ਤੀਸਰਾ ਨੇਤਰ


ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ       
 (09/11/2019)
ajit satnam

ਲਗਾਤਾਰ ਦਰਵਾਜੇ ਦੀ "ਠੱਕ-ਠੱਕ" ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ। ਮੈਂ ਆਪਣੇ ਬੇਹੱਦ ਸੁਖਾਵੇਂ ਪਲਾਂ ਨੂੰ ਮਨੋਂ, ਤਨੋਂ, ਅਤੇ ਰੂਹ ਤੋਂ ਮਾਣ ਰਿਹਾ ਸਾਂ ਅਤੇ ਇਹ ਨਹੀਂ ਚਾਹੁੰਦਾ ਸਾਂ ਕਿ ਕੋਈ ਆ ਕੇ ਮੇਰੇ ਆਨੰਦਮਈ ਪਲਾਂ ਵਿਚ ਭੰਗਣਾ ਪਾਵੇ। ਪਰ ਦਰਵਾਜੇ ਦੀ "ਠੱਕ-ਠੱਕ" ਹੋਰ ਤੇਜ਼ ਹੋ ਰਹੀ ਸੀ। ਮੈਂ ਖਿਝ ਕੇ ਉਠਿਆ ਅਤੇ ਦਰਵਾਜਾ ਖੋਲ੍ਹਿਆ।
"ਕਿੱਥੇ ਸੀ ਪਿਆਰੇ? ਦਰਵਾਜਾ ਖੋਲ੍ਹਣ ਲਈ ਐਨੀ ਦੇਰ?" ਹਮੇਸ਼ਾ ਦੀ ਤਰ੍ਹਾਂ ਆਪਣਾਪਨ ਜਤਾਉਂਦਾ ਹੋਇਆ ਦਵਿੰਦਰ ਅੰਦਰ ਲੰਘ ਆਇਆ ਅਤੇ ਸੋਫ਼ੇ 'ਤੇ ਬੈਠ ਗਿਆ। ਮੈਂ ਅਣਮੰਨੇ ਮਨ ਨਾਲ ਕੁਝ ਇੱਧਰ-ਉਧਰ ਦੀਆਂ ਅਟਕਲ-ਪੱਚੂ ਗੱਲਾਂ ਕੀਤੀਆਂ। ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਕੌਫ਼ੀ ਬਣਾ ਲਿਆਇਆ। ਕੌਫ਼ੀ ਦਾ ਕੱਪ ਉਸ ਦੇ ਹੱਥ ਫ਼ੜਾ ਕੇ ਮੈਂ ਚੁੱਪ-ਚਾਪ ਸੋਫ਼ੇ 'ਤੇ ਬੈਠ ਗਿਆ। ਦਿਮਾਗ ਅਜੇ ਵੀ ਉਸ ਵਾਤਾਵਰਣ ਵੱਲ ਨੂੰ ਦੌੜਦਾ ਸੀ, ਜਿਹੜੇ ਪਲ ਮੈਂ ਹੁਣੇ ਮਾਣ ਰਿਹਾ ਸਾਂ। ਦਵਿੰਦਰ ਜਾਣਦਾ ਸੀ ਕਿ ਮੈਂ ਬਹੁਤਾ ਹੀ ਗਾਲੜੀ ਹਾਂ, ਪਰ ਮੇਰੀ ਪਥਰੀਲੀ ਚੁੱਪ ਨੂੰ ਉਸ ਨੇ ਸੁਆਲਾਂ ਰਾਹੀਂ ਕੁਰੇਦਣਾਂ ਸ਼ੁਰੂ ਕਰ ਦਿੱਤਾ।

"ਕਿੱਥੇ ਉਲਝਿਐਂ ਮਿੱਤਰਾ? ਕੁਝ ਸ਼ਬਦੀ ਸਾਂਝ ਪਾਅ!"

ਉਸ ਦੇ ਇਸ ਸੰਖੇਪ ਸੁਆਲ ਦਾ ਉੱਤਰ ਬਹੁਤ ਲੰਬਾ ਹੋ ਸਕਦਾ ਸੀ। ਸ਼ਾਇਦ ਸਾਰੇ ਹਾਲਾਤ ਦਾ ਵਰਨਣ, ਜਿਸ ਵਿਚ ਮੈਂ ਥੋੜ੍ਹੀ ਦੇਰ ਪਹਿਲਾਂ ਵਿਚਰ ਰਿਹਾ ਸੀ।
"ਬੱਸ ਯਾਰ ਤੈਨੂੰ ਤਾਂ ਪਤੈ, ਜਦੋਂ ਮੈਂ 'ਉਸ' ਨਾਲ ਹੁੰਨੈਂ, 'ਓਸ' ਵਿਚ ਹੀ ਮਸਤ ਹੋ ਜਾਂਨੈਂ। ਅੱਜ ਸਵੇਰੇ ਜਦ ਅੱਖ ਖੁੱਲ੍ਹੀ, ਤੇ 'ਓਸ' 'ਤੇ ਨਿਗਾਹ ਮਾਰੀ, ਤਾਂ ਮੇਰੇ ਚਿਹਰੇ 'ਤੇ ਮੁਸਕੁਰਾਹਟ ਆ ਗਈ। ਬਹੁਤ ਸਾਰੇ ਵਿਚਾਰਾਂ ਨੇ ਦਿਮਾਗ ਨੂੰ ਝੁਰਮਟ ਪਾ ਲਿਆ। ਮੌਸਮ ਵੀ ਅੱਜ ਬਹੁਤ ਸੁਹਾਵਣਾ ਸੀ। ਮੈਂ ਦਿਲ ਦਿਮਾਗ ਵਿਚ ਆਏ ਹਰ ਜਜ਼ਬਾਤ ਦੀ 'ਉਸ' ਨਾਲ ਸਾਂਝ ਪਾਉਣੀ ਚਾਹੁੰਦਾ ਸੀ।"

ਦਵਿੰਦਰ ਨੇ ਸੁਆਲੀਆ ਅਤੇ ਰਹੱਸਮਈ ਨਜ਼ਰਾਂ ਨਾਲ ਉਸ ਨੂੰ ਤੱਕਿਆ।
ਪਰ ਮੈਂ ਗੱਲ ਜਾਰੀ ਰੱਖੀ।

"ਮੈਂ ਖ਼ੁਸ਼ ਜਿਹੇ ਮਨ ਨਾਲ ਉਸ ਕੋਲ ਗਿਆ। ਹੱਥ ਵਿਚ ਫ਼ੜ ਕੇ ਉਸ ਨੂੰ ਚਿਹਰੇ ਦੇ ਸਾਹਮਣੇ ਲਿਆ ਕੇ ਇੱਕ ਟੱਕ ਦੇਖਦਾ ਸੋਚ ਰਿਹਾ ਸੀ ਕਿ ਅੱਜ ਤੱਕ ਕਿੰਨਾਂ ਮੇਰਾ ਸਾਥ ਨਿਭਾਇਆ ਹੈ। ਦੁੱਖ-ਸੁਖ, ਖ਼ੁਸ਼ੀ ਅਤੇ ਹਾਦਸੇ, ਹਰ ਪਲ ਬਿਨਾ ਕੋਈ ਸ਼ਿਕਵਾ ਕੀਤੇ ਬੱਸ ਚੱਲਦੀ ਰਹੀ। ਅਗਰ ਰਾਤ ਮੇਰਾ ਦੋ ਵਜੇ ਮਨ ਬਣਿਆਂ, ਜਾਂ ਤਿੱਖੜ ਦੁਪਿਹਰ ਵਿਚ, ਜਾਂ ਸ਼ਾਮ ਹੋਏ, ਜਾਂ ਸਵੇਰ, ਬੱਸ ਉਹੀ ਕੀਤਾ, ਜੋ ਮੈਂ ਚਾਹਿਆ। ਮੇਰੇ ਦਿਲ ਦੇ ਭਾਂਬੜਾਂ ਨੂੰ ਸ਼ਾਂਤ ਕੀਤਾ। ਮੈਂ ਬਹੁਤੀ ਵਾਰ ਆਪਣਾ ਗੁਬਾਰ ਵੀ ਕੱਢਿਆ, ਪਰ ਫ਼ੇਰ ਵੀ ਚੱਲਦੀ ਰਹੀ। ਬਹੁਤੀ ਵਾਰ ਸੋਚਦਾ ਹਾਂ ਅਗਰ ਇਹ ਨਾ ਹੁੰਦੀ, ਤਾਂ ਮੇਰੀ ਜ਼ਿੰਦਗੀ ਦੇ ਇੱਕਲਾਪੇ ਨੂੰ ਕੋਈ ਭਰ ਨਾ ਸਕਦਾ।"

ਦਵਿੰਦਰ ਇੱਕ ਚੰਗੇ ਸਰੋਤੇ ਵਾਂਗ ਉਸ ਨੂੰ ਧਿਆਨ ਦੇ ਕੇ ਸੁਣ ਰਿਹਾ ਸੀ।

"ਮੇਰੀ ਨਜ਼ਰ ਵਿਚ ਐਨਾਂ ਆਗਿਆਕਾਰੀ ਸਾਥੀ ਹੋਰ ਨਹੀਂ ਹੋ ਸਕਦਾ। ਮੇਰੇ ਘਰ ਦੀ ਚਾਰ ਦੀਵਾਰੀ ਵਿਚ ਮੇਰੇ ਸਿਵਾ ਕੁਝ ਵੀ ਨਹੀਂ ਸੀ। ਪਰ ਇਸ ਦੇ ਕਰ ਕੇ ਦੁਨੀਆਂ ਅਤੇ ਸਮਾਜ ਵਿਚ ਮੇਰੀ ਪਹਿਚਾਣ ਬਣੀ। ਕਿਉਂ ਨਾ ਕਰਾਂ ਇਸ ਨੂੰ ਪਿਆਰ? ਬੱਸ ਇਸ ਕਰ ਕੇ ਜਦ ਵੀ ਮੇਰਾ ਦਿਮਾਗ ਭਰਿਆ ਹੁੰਦਾ ਹੈ, ਤੇ ਮੈਨੂੰ ਇਸ ਦਾ ਹੀ ਸਹਾਰਾ ਹੁੰਦਾ ਹੈ। ਹੋਰ ਕੁਝ ਮੈਨੂੰ ਚਾਹੀਦਾ ਵੀ ਨਹੀਂ। ਤੇਰੇ ਆਉਣ ਤੋਂ ਪਹਿਲਾਂ ਵੀ ਮੈਂ ਉਸ ਦੇ ਨਾਲ ਹੀ ਪਰਚਿਆ ਹੋਇਆ ਸੀ।"

"ਜਿਸ ਦੀਆਂ ਐਨੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਿਹੈਂ, ਚੱਲ ਅੱਜ ਮੈਨੂੰ ਵੀ ਮਿਲਾ! ਬਿਨਾ ਮਿਲੇ ਮੈਂ ਵੀ ਜਾਣਾ ਨੀ ਚਾਹੁੰਦਾ!"
"ਮੈਨੂੰ ਵੀ ਖ਼ੁਸ਼ੀ ਹੋਵੇਗੀ, ਜੇ ਤੂੰ ਉਸ ਨੂੰ ਮਿਲੇਂਗਾ।"

ਦਵਿੰਦਰ ਨੂੰ ਲੈ ਕੇ ਆਪਣੇ ਵਰਾਂਡੇ ਦੇ ਦੋ ਕਮਰੇ ਟੱਪ ਪਿਛਲੇ ਸ਼ਾਂਤ ਜਿਹੇ ਕਮਰੇ ਵਿਚ ਚਲਿਆ ਗਿਆ, ਜਿੱਥੇ ਬਗੀਚੇ ਦਾ ਸਿੱਧਾ ਕੁਦਰਤੀ ਪ੍ਰਕਾਸ਼ ਆ ਰਿਹਾ ਸੀ। ਦਵਿੰਦਰ ਦੀਆਂ ਘੋਖ਼ਵੀਆਂ ਨਜ਼ਰਾਂ ਨੇ ਮੇਰੇ ਕਮਰੇ ਦਾ ਗਹੁ ਨਾਲ਼ ਅਧਿਐਨ ਕੀਤਾ। ਕਮਰੇ ਦੀ ਕੰਧ 'ਤੇ ਲੱਗੀ ਪੁਰਾਣੀ ਪੇਂਟਿੰਗ, ਦੂਜੇ ਪਾਸੇ ਮੇਰੀ ਕਿਤਾਬਾਂ ਦੀ ਅਲਮਾਰੀ, ਕੁਝ ਖਿੱਲਰੇ ਹੋਏ ਮੇਰੇ ਕੱਪੜੇ, ਖੁੱਲ੍ਹੀ ਹੋਈ ਖਿੜਕੀ, ਕੰਧ ਨਾਲ ਲੱਗਿਆ ਹੋਇਆ ਅੱਧੋਰਾਣਾ ਮੇਜ, ਹੱਥੇ ਵਾਲੀ ਕੁਰਸੀ, ਮੇਜ 'ਤੇ ਪਏ ਹੋਏ ਕੁਝ ਅੱਧ ਲਿਖੇ ਪੰਨੇ ਅਤੇ ਉਹਨਾਂ ਦੇ ਉਪਰ ਪਈ ਇੱਕ ਕਲਮ! ਦਵਿੰਦਰ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਮਾਪ-ਤੋਲ ਕੇ ਨਿਗਾਹ ਮੇਰੇ 'ਤੇ ਲਿਆ ਸੁੱਟੀ ਅਤੇ ਸ਼ਰਾਰਤ ਨਾਲ ਪੁੱਿਛਆ, "ਪਰ ਓਹ ਕਿੱਥੇ ਐ?"

ਮੈਂ ਕਲਮ ਚੁੱਕੀ ਅਤੇ ਉਸ ਨੂੰ ਅੱਖਾਂ ਨਾਲ ਲਾ ਕੇ ਚੁੰਮ ਲਿਆ।
"ਇਸ ਤੋਂ ਸੋਹਣਾ ਕਿਸੇ ਦਾ ਸਾਥ ਨਹੀਂ ਹੋ ਸਕਦਾ ਮਿੱਤਰਾ!"
"ਕੀ....? ਇਹ ਤਾਂ ਸਿਰਫ਼ ਕਲਮ ਐ ਯਾਰ!"
"ਹਾਂ, ਤੇਰੇ ਲਈ! ਪਰ ਮੈਨੂੰ ਜ਼ਿੰਦਗੀ 'ਚ ਹਰ ਪਲ ਸਾਥ ਨਿਭਾਉਣ ਵਾਲੀ....!"

ਦਵਿੰਦਰ ਨੇ ਇੱਕ ਚੁੱਪ ਸਾਧ ਲਈ। ਸ਼ਾਇਦ ਦਵਿੰਦਰ ਦੀ ਚੁੱਪ ਦਾ ਕਾਰਨ ਮੈਂ ਸਮਝ ਰਿਹਾ ਸੀ, ਕਿਉਂਕਿ ਉਸ ਦੀ ਪਤਨੀ ਤਲਾਕ ਲੈ ਕੇ ਵੱਖ ਰਹਿ ਰਹੀ ਸੀ। ਉਹ ਇਕੱਲਾ ਕਿਸੇ ਤੋੜ ਨਿਭਾਉਣ ਵਾਲੇ ਰਿਸ਼ਤੇ ਅਰਥਾਤ ਜੀਵਨ ਸਾਥੀ ਦੀ ਭਾਲ ਵਿਚ ਸੀ। ਜੋ ਉਸ ਨੂੰ "ਸਿਰਫ਼" ਕਲਮ ਦਿਸ ਰਹੀ ਸੀ, ਉਹ ਮੇਰੀ ਜ਼ਿੰਦਗੀ ਹੈ, ਬੱਸ ਦੇਖਣ ਦਾ ਨਜ਼ਰੀਆ ਵੱਖੋ-ਵੱਖ ਸੀ! ਜੀਵਨ ਸਾਥੀ ਅਤੇ ਕਲਮ ਦੇ ਅੰਤਰ ਨੂੰ ਕੋਈ "ਤੀਸਰਾ ਨੇਤਰ" ਹੀ ਤਾਂ ਦੇਖ ਸਕਦਾ ਸੀ, ਨਾ ਕਿ ਦਵਿੰਦਰ ਵਰਗਾ ਕੋਈ ਆਮ ਵਿਅਕਤੀ!

(ਇੱਕ ਕਲਮ ਨੂੰ ਲੇਖਿਕਾ ਵੱਲੋਂ ਪ੍ਰਣਾਮ!)

Comments

Popular Posts