਤੈਨੂੰ ਬਹੁਤ ਦੁੱਖ ਦਿੱਤੇ ਨੇ…. ਉਹਹਹ…..ਹਹਹ….ਮੇਰੇ ਜਾਣ 'ਤੇ ਕਿਤੇ ਦੂਜਾ ਵਿਆਹ ਤੇ ਨਹੀਂ ਕਰਵਾ ਲਵੇਂਗੀਂ?" ਕਰਮ ਸਿੰਘ ਅੱਜ ਭਾਗ ਕੌਰ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਝੱਲ ਰਿਹਾ ਸੀ।

"….ਹਾਏ ਰੱਬਾ !! ਆਹਾ ਕੀ ਬੋਲ ਰਹੇ ਹੋ….. ਤੁਹਾਡੇ ਆਸਰੇ ਹੀ ਮੈਂ ਉਡੀ ਫਿਰਦੀ ਹਾਂ।" ਭਾਗ ਕੌਰ ਨੇ ਪਤੀ ਦੇ ਸਾਰੇ ਜੁਲਮ ਜਰੇ ਸੀ। ਫਿਰ ਵੀ ਕਦੇ ਪਤੀ ਦੀ ਮੌਤ ਨਹੀ ਸੀ ਮੰਗੀ। ਕਰਮ ਸਿੰਘ ਨੇ ਭਾਗ ਕੌਰ ਨੂੰ ਅੱਜ ਬਹੁਤ ਕੁਝ ਕਹਿਣਾ ਸੀ, ਬਹੁਤ ਕੁਝ ਦੱਸਣਾ ਸੀ।

"ਤੂੰ ਅੱਜ ਮੈਨੂੰ ਸੁਣ…. ਤੂੰ ਅਣਥੱਕ ਸੇਵਾ ਕੀਤੀ ਹੈ ਸਭ ਦੀ…. ਬੱਸ …..ਬੱਸ ਤੇਰੀ ਸੇਵਾ ਦਾ ਬੱਸ ਆਹੀ ਇਨਾਮ ਦੇ….. ਸਕਿਆ…..ਊਹਹਹਹਹਹਹ….. ਊਹਹਹ….।" ਲੰਮੀ ਖੰਘ ਨਾਲ ਥੋੜ੍ਹਾ ਖੂਨ ਕਰਮ ਸਿੰਘ ਦੇ ਮੂੰਹ ਵਿੱਚ ਆ ਗਿਆ।

"ਹਾਏ ਰੱਬਾ….!! ਤੁਸੀ ਕੁਝ ਨਾ ਬੋਲੋ ਹੁਣ….!!" ਭਾਗ ਕੌਰ ਫਿਕਰਮੰਦ ਹੋ ਪਤੀ ਦੀ ਸੇਵਾ 'ਚ ਲੱਗ ਗਈ। ਉਸ ਨੂੰ ਭਰੋਸਾ ਸੀ ਕਿ ਦਿਨ ਚੜ੍ਹੇ ਕੋਈ ਨਾ ਕੋਈ ਹੱਲ ਨਿਕਲ ਹੀ ਆਊਗਾ। ……..ਪਰ ਲੱਗਦਾ ਕਰਮ ਸਿੰਘ ਨੂੰ ਅਹਿਸਾਸ ਹੋ ਗਿਆ ਸੀ, ਇਸ ਲਈ ਉਹ ਰਾਤ ਆਪਣੇ ਮਨ ਦਾ ਭਾਰ ਹੌਲਾ ਕਰ ਗਿਆ ਸੀ ਅਤੇ ਦਿਨ ਚੜ੍ਹੇ ਪੰਛੀ "ਉਡ" ਗਿਆ ਸੀ।

……..ਹੁਣ ਦੋਵੇ ਪੁੱਤਾਂ ਨਾਲ ਜੀਵਨ ਗੁਜ਼ਰ ਰਿਹਾ ਸੀ। ਪਰ ਸੁਖਾਲਾ ਨਹੀ ਸੀ। ਕਦੇ ਕੁਝ ਪਕਾਣ ਲਈ ਪੁੱਤ ਕੁਝ ਦੇ ਦਿੰਦੇ, ਅਤੇ ਕਦੇ ਦੋਵੇਂ ਪੁੱਤ ਘਰ ਹੀ ਨਹੀ ਸੀ ਮੁੜਦੇ। ਇੰਜ ਦੇ ਹਾਲਾਤ ਵਿੱਚ ਭਾਗ ਕੌਰ ਪੁੱਤਾਂ ਦੇ ਵਿਆਹ ਬਾਰੇ ਵੀ ਕੀ ਸੋਚਦੀ??

ਕਰਮ ਸਿੰਘ ਦੇ ਪ੍ਰਲੋਕ ਸਿਧਾਰਣ ਤੋਂ ਬਾਅਦ ਆਹ ਪਹਿਲਾ ਦਿਵਾਲੀ ਦਾ ਤਿਉਹਾਰ ਆਇਆ ਸੀ। ਪੁੱਤ ਵੀ ਘਰ ਜਲਦੀ ਮੁੜ ਆਏ। ਸ਼ਾਇਦ ਜੂਏ ਵਿੱਚ ਹਾਰ ਆਏ ਸੀ। ਉਹ ਤਾਂ ਸੁੱਚਾ ਅਤੇ ਰੌਸ਼ੀ  ਦਿਹਾੜੀਆਂ ਲਾਉਂਦੇ ਸਨ। ਪਰ ਮਿਲੇ ਪੈਸਿਆਂ ਵਿੱਚ ਪੀਅ ਖਾ ਕੇ ਬਾਕੀ ਬਚੇ ਪੈਸੇ ਬਾਹਰ ਹੀ ਪੂਰੇ ਕਰ ਆਉਂਦੇ।

ਰੌਸ਼ੀ ਨੇ ਇੱਕ ਲਿਫ਼ਾਫਾ ਭਾਗ ਕੌਰ ਵੱਲ ਵਧਾਉਦੇ ਹੋਏ ਕਿਹਾ "ਲੈ ਫੜ ਮਾਂ, ਖਾ ਲੱਡੂ ਮੰਦਰ ਦੇ ਬਾਹਰ ਦਿਵਾਲੀ ਦੇ ਵੰਡਦੇ ਪਏ ਸੀ, ਤੂੰ ਵੀ ਬਾਹਰ ਜਾ ਆਉਂਦੀ, ਬਥੇਰਾ ਲੰਗਰ ਲੱਗਿਆ ਹੋਇਆ ਹੈ ਥਾਂ-ਥਾਂ 'ਤੇ।"

"ਏ ਮਾਏ, ਤੇਰੀ ਝੁਮਕਿਆਂ ਦੀ ਵੀ ਪੂਜਾ ਕਰ ਲੈਣੀਂ ਸੀ ਦਿਵਾਲੀ ਤੇ ਗਹਿਣੀਆਂ ਦੀ ਪੂਜਾ ਕਰਦੀ ਹੈ ਦੁਨੀਆਂ!" ਸੁੱਚੇ ਪੁੱਤ ਨੇ ਕਲੋਲ ਕੀਤੀ।

ਦੋਵੇਂ ਕੰਨਾਂ 'ਤੇ ਹੱਥ ਰੱਖ ਆਪਣੇ ਪਤੀ ਦਿਆਂ ਝੁਮਕਿਆਂ ਬਾਰੇ ਅਖੀਰੀ ਵਾਰੀ ਕੀਤੀਆਂ ਗੱਲਾਂ ਯਾਦ ਕਰ ਦੱਸਣ ਲੱਗ ਪਈ ਤੇ ਨਾਲ ਹੀ ਅੱਖਾਂ ਭਰ ਆਈ। ਛੋਟੇ ਪੁੱਤ ਰੌਸ਼ੀ ਨੇ ਮਾਂ ਨੂੰ ਜੱਫੇ ਵਿੱਚ ਲੈ ਲਿਆ ਅਤੇ ਬੋਲਿਆ, "ਲੈ ਅਗਲੀ ਦਿਵਾਲੀ 'ਤੇ ਤੈਨੂੰ ਗਲ ਦਾ ਹਾਰ ਬਣਵਾ ਦੇਣਾਂ ਮਾਏ, ਚੱਲ ਪੂੰਝ ਹੰਝੂ ਹੁਣ।" ਮੇਰੇ ਪੁੱਤ ਦਿਲ ਦੇ ਤੇ ਚੰਗੇ ਹਨ, ਬੱਸ ਸੰਗਤ ਹੀ ਭੈੜ੍ਹੀ ਪੈ ਗਏ। ਖੌਰੇ ਕਿਸੇ ਦਿਨ ਜ਼ਿੰਮੇਵਾਰ ਬਣ ਜਾਣ ਤੇ ਮੈਨੂੰ ਵੀ ਨੂੰਹ ਲਿਆ ਦੇਣ….? ਭਾਗ ਕੌਰ ਹਲੇ ਵੀ ਸੁਪਨਿਆਂ 'ਤੇ ਯਕੀਨ ਕਰ ਆਪਣੇ ਆਪ ਨੂੰ ਖੁਸ਼ ਕਰ ਰਹੀ ਸੀ।
 …..ਪ੍ਰੰਤੂ ਵਕਤ ਭਾਗ ਕੌਰ ਦੇ ਭਾਗ ਦਾ ਫ਼ੈਸਲਾ ਲੈ ਚੁੱਕਿਆ ਸੀ…..

……"ਚਲੋ, ਅਖੀਰੀ ਦਰਸ਼ਣ ਕਰ ਲਵੋ ਬੀਬੀ ਭਾਗ ਕੌਰ ਦੇ!" ਇੱਕ ਬੁਜੁਰਗ ਨੇ ਆਲੇ ਦੁਆਲੇ ਖੜ੍ਹੇ ਲੋਕਾਂ ਵਿੱਚ ਬੇਨਤੀ ਕੀਤੀ। ਇਸ ਬਜ਼ੁਰਗ ਦੀ ਅਵਾਜ਼ ਨਾਲ ਹੀ ਰੌਸ਼ੀ ਅਤੀਤ ਨੂੰ ਪਛਾੜ ਕੇ ਵਰਤਮਾਨ ਵਿੱਚ ਆ ਡਿੱਗਾ। ਭਾਗ ਕੌਰ ਦੀ ਨੇਕੀ ਨੂੰ ਲੋਕ ਵਾਰੀ-ਵਾਰੀ ਪ੍ਰਨਾਮ ਕਰ ਰਹੇ ਸਨ।

ਸਾਹਮਣੇ ਮਾਂ ਸਦੀਵੀ ਖਾਮੋਸ਼ ਪਈ ਵੀ ਜਿਵੇਂ ਬਹੁਤ ਕੁਝ ਕਹਿ ਰਹੀ ਸੀ। ਮਾਂ ਭਾਗ ਕੌਰ ਦੇ ਪੈਰਾਂ ਵੱਲ ਹੱਥ ਜੋੜੀ ਖੜ੍ਹੇ ਹੋਏ ਰੌਸ਼ੀ ਅਤੇ ਸੁੱਚੇ ਦੋਵੇਂ ਪੁੱਤਰਾਂ ਦੀਆਂ ਨਜ਼ਰਾਂ ਮਾਂ ਦੇ ਕੰਨਾਂ ਵਿੱਚ ਪਾਈਆਂ "ਪਿੱਪਲ ਪੱਤੀ ਝੁਮਕਿਆਂ" 'ਤੇ ਪਈਆਂ। ਹਰ ਇਨਸਾਨ ਵਾਂਗ ਸੁੱਚਾ ਅਤੇ ਰੌਸ਼ੀ ਵੀ ਜਾਣਦੇ ਸਨ ਕਿ ਇਹ ਪਿੱਪਲ ਪੱਤੀ ਝੁਮਕੇ ਕਿੱਥੇ ਨਾਲ ਜਾਣਗੇ? ਪਰ ਦੋਹਾਂ ਦੇ ਮਨਾਂ ਵਿੱਚ ਅੱਜ ਕੋਈ ਲਾਲਚ ਜਾਂ ਤਮਾਂ ਨਹੀਂ ਸੀ। ਭਾਵੇਂ ਸਾਰੀ ਉਮਰ ਮਾਂ ਕੋਲੋਂ ਇੱਕ-ਇੱਕ ਪਾਈ ਖੋਹ-ਖੋਹ ਕੇ ਖਾਂਦੇ ਰਹੇ ਸਨ। ਪਰ ਅੱਜ ਮਾਂ ਦੇ ਆਖਰੀ ਦਰਸ਼ਨਾਂ 'ਤੇ ਪਹਿਲੀ ਵਾਰ ਸ਼ਰਧਾ ਅਤੇ ਵੈਰਾਗ ਨਾਲ ਭਰੇ ਹੰਝੂ ਵਹਾ ਰਹੇ ਸਨ। ਭਰੀਆਂ ਅੱਖਾਂ ਨਾਲ ਕੰਨ ਵੀ ਮਾਂ ਦੇ ਬੋਲਾਂ ਨਾਲ ਗੂੰਜਣ ਲੱਗ ਪਏ, ਜੋ ਇਸ ਵਾਰ ਦਿਵਾਲੀ 'ਤੇ ਮਾਂ ਨੇ ਪਿਉ ਨੂੰ ਯਾਦ ਕਰਦੇ ਹੋਏ ਕਹੇ ਸੀ ……."ਮੈਂ ਇਹਨਾਂ ਪਿੱਪਲ ਪੱਤੀ ਝੁਮਕਿਆਂ ਦੀ ਦਿਵਾਲੀ 'ਤੇ ਪੂਜਾ ਕੀ ਕਰਨੀ ਹੈ, ਆਹ ਤੇ ਮੈਂ ਆਪਣੇ ਨਾਲ ਹੀ ਲੈ ਜਾਊਂਗੀ, ਉਤੇ ਜਾ ਕੇ ਤੇਰੇ ਪਿਉ ਨੂੰ ਵੀ ਤੇ ਜਵਾਬ ਦੇਣਾਂ ਹੈ ਕਿ ਦੇਖ, ਤੇਰੀ ਦਿੱਤੀ ਆਖਰੀ ਨਿਸ਼ਾਨੀ ਨੂੰ ਅਖ਼ੀਰ ਨਾਲ ਹੀ ਲੈ ਕੇ ਆਈਂ ਹਾਂ ਤੇਰੇ ਕੋਲ਼…..।" ਸੋਚਦੇ ਸੁੱਚੇ ਨੂੰ ਜਿਵੇਂ ਮਾਂ ਦਾ ਕੁਮਲਾਇਆ ਚਿਹਰਾ ਅਤੇ ਬੁਝੀਆਂ ਅੱਖਾਂ ਵੀ ਦੇਖ ਰਹੀਆਂ ਸਨ, "ਜੇ ਮਾਂ ਇੱਕ ਵਾਰ ਜਿਉਂਦੀ ਹੋ ਜਾਵੇ, ਮੈਂ ਸਾਰੀ ਜ਼ਿੰਦਗੀ ਦੇ ਗੁਨਾਂਹ ਆਪਣੇ ਹੰਝੂਆਂ ਨਾਲ ਚਰਨ ਧੋ ਕੇ ਬਖਸ਼ਾ ਲਵਾਂ….!" ਅਤੇ ਉਸ ਦਾ ਮਨ ਇੱਕ ਵਾਰ ਫ਼ਿਰ ਭਰ ਕੇ ਡੁੱਲ੍ਹ ਪਿਆ….! ਪਰ ਮਾਂ ਨੇ ਕਿੱਥੋਂ ਮੁੜਨਾ ਸੀ….? ਮਾਂ ਤਾਂ ਉਹ ਰਸਤੇ ਤੁਰ ਗਈ ਸੀ, ਜਿਸ ਰਸਤੇ ਤੋਂ ਅੱਜ ਤੱਕ ਕੋਈ ਮੁੜਿਆ ਨਹੀਂ ਸੀ…. ਸੋਚ ਕੇ ਸੁੱਚੇ ਦੀ ਇੱਕ ਵਾਰ ਫ਼ਿਰ ਧਾਹ ਨਿਕਲ ਗਈ ਅਤੇ ਉਹ ਪਛਤਾਵੇ ਅਤੇ ਵੈਰਾਗ ਨਾਲ ਲਿਬਰੇਜ਼ ਹੋਇਆ ਬੇਵੱਸੀ ਨਾਲ ਮਾਂ ਦੇ ਚਰਨਾਂ ਨੂੰ ਚਿੰਬੜ ਗਿਆ।

Comments

Popular Posts